ਆਧੁਨਿਕ ਯੁੱਗ ਵਿਚ ਸੋਸ਼ਲ ਮੀਡੀਆ ਮਨੋਰੰਜਨ ਤੇ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸਾਧਨ ਅਤੇ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਗਿਆ ਹੈ। ਫੇਸਬੁਕ, ਇੰਸਟਾਗ੍ਰਾਮ, ਸਨੈਪਚੈਟ, ਟਵਿਟਰ ਤੇ ਯੂਟਿਊਬ ਵਰਗੇ ਪਲੇਟਫਾਰਮ ਹਰ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ ਪਰ ਇਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਵਿਦਿਆਰਥੀਆਂ 'ਤੇ ਪੈ ਰਿਹਾ ਹੈ। ਵਿਦਿਆਰਥੀ ਜੋ ਸਾਡੇ ਸਮਾਜ, ਦੇਸ਼ ਅਤੇ ਕੌਮ ਦਾ ਭਵਿੱਖ ਹਨ, ਜਦੋਂ ਇਨ੍ਹਾਂ ਪਲੇਟਫਾਰਮਾਂ 'ਤੇ ਲਗਾਤਾਰ ਸਮਾਂ ਬਰਬਾਦ ਕਰਦੇ ਹਨ ਤਾਂ ਇਹ ਉਨ੍ਹਾਂ ਲਈ ਮਿੱਠਾ ਜ਼ਹਿਰ ਸਾਬਿਤ ਹੋ ਰਿਹਾ ਹੈ। ਸੋਸ਼ਲ ਮੀਡੀਆ ਦੀ ਆਕਰਸ਼ਕ ਦੁਨੀਆ ਵਿਦਿਆਰਥੀਆਂ ਨੂੰ ਆਪਣੇ ਜਾਲ ਵਿਚ ਫਸਾ ਲੈਂਦੀ ਹੈ। ਜਿਵੇਂ ਹੀ ਉਹ ਇਕ ਪੋਸਟ ਜਾਂ ਵੀਡੀਓ ਵੇਖਣ ਲੱਗਦੇ ਹਨ, ਉਹ ਘੰਟਿਆਂ ਤੱਕ ਉਨ੍ਹਾਂ 'ਤੇ ਹੀ ਲੱਗੇ ਰਹਿੰਦੇ ਹਨ। ਨਤੀਜੇ ਵਜੋਂ ਉਹ ਆਪਣੀ ਪੜ੍ਹਾਈ ਤੋਂ ਦੂਰ ਹੋ ਜਾਂਦੇ ਹਨ, ਧਿਆਨ ਕੇਂਦਰਿਤ ਨਹੀਂ ਕਰ ਸਕਦੇ ਅਤੇ ਅਕਸਰ ਸਕੂਲ ਦਾ ਕੰਮ ਜਾਂ ਕੋਈ ਹੋਰ ਮਹੱਤਵਪੂਰਨ ਕੰਮ ਭੁੱਲ ਜਾਂਦੇ ਹਨ। ਸੋਸ਼ਲ ਮੀਡਿਆ 'ਤੇ ਦਿਖਾਈ ਜਾਂਦੀ ਚਮਕ-ਦਮਕ ਭਰੀ ਜ਼ਿੰਦਗੀ ਵੀ ਇਕ ਵੱਡਾ ਚਿੰਤਾ ਦਾ ਵਿਸ਼ਾ ਹੈ। ਵਿਦਿਆਰਥੀ ਅਕਸਰ ਹੋਰਾਂ ਦੀਆਂ ਤਸਵੀਰਾਂ ਤੇ ਸਫਲਤਾ ਨੂੰ ਵੇਖ ਕੇ ਆਪਣੇ-ਆਪ ਨਾਲ ਤੁਲਨਾ ਕਰਦੇ ਹਨ। ਇਸ ਨਾਲ ਉਨ੍ਹਾਂ ਵਿਚ ਹਤਾਸ਼ਾ, ਘੱਟ ਆਤਮਵਿਸ਼ਵਾਸ ਤੇ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰੀ ਇਹ ਹਾਲਾਤ ਐਨੇ ਗੰਭੀਰ ਹੋ ਜਾਂਦੇ ਹਨ ਹੈ ਕਿ ਵਿਦਿਆਰਥੀ ਖ਼ੁਦਕੁਸ਼ੀ ਵਰਗਾ ਕਦਮ ਵੀ ਚੁੱਕ ਲੈਂਦੇ ਹਨ। ਇਸ ਤੋਂ ਇਲਾਵਾ, ਸੋਸ਼ਲ ਮੀਡਿਆ 'ਤੇ ਮਿਲ ਰਹੀ ਅਣਉਚਿਤ ਸਮੱਗਰੀ, ਨਫ਼ਰਤ ਭਰੇ ਸੰਦੇਸ਼ ਅਤੇ ਗਲਤ ਜਾਣਕਾਰੀਆਂ ਵੀ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਇਹ ਉਨ੍ਹਾਂ ਦੇ ਨੈਤਿਕ ਕਦਰਾਂ-ਕੀਮਤਾਂ, ਮਾਸੂਮੀਅਤ, ਬਾਲਪਨ ਦੀ ਰੂਹਾਨੀਅਤ ਨੂੰ ਖੋਖਲਾ ਕਰ ਰਹੀ ਹੈ। ਇਕ ਹੋਰ ਵੱਡੀ ਸਮੱਸਿਆ ਹੈ ਨਕਲੀ ਅਸਲੀਅਤ। ਵਿਦਿਆਰਥੀ ਅਕਸਰ ਆਪਣੀ ਪਛਾਣ ਨੂੰ ਲੁਕਾ ਕੇ ਨਕਲੀ ਅਕਾਊਂਟ ਬਣਾਉਂਦੇ ਹਨ, ਜੋ ਉਨ੍ਹਾਂ ਨੂੰ ਗਲਤ ਕੰਮਾਂ ਵੱਲ ਲੈ ਜਾਂਦਾ ਹੈ। ਆਨਲਾਈਨ ਧੋਖਾਧੜੀ, ਸਾਈਬਰ ਕ੍ਰਾਈਮ ਅਤੇ ਆਨਲਾਈਨ ਅਪਰਾਧ ਵੀ ਉਨ੍ਹਾਂ ਦੀ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਿਤ ਕਰ ਰਹੇ ਹਨ। ਜਿਸ ਨਾਲ ਮਾਸੂਮ ਬੱਚੇ ਅਣਜਾਣ ਪਨੇ ਵਿਚ ਹੀ ਅਪਰਾਧੀ ਬਣ ਜਾਂਦੇ ਹਨ।
ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਮਝ ਅਤੇ ਸਹੀ ਵਰਤੋਂ ਬਾਰੇ ਸਿੱਖਿਆ ਦਿੱਤੀ ਜਾਵੇ। ਸਕੂਲਾਂ ਵਿਚ ਡਿਜੀਟਲ ਲਿਟਰੇਸੀ ਦੇ ਪਾਠ ਸ਼ਾਮਿਲ ਕੀਤੇ ਜਾਣ, ਮਾਪੇ ਆਪਣੇ ਬੱਚਿਆਂ ਦੇ ਆਨਲਾਈਨ ਕਾਰਜਾਂ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਵਿਦਿਆਰਥੀ ਆਪਣੇ ਸਮੇਂ ਦਾ ਸਹੀ ਦਿਸ਼ਾ ਵਿਚ ਇਸਤੇਮਾਲ ਕਰਨਾ ਸਿੱਖਣ। ਇਹ ਸਾਰੇ ਕਦਮ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੇ ਹਨ। ਬਤੌਰ ਅਧਿਆਪਕ ਅਤੇ ਮਾਪੇ ਸਾਡਾ ਸਭ ਦਾ ਇਹ ਮੁੱਢਲਾ ਅਤੇ ਪਰਮ ਅਗੇਤ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਸੱਭਿਅਕ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ, ਆਪਣੇ ਦੇਸ਼ ਦੇ ਇਸ ਅਨਮੋਲ ਖ਼ਜ਼ਾਨੇ ਭਾਵ ਸਾਡੇ ਬੱਚਿਆਂ ਨੂੰ ਪਿਆਰ ਅਤੇ ਸਮਝ ਨਾਲ ਇਸ ਮਿੱਠੇ ਜ਼ਹਿਰ ਤੋਂ ਬਚਾ ਕੇ ਰੱਖੀਏ।
-ਸ.ਸ. ਮਾਸਟਰ, ਨੈਸ਼ਨਲ ਐਵਾਰਡੀ।