ਲੁਧਿਆਣਾ, 26 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਨੀਚੀ ਮੰਗਲੀ ਵਿਚ ਇਕ ਕਰਿਆਨਾ ਕਾਰੋਬਾਰ ਤੋਂ ਦੁਖੀ ਹੋ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਲੜਕੇ ਸਚਿਨ ਕੁਮਾਰ ਸ੍ਰੀਵਾਸਤਵ (19) ਦੀ ਮਾਂ ਸਵਿਤਾ ਦੇਵੀ ਦੀ ਸ਼ਿਕਾਇਤ ’ਤੇ ਕਾਰੋਬਾਰੀ ਮਹਿੰਦਰ ਮਿਸ਼ਰਾ ਵਾਸੀ ਨੀਚੀ ਮੰਗਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰਿਆਨਾ ਕਾਰੋਬਾਰੀ ਬੀਤੇ ਦਿਨ ਉਸ ਦੇ ਲੜਕੇ ਨਾਲ ਪੈਸੇ ਨੂੰ ਲੈ ਕੇ ਉਲਝ ਪਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਕਥਿਤ ਦੋਸ਼ੀ ਵਲੋਂ ਬਾਜ਼ਾਰ ਵਿਚ ਉਸ ਨੂੰ ਬੇਇੱਜ਼ਤ ਕੀਤਾ ਗਿਆ, ਜਿਸ ਕਾਰਨ ਉਸ ਦਾ ਲੜਕਾ ਮਾਨਸਿਕ ਤਣਾਅ ਵਿਚ ਆ ਗਿਆ। ਕਥਿਤ ਦੋਸ਼ੀ ਵਲੋਂ ਕੀਤੀ ਕੁੱਟਮਾਰ ਅਤੇ ਜ਼ਲਾਲਤ ਨੂੰ ਨਾ ਸਹਾਰਦਿਆਂ ਸਚਿਨ ਨੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।