ਨਵਾਂਸ਼ਹਿਰ/ਬਲਾਚੌਰ, 1 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ ਜ਼ੋਨ-1 ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਲਾਚੌਰ ਵਿਖੇ ‘ਖਾਦਾਂ ਦੀ ਸੰਤੁਲਿਤ ਵਰਤੋਂ’ ਬਾਰੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਸਕੱਤਰਾਂ ਅਤੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਸਿਖਲਾਈ ਕੈਂਪ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਟ੍ਰੇਨਿੰਗ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਲਗਾਇਆ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਮਿੱਟੀ ਪਰਖ ਦੇ ਮਹੱਤਵ ਪ੍ਰਤੀ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਵਿੱਚ 50 ਤੋਂ ਵੱਧ ਸਿਖਿਆਰਥੀਆਂ ਨੇ ਹਿੱਸਾ ਲਿਆ ਅਤੇ ਫਸਲ ਦੀ ਉੱਚੀ ਉਤਪਾਦਕਤਾ ਨੂੰ ਕਾਇਮ ਰੱਖਣ ਲਈ ਸੰਤੁਲਿਤ ਖਾਦਾਂ ਅਤੇ ਸੁਧਰੇ ਬੀਜਾਂ ਦੀ ਵਰਤੋਂ ਬਾਰੇ ਚਰਚਾ ਕੀਤੀ। ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਨੇ ਵਾਤਾਵਰਣ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਰਾਹੀਂ ਸਾਉਣੀ ਦੀਆਂ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਝੋਨੇ ਦੇ ਮਧਰੇਪਨ ਦੇ ਰੋਗ ਬਾਰੇ ਵੀ ਚਰਚਾ ਕੀਤੀ ਗਈ। ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ ਡਾ. ਤੇਜਬੀਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਨੇ ਮੌਕੇ ‘ਤੇ ਪਸ਼ੂਆਂ ਦੀਆਂ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਹੱਲ ਦੱਸੇ ਅਤੇ ਪਸ਼ੂਆਂ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਸੁਝਾਅ ਅਤੇ ਹੱਲ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਡਾ. ਵਿਜੇ ਮਹੇਸ਼ੀ ਖੇਤੀਬਾੜੀ ਅਫ਼ਸਰ ਨਵਾਂਸ਼ਹਿਰ ਨੇ ਖਾਦਾਂ ਦੀ ਵਿਕਰੀ ਸਬੰਧੀ ਕਿਸਾਨਾਂ ਤੇ ਸਕੱਤਰਾਂ ਨਾਲ ਚਰਚਾ ਕੀਤੀ। ਇਹ ਪ੍ਰੋਗਰਾਮ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਤੇ ਆਏ ਹੋਏ ਸਿਖਿਆਰਥੀਆਂ ਦੇ ਧੰਨਵਾਦ ਦੇ ਨਾਲ ਸਮਾਪਤ ਹੋਇਆ, ਉਹਨਾਂ ਨੇ ਕੈਂਪ ਦੌਰਾਨ ਕਿਸਾਨਾਂ ਤੇ ਸਕੱਤਰਾਂ ਦੀ ਡੂੰਘੀ ਦਿਲਚਸਪੀ ਅਤੇ ਉਤਸ਼ਾਹੀ ਸ਼ਮੂਲੀਅਤ ਲਈ ਪ੍ਰਸ਼ੰਸਾ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਬਲਾਚੌਰ ਦੇ ਸਮੂਹ ਅਧਿਕਾਰੀ ਤੇ ਸਟਾਫ ਮੈਂਬਰ ਅਤੇ ਸਹਿਕਾਰੀ ਸਭਾਵਾਂ ਦੇ ਸੈਕਟਰੀ ਹਾਜ਼ਰ ਸਨ।