ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰੰਗਮੰਚ ਦਾ ਸੂਹਾ ਸੂਰਜ ਬਲਵੰਤ ਗਾਰਗੀ

Ad Position 21
No active advertisement
ਅਜੀਤ ਡੈਸਕ 07-12-2025

ਪੰਜਾਬੀ ਭਾਵੇਂ ਲੱਖ ਫਰਾਟੇਦਾਰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਬੋਲ ਲੈਣ ਪਰ ਸਕੂਨ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਬੋਲ ਕੇ ਹੀ ਮਿਲਦਾ ਹੈ, ਜਿਸ ਦੀ ਉਦਾਹਰਨ ਰੰਗਮੰਚ ਦਾ ਸੂਰਜ ਬਲਵੰਤ ਗਾਰਗੀ ਹੈ। ਉਹ ਅੰਗਰੇਜ਼ੀ ਭਾਸ਼ਾ 'ਚ ਬਹੁਤ ਮਾਹਿਰ ਸਨ। ਉਨ੍ਹਾਂ ਨੇ ਅੰਗਰੇਜ਼ੀ 'ਚ ਕਵਿਤਾਵਾਂ ਵੀ ਲਿਖੀਆਂ ਪਰ ਸਕੂਨ ਉਸ ਨੂੰ ਪੰਜਾਬੀ ਬੋਲ ਕੇ ਹੀ ਆਉਂਦਾ ਸੀ ਤੇ ਪ੍ਰਸਿੱਧੀ ਵੀ ਉਸ ਨੂੰ ਉਸ ਦੀ ਮਾਤ-ਭਾਸ਼ਾ ਪੰਜਾਬੀ ਨੇ ਹੀ ਦਿਵਾਈ। ਉਨ੍ਹਾਂ ਦਾ ਜਨਮ 4 ਦਸੰਬਰ 1916 ਈ: 'ਚ ਮਾਤਾ ਪੁੰਨੀ ਦੇਵੀ ਤੇ ਪਿਤਾ ਸ਼ਿਵ ਦਿਆਲ ਚੰਦ ਦੇ ਘਰ ਪਿੰਡ ਸ਼ਹਿਣਾ ਦੀ ਨਹਿਰੀ ਕੋਠੀ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਨਹਿਰੀ ਕੋਠੀ ਵਿਖੇ ਗਾਰਗੀ ਦੇ ਪਿਤਾ ਦਫ਼ਤਰ 'ਚ ਕਲਰਕ ਸਨ। ਇਸ ਕਰਕੇ ਉਨ੍ਹਾਂ ਦੀ ਰਿਹਾਇਸ਼ ਵੀ ਨਹਿਰੀ ਕੋਠੀ ਹੀ ਸੀ। ਉਨ੍ਹਾਂ ਦਾ ਜੱਦੀ ਘਰ ਬਠਿੰਡਾ ਕਿਲੇ ਦੇ ਨਜ਼ਦੀਕ ਹੀ ਸੀ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡੋਂ ਹੀ ਹਾਸਲ ਕੀਤੀ ਤੇ ਦਸਵੀਂ ਬਠਿੰਡਾ ਦੇ ਹਾਈ ਸਕੂਲ ਤੋਂ ਕਰਕੇ ਬੀ.ਏ. ਲਾਹੌਰ ਤੋਂ ਕੀਤੀ ਅਤੇ ਐਮ.ਏ. ਅੰਗਰੇਜ਼ੀ ਤੇ ਰਾਜਨੀਤੀ ਸ਼ਾਸਤਰ ਫੋਰਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਕੀਤੀ।
ਉਨ੍ਹਾਂ ਨੇ ਪਹਿਲਾਂ ਲਾਹੌਰ ਦੇ ਰੇਲਵੇ ਸਟੇਸ਼ਨ 'ਤੇ ਨੌਕਰੀ ਕੀਤੀ। ਆਜ਼ਾਦ ਖ਼ਿਆਲਾਂ ਦਾ ਮਾਲਕ ਹੋਣ ਕਰਕੇ ਉੱਥੇ ਬਹੁਤਾ ਸਮਾਂ ਨਾ ਰਹਿ ਸਕੇ। ਕੁਝ ਸਮਾਂ ਇਨ੍ਹਾਂ ਨੂੰ ਗੁਰਬਖ਼ਸ਼ ਸਿੰਘ 'ਪ੍ਰੀਤਲੜੀ' ਦੇ ਵਸਾਏ ਪ੍ਰੀਤ ਨਗਰ 'ਚ ਰਹਿਣ ਦਾ ਮੌਕਾ ਮਿਲਿਆ, ਜਿੱਥੇੇ ਸਾਹਿਤਕ ਸਮਾਗਮ ਤੇ ਖੇਡੇ ਜਾਂਦੇ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਲਿਖਣਾ ਸ਼ੁਰੂ ਕੀਤਾ। ਬਾਅਦ 'ਚ ਉਹ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਸਿਆਟਲ ਵਿਖੇ ਯੂਨੀਵਰਸਿਟੀ ਆਫ ਵਾਸ਼ਿੰਗਟਨ 'ਚ ਪ੍ਰੋਫੈਸਰ ਆਫ਼ ਡਰਾਮਾ ਵਜੋਂ ਕੰਮ ਕੀਤਾ। ਉਹ ਉੱਥੇ ਭਾਰਤੀ ਨਾਟਕ ਪੜ੍ਹਾਉਂਦੇ ਰਹੇ ਤੇ ਨਿਰਦੇਸ਼ਨਾ ਵੀ ਕਰਦੇ ਰਹੇ। ਇੱਥੇ ਹੀ ਉਨ੍ਹਾਂ ਜੀਨੀ ਨਾਂਅ ਦੀ ਅੰਗਰੇਜ਼ਣ ਕੁੜੀ ਨਾਲ ਵਿਆਹ ਕਰਾ ਲਿਆ ਤੇ ਇਨ੍ਹਾਂ ਦੇ ਘਰ ਪੁੱਤਰ ਮਨੂੰ ਤੇ ਧੀ ਜੰਨਤ ਨੇ ਜਨਮ ਲਿਆ। ਫਿਰ ਇਕ ਸਮਾਂ ਅਜਿਹਾ ਆਇਆ ਕਿ ਇਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਜੰਨਤ ਨੂੰ ਲੈ ਕੇ ਜੀਨੀ ਅਮਰੀਕਾ ਚਲੀ ਗਈ ਤੇ ਬਲਵੰਤ ਗਾਰਗੀ ਕੋਲ ਪੁੱਤਰ ਰਹਿ ਗਿਆ। ਰਿਸ਼ਤਾ ਟੁੱਟਣ ਦਾ ਗ਼ਮ ਗਾਰਗੀ ਨੂੰ ਆਖਰੀ ਦਮ ਤੱਕ ਅੰਦਰੋ-ਅੰਦਰੀ ਖ਼ੋਰਦਾ ਰਿਹਾ।
ਪਹਿਲਾਂ-ਪਹਿਲ ਬਲਵੰਤ ਗਾਰਗੀ ਨੇ ਬਹੁਤ ਸਾਰੀਆਂ ਕਵਿਤਾਵਾਂ ਅੰਗਰੇਜ਼ੀ 'ਚ ਲਿਖੀਆਂ। ਫਿਰ ਇਕ ਵਾਰ ਜਦ ਉਨ੍ਹਾਂ ਦੀ ਮੁਲਾਕਾਤ ਰਾਬਿੰਦਰ ਨਾਥ ਟੈਗੋਰ ਨਾਲ ਹੋਈ ਤਾਂ ਉਨ੍ਹਾਂ ਨੇ ਗਾਰਗੀ ਨੂੰ ਸੁਝਾਅ ਦਿੱਤਾ ਕਿ ਆਪਣੀ ਮਾਂ-ਬੋਲੀ 'ਚ ਲਿਖਣ ਨਾਲ ਜ਼ਿਆਦਾ ਬਰਕਤ ਪੈਂਦੀ ਹੈ ਤੇ ਮਾਂ-ਬੋਲੀ 'ਚ ਲਿਖਣ ਦੀ ਪਕੜ ਵੀ ਵੱਧ ਹੁੰਦੀ ਹੈ। ਫਿਰ ਉਨ੍ਹਾਂ ਨੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੀ ਪਹਿਲੀ ਕਿਤਾਬ 1943 'ਚ 'ਕੱਕਾ ਰੇਤਾ' ਛਪੀ ਜਿਸ 'ਚ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਲਿਖੀਆਂ। ਦੂਜੀ ਕਿਤਾਬ 1944 'ਚ 'ਲੋਹਾ ਕੁੱਟ' ਨਾਟਕ ਦੇ ਰੂਪ 'ਚ ਆਈ, ਜਿਸ ਨਾਲ ਗਾਰਗੀ ਦਾ ਨਾਂਅ ਸਾਹਿਤਕ ਹਲਕਿਆਂ 'ਚ ਗੂੰਜਣ ਲੱਗਾ। ਫਿਰ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਕਿਤਾਬਾਂ ਦੇ ਲਿਖ-ਲਿਖ ਢੇਰ ਲਾ ਦਿੱਤੇ। ਉਨ੍ਹਾਂ ਦੀ ਗੱਲ ਕਰਨ ਦਾ ਅੰਦਾਜ਼ ਵੱਖਰਾ ਸੀ, ਜੋ ਪਾਠਕਾਂ ਦੇ ਸਿਰ 'ਤੇ ਜਾਦੂ ਵਾਲਾ ਕੰਮ ਕਰਦਾ ਸੀ। ਉਨ੍ਹਾਂ ਨੇ ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਲੋਹਾ ਕੁੱਟ, ਸੌਂਕਣ, ਕਣਕ ਦੀ ਬੱਲੀ, ਪੱਤਣ ਦੀ ਬੇੜੀ, ਮਿਰਜ਼ਾ ਸਾਹਿਬਾਂ, ਕਾਸ਼ਨੀ ਵਿਹੜਾ, ਸੋਹਣੀ ਮਹੀਵਾਲ, ਧੂਣੀ ਦੀ ਅੱਗ, ਸੁਲਤਾਨ ਰਜ਼ੀਆ, ਅੰਭਿ ਸਾਰਿਕਾ, ਐਕਟਰੈਸ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਕੱਕਾ ਰੇਤਾ ਤੇ ਨੰਗੀ ਧੁੱਪ ਉਨ੍ਹਾਂ ਦੀਆਂ ਸਵੈ-ਜੀਵਨੀਆਂ ਹਨ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ 'ਚ 10 ਸਾਲ ਦੇ ਲਗਭਗ ਪੜ੍ਹਇਆ। ਉਹ ਵਿਦਿਆਰਥੀਆਂ ਨੂੰ ਨਾਟਕ ਦੀ ਜਾਣਕਾਰੀ ਦਿੰਦੇ ਤੇ ਨਾਟਕ ਖਿਡਾਉਂਦੇ। ਉਨ੍ਹਾਂ ਨੂੰ ਨਾਟਕ ਕਲਾ ਦਾ ਬਹੁਤ ਅਨੁਭਵ ਸੀ। ਉਨ੍ਹਾਂ ਨੇ ਰੇਡੀਓ ਤੇ ਰੰਗਮੰਚ ਲਈ ਨਾਟਕ ਵੀ ਲਿਖੇ, ਦੂਰਦਰਸ਼ਨ 'ਤੇ ਵੀ ਪ੍ਰੋਫੈਸਰ ਅਮੈਰਿਟਸ ਵਜੋਂ ਯੋਗਦਾਨ ਪਾਇਆ। ਸ਼ਿਵ ਕੁਮਾਰ ਬਟਾਲਵੀ ਨਾਲ ਮਿਲ ਕੇ ਉਨ੍ਹਾਂ ਦੋ ਨਾਟਕ ਖੇਡੇ, ਜਿਨ੍ਹਾਂ ਦੇ ਗੀਤ ਬਟਾਲਵੀ ਨੇ ਲਿਖੇ ਤੇ ਸਕ੍ਰਿਪਟ ਗਾਰਗੀ ਨੇ ਖ਼ੁਦ ਲਿਖੀ ਸੀ। ਸੰਤ ਸਿੰਘ ਸੇਖੋਂ, ਹਰਚਰਨ ਸਿੰਘ ਤੇ ਬਲਵੰਤ ਗਰਗੀ ਦੇ ਆਗਮਨ ਨਾਲ ਨਾਟਕ ਖੇਤਰ ਬੁਲੰਦੀਆਂ ਨੂੰ ਛੂਹਣ ਲੱਗਾ। ਇਸੇ ਤਰ੍ਹਾਂ ਗਾਰਗੀ ਨੇ ਇਤਿਹਾਸਕ, ਸਮਾਜਿਕ, ਰੋਮਾਂਟਿਕ, ਸੁਧਾਰਕ, ਯਥਾਰਕ, ਮਨੋਵਿਗਿਆਨਕ ਪੱਖਾਂ ਦੀ ਸਿਰਜਣਾ ਕਰਕੇ ਪੰਜਾਬੀ ਰੰਗਮੰਚ ਤੇ ਪੰਜਾਬੀ ਨਾਟਕ ਨੂੰ ਅਮੀਰ ਕੀਤਾ। ਆਲ ਇੰਡੀਆ ਰੇਡੀਓ ਦੇ ਨਾਟਕ ਮੁਕਾਬਲੇ 'ਚ ਉਨ੍ਹਾਂ ਦੀ 'ਪੱਤਣ ਦੀ ਬੇੜੀ' ਇਕਾਂਗੀ ਨੂੰ ਪਹਿਲਾ ਇਨਾਮ ਮਿਲਿਆ। ਉਨ੍ਹਾਂ ਨੂੰ 'ਰੰਗਮੰਚ' ਪੁਸਤਕ 'ਤੇ ਸਾਹਿਤਕ ਅਕਾਦਮੀ ਤੇ ਭਾਸ਼ਾ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ। 1972 'ਚ ਉਨ੍ਹਾਂ ਨੂੰ 'ਪਦਮਸ੍ਰੀ' ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਬਹੁਤ ਮਾਣ-ਸਨਮਾਨ ਮਿਲੇ। ਟਿੱਬਿਆਂ ਦੀ ਧਰਤੀ ਦੇ ਪੁੱਤ ਨਿਧੜਕ ਲਿਖਣ ਵਾਲੇ ਗਾਰਗੀ ਨੇ ਆਪਣੀ ਪ੍ਰਤਿਭਾ ਦਾ ਪੂਰੀ ਦੁਨੀਆ 'ਚ ਲੋਹਾ ਮਨਵਾਇਆ।
ਉਨ੍ਹਾਂ ਨੂੰ ਭੁੱਲਣ ਦਾ ਰੋਗ ਲੱਗ ਚੁੱਕਾ ਸੀ ਤੇ ਕਈ ਵਾਰ ਉਹ ਆਪਣਾ ਨਾਂਅ ਵੀ ਭੁੱਲ ਜਾਂਦੇ ਸਨ। ਉਮਰ ਦੇ ਪਿਛਲੇ ਦੋ ਸਾਲ ਉਹ ਮੰਜੇ 'ਤੇ ਹੀ ਰਹੇ। ਅਖੀਰ 21 ਅਪ੍ਰੈਲ 2003 ਦੀ ਅੱਧੀ ਰਾਤ ਨੂੰ ਰੰਗਮੰਚ ਦਾ ਇਹ ਸੂਹਾ ਸੂਰਜ ਹਮੇਸ਼ ਲਈ ਗੋਡੀ ਮਾਰ ਗਿਆ। ਉਨ੍ਹਾਂ ਦਾ ਜਿਉਂਦੇ ਜੀਅ ਸੁਪਨਾ ਸੀ ਕਿ ਉਸ ਦੀ ਮੌਤ 'ਤੇ ਰੋਇਆ ਬਿਲਕੁਲ ਨਾ ਜਾਵੇ ਤੇ ਉਸ ਦੇ ਫੁੱਲ ਸਰਹਿੰਦ ਨਹਿਰ 'ਚ ਪਾਏ ਜਾਣ। ਉਨ੍ਹਾਂ ਦੇ ਸਪੁੱਤਰ ਤੇ ਪਰਿਵਾਰ ਨੇ ਉਨ੍ਹਾਂ ਦੇ ਇਸ ਸੁਪਨੇ 'ਤੇ ਫੁੱਲ ਚੜ੍ਹਾਏ। ਬਲਵੰਤ ਗਾਰਗੀ ਦੀ ਯਾਦ 'ਚ ਬਠਿੰਡਾ ਦੇ ਰੋਜ਼ ਗਾਰਡਨ ਵਿਚ 'ਓਪਨ ਏਅਰ ਥੀਏਟਰ' ਬਣਾਇਆ ਗਿਆ, ਜਿਸ ਨੂੰ ਹੁਣ ਆਡੀਟੋਰੀਅਮ ਦਾ ਰੂਪ ਦਿੱਤਾ ਜਾ ਚੁੱਕਾ ਹੈ। ਭਾਵੇਂ ਅੱਜ ਬਲਵੰਤ ਗਾਰਗੀ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ, ਪਰ ਉਹ ਆਪਣੀਆਂ ਲਿਖਤਾਂ ਜ਼ਰੀਏ ਹਮੇਸ਼ਾ ਜ਼ਿੰਦਾ ਰਹਿਣਗੇ।

-ਪਿੰਡ ਤੇ ਡਾਕ: ਰਾਮਪੁਰਾ, ਤਹਿ: ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ-151103
ਮੋਬਾਈਲ : 97792-97682

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-52 * ਗੁਰਦਿਆਲ ਰੌਸ਼ਨ * ਅਗਲੀ ਖ਼ਬਰ Vipar
Ad Position 24
No active advertisement