ਗੁਹਾਟੀ, 29 ਜੂਨ (ਪੀ.ਟੀ.ਆਈ.)- ਅਰੁਣਾਚਲ ਪ੍ਰਦੇਸ਼ ਅਤੇ ਅਸਾਮ ’ਚ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ। ਅਰੁਣਾਚਲ ਪ੍ਰਦੇਸ਼ ਦੇ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ, ਜਦੋਂਕਿ ਅਸਾਮ ਦੇ 257 ਪਿੰਡ ਹੜ੍ਹਾਂ ਦੇ ਪਾਣੀ ’ਚ ਡੁੱਬ ਗਏ ਹਨ ਅਤੇ 45,500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਅਸਾਮ ਦੇ ਚਿਰਾਂਗ, ਧੇਮਾਜੀ, ਡਿਬਰੂਗੜ੍ਹ, ਲਖੀਮਪੁਰ ਅਤੇ ਨਲਬਾੜੀ ਜ਼ਿਲ੍ਹਿਆਂ ਵਿਚ ਹੜ੍ਹਾਂ ਨਾਲ 45,500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਧੇਮਾਜੀ ਸਭ ਤੋਂ ਵੱਧ ਪ੍ਰਭਾਵਿਤ ਹੈ, 41,000 ਤੋਂ ਵੱਧ ਲੋਕ ਮੁਸੀਬਤ ਵਿੱਚ ਹਨ; ਇਸ ਤੋਂ ਬਾਅਦ ਡਿਬਰੂਗੜ੍ਹ ਲਗਭਗ 4,000 ਅਤੇ ਚਿਰਾਂਗ ਲਗਭਗ 800 ਲੋਕ ਹੜ੍ਹਾਂ ਦੇ ਪਾਣੀ ਨਾਲ ਜੂਝ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੂੰ ਭਾਰੀ ਬਾਰਿਸ਼ ਦੀ ਮਾਰ ਝੱਲ ਰਹੇ ਦੋਵਾਂ ਸੂਬਿਆਂ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਹਰ ਸੰਭਵ ਕੇਂਦਰੀ ਸਹਾਇਤਾ ਦਾ ਭਰੋਸਾ ਦਿੱਤਾ। ਸ਼ਾਹ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨਾਲ ਅਚਾਨਕ ਆਏ ਹੜ੍ਹਾਂ ਅਤੇ ਭਾਰੀ ਮੌਨਸੂਨ ਬਾਰਿਸ਼ ਤੋਂ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰਨ ਲਈ ਫ਼ੋਨ ‘ਤੇ ਗੱਲ ਕੀਤੀ।