ਸਾਡੇ ਪਿੰਡ ਦਾ ਸ. ਟਹਿਲ ਸਿੰਘ ਦਿੱਲੀ ਸ਼ਹਿਰ 'ਚ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ। ਪਰਿਵਾਰ ਪਿੰਡ ਹੀ ਰਹਿੰਦਾ ਸੀ। ਨਿੱਕਾ ਪਰਿਵਾਰ ਤੇ ਘਰੋਂ ਸੌਖਾ ਹੋਣ ਕਾਰਨ, ਖ਼ੁਸ਼ੀ ਤੇ ਸਕੂਨ ਭਰੀ ਜ਼ਿੰਦਗੀ ਜੀਅ ਰਿਹਾ ਸੀ।
ਅਚਾਨਕ ਇਕ ਦਿਨ ਉਸ ਦੀ ਮੌਤ ਦੀ ਖ਼ਬਰ ਆ ਗਈ। ਪਿੰਡ 'ਚ ਸੋਗ ਪੈ ਗਿਆ, ਘਰ 'ਚ ਹਾਹਾਕਾਰ ਮਚ ਗਈ। ਸ਼ਹਿਰੋਂ ਲਾਸ਼ ਕੰਪਨੀ ਦੇ ਬੰਦੇ ਲੈ ਕੇ ਆਏ ਤੇ ਸਸਕਾਰ ਕਰ ਦਿੱਤਾ।
ਭੋਗ 'ਤੇ ਬਹੁਤ ਜ਼ਿਾਅਦਾ ਇਕੱਠ ਸੀ। ਉਸ ਦੀ ਤੇ ਉਸ ਦੇ ਸਮੂਹ ਪਰਿਵਾਰ ਦੀ ਪਿੰਡ 'ਚ ਬਹੁਤ ਇੱਜ਼ਤ-ਮਾਣ ਸੀ। ਰਿਸ਼ਤੇਦਾਰਾਂ ਦੇ ਨਾਲ-ਨਾਲ ਸ਼ਹਿਰੋਂ ਕੰਪਨੀ ਦੇ ਬੰਦੇ ਆਏ ਹੋਏ ਸਨ। ਸ਼ਰਧਾਂਜਲੀ ਦੇਣ ਵਾਲੇ ਬੁਲਾਰੇ ਵੀ ਬਹੁਤ ਸਨ। ਸਭ ਆਪਣੇ-ਆਪਣੇ ਸੰਬੰਧ ਦੇ ਹਿਸਾਬ ਨਾਲ ਸ਼ਰਧਾ ਭੇਟ ਕਰ ਰਹੇ ਸਨ। ਕੰਪਨੀ ਵਲੋਂ ਸ. ਨਰਿੰਦਰ ਸਿੰਘ ਬੋਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸ. ਟਹਿਲ ਸਿੰਘ ਮੇਰਾ ਬਹੁਤ ਪਿਆਰਾ ਦੋਸਤ ਸੀ। ਉਸ ਵਰਗਾ ਇਨਸਾਨ ਮਿਲਣਾ ਅੱਜ ਦੇ ਸਮੇਂ ਬਹੁਤ ਔਖਾ ਹੈ। ਰੱਬ ਦੀ ਰਜ਼ਾ 'ਚ ਰਹਿਣ ਵਾਲਾ, ਸੱਚ 'ਤੇ ਚੱਲਣ ਵਾਲਾ ਤੇ ਕੰਮ ਦੇ ਪ੍ਰਤੀ ਇਮਾਨਦਾਰ ਤੇ ਵਫ਼ਾਦਾਰ ਇਨਸਾਨ ਕਿਥੋਂ ਮਿਲਣਾ? ਉਹ ਬਹੁਤ ਨਰਮ ਸੁਭਾਅ ਦਾ ਇਨਸਾਨ ਸੀ, ਕਿਸੇ ਦਾ ਦੁੱਖ ਉਹ ਦੇਖ ਹੀ ਨਹੀਂ ਸੀ ਸਕਦਾ। ਹੋਰਾਂ ਦਾ ਦੁੱਖ ਉਸ ਨੂੰ ਆਪਣਾ ਦੁੱਖ ਲਗਦਾ ਸੀ। ਜਦੋਂ ਵੀ ਕਿਸੇ ਨੂੰ ਕਿਸੇ ਕਿਸਮ ਦੀ ਲੋੜ ਪੈਣੀ ਤਾਂ ਉਹ ਕਿਸੇ ਨੂੰ ਨਾਂਹ ਕਰਦਾ ਹੀ ਨਹੀਂ ਸੀ। ਮੈਨੂੰ ਕਹਿੰਦੇ ਦੁੱਖ ਹੁੰਦਾ ਹੈ ਤੇ ਸ਼ਰਮ ਆਉਂਦੀ ਹੈ ਕਿ ਉਸ ਫਰਿਸ਼ਤੇ ਦੇ ਕਈਆਂ ਨੇ ਪੈਸੇ ਦੇਣੇ ਹਨ ਪਰ ਉਹ ਸਾਰੇ ਮਰੀ ਜ਼ਮੀਰ ਵਾਲੇ ਚੁੱਪ ਹੋ ਗਏ। ਉਹ ਸੋਚਦੇ ਕਿਹੜਾ ਕਿਸੇ ਨੂੰ ਪਤਾ ਹੈ ਪਰ ਰੱਬ ਤਾਂ ਦੇਖ ਹੀ ਰਿਹਾ ਹੈ। ਸਾਨੂੰ ਏਨਾ ਗਿਰਨਾ ਨਹੀਂ ਚਾਹੀਦਾ। ਖ਼ੈਰ ਬਾਕੀ ਅਸੀਂ ਸਾਰੇ ਮਿਲ ਕੇ ਕੁਝ ਸਹਾਇਤਾ ਦੇ ਰਹੇ ਹਾਂ ਤਾਂ ਅਸੀਂ ਕੰਪਨੀ ਨੂੰ ਵੀ ਜ਼ੋਰ ਪਾਵਾਂਗੇ ਕਿ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਬਾਕੀ ਅਸੀਂ ਦੁੱਖ-ਸੁੱਖ ਵਿਚ ਪਰਿਵਾਰ ਦੇ ਨਾਲ ਹਾਂ। ਐਨਾ ਕਹਿੰਦਾ ਭਾਵੁਕ ਹੋ ਗਿਆ ਤੇ ਬੈਠ ਗਿਆ ਤੇ ਅਖੀਰ ਅੰਤਿਮ ਅਰਦਾਸ ਹੋ ਗਈ ਤੇ ਭੋਗ ਵੀ ਪੈ ਗਿਆ।
ਕੁਝ ਦਿਨਾਂ ਬਾਅਦ ਸ. ਟਹਿਲ ਸਿੰਘ ਦਾ ਸ਼ਹਿਰ ਤੋਂ ਸਾਮਾਨ ਲੈ ਆਏ। ਉਸ ਵਿਚ ਇਕ ਟਰੰਕ ਸੀ, ਜਦੋਂ ਉਹ ਖੋਲ੍ਹਿਅ ਤਾਂ ਉਸ ਵਿਚੋਂ ਕੁਝ ਕਿਤਾਬਾਂ ਨਿਕਲੀਆਂ ਤੇ ਇਕ ਡਾਇਰੀ। ਡਾਇਰੀ ਖੋਲ੍ਹ ਕੇ ਵੇਖੀ ਤਾਂ ਉਸ ਵਿਚ ਇਕ ਥਾਂ ਲੈਣ-ਦੇਣ ਦਾ ਹਿਸਾਬ ਬੰਦਿਆਂ ਦੇ ਨਾਂਅ ਸਮੇਤ ਲਿਖਿਆ ਹੋਇਆ ਸੀ। ਪੜ੍ਹ ਕੇ ਹੈਰਾਨੀ ਹੋਈ ਕਿ ਸ. ਨਰਿੰਦਰ ਸਿੰਘ ਨੇ ਸਭ ਤੋਂ ਵੱਧ ਪੈਸੇ ਲਏ ਹੋਏ ਸਨ, ਜੋ ਵਾਪਸ ਨਹੀਂ ਕੀਤੇ।
-ਪਿੰਡ ਤੇ ਡਾਕ: ਸਹੌੜਾਂ, (ਮੁਹਾਲੀ)।
ਮੋਬਾਈਲ : 98769-31529