ਮਨੁੱਖ ਦੇ ਜੀਵਨ ਦੀ ਸਾਰੀ ਸਰਗਰਮੀ ਅਨੰਦ ਲਈ ਹੈ। ਜਿਵੇਂ ਜਿਵੇਂ ਮਨੁੱਖੀ ਸੱਭਿਅਤਾ ਵਿਕਾਸ ਕਰ ਰਹੀ ਹੈ, ਉਸੇ ਅਨੁਪਾਤ 'ਚ ਇਸ ਦੇ ਮਨ ਦੀ ਭਟਕਣਾ ਹਰ ਦਿਨ ਵਧਦੀ ਜਾ ਰਹੀ ਹੈ। ਮਨੁੱਖ ਨੇ ਆਪਣੀਆਂ ਸੁਖ-ਸਹੂਲਤਾਂ ਲਈ ਵਸਤਾਂ ਦਾ ਇੱਕ ਵੱਡਾ ਜੰਗਲ ਉਸਾਰ ਲਿਆ ਹੈ, ਜਿੱਥੇ ਹਰ ਦਿਨ ਨਵੀਆਂ ਤੋਂ ਨਵੀਆਂ ਵਸਤਾਂ ਈਜਾਦ ਹੋ ਰਹੀਆਂ ਹਨ। ਬਾਜ਼ਾਰ ਸਾਡੀਆਂ ਲੋੜਾਂ ਤੋਂ ਕਿਤੇ ਅਗਾਂਹ ਜਾ ਕੇ ਵਸਤਾਂ ਦੇ ਜੰਗਲ ਨੂੰ ਹੋਰ ਸੰਘਣਾ ਕਰ ਰਿਹਾ ਹੈ। ਇਸ ਯੁੱਗ ਵਿਚ ਬਾਜ਼ਾਰ ਨੇ ਕੁਦਰਤੀ ਚੀਜ਼ਾਂ ਨੂੰ 'ਪ੍ਰੋਡਕਟ' ਬਣਾ ਦਿੱਤਾ ਹੈ। ਕੁਦਰਤ ਵਲੋਂ ਸਾਡੇ ਲਈ ਪੈਦਾ ਕੀਤੇ- ਪਾਣੀ, ਦੁੱਧ, ਫਲ, ਅਨਾਜ ਆਦਿ ਹੁਣ ਕੰਪਨੀਆਂ ਦੇ ਪ੍ਰੋਡਕਟ ਬਣ ਗਏ ਹਨ। ਕਿਸਾਨ ਦੇ ਖੇਤ ਵਾਲੀ ਕਣਕ ਹੁਣ ਜਦੋਂ ਵਪਾਰੀ ਦੇ ਹੱਥ 'ਚੋਂ ਨਿਕਲ ਕੇ ਬਾਜ਼ਾਰ ਵਿਚ ਵਿਕਦੀ ਹੈ ਤਾਂ 'ਪ੍ਰੋਡਕਟ' ਹੋ ਜਾਂਦੀ ਹੈ। ਬਾਜ਼ਾਰ ਸਾਡੀ ਲੋੜ ਤੋਂ ਮੋਟੀਆਂ ਕਮਾਈਆਂ ਕਰਦਾ ਹੈ, ਜਿਵੇਂ ਸਾਡੇ ਮੁਹਾਵਰੇ ਸੀ ਕਿ 'ਪਾਣੀ ਕਿਹੜਾ ਮੁੱਲ ਵਿਕਦਾ', ਇਹ ਪਾਣੀ ਹੁਣ ਪ੍ਰੋਡਕਟ ਹੀ ਨਹੀਂ ਬਣਿਆ ਸਗੋਂ ਪਾਣੀ ਦਾ ਕਾਰੋਬਾਰ ਬਹੁਤ ਵੱਡੀ ਸਨਅਤ ਬਣ ਗਿਆ ਹੈ। ਵੱਡੇ-ਵੱਡੇ ਮਾਲਜ਼ ਵਿਚ ਹੁਣ ਸੁਆਹ ਪੈਕਟਾਂ 'ਚ ਵਿਕਣ ਲੱਗ ਪਈ ਹੈ। ਸੰਸਾਰ ਵਿਚ ਫੈਲ ਰਹੇ ਵਸਤਾਂ ਦੇ ਜੰਗਲ ਦੀ ਇਸ਼ਤਿਹਾਰਬਾਜ਼ੀ ਨੇ ਮਨੁੱਖ ਅੰਦਰ ਵਸਤਾਂ ਲਈ ਲਾਲਸਾ ਇੰਨੀ ਵਧਾ ਦਿੱਤੀ ਹੈ ਕਿ ਅਸੀਂ ਵਸਤਾਂ ਲਈ ਜਿਊਣ ਲੱਗ ਪਏ ਹਾਂ। ਮਨੁੱਖ ਵਸਤਾਂ ਦੀ ਬਹੁਲਤਾ 'ਚੋਂ ਸੁੱਖਾਂ ਦੀ ਤਲਾਸ਼ ਕਰਨ ਲੱਗ ਪਿਆ ਹੈ, ਜਦਕਿ ਵਧੇਰੇ ਵਸਤਾਂ ਮਨੁੱਖ ਦੀ ਪ੍ਰੇਸ਼ਾਨੀ ਨੂੰ ਵਧਾ ਰਹੀਆਂ ਹਨ।
ਇੰਟਰਨੈੱਟ ਅਤੇ ਏ.ਆਈ. ਦੇ ਦੌਰ ਵਿਚ ਸਾਡੇ ਕੋਲ ਸੂਚਨਾਵਾਂ ਤੇ ਜਾਣਕਾਰੀਆਂ ਦਾ ਹੜ੍ਹ ਆ ਗਿਆ ਹੈ, ਇਸ ਹੜ੍ਹ ਦਾ ਆਕਾਰ ਦਿਨੋ-ਦਿਨ ਵਧ ਕੇ ਸਾਡੇ ਮਨ 'ਤੇ ਆਪਣਾ ਪ੍ਰਭਾਵ ਵਧਾ ਰਿਹਾ ਹੈ। ਮਨੁੱਖ ਨੂੰ ਕੀ ਹੋਣਾ ਜਾਂ ਬਣਨਾ ਚਾਹੀਦਾ ਹੈ? ਇਸ ਸਵਾਲ ਦੀ ਹੋਂਦ ਹੀ ਬੰਦੇ ਅੰਦਰੋਂ ਮਨਫੀ ਹੁੰਦੀ ਜਾ ਰਹੀ ਹੈ। ਆਲੇ ਦੁਆਲੇ ਵਾਪਰਦੇ ਵਰਤਾਰਿਆਂ ਤੋਂ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਉਣ ਦੀ ਲੋੜ ਹੁੰਦੀ ਹੈ। ਇਸ ਮਕਸਦ ਲਈ ਬੰਦੇ ਨੂੰ ਨਿਰੰਤਰ ਸਾਲਾਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਪਰ ਸਾਡੇ ਆਲੇ ਦੁਆਲੇ ਤੇਜ਼ੀ ਨਾਲ ਇੰਨਾ ਕੁਝ ਵਾਪਰ ਰਿਹਾ ਹੈ ਕਿ ਸਾਨੂੰ ਆਪਣੀ ਰਾਇ ਬਣਾਉਣ ਲਈ ਘੰਟਿਆ ਬੱਧੀ ਮੋਬਾਈਲ ਦੀ ਸਕਰੀਨ 'ਤੇ ਉਂਗਲਾਂ ਮਾਰਕੇ ਫਜ਼ੂਲ ਦੀਆਂ ਰੂੜੀਆਂ ਨੂੰ ਫਰੋਲਣਾ ਪੈਂਦਾ ਹੈ, ਭਾਵੇਂ ਉਨ੍ਹਾਂ ਗੱਲਾਂ ਦਾ ਸਾਡੇ ਜੀਵਨ ਨਾਲ ਕੋਈ ਵਾਸਤਾ ਵੀ ਨਹੀਂ ਹੁੰਦਾ। ਅਸੀਂ ਛੋਟੀਆਂ-ਛੋਟੀਆਂ ਵਕਤੀ ਜਾਣਕਾਰੀਆਂ, ਸੂਚਨਾਵਾਂ ਤੇ ਖ਼ਬਰਾਂ ਬਾਰੇ ਜਾਣ ਕੇ ਇਨ੍ਹਾਂ ਲਈ ਖੁਸ਼ ਜਾਂ ਦੁਖੀ ਹੋਣ ਦੇ ਭਾਵ 'ਚ ਗੁਆਚਦੇ ਤੇ ਇਸ ਤੋਂ ਉੱਭਰਦੇ ਰਹਿੰਦੇ ਹਾਂ। ਕੁਝ ਸਮਾਂ ਮੋਬਾਈਲ ਦੀ ਸਕਰੀਨ 'ਤੇ ਵੇਖਣ ਦੌਰਾਨ ਕਿਸੇ ਨਾ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਸਾਡੇ ਸਾਹਮਣੇ ਖੁੱਲ੍ਹ ਜਾਂਦੀ ਹੈ, ਮੋਬਾਈਲ ਐਪਾਂ ਤੋਂ ਲੈ ਕੇ ਛੋਟੀਆਂ-ਵੱਡੀਆਂ ਹਰ ਤਰ੍ਹਾਂ ਦੀਆਂ ਵਸਤਾਂ ਆਨਲਾਈਨ ਵਿਕਣ ਲਈ ਸਾਨੂੰ ਉਤਸ਼ਾਹਿਤ ਕਰਨ ਲੱਗਦੀਆਂ ਹਨ।
ਅਸੀਂ ਉਸ ਅਜੀਬ ਸਥਿਤੀ ਵਿਚ ਹਾਂ ਜਿੱਥੇ ਕੁਝ ਸਹੂਲਤਾਂ ਵੀ ਸਾਡੇ ਲਈ ਅਜਾਬ ਬਣਨ ਲੱਗ ਪਈਆਂ ਹਨ। ਦੁਨੀਆ ਵਿਚ ਨਸ਼ਾ ਛੁਡਾਉਣ ਵਾਂਗ ਮੋਬਾਈਲ ਐਡਿਕਸ਼ਨ ਸੈਂਟਰ' ਵੀ ਖੁੱਲ੍ਹਣ ਲੱਗੇ ਹਨ। ਜ਼ਿਕਰਯੋਗ ਹੈ ਕਿ ਜਦੋਂ ਅਸੀਂ ਚੀਜ਼ ਦੀ ਆਪਣੇ ਮਨ ਨੂੰ ਆਦਤ ਪਾ ਲੈਂਦੇ ਹਾਂ ਫਿਰ ਸਾਡਾ ਮਨ ਉਸ ਲਈ ਬੇਚੈਨ ਰਹਿਣ ਲਗਦਾ ਹੈ। ਰੈਡੀਮੇਡ ਵਸਤਾਂ ਦੇ ਇਸ ਦੌਰ ਵਿਚ ਬੰਦਾ ਕਲਾ ਤੇ ਸਿਰਜਣਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਿਰਜਣਾਤਮਿਕ ਸ਼ਕਤੀ ਅਜਿਹੀ ਤਰਜੀਹ ਹੁੰਦੀ ਹੈ ਜੋ ਮਨੁੱਖ ਨੂੰ ਇਕ ਚੰਗਾ ਮਨੁੱਖ ਬਣਾਉਣ ਵਿਚ ਵੱਡੀ ਭੂਮਿਕਾ ਅਦਾ ਕਰਦੀ ਹੈ, ਪਰ ਅਸੀਂ ਵਕਤੀ ਖੁਸ਼ੀਆਂ ਤੇ ਵਸਤਾਂ ਦੇ ਜੰਗਲ ਵਿਚ ਭਟਕ ਕੇ ਸਿਰਜਣਾਤਮਿਕ ਅਤੇ ਕਲਾਤਮਿਕ ਰੁਚੀਆਂ ਤੋਂ ਵਿਰਵੇ ਹੋ ਰਹੇ ਹਾਂ। ਬੇਸ਼ੱਕ ਇੰਟਨੈੱਟ ਦੀ ਦੁਨੀਆਂ ਨੇ ਤਰੱਕੀ ਤੇ ਵਿਕਾਸ ਦੇ ਰਾਹ ਮੋਕਲੇ ਕੀਤੇ ਹਨ, ਦਿਨਾਂ ਦੇ ਕੰਮ ਮਿੰਟਾਂ ਵਿਚ ਹੋਣ ਲੱਗੇ ਹਨ, ਪਰ ਇਸ ਨਾਲ ਮਨੁੱਖ ਦੀ ਸਰੀਰਕ ਸਰਗਰਮੀ ਵੀ ਘੱਟ ਹੋਈ ਹੈ। ਇਕ ਡਾਕਟਰ ਕੋਲ ਇਕ ਮਰੀਜ਼ ਆਇਆ, ਜੋ ਹਰ ਸਮੇਂ ਮੋਬਾਈਲ 'ਤੇ ਰੀਲ੍ਹਾਂ ਦੇਖਦਾ ਰਹਿੰਦਾ ਸੀ। ਉਹ ਬੈੱਡ 'ਤੇ ਬੈਠਾ ਹੀ ਚਾਹ-ਪਾਣੀ, ਰੋਟੀ ਖਾਣ ਲੱਗਾ ਅਤੇ ਕੁਝ ਸਮੇਂ ਬਾਅਦ ਮਾਨਸਿਕ ਰੋਗੀ ਹੋ ਕੇ ਇਕੱਲਾ ਗੱਲਾਂ ਕਰਨ ਲੱਗ ਪਿਆ। ਉਸ ਨੂੰ ਰਾਤ ਨੂੰ ਨੀਂਦ ਆਉਣੋਂ ਹਟ ਗਈ ਅਤੇ ਉਹ ਗੱਲ-ਗੱਲ 'ਤੇ ਹਿੰਸਕ ਹੋਣ ਲੱਗ ਪਿਆ। ਜਦੋਂ ਡਾਕਟਰ ਨੇ ਮਰੀਜ਼ ਦੀ ਹਿਸਟਰੀ ਜਾਣਨ ਲਈ ਉਸ ਦੀ ਮਾਂ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਲੜਕਾ ਸਾਡੇ ਵਿਆਹ ਤੋਂ 5 ਸਾਲ ਮਗਰੋਂ ਪੈਦਾ ਹੋਣ ਕਰਕੇ ਇਸ ਨੂੰ ਅਸੀਂ ਬੜੇ ਲਾਡਾਂ ਨਾਲ ਪਾਲਿਆ ਹੈ। ਉਨ੍ਹਾਂ ਦਾ ਦੂਜਾ ਲੜਕਾ ਇਸ ਤੋਂ ਡੇਢ ਸਾਲ ਬਾਅਦ ਪੈਦਾ ਹੋਇਆ ਸੀ, ਉਹ ਸਾਰਾ ਦਿਨ ਖੇਤਾਂ ਵਿਚ ਕੰਮ ਕਰਦਾ ਹੈ ਤੇ ਬਿਲਕੁਲ ਤੰਦਰੁਸਤ ਹੈ। ਇਸ ਉਦਾਹਰਨ ਤੋਂ ਦੋ ਗੱਲਾਂ ਪਤਾ ਲਗਦੀਆਂ ਹਨ- ਮਾਪਿਆਂ ਵਲੋਂ ਹੱਦੋਂ ਵੱਧ ਕੀਤਾ ਲਾਡ ਪਿਆਰ ਵੀ ਇਕ ਤਰ੍ਹਾਂ ਨਾਲ ਬੱਚੇ ਦੀ ਸ਼ਖਸੀਅਤ ਨੂੰ ਬੌਣਾ ਬਣਾ ਦਿੰਦਾ ਹੈ। ਦੂਜੇ ਕੰਮ ਕਰਨ ਨਾਲ ਅਸੀਂ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰਹਿੰਦੇ ਹਾਂ ਕਿਰਤ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤਕੜਾ ਰੱਖਦੀ ਹੈ।
ਇਸ ਦੌਰ ਵਿਚ ਵਸਤਾਂ ਦਾ ਇੰਨਾ ਵੱਡਾ ਬਾਜ਼ਾਰ ਸਾਡੇ ਆਲੇ-ਦੁਆਲੇ ਨਹੀਂ ਹੁੰਦਾ, ਜਿੰਨਾ ਵਿਸ਼ਾਲ ਬਾਜ਼ਾਰ ਸਾਡੇ ਮੋਬਾਈਲ ਦੀ ਸਕਰੀਨ 'ਤੇ ਖੁੱਲ੍ਹਦਾ ਹੈ ਅਤੇ ਇਸ ਬਾਜ਼ਾਰ ਚੋਂ ਅਸੀਂ ਦੁਨੀਆ ਭਰ 'ਚੋਂ ਕੋਈ ਵੀ ਵਸਤ ਖਰੀਦ ਸਕਦੇ ਹਾਂ। ਹੁਣ ਖਰੀਦਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਾਨੂੰ ਕਿਹਾ ਜਾ ਰਿਹਾ ਹੈ 'ਜ਼ਿਆਦਾ ਖਰੀਦੋ ਜ਼ਿਆਦਾ ਬਚਾਓ।' ਆਪਣੀ ਲੋੜ ਅਨੁਸਾਰ ਚੀਜ਼ਾਂ ਖਰੀਦਣਾ ਗ਼ਲਤ ਨਹੀਂ, ਪਰ ਹੁਣ ਹਾਲਾਤ ਅਜਿਹੇ ਹਨ ਕਿ ਬਾਜ਼ਾਰ ਨੇ ਸਾਨੂੰ ਆਪਣੀਆਂ ਤਰਜੀਹਾਂ ਅਨੁਸਾਰ ਚਲਾ ਕੇ ਖ਼ਰੀਦੋ-ਫਰੋਖ਼ਤ ਦੀ ਲੋੜ ਨੂੰ ਸ਼ਾਪਿੰਗ ਦੇ ਸ਼ੌਕ ਵਿਚ ਤਬਦੀਲ ਕਰ ਦਿੱਤਾ ਹੈ। ਨੌਜਵਾਨ ਪੀੜ੍ਹੀ ਤਾਂ ਆਪਣੇ ਰੁੱਸੇ ਸੰਗੀ ਸਾਥੀ ਨੂੰ ਸ਼ਾਪਿੰਗ ਕਰਵਾ ਕੇ ਮਨਾਉਣ ਲੱਗ ਪਈ ਹੈ। ਸ਼ਾਇਦ ਪਾਠਕਾਂ ਲਈ ਇਹ ਗੱਲ ਹੈਰਾਨੀਜਨਕ ਹੋਵੇ ਪਰ ਖ਼ਰੀਦੋ-ਫ਼ਰੋਖਤ ਕਰਨ ਦਾ ਝੱਲ ਇਕ ਮਾਨਸਿਕ ਬਿਮਾਰੀ ਹੁੰਦੀ ਹੈ, ਜਿਸ ਨੂੰ 'ਕੰਪਲਸਿਵ ਬਾਇੰਗ ਡਿਸਆਰਡਰ ਜਾਂ ਓਨੀਓਮਾਨੀਆ' ਕਿਹਾ ਜਾਂਦਾ ਹੈ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਸਮਾਜਿਕ ਦਬਾਅ, ਮਨੋਵਿਗਿਆਨਕ ਤਣਾਅ ਤੇ ਵਸਤਾਂ ਦੀ ਭਟਕਣਾ ਵਿਚ ਗੁਆਚਿਆ ਵੱਧ ਤੋਂ ਵੱਧ ਵਸਤਾਂ ਖਰੀਦਣ ਦੇ ਜਨੂੰਨ ਦਾ ਸ਼ਿਕਾਰ ਹੋ ਜਾਂਦਾ ਹੈ। ਆਨਲਾਈਨ ਸ਼ਾਪਿੰਗ ਦੇ ਇਸ ਦੌਰ ਵਿਚ ਸਾਡੇ ਬੱਚੇ ਖਾਸ ਕਰਕੇ ਨੌਜਵਾਨ ਇਸ ਮਾਨਸਿਕ ਵਿਕਾਰ ਦੇ ਸ਼ਿਕਾਰ ਹੋ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਕ੍ਰੀਨ 'ਤੇ ਦਿਸਣ ਵਾਲੀ ਹਰ ਚੀਜ਼ ਹੁਣ ਸਾਡੇ ਤੋਂ ਸਿਰਫ਼ ਇਕ 'ਕਲਿੱਕ' ਦੂਰ ਹੁੰਦੀ ਹੈ। ਮਨ ਦਾ ਆਕਰਸ਼ਣ ਵਸਤ ਦੀ ਜ਼ਰੂਰਤ ਜਾਂ ਨਫੇ ਨੁਕਸਾਨ ਬਾਰੇ ਬਹੁਤੀ ਸੋਚ-ਵਿਚਾਰ ਨਹੀਂ ਕਰਦਾ।
ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਸਤਾਂ ਦੀ ਬਹੁਲਤਾ ਤੋਂ ਸੱਚੀ ਖੁਸ਼ੀ ਨਹੀਂ ਲੱਭੀ ਜਾ ਸਕਦੀ ਕਿਉਂਕਿ ਖੁਸ਼ੀ ਦਾ ਸੰਬੰਧ ਤਾਂ ਸਾਡੇ ਧੁਰ ਅੰਦਰਲੀ ਸਹਿਜ ਸਬਰ ਵਾਲੀ ਮਾਨਸਿਕ ਅਵਸਥਾ ਨਾਲ ਹੁੰਦਾ ਹੈ। ਅਸੀਂ ਮਨ ਦੇ ਜਿਸ ਖੱਪੇ ਨੂੰ ਕਿਸੇ ਚੀਜ਼ ਨਾਲ ਭਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਮਨ ਅਗਲੇ ਹੀ ਪਲ ਉਸ ਖੱਪੇ ਨੂੰ ਹੋਰ ਵੱਡਾ ਕਰ ਲੈਂਦਾ ਹੈ। ਵਸਤਾਂ ਦਾ ਝੱਲ ਸਮਾਜ ਵਿਚ ਭ੍ਰਿਸ਼ਟਾਚਾਰ ਪੈਦਾ ਕਰਨ ਦਾ ਜ਼ਰੀਆ ਬਣਦਾ ਹੈ। ਦਰਅਸਲ ਮਹਿੰਗੀਆਂ ਘੜੀਆਂ, ਵੰਨ-ਸੁਵੰਨੇ ਸੋਨੇ ਦੇ ਗਹਿਣੇ ਜਾਂ ਹੋਰ ਮਹਿੰਗੀਆਂ ਚੀਜ਼ਾਂ ਦਾ ਵਿਖਾਵਾ ਕਰ ਕੇ ਮਨੁੱਖ ਆਪਣੇ ਮਨ ਅੰਦਰਲੇ ਖਾਲੀਪਣ ਨੂੰ ਭਰਨ ਦੀ ਵਿਅਰਥ ਕੋਸ਼ਿਸ਼ ਕਰਦਾ ਹੈ। ਵਿਖਾਵਾ ਕਰ ਕੇ ਆਪਣੀ ਭੱਲ ਬਣਾਉਣ ਦਾ ਸ਼ੌਕ ਬਹੁਤ ਮਹਿੰਗਾ ਪੈਂਦਾ ਹੈ, ਕਿਉਂਕਿ ਲੋਕਾਂ ਨੂੰ ਲਗਾਤਾਰ ਅਮੀਰ ਦਿਸਣ ਲਈ ਵਸਤਾਂ ਦਾ ਵਿਖਾਵਾ ਕਰਦੇ ਰਹਿਣਾ ਪੈਂਦਾ ਹੈ। ਜੇਕਰ ਅਸੀਂ ਇਕ ਛੋਟੀ ਤੋਂ ਛੋਟੀ ਚੀਜ਼ ਵੀ ਬੇਲੋੜੀ ਪੈਦਾ ਕਰਦੇ ਹਾਂ ਤਾਂ ਇਸ ਦਾ ਸਾਡੇ ਵਾਤਾਵਰਨ ਨਾਲ ਸਿੱਧਾ ਸੰਬੰਧ ਜੁੜਦਾ ਹੈ, ਕਿਉਂਕਿ ਵਾਤਾਵਰਨ 'ਚੋਂ ਕੁਝ ਨਸ਼ਟ ਕਰਕੇ ਹੀ ਕੋਈ ਹੋਰ ਵਸਤੂ ਹੋਂਦ ਵਿਚ ਆਉਂਦੀ ਹੈ। ਇਸ ਲਈ ਬੇਲੋੜੀਆਂ ਵਸਤਾਂ ਸਾਨੂੰ ਕਦੇ ਵੀ ਚੈਨ ਸਕੂਨ ਨਹੀਂ ਦੇ ਸਕਦੀਆਂ। ਜੇਕਰ ਇਨ੍ਹਾਂ ਨਾਲ ਸਾਨੂੰ ਚੈਨ ਸਕੂਨ ਮਿਲੇਗਾ ਵੀ ਤਾਂ ਇਹ ਵਕਤੀ ਹੀ ਹੋਵੇਗਾ ਅਤੇ ਜਲਦੀ ਹੀ ਮਨ ਇਸ ਵਕਤੀ ਖੁਸ਼ੀ ਤੋਂ ਉਚਾਟ ਹੋ ਜਾਵੇਗਾ।
ਅੱਜ ਦਾ ਬਾਜ਼ਾਰੂ ਦੌਰ ਮਨੁੱਖ ਨੂੰ ਮਾਨਵੀ ਕਦਰਾਂ-ਕੀਮਤਾਂ ਤੋਂ ਵਿਰਵਾ ਕਰ ਕੇ ਸਿਰਫ਼ ਵਸਤਾਂ 'ਚੋਂ ਖੁਸ਼ੀ ਲੱਭਣ ਲਈ ਪ੍ਰੇਰ ਰਿਹਾ ਹੈ। ਇਹ ਵੇਖਿਆ ਗਿਆ ਹੈ, ਜੋ ਲੋਕ ਨਿੱਕੇ-ਨਿੱਕੇ ਲਾਲਚਾਂ ਤੇ ਵਕਤੀ ਸੁਖਾਂ ਦੀ ਲਾਲਸਾ ਰੱਖਦੇ ਹਨ, ਉਹ ਜੀਵਨ ਦੀ ਮਹਾਨਤਾ ਤੇ ਅਨੰਦ ਤੋਂ ਵਾਂਝੇ ਰਹਿ ਜਾਂਦੇ ਹਨ। ਕੁਦਰਤ ਦੇ ਇਸ ਪਸਾਰੇ ਵਿਚ ਅਸੀਂ ਕੁਦਰਤ ਨਾਲ ਇੱਕਮਿਕਤਾ ਬਣਾ ਕੇ ਸ਼ਾਤ ਤੇ ਅਨੰਦਮਈ ਜੀਵਨ ਬਤੀਤ ਕਰ ਸਕਦੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋਈਏ। ਫੋਕੀ ਵਿਖਾਵੇਬਾਜ਼ੀ ਨੂੰ ਤਿਆਗ ਕੇ ਸਹਿਜ, ਸਬਰ ਤੇ ਸ਼ਾਂਤ ਵਾਤਾਵਰਨ ਨਾਲ ਮਨ ਦੀ ਅਵਸਥਾ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਹੋਈਏ।
-ਜ਼ੀਰਾ।
ਮੋਬਾਈਲ : 9855051099