ਨਵਾਂਸ਼ਹਿਰ, 1 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)- ਡੀ.ਸੀ. ਦਫਤਰ ਅੱਗੇ ਮਿੱਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਜਥੇਬੰਦੀ ਦੇ ਜ਼ਿਲ੍ਹਾ ਯੂਨਿਟ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਜਥੇਬੰਦੀ ਦੀ ਸੂਬਾ ਪ੍ਰਧਾਨ ਬਿਮਲਾ ਦੇਵੀ ਅਤੇ ਜਨਰਲ ਸਕੱਤਰ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਮੰਗ ਕਰ ਰਹੇ ਹਨ ਕਿ ਮਿੱਡ-ਡੇ-ਮੀਲ ਵਰਕਰਾਂ ਨੂੰ ਪੂਰੇ ਸਕੀਲਾਂ ਵਿੱਚ ਰੈਗੂਲਰ ਕੀਤਾ ਜਾਵੇ ਜਦੋਂ ਤੱਕ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਸਕੇਲਡ ਵਰਕਰ ਮੰਨਦੇ ਹੋਏ ਉਚਰ ਦੇ ਘੇਰੇ ਅੰਦਰ ਲਿਆ ਕੇ 18 ਹਜ਼ਾਰ ਰੁਪਏ ਪ੍ਰਤੀ ਮਾਸਕ ਦਿੱਤਾ ਜਾਵੇ। ਉਹਨਾਂ ਨੂੰ ਪਹਿਚਾਣ ਪੱਤਰ ਅਤੇ ਗਰਮ ਅਤੇ ਸਰਦੀਆਂ ਦੀਆਂ ਵਰਦੀਆਂ ਪੰਜਾਬ ਸਰਕਾਰ ਦੀਆਂ ਬਾਕੀ ਮਹਿਲਾਂ ਮੁਲਾਜ਼ਮਾਂ ਵਾਂਗ ਇਹਨਾਂ ਵਰਕਰਾਂ ਨੂੰ ਵੀ ਅਚਨਚੇਤ ਮੈਡੀਕਲ ਪ੍ਰਸੂਤਾ ਤੇ ਕਮਾਈ ਟੁੱਟੀ ਤਨਖਾਹ ਸਮੇਂ ਦਿੱਤੀ ਜਾਵੇ। ਵਰਕਰਾਂ ਮੰਗ ਕਰ ਰਹੀਆਂ ਸਨ ਕਿ ਹਰ ਸਕੂਲ ਵਿੱਚ ਘੱਟੋ-ਘੱਟ ਦੋ ਵਰਕਰਾਂ, 25 ਬੱਚਿਆਂ ਪਿੱਛੇ ਇੱਕ ਵਰਕਰ, ਉਹਨਾਂ ਦੀਆਂ ਸੇਵਾ ਪੱਤਰੀਆਂ ਤਿਆਰ ਕਰਵਾ ਕੇ ਉਹਨਾਂ ਦਾ ਸੀ.ਪੀ.ਐਫ਼ ਕੱਟਣਾ ਸ਼ੁਰੂ ਕੀਤਾ ਜਾਵੇ। ਬੱਚਿਆਂ ਵਲੋਂ ਮਿਡ-ਡੇ-ਮੀਲ ਲਈ ਵਰਤੇ ਗਏ ਬਰਤਨਾਂ ਦੀ ਸਫਾਈ ਲਈ ਹੈਲਪਰ ਰੱਖੇ ਜਾਣ, ਹਰ ਵਰਕਰ ਦਾ ਪੰਜ ਲੱਖ ਦਾ ਮੁਫ਼ਤ ਬੀਮਾ ਕੀਤਾ ਜਾਵੇ ਅਤੇ ਕਿਸੇ ਵੀ ਹਾਦਸੇ ਕਾਰਨ ਵਰਕਰ ਦੀ ਮੌਤ ਹੋ ਜਾਣ ਦੀ ਹਾਲਤ ਵਿੱਚ ਉਸਦੇ ਪ੍ਰੀਵਾਰਿਕ ਮੈਂਬਰਾਂ ਨੂੰ ਪਹਿਲ ਦਿਤੀ ਜਾਵੇ। ਧਰਨੇ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਰਾਜ ਰਾਣੀ, ਕਮਲਜੀਤ ਕੌਰ ਪ੍ਰਧਾਨ ਬੰਗਾ ਏਰੀਆ, ਦਲਜੀਤ ਕੌਰ ਕੁਲਾਮ, ਪਰਮਜੀਤ ਕੌਰ ਦੁਰਗਾਪੁਰ, ਸੁਨੀਤਾ ਦੇਵੀ ਕੰਗ, ਦਲਵਿੰਦਰ ਕਰਨਾਣਾ, ਕਿਰਨ ਕੁਮਾਰੀ ਮੱਲੂਪੋਤਾ, ਪਰਮਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਰਾਜ ਰਾਣੀ, ਕੁਲਵਿੰਦਰ ਕੌਰ, ਮੰਜੂ, ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ ਅਤੇ ਪੈਨਸ਼ਨਰਜ਼ ਯੂਨੀਅਨ ਦੇ ਦੇਸ ਰਾਜ ਬੱਜੋਂ ਨੇ ਵੀ ਸੰਬੋਧਨ ਕੀਤਾ।