ਵਾਸ਼ਿੰਗਟਨ, 26 ਜੁਲਾਈ (ਏਜੰਸੀ)-ਈਰਾਨ ਖ਼ਿਲਾਫ਼ ਹਮਲਿਆਂ ਨੂੰ 2 ਹਫ਼ਤਿਆਂ ਲਈ ਰੋਕਣ ਦੇ ਵਾਸ਼ਿੰਗਟਨ ਦੇ ਫੈਸਲੇ ਪਿੱਛੇ ਅਮਰੀਕਾ ਦੇ ਹਥਿਆਰਾਂ ਦੇ ਭੰਡਾਰ ਤੇ ਵਿਆਪਕ ਖੇਤਰੀ ਸੰਘਰਸ਼ ਦੇ ਜ਼ੋਖ਼ਮ ਮੁੱਖ ਕਾਰਨ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਦੱਸਿਆ ਰਾਸ਼ਟਰਪਤੀ ਡੋਨਾਲਡ ਟਰੰਪ ਤਹਿਰਾਨ ਨਾਲ ਜਾਰੀ ਤਣਾਅ ਵਿਚਾਲੇ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ। ਇਹ ਰੋਕ ਉਦੋਂ ਲਗਾਈ ਗਈ ਜਦੋਂ ਟਰੰਪ ਨੇ ਆਪਣੇ ਸੀਨੀਅਰ ਸਲਾਹਕਾਰਾਂ ਨਾਲ ਫ਼ੌਜੀ ਕਾਰਵਾਈ ਨੂੰ ਤੇਜ਼ ਕਰਨ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ। ਇਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੀ ਬੈਠਕ ਦੌਰਾਨ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਤੇ ਸੰਯੁਕਤ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਚਿੰਤਾਵਾਂ ਜਤਾਈਆਂ, ਜਦੋਂ ਟਰੰਪ ਫੌਜੀ ਕਾਰਵਾਈ ਨੂੰ ਵਧਾਉਣ ’ਤੇ ਵਿਚਾਰ ਕਰ ਰਹੇ ਸਨ। ਜਨਰਲ ਕੇਨ ਨੇ ਵਿਸ਼ੇਸ਼ ਰੂਪ ਨਾਲ ਉਸ ਦਬਾਅ ’ਤੇ ਜ਼ੋਰ ਦਿੱਤਾ ਜੋ ਲਗਾਤਾਰ ਹਮਲਿਆਂ ਨਾਲ ਅਮਰੀਕਾ ਦੇ ਹਥਿਆਰਾਂ ਦੇ ਭੰਡਾਰ ’ਤੇ ਅਸਰ ਪਾ ਸਕਦਾ ਹੈ, ਨਾਲ ਹੀ ਉਨ੍ਹਾਂ ਨੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਘਰਸ਼ ਦੇ ਵਿਆਪਕ ਸਿੱਟਿਆਂ ਬਾਰੇ ਵੀ ਚਿਤਾਵਨੀ ਦਿੱਤੀ। ਰੱਖਿਆ ਵਿਭਾਗ ਦੇ ਇਕ ਸੂਤਰ ਨੇ ਦੱਸਿਆ ਕਿ ਅਮਰੀਕਾ ਨੇ ਫ਼ੌਜੀ ਹਮਲੇ ਰੋਕ ਦਿੱਤੇ ਹਨ, ਹਾਲਾਂਕਿ ਇਹ ਸੰਕੇਤ ਨਹੀਂ ਦਿੱਤਾ ਕਿ ਇਹ ਰੋਕ ਅਸਥਾਈ ਹੈ ਜਾਂ ਵਾਸ਼ਿੰਗਟਨ ਦੀ ਰਣਨੀਤੀ ’ਚ ਕਿਸੇ ਵੱਡੇ ਬਦਲਾਅ ਦਾ ਸੰਕੇਤ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਕੂਟਨੀਤਕ ਹੱਲਾਂ ਨੂੰ ਤਰਜੀਹ ਦਿੰਦੇ ਹਨ, ਪਰ ਜੇਕਰ ਈਰਾਨ ਹਮਲੇ ਜਾਰੀ ਰੱਖਦਾ ਹੈ, ਤਾਂ ਉਹ ਫ਼ੌਜੀ ਵਿਕਲਪਾਂ ਨੂੰ ਵੀ ਖੁੱਲ੍ਹਾ ਰੱਖਣਗੇ। ਇਸ ਵਿਚਾਲੇ ਈਰਾਨ ਦੀ ‘ਇਸਲਾਮਿਕ ਰੈਵੋਲਿਊਸ਼ਨ ਗਾਰਡਸ ਕਾਰਪਸ’ (ਆਈ.ਆਰ.ਜੀ.ਸੀ.) ਨੇ ਇਜ਼ਰਾਈਲ ਤੇ ਬਰਤਾਨੀਆ ਨੂੰ ਤਹਿਰਾਨ ਖਿਲਾਫ਼ ਅਮਰੀਕੀ ਫ਼ੌਜੀ ਹਮਲਿਆਂ ਦਾ ਸਮਰਥਨ ਕਰਨ ਖਿਲਾਫ਼ ਚਿਤਾਵਨੀ ਦਿੱਤੀ। ਆਈ.ਆਰ.ਜੀ.ਸੀ. ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਹੁਸੈਨ ਮੋਹੇਬੀ ਨੇ ਕਿਹਾ ਕਿ ਇਜ਼ਰਾਈਲ ਜਾਣਦਾ ਹੈ ਕਿ ਜੇਕਰ ਉਹ ਜੰਗ ’ਚ ਵਾਪਸ ਆਉਂਦਾ ਹੈ ਤਾਂ ਅਸੀਂ ਉਸ ਨਾਲ ਕੀ ਕਰਾਂਗੇ। ਮੋਹੇਬੀ ਨੇ ਇਹ ਵੀ ਕਿਹਾ ਕਿ ਜੇਕਰ ਬਰਤਾਨੀਆ ਅਮਰੀਕੀ ਹਮਲਿਆਂ ਦਾ ਸਮਰਥਨ ਕਰਨਾ ਜਾਰੀ ਰੱਖਦਾ ਹੈ ਤਾਂ ਬਰਤਾਨੀਆ ਏਅਰਬੇਸ ਹਮਲੇ ਦੇ ਜਾਇਜ਼ ਨਿਸ਼ਾਨੇ ਬਣ ਸਕਦੇ ਹਨ।