ਬਚਪਨ ਦੇ ਦਿਨਾ ਦੀ ਘਟਨਾ ਹੈ। ਮੈਂ, ਬਲਦੇਵ ਦੇਬੂ, ਕੁੱਕੂ ਤੇ ਜੈਲਾ ਪੁਰਾਣੇ ਟੁੱਟੇ ਹੋਏ ਬਿਨਾਂ ਪਹੀਏ ਵਾਲੇ ਗੱਡੇ 'ਤੇ ਖੇਡ ਰਹੇ ਸਾਂ। ਟਪੂਸੀਆਂ ਮਾਰਦੇ ਕਦੇ ਏਧਰ ਤੇ ਕਦੇ ਓਧਰ ਆਨੰਦ ਮਾਣ ਰਹੇ ਸਾਂ। ਉੱਥਲ-ਪੁੱਥਲ ਹੁੰਦੇ ਮੌਜ-ਮਸਤੀ ਮਨਾ ਰਹੇ ਸਾਂ। ਵਾਹਵਾ ਰੌਣਕ-ਮੇਲਾ ਜੁੜਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਮਿੱਤਰ-ਮੇਲੀ ਏਸੇ ਤਰ੍ਹਾਂ ਹੀ ਇਕੱਠੇ ਖੇਡ ਕੁੱਦ ਕਰਕੇ ਮਨੋਰੰਜਨ ਕਰਿਆ ਕਰਦੇ ਸਨ। ਅੱਜ ਵਾਂਗ ਕੇਬਲ-ਟੀ.ਵੀ. ਵਗੈਰਾ ਨਹੀਂ ਸਨ ਹੁੰਦੇ। ਟਾਵੇਂ-ਵਿਰਲੇ ਕਿਸੇ ਰੱਜੇ-ਪੁੱਜੇ ਘਰ ਇਕ-ਅੱਧ ਰੇਡੀਓ ਮਸਾਂ ਹੁੰਦਾ ਸੀ।
ਦੇਬੂ ਦਾ ਵੱਡਾ ਭਾਈ ਕਿਤੋਂ ਇਕ ਵਧੀਆ ਲੰਮਾ ਮਿੱਠਾ ਗੰਨਾ ਲੈ ਆਇਆ ਤੇ ਉਹਨੇ ਆਪਣੇ ਭਰਾ ਦੇਬੂ, ਜੈਲੇ ਤੇ ਕੁੱਕੂ ਨੂੰ ਉਹ ਪੂਰਾ ਗੰਨਾ ਤਿੰਨ ਹਿੱਸਿਆਂ ਵਿਚ ਭੰਨ ਕੇ ਦੇ ਦਿੱਤਾ ਤੇ ਉਹ ਤਿੰਨੇ ਜਣੇ ਗੰਨਾ ਚੂਪਣ ਦਾ ਆਨੰਦ ਮਾਨਣ ਲੱਗੇ। ਮੈਂ ਪਰੇ ਇਕੱਲਾ ਲਲਚਾਈਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਤੱਕਦਾ ਹੋਇਆ ਖੇਡ ਜ਼ਰੂਰ ਰਿਹਾ ਸਾਂ ਪਰ ਮੇਰਾ ਮਨ ਹੁਣ ਪਹਿਲਾਂ ਨਾਲੋਂ ਕੁਝ-ਕੁਝ ਉਖੜਿਆ ਜਾਪਦਾ ਸੀ।
ਪਤਾ ਨਹੀਂ ਕਿੱਧਰੋਂ ਮੇਰੀ ਜਨਣੀ (ਮਾਂ) ਸਾਨੂੰ ਉਥੇ ਖੇਡਦਿਆਂ ਨੂੰ ਵੇਖ ਉਧਰ ਅਚਾਨਕ ਆ ਪਹੁੰਚੀ ਤੇ ਉਹਦੇ ਇਹ ਵੇਖਦੇ ਹੀ ਦਿਲ ਵਿਚ ਡੋਬੂ ਜਿਹਾ ਪੈਣ ਲੱਗਾ ਕਿ ਹੋਰ ਬਾਕੀ ਮੁੰਡਿਆਂ ਦੇ ਮੂੰਹ ਵਿਚ ਗੰਨੇ ਦੀ ਟੋਰੀ ਹੈ ਪਰ ਮੇਰੇ ਪੁੱਤਰ ਜੀਤੇ ਦਾ ਮੂੰਹ ਸੱਖਣਾ। ....ਆਹ। ਮਾਂ ਦਾ ਦਿਲ ਫੇਰ ਉਹ ਗੰਨਾ ਚੂਪ ਰਹੇ ਮੇਰੇ 'ਬੇਲੀਆਂ' ਪਾਸ ਆਈ ਤੇ ਕਹਿਣ ਲੱਗੀ, 'ਵੇ ਇਕ ਟੋਰੀ ਇਹ ਨੂੰ (ਜੀਤੇ) ਨੂੰ ਵੀ ਦੋ-ਦੋ, ਥੋਡਾ ਮਿੱਤਰ-ਬੇਲੀ ਐੈ..।' ਮਾਂ ਦੇ ਬੋਲਾਂ ਵਿਚ ਤਰਲੇ ਤੇ ਮਮਤਾ ਦਾ ਰਲਿਆ-ਮਿਲਿਆ ਨਿੱਘ ਮਾਲੂਮ ਹੁੰਦਾ ਸੀ।
ਇਹ ਹੈ ਮਾਂ ਦੀ ਮਮਤਾ ਤੇ ਪਿਆਰ, ਜੋ ਦਰਿਆਵਾਂ ਦੀ ਗਹਿਰਾਈ ਤੋਂ ਵੀ ਵੱਧ ਡੂੰਘਾ ਹੁੰਦਾ ਹੈ। ਰੱਬ ਦਾ ਦੂਜਾ ਨਾਂਅ ਹੀ ਮਾਂ ਹੈ ਦੁਨੀਆ ਵਾਲਿਓ। ਮੈਨੂੰ ਮਾਂ ਦੇ ਅਨੂਠੇ ਪਿਆਰ ਅੱਗੇ ਮਿੱਤਰਾਂ ਦਾ ਦਿਖਾਵੇ-ਰੂਪੀ ਮੋਹ ਦਮ ਤੋੜਦਾ ਮਾਲੂਮ ਹੋ ਰਿਹਾ ਸੀ।
ਹੁਣ ਜਦੋਂ ਸੱਚਮੁੱਚ ਮਾਂ ਅੱਖਾਂ ਤੋਂ ਓਝਲ ਹੋ ਗਈ ਹੈ ਤਾਂ ਮਾਂ ਦੇ ਪਿਆਰ ਦਾ ਅਹਿਸਾਸ ਹੋ ਰਿਹਾ ਤੇ ਬਚਪਨ ਦੀ ਇਹ ਝਾਕੀ ਫ਼ਿਲਮ ਦੇ ਦ੍ਰਿਸ਼ ਵਾਂਗ ਮੇਰੀਆਂ ਅੱਖਾਂ ਅੱਗੇ ਨੱਚਣ ਲੱਗ ਪੈਂਦੀ ਹੈ। ਬਸ ਮੂੰਹੋਂ ਏਹੀ ਸ਼ਬਦ ਨਿਕਲਦੇ ਐ, 'ਧੰਨ ਹੈਂ ਤੇਰਾ ਪਿਆਰ।
-ਸ਼ਿਵਪੁਰੀ ਮੁਹੱਲਾ (ਆਜ਼ਾਦ ਸਟਰੀਟ ), ਧੂਰੀ (ਪੰਜਾਬ)
ਮੋਬਾਈਲ : 09464697781.