ਨਾਭਾ, 4 ਜੁਲਾਈ (ਵਰਿੰਦਰ ਵਰਮਾ)- ਹਲਕਾ ਨਾਭਾ ਦੇ ਪਿੰਡ ਗੋਬਿੰਦਗੜ੍ਹ ਛੰਨਾ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਲੋਕ ਮਿਲਣੀ ਅਤੇ ਨੁੱਕੜ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਲਦ ਹੱਲ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਪੰਚਾਇਤ ਮੈਂਬਰ, ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਰਹੇ । ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਲੋਕ ਭਲਾਈ ਅਤੇ ਵਿਕਾਸ ਦੇ ਇਤਿਹਾਸਕ ਕੰਮ ਕੀਤੇ ਹਨ । ਹਲਕਾ ਨਾਭਾ ਦੇ ਹਰ ਪਿੰਡ ’ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਲੋਕ ਮਿਲਣੀ ਤਹਿਤ ਪਿੰਡ ਗੋਬਿੰਦਗੜ੍ਹ ਛੰਨਾ ਲਈ ਹੁਣ ਤੱਕ ਕੁੱਲ 22 ਲੱਖ 47 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ । ਇਨ੍ਹਾਂ ’ਚ ਸੋਲਰ ਲਾਈਟਾਂ ਲਈ 2 ਲੱਖ ਰੁਪਏ, ਸ਼ਮਸ਼ਾਨਘਾਟ ਲਈ 3 ਲੱਖ 91 ਹਜ਼ਾਰ ਰੁਪਏ, ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ 5 ਲੱਖ ਰੁਪਏ, ਗਲੀਆਂ ਪੱਕੀਆਂ ਕਰਨ ਲਈ 5 ਲੱਖ ਰੁਪਏ, ਓਪਨ ਜਿਮ ਲਈ 3 ਲੱਖ ਰੁਪਏ ਅਤੇ ਐਮ.ਐਲ.ਏ. ਨਾਭਾ ਦੇ ਅਖਤਿਆਰੀ ਕੋਟੇ ‘ਰੰਗਲਾ ਪੰਜਾਬ ਸਕੀਮ’ ਤਹਿਤ ਪਾਣੀ ਦੇ ਟੈਂਕਰ ਲਈ 3 ਲੱਖ 56 ਹਜ਼ਾਰ ਰੁਪਏ ਸ਼ਾਮਿਲ ਹਨ, ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੇ ਵਿਕਾਸ ਨਾਲ ਸੰਬੰਧਿਤ ਆਪਣੇ ਸੁਝਾਅ ਅਤੇ ਮੰਗਾਂ ਵੀ ਵਿਧਾਇਕ ਦੇ ਸਾਹਮਣੇ ਰੱਖੀਆਂ । ਵਿਧਾਇਕ ਦੇਵ ਮਾਨ ਨੇ ਭਰੋਸਾ ਦਿਵਾਇਆ ਕਿ ਨਵੀਂਆਂ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਵਾਏ ਜਾਣਗੇ । ਇਸ ਮੌਕੇ ਤੇਜਿੰਦਰ ਸਿੰਘ ਖਹਿਰਾ, ਧਰਮਿੰਦਰ ਸਿੰਘ ਸੁਖੇਵਾਲ, ਭੁਪਿੰਦਰ ਸਿੰਘ ਕੱਲਰ ਮਾਜਰੀ (ਵਾਈਸ ਚੇਅਰਮੈਨ ਬਲਾਕ ਸੰਮਤੀ), ਜਸਵੀਰ ਸਿੰਘ ਵਜੀਦਪੁਰ, ਸੁਖਦੀਪ ਸਿੰਘ ਖਹਿਰਾ, ਭਰਪੂਰ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ ਪੰਚਾਇਤ ਮੈਂਬਰ, ਪਾਰਟੀ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।