ਹਲਵਾਰਾ (ਲੁਧਿਆਣਾ), 3 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦਾ ਲਗਭਗ ਡੇਢ ਮਹੀਨਾ ਬਾਕੀ ਹੈ | ਇੰਡੀਅਨ ਏਅਰਲਾਈਨਜ਼ ਨੇ ਟਿਕਟਾਂ ਦੀ ਵਧਦੀ ਮੰਗ ਕਾਰਨ ਕਿਰਾਏ ਵਿਚ ਭਾਰੀ ਵਾਧਾ ਕਰ ਦਿੱਤਾ ਹੈ | ਬੁਕਿੰਗ ਦੇ ਪਹਿਲੇ ਦਿਨ ਇਕਾਨਮੀ ਕਲਾਸ ਲਈ ਇਕ ਪਾਸੇ ਦਾ ਕਿਰਾਇਆ 3512 ਰੁਪਏ ਦੇ ਕਰੀਬ ਸੀ, ਜੋ ਹੁਣ ਵਧ ਕੇ 4141 ਰੁਪਏ ਹੋ ਗਿਆ ਹੈ ਅਤੇ ਸਵੇਰ ਦੀ 10:25 ਦੀ ਉਡਾਣ ਦੀ ਟਿਕਟ ਦੀ ਕੀਮਤ 7861 ਰੁਪਏ ਅਤੇ ਇਸ ਦੌਰਾਨ ਬਿਜ਼ਨੈੱਸ ਕਲਾਸ ਦੇ ਕਿਰਾਇਆ 19355 ਰੁਪਏ ਹੋ ਗਏ ਹਨ ਜੋ ਆਨਲਾਈਨ ਦਿਖਾਈ ਦੇ ਰਹੇ ਹਨ | ਇਸ ਅਚਾਨਕ ਵਾਧੇ ਦਾ ਕਾਰਨ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਯਾਤਰੀਆਂ ਤੋਂ ਟਿਕਟਾਂ ਦੀ ਵੱਧਦੀ ਮੰਗ ਦੱਸਿਆ ਜਾ ਰਿਹਾ ਹੈ | ਧਿਆਨ ਦੇਣ ਯੋਗ ਹੈ ਕਿ ਏਅਰ ਇੰਡੀਆ ਇਸ ਰੂਟ 'ਤੇ ਦਿੱਲੀ ਅਤੇ ਹਲਵਾਰਾ ਵਿਚਕਾਰ ਰੋਜ਼ਾਨਾ ਚਾਰ ਉਡਾਣਾਂ ਚਲਾਉਂਦੀ ਹੈ | ਏਅਰ ਇੰਡੀਆ ਇਸ ਰੂਟ 'ਤੇ ਬੋਇੰਗ 320 ਜਹਾਜ਼ਾਂ ਦੀ ਵਰਤੋਂ ਕਰੇਗੀ | ਏਅਰ ਇੰਡੀਆ ਨੇ 1 ਅਪ੍ਰੈਲ ਤੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ |