ਲਾਲੜੂ, 24 ਅਪ੍ਰੈਲ (ਰਾਜਬੀਰ ਸਿੰਘ)-ਲਗਪਗ 6 ਦਹਾਕਿਆਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਡੇਰਾਬੱਸੀ ਹਲਕੇ ਦੇ ਪਿੰਡ ਟਿਵਾਣਾ ਵਿਖੇ ਘੱਗਰ ਦਰਿਆ 'ਤੇ ਹਾਈ ਲੈਵਲ ਪੁਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ | 8.55 ਕਰੋੜ ਰੁ. ਦੀ ਲਾਗਤ ਵਾਲਾ ਇਹ ਪ੍ਰਾਜੈਕਟ ਘੱਗਰ ਕਿਨਾਰੇ ਸਥਿਤ ਦਰਜਨਾਂ ਪਿੰਡਾਂ ਲਈ ਸੜਕ ਨੈੱਟਵਰਕ 'ਚ ਵੱਡਾ ਸੁਧਾਰ ਲਿਆਵੇਗਾ | ਕਰੀਬ 410 ਫੁੱਟ ਲੰਬੇ ਤੇ 28 ਫੁੱਟ ਚੌੜੇ ਇਸ ਪੁਲ ਨਾਲ ਡੇਰਾਬੱਸੀ ਤੋਂ ਬਨੂੰੜ-ਰਾਜਪੁਰਾ ਸੜਕ ਤੱਕ ਸਿੱਧੀ ਪਹੁੰਚ ਬਣੇਗੀ, ਜਿਸ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ਾਨਾ ਆਵਾਜਾਈ ਸੁਖਾਲੀ ਹੋਵੇਗੀ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਪ੍ਰਾਜੈਕਟ ਡੇਰਾਬੱਸੀ ਤੇ ਰਾਜਪੁਰਾ (ਬਨੂੰੜ) ਹਲਕਿਆਂ ਦੇ ਲੋਕਾਂ ਨਾਲ ਕੀਤਾ ਗਿਆ ਇਕ ਮਹੱਤਵਪੂਰਨ ਵਾਅਦਾ ਸੀ, ਜੋ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰਾ ਹੋਇਆ ਹੈ | ਉਨ੍ਹਾਂ ਕਿਹਾ ਕਿ ਡੇਰਾਬੱਸੀ ਦੀ ਇਸ ਬੈਲਟ ਰਾਹੀਂ ਬਨੂੰੜ ਅਤੇ ਰਾਜਪੁਰਾ ਵੱਲ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਖੇਤਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅੱਜ ਸਫ਼ਲ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਇਹ ਪੁਲ ਰਾਜਪੁਰਾ-ਅੰਬਾਲਾ ਕੌਮੀ ਮਾਰਗ ਤੇ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਦਰਮਿਆਨ ਇਕ ਬਦਲਵਾਂ ਰਸਤਾ ਮੁਹੱਈਆ ਕਰੇਗਾ, ਜਿਸ ਨਾਲ ਯਾਤਰਾ ਸਮਾਂ ਘਟੇਗਾ ਤੇ ਟ੍ਰੈਫ਼ਿਕ ਦਾ ਬੋਝ ਵੀ ਘਟੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਥਾਂ 'ਤੇ ਲਗਪਗ 10 ਕਰੋੜ ਰੁ. ਦੀ ਲਾਗਤ ਨਾਲ ਬੰਨ੍ਹ ਤਿਆਰ ਕੀਤਾ ਗਿਆ ਸੀ, ਜਿਸ ਨਾਲ ਬਰਸਾਤੀ ਮੌਸਮ ਦੌਰਾਨ ਘੱਗਰ ਦਰਿਆ ਦੇ ਪਾਣੀ ਤੋਂ ਨਜਦੀਕੀ ਪਿੰਡਾਂ ਦੀ ਸੁਰੱਖਿਆ ਯਕੀਨੀ ਬਣੀ ਸੀ | ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਇਸ ਥਾਂ 'ਤੇ ਬਣੇ ਬੰਨ੍ਹ ਨੂੰ ਹੋਰ ਮਜਬੂਤ ਕੀਤਾ ਜਾਵੇਗਾ | ਇਸ ਮੌਕੇ ਪਿੰਡ ਟਿਵਾਣਾ, ਝੱਜੋਂ, ਬਾਸਮਾਂ, ਤੇਪਲਾ, ਖਜੂਰ ਮੰਡੀ, ਡੰਗ-ਡਹਿਰਾ, ਸਰਸੀਣੀ, ਕੁਰਲੀ, ਆਲਮਗੀਰ, ਜੜੌਤ, ਬਟੌਲੀ, ਝਾਰਮੜੀ ਆਦਿ ਪਿੰਡਾਂ ਦੇ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ, 'ਆਪ' ਵਰਕਰਾਂ ਤੇ ਵੱਡੀ ਗਿਣਤੀ 'ਚ ਲੋਕਾਂ ਸਮੇਤ ਐਸ. ਡੀ. ਐਮ. ਡੇਰਾਬੱਸੀ ਅਮਿਤ ਗੁਪਤਾ ਤੇ ਮੰਡੀ ਬੋਰਡ ਦੇ ਕਾਰਜਕਾਰੀ ਇੰਜ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |