ਬਲਾਚੌਰ, 1 ਜੁਲਾਈ (ਨਰੇਸ਼ ਧੌਲ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੱਲੋਂ ਜਲੰਧਰ ਵਿਖੇ ਹਲਕਾ ਬਲਾਚੌਰ ਦੇ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ ਅਤੇ ਬਲਾਚੌਰ ਦੇ ਸਾਰੇ ਬਲਾਕ ਪ੍ਰਧਾਨ ਹਾਜ਼ਰ ਰਹੇ। ਚੇਅਰਮੈਨ ਸੇਠੀ ਉਧਨਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮੀਟਿੰਗ ਦੌਰਾਨ ਹਲਕਾ ਬਲਾਚੌਰ ਦੀ ਗਰਾਊਂਡ ਲੈਵਲ ਦੀ ਸਿਆਸੀ ਸਥਿਤੀ, ਪਾਰਟੀ ਦੀਆਂ ਸਰਗਰਮੀਆਂ, ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਪਾਰਟੀ ਦੇ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮਨੀਸ਼ ਸਿਸੋਦੀਆ ਨੇ ਸਾਰੇ ਬਲਾਕ ਪ੍ਰਧਾਨਾਂ ਤੋਂ ਇਲਾਕੇ ਦੀ ਮੌਜੂਦਾ ਸਥਿਤੀ ਬਾਰੇ ਫੀਡਬੈਕ ਲਿਆ ਅਤੇ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਆਗੂਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਜਨਤਾ ਵਿੱਚ ਰਹਿ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਚੇਅਰਮੈਨ ਸੇਠੀ ਉਧਨਵਾਲ, ਵੀਰ ਸਿੰਘ ਧਾਲੀਵਾਲ, ਸੂਬੇਦਾਰ ਪਰਮਜੀਤ ਸਿੰਘ ਸਰਪੰਚ, ਹਨੀ ਜੋਗੇਵਾਲ, ਰਾਜਾ ਮੋਜੋਵਾਲ ਮੁਜ਼ਾਰਾ ਅਤੇ ਬਲਾਚੌਰ ਦੇ ਸਮੂਹ ਬਲਾਕ ਪ੍ਰਧਾਨਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਲੋਕ ਭਲਾਈ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਮਨੀਸ਼ ਸਿਸੋਦੀਆ ਵਲੋਂ ਜਲੰਧਰ ਵਿਖੇ ਬਲਾਚੌਰ ਦੇ ਆਗੂਆਂ ਨਾਲ ਮੀਟਿੰਗ
ਅਜੀਤ ਡੈਸਕ
02-07-2026