ਅਮਰਗੜ੍ਹ, 12 ਜੂਨ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - 'ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ' ਦੇ ਬੈਨਰ ਹੇਠ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਸੰਸਥਾ 'ਸਮਾਜ ਸੁਧਾਰ ਵੈੱਲਫੇਅਰ ਸੋਸਾਇਟੀ' ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਰਗੜ੍ਹ ਵਿਖੇ ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਦੀ ਅਗਵਾਈ ਵਿੱਚ ਹੋਈ | ਮੀਟਿੰਗ ਦੇ ਸ਼ੁਰੂ ਵਿੱਚ ਸੰਸਥਾ ਦੇ ਸੀਨੀਅਰ ਆਗੂ ਹਰਨੇਕ ਸਿੰਘ ਖੇੜੀ ਸੋਢੀਆਂ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਸਾਥੀਆਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੌਰਾਨ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਉਪ ਪ੍ਰਧਾਨ ਚਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਰੱਖਣ ਦੇ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੁਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਸਾਂਭ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ | ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਨੇ ਕਿਹਾ ਕਿ ਸਾਨੂੰ ਰੋਜ਼ ਮਰਾ ਦੀ ਜ਼ਿੰਦਗੀ 'ਚ ਪੋਲੀਥਿਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਰਾਸ਼ਨ ਪਾਣੀ ਦੀ ਖ਼ਰੀਦੋ ਫ਼ਰੋਖ਼ਤ ਸਮੇਂ ਕੱਪੜੇ ਦੇ ਝੋਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਪ੍ਰਸ਼ਾਸਨ ਨੂੰ ਪਾਣੀ ਦੀ ਦੁਰਵਰਤੋਂ ਤੇ ਰੋਕ ਲਗਾਉਣੀ ਚਾਹੀਦੀ ਹੈ ਉੱਥੇ ਸਾਡਾ ਵੀ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਿਅਰਥ ਜਾ ਰਹੇ ਪਾਣੀ ਨੂੰ ਬਚਾਉਣ ਲਈ ਆਪਣੇ ਪੱਧਰ ਤੇ ਉਪਰਾਲੇ ਕਰੀਏ | ਅੰਤ ਵਿੱਚ ਸੰਸਥਾ ਵੱਲੋਂ ਆਪਣੀ ਸੱਸ ਮਾਤਾ ਦਾ ਭੋਗ ਸਾਦੇ ਢੰਗ ਨਾਲ ਪਾਉਣ ਵਾਲੇ ਗੁਰਵੀਰ ਸਿੰਘ ਹੁਸੈਨਪੁਰਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜ ਸਿੰਘ ਲਾਂਗੜੀਆਂ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਗੁਰਵਿੰਦਰ ਸਿੰਘ ਗੁੱਡੂ, ਜੁਝਾਰ ਸਿੰਘ ਬਾਗੜੀਆਂ,ਪ੍ਰਧਾਨ ਦਵਿੰਦਰ ਸਿੰਘ,ਗੁਰਜੰਟ ਸਿੰਘ, ਮੁਲਕੀਤ ਸਿੰਘ ਲਾਂਗੜੀਆਂ, ਕਿਸਾਨ ਆਗੂ ਨਰਦੇਵ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ ਲਾਂਗੜੀਆਂ ਬਲਵੀਰ ਸਿੰਘ ਲਾਂਗੜੀਆਂ ਗੁਰਵੀਰ ਸਿੰਘ ਹੁਸੈਨਪੁਰਾ ਜਸਕਰਨ ਸਿੰਘ ਹੁਸੈਨਪੁਰਾ, ਅਸੌਕ ਕੁਮਾਰ ਅਤੇ ਮਲਕੀਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ |