ਖੰਨਾ, 22 ਅਗਸਤ (ਹਰਜਿੰਦਰ ਸਿੰਘ ਲਾਲ)-ਭਾਰਤ ਵਿਚ ਜੀਨੋਮ ਐਡਿਟਿੰਗ ਤਕਨਾਲੋਜੀ ਰਾਹੀਂ ਵਿਕਸਤ ਦੋ ਚੌਲਾਂ ਦੀਆਂ ਨਵੀਆਂ ਕਿਸਮਾਂ ਪੈਦਾ ਕਰਕੇ ਭਾਰਤ ਇਸ ਤਕਨਾਲੋਜੀ ਵਿਚ ਅਮਰੀਕਾ ਤੇ ਜਾਪਾਨ ਤੋਂ ਬਾਅਦ ਤੀਜਾ ਦੇਸ਼ ਬਣਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੂਜੇ ਪਾਸੇ, ਫ਼ਸਲ ਦੇ ਜੀਨਾਂ ਵਿਚ ਤਬਦੀਲੀ ਕਰਨ ਦੇ ਵਿਰੋਧੀ ਇਸ ਨੂੰ ਮਨੁੱਖੀ ਵਰਤੋਂ ਲਈ ਖਤਰਨਾਕ ਕਰਾਰ ਦਿੰਦੇ ਹੋਏ ਇਸ ਦਾ ਵਿਰੋਧ ਵੀ ਕਰ ਰਹੇ ਹਨ।ਗੌਰਤਲਬ ਹੈ ਕਿ ਭਾਰਤ ਨੇ ਡੀ. ਆਰ. ਆਰ. ਝੋਨੇ ਦੀ ਕਮਲਾ ਅਤੇ ਪੂਸਾ ਡੀ. ਐਸ. ਟੀ. ਚੌਲ- ਏ. ਜੀਨੋਮ ਐਡੀਟਿੰਡ ਕਿਸਮਾਂ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਅਨੁਸਾਰ ਇਹ ਭਾਰਤ ਦੀਆਂ ਪਹਿਲੀਆਂ ਜੀਨੋਮ-ਐਡਿਟਡ ਚੌਲਾਂ ਦੀਆਂ ਕਿਸਮਾਂ ਹਨ, ਜੋ ਕਰਿਸਪਰ ਕੈਸਰ ਤਕਨੀਕ ਰਾਹੀਂ ਤਿਆਰ ਕੀਤੀਆਂ ਗਈਆਂ ਹਨ। ਕਮਲਾ ਜਿਸ ਸੰਬਾ ਮਸ਼ੂਰੀ ਕਿਸਮ ਤੋਂ ਵਿਕਸਤ ਕੀਤੀ ਗਈ ਹੈ, ਇਹ ਉਸ ਤੋਂ 19 ਫ਼ੀਸਦੀ ਤੱਕ ਵੱਧ ਝਾੜ ਦਿੰਦੀ ਹੈ ਅਤੇ ਪੱਕਣ ਵਿਚ 15 ਤੋਂ 20 ਦਿਨ ਘੱਟ ਲੈ ਕੇ ਘੱਟ ਪਾਣੀ ਤੇ ਖਾਦ ਦੀ ਵਰਤੋਂ ਕਰਦੀ ਹੈ, ਜਦੋਂਕਿ ਪੂਸਾ ਡੀ. ਐਸ. ਟੀ. ਏ. ਕਿਸਮ ਝੋਨੇ ਦੀ ਐਮ. ਟੀ. ਯੂ. 100 ਤੋਂ ਵਿਕਸਿਤ ਕੀਤੀ ਗਈ ਹੈ। ਇਹ ਕਿਸਮ ਸੋਕੇ ਅਤੇ ਖਾਰੀ ਮਿੱਟੀ ਦੇ ਬਾਵਜੂਦ 30 ਫ਼ੀਸਦੀ ਤੱਕ ਵੱਧ ਝਾੜ ਦਿੰਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਨੁਸਾਰ ਇਹ ਕਿਸਮਾਂ ਘੱਟ ਗ੍ਰੀਨਹਾਊਸ ਗੈਸਾਂ ਛੱਡਦੀਆਂ ਹਨ ਅਤੇ ਜਲਵਾਯੂ ਦੇ ਅਨੁਕੂਲ ਹਨ।ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਵਿਗਿਆਨੀਆਂ ਦਾ ਤਰਕ ਹੈ ਕਿ ਭਾਰਤ ਵਿਚ ਝੋਨੇ ਦੇ ਝਾੜ ਵਿਚ ਵਾਧਾ ਘੱਟ ਗਿਆ ਹੈ। ਹੁਣ ਜੀਨਾਂ ਵਿਚ ਤਬਦੀਲੀ ਕਰਕੇ ਹੀ ਸੋਕੇ ਅਤੇ ਖਾਰੇਪਣ ਦੀ ਸਥਿਤੀ ਵਿਚ ਵੱਧ ਝਾੜ ਵਾਲੀਆਂ ਕਿਸਮਾਂ ਬਣਾਈਆਂ ਜਾ ਸਕਦੀਆਂ ਹਨ। ਆਲ ਇੰਡੀਆ ਕੁਆਰਡੀਨੇਟਡ ਰਿਸਰਚ ਪ੍ਰੋਜੈਕਟ ਆਨ ਰਾਈਸ ਵਲੋਂ ਵੱਖ-ਵੱਖ ਥਾਵਾਂ ’ਤੇ ਕੀਤੇ ਗਏ ਤਜਰਬਿਆਂ ਅਤੇ ਪਰਖਾਂ ਵਿਚ ਇਨ੍ਹਾਂ ਦਾ ਫਾਇਦਾ ਸਾਫ਼ ਨਜਰ ਆਇਆ ਹੈ। ਚੌਲ ਵਿਗਿਆਨੀ ਡਾ. ਵਿਸ਼ਵਨਾਥਨ ਚਿੰਨੂਸਾਮੀ ਅਨੁਸਾਰ ਇਹ ਤਕਨਾਲੋਜੀ ਛੋਟੇ ਤੇ ਕਿਸਾਨਾਂ ਲਈ ਲਾਭਦਾਇਕ ਹੋਵੇਗੀ, ਖਾਸ ਕਰਕੇ ਜਦੋਂ ਧਰਤੀ ਹੇਠਲਾ ਪਾਣੀ ਘੱਟ ਰਿਹਾ ਹੈ ਤੇ ਮੌਸਮੀ ਤਬਦੀਲੀ ਵਧ ਰਹੀ ਹੈ। ਕਿਸਾਨ ਸੰਗਠਨ, ਵਾਤਾਵਰਣ ਹਮਾਇਤੀ ਅਤੇ ਖੇਤੀ ਮਾਹਿਰਾਂ ਵਲੋਂ ਵਿਰੋਧ ਦੂਜੇ ਪਾਸੇ ਇਸ ਤਕਨਾਲੋਜੀ ਨੂੰ ਲੈ ਕੇ ਭਾਰਤੀ ਖੇਤੀ ਮਾਹਿਰ, ਵਾਤਾਵਰਣ ਹਮਾਇਤੀ ਤੇ ਕਿਸਾਨ ਸੰਗਠਨ ਇਸ ਦੇ ਸਖ਼ਤ ਵਿਰੋਧ ਵਿਚ ਹਨ। ਕੋਆਲੀਸ਼ਨ ਫਾਰ ਏ.ਜੀਐਮ-ਫਰੀ ਇੰਡੀਆ ਦੀ ਨੇਤਾ ਕਵਿਤਾ ਕੁਰੂਗੰਤੀ ਨੇ ਕਿਹਾ ਕਿ ਜੀਨੋਮ ਐਡਿਟਿੰਗ ਅਸਲ ਵਿਚ ਜੈਨੇਟਿਕ ਇੰਜੀਨੀਅਰਿੰਗ ਹੈ। ਇਹ ਡੀ. ਐਨ. ਏ. ਵਿਚ ਦਖਲ ਦੇ ਕੇ ਅਜਿਹੇ ਜੀਨਾਂ ਨੂੰ ਹਟਾਉਣਾ ਹੀ ਹੈ, ਜਿਨ੍ਹਾਂ ਦੇ ਕੰਮ ਵੀ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪਰਾਗ ਕਣਾਂ ਦਾ ਫੈਲਣਾ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਜੈੇਨੇਟਿਕ ਇੰਜੀਨੀਅਰਰਿੰਗ ਕਮੇਟੀ ਵਲੋਂ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਸ, ਪਰ ਸਰਕਾਰ ਨੇ ਉਲਟਾ ਕਰ ਦਿੱਤਾ ਹੈ।
ਪੰਜਾਬ ਲਈ ਇਹ ਗੰਭੀਰ ਮੁੱਦਾ-ਜੋਸਨ
ਪੰਜਾਬ ਲਈ ਇਹ ਮੁੱਦਾ ਹੋਰ ਵੀ ਗੰਭੀਰ ਹੈ। ਪੰਜਾਬ ਰਾਈਸ ਇੰਡਸਟਰੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਕਹਿੰਦੇ ਹਨ ਕਿ ਖੇਤ ਵਿਚ ਵੱਧ ਝੋਨਾ ਸਿਰਫ਼ ਅੱਧੀ ਕਹਾਣੀ ਹੈ। ਅਸਲ ਪਰਖ ਤਾਂ ਚੌਲ ਮਿੱਲਾਂ ਵਿਚ ਹੁੰਦੀ ਹੈ। ਪੰਜਾਬ ਪਹਿਲਾਂ ਹੀ ਹਾਈਬ੍ਰਿਡ ਝੋਨੇ ਵਿਚ 45-50 ਫ਼ੀਸਦੀ ਟੁੱਟੇ ਚੌਲ ਅਤੇ ਘੱਟ ਉਤਪਾਦਨ ਦਾ ਨੁਕਸਾਨ ਝੱਲ ਚੁੱਕਾ ਹੈ। ਪੀ.ਆਰ-126 ਵਰਗੀਆਂ ਕਿਸਮਾਂ ਵਿਚ 100 ਕਿੱਲੋ ਝੋਨੇ ਤੋਂ ਸਿਰਫ਼ 60-63 ਕਿੱਲੋ ਚੌਲ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਜੀਨੋਮ ਐਡਿਟਿੰਗ ਦਾ ਅੰਨ੍ਹਾ ਵਿਰੋਧ ਨਹੀਂ ਕਰਦਾ ਪਰ ਮੰਗ ਕਰਦਾ ਹੈ ਕਿ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਤੋਂ ਪਹਿਲਾਂ ਵਪਾਰਕ ਮਿੱਲਾਂ ਵਿਚ ਟੈਸਟ ਕਰਵਾਏ ਜਾਣ ਅਤੇ ਇਨ੍ਹਾਂ ਕਿਸਮਾਂ ਦੀ ਕੁੱਲ ਚੌਲ ਪ੍ਰਾਪਤੀ, ਟੁੱਟੇ ਚੌਲਾਂ ਦੀ ਸਥਿਤੀ ਅਤੇ ਚੌਲਾਂ ਦੀ ਕਿਸਮ ਅਤੇ ਇਕਸਾਰਤਾ ਦੀ ਜਾਂਚ ਕੀਤੀ ਜਾਵੇ ਕਿਉਂ ਕਿ ਸਿਰਫ਼ ਲੈਬ ਟੈਸਟ ਕਾਫੀ ਨਹੀਂ ਹਨ। ਭਾਰਤੀ ਖੇਤੀ ਮਾਹਿਰਾਂ ਦੀ ਦਲੀਲ ਹੈ ਕਿ ਤਕਨਾਲੋਜੀ ਲਾਜ਼ਮੀ ਹੈ ਪਰ ਪੂਰੀ ਕੀਮਤ ਲੜੀ ਜੋ ਬੀਜ ਤੋਂ ਸ਼ੁਰੂ ਹੋ ਕੇ ਕਿਸਾਨ ਤੋਂ ਮਿੱਲ ਅਤੇ ਮਿੱਲ ਤੋਂ ਖਪਤਕਾਰ ਤੱਕ ਪਰਖੀ ਜਾਣੀ ਚਾਹੀਦੀ ਹੈ।