ਪੋਜੇਵਾਲ ਸਰਾਂ, 2 ਜੁਲਾਈ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ’ਤੇ ਪਿੰਡ ਨਵਾਂਗਰਾਂ ਵਿਖੇ ਟੁੱਟੀ ਪੁਲੀ ਕਾਰਨ ਕਦੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਤੇ ਇੱਥੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਪਿੰਡ ਨਵਾਂਗਰਾਂ ਵਿਖੇ ਮੁੱਖ ਮਾਰਗ ’ਤੇ ਬਣੀ ਪੁਲੀ ਦੀਆਂ ਦੋਨੋਂ ਸਾਈਡਾਂ ਬੁਰੀ ਤਰਾਂ ਟੁੱਟ ਗਈਆਂ ਹਨ ਤੇ ਇਹਨਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਹਿਲਾਂ ਇਸ ਪੁਲੀ ਦੀਆਂ ਸਾਈਡਾਂ ਸੜਕ ਦੇ ਕਿਨਾਰੇ ਤੋਂ ਦੂਰ ਸਨ ਪਰ ਹੁਣ ਸੜਕ ਦੇ ਚੌੜੀ ਹੋਣ ਨਾਲ ਇਸ ਪੁਲੀ ਦੀਆਂ ਸਾਈਡਾਂ ਬਿਲਕੁੱਲ ਸੜਕ ਦੇ ਕਿਨਾਰੇ ਨਾਲ ਲੱਗ ਗਈਆਂ ਹਨ ਤੇ ਪੁਲੀ ਦੀਆਂ ਸਾਈਡਾਂ ਵੀ ਪੂਰੀ ਤਰਾਂ ਟੁੱਟ ਗਈਆਂ ਹਨ ਤੇ ਪੁਲੀ ਦੇ ਨਾਲ ਥੱਲੇ ਪਾਣੀ ਦੇ ਡੂੰਗੇ ਟੋਏ ਪਏ ਹੋਏ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਪੁਲੀ ਰਾਹੀਂ ਪਿੰਡ ਨਵਾਂਗਰਾਂ ਦਾ ਸਾਰਾ ਪਾਣੀ ਆਂਉਂਦਾ ਹੈ ਤੇ ਜੇਕਰ ਕਦੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਥੇ ਕਿਸੇ ਵੀ ਵਿਅਕਤੀ ਦੀ ਜਾਨ ਜਾ ਸਕਦੀ ਹੈ। ਜਦੋਂ ਇਸ ਸੜਕ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਵੇਲੇ ਇਸ ਪੁਲੀ ਬਾਰੇ ਲੋਕ ਨਿਰਮਾਣ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਸੀ ਪਰ ਵਿਭਾਗ ਦੇ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਸੜਕ ਦੀ ਮੁਰੰਮਤ ਸਮੇਂ ਕੁਝ ਖਾਸ ਜਗ੍ਹਾ ਜਾਂ ਕਹਿ ਲਈਏ ਪਹੁੰਚ ਵਾਲੇ ਥਾਵਾਂ ’ਤੇ ਪੁਲੀਆਂ ਦੇ ਕਿਨਾਰਿਆਂ ਦੀ ਰਿਪੇਅਰ ਕਰਕੇ ਪੁਲੀ ਦੇ ਕਿਨਾਰੇ ਠੀਕ ਕਰ ਦਿੱਤੇ ਸਨ ਪਰ ਇਸ ਪੁਲੀ ਵੱਲ ਕਿਸੇ ਧਿਆਨ ਨਹੀਂ ਦਿੱਤਾ। ਲੋਕਾਂ ਦੀ ਮੰਗ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੇ ਬਿਨਾਂ ਇਸ ਪੁਲੀ ਦੇ ਕਿਨਾਰਿਆ ਦੀ ਕੰਧ ਜਾਂ ਇਸ ਦੀ ਬਣਦੀ ਰਿਪੇਅਰ ਤਰੁੰਤ ਕੀਤੀ ਜਾਵੇ ।