ਸੜੋਆ, 1 ਜੁਲਾਈ (ਬਲਵਿੰਦਰ ਨਾਨੋਵਾਲੀਆ)- ਇਨਸਾਨ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਨਾਰੋਗ ਰਹਿਣ ਲਈ ਨਾਮ ਸਿਮਰਨ ਵਾਲੇ ਨਸ਼ੇ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਣਾ ਚਾਹੀਦਾ ਹੈ। ਇਹ ਵਿਚਾਰ ਸੰਤ ਸੁਰਿੰਦਰ ਦਾਸ ਪ੍ਰਧਾਨ ਅਤੇ ਸੰਤ ਕਰਮ ਚੰਦ ਹੈੱਡ ਕੈਸ਼ੀਅਰ ਸ਼੍ਰੀ ਚਰਨਛੋਹ ਗੰਗਾ ਨੇ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਮਹੀਨਾਵਾਰ ਇਕੱਤਰਤਾ ਮੌਕੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਦੁਨਿਆਵੀ ਨਸ਼ੇ ਚਾਹੇ ਕੋਈ ਵੀ ਹੋਵੇ, ਉਹ ਕੁਝ ਸਮੇਂ ਲਈ ਹੁੰਦਾ ਹੈ, ਜਦੋ ਕਿ ਨਾਮ ਖੁਮਾਰੀ ਵਾਲਾ ਨਸ਼ਾ ਅਗਰ ਇਨਸਾਨ ਨੂੰ ਇੱਕ ਵਾਰ ਚੜ੍ਹ ਜਾਵੇ, ਤਾਂ ਉਹ ਕਦੇ ਵੀ ਉਤਰਦਾ ਨਹੀ। ਇਸ ਕਰ ਕੇ ਇਨਸਾਨ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਪ੍ਰਭੂ ਸਿਮਰਨ, ਲੋੜਵੰਦਾਂ ਦੀ ਮਦਦ ਅਤੇ ਮਾਪਿਆਂ ਦੇ ਸਤਿਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਰ ਅਸੀ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚਲਦੇ ਹੋਏ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਤਾਂ ਇਨਸਾਨ ਨੂੰ ਕਦੇ ਵੀ ਕੋਈ ਘਾਟ ਨਹੀ ਆਉਂਦੀ। ਇਸ ਮੌਕੇ ਗੁਰੂ ਘਰ ਦੇ ਵਿੱਤ ਸਕੱਤਰ ਅਤੇ ਬਾਬੂ ਮੰਗੂਰਾਮ ਮੁਗੋਵਾਲ ਆਜ਼ਾਦੀ ਘੁਲਾਟੀਏ ਦੇ ਪੋਤਰੇ ਮਨਜੀਤ ਮੁਗੋਵਾਲ ਅਤੇ ਸੰਤ ਦਿਆਲ ਬੰਗਾ ਨੇ ਗੁਰੂ ਘਰ ਦੀ ਮਹੀਨਾਵਾਰ ਆਮਦਨ ਅਤੇ ਖਰਚਿਆਂ ਬਾਰੇ ਵਿਸਥਾਰਪੂਵਕ ਚਾਨਣਾ ਪਾਇਆ। ਇਸ ਮੌਕੇ ਨਾਜਰ ਰਾਮ ਮਾਨ ਚੇਅਰਮੈਨ ਅਤੇ ਪੀ.ਐਲ. ਸੂਦ ਸੀਨੀਅਰ ਮੈਨੇਜਰ ਨੇ ਗੁਰੁ ਘਰ ਵਿਖੇ ਆਉਣ ਵਾਲੇ ਦਿਨਾਂ ਅੰਦਰ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਜਾਣਕਾਰੀ ਦਿਤੀ ਅਤੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਸਿੰਘ ਦੁਰਾਹਾ, ਸੰਤ ਹਰਬੰਸ ਸਿੰਘ, ਗਿਆਨ ਗੰਗੜ ਅਤੇ ਤਰਸੇਮ ਸਹੋਤਾ ਆਦਿ ਨੇ ਵੀ ਵਿਚਾਰ ਰਖੇ।
ਸਰੀਰਕ ਅਤੇ ਮਾਨਸਿਕ ਤੌਰ ’ਤੇ ਨਾਰੋਗ ਰਹਿਣ ਲਈ ਸਾਨੂੰ ਨਾਮ ਸਿਮਰਨ ਵਾਲੇ ਨਸ਼ੇ ਨੂੰ ਅਪਨਾਉਣਾ ਚਾਹੀਦਾ ਹੈ -ਸੰਤ ਸੁਰਿੰਦਰ ਦਾਸ
ਅਜੀਤ ਡੈਸਕ
02-07-2026