ਸ਼ੇਰਪੁਰ, 12 ਜੂਨ (ਮੇਘ ਰਾਜ ਜੋਸ਼ੀ) - ਬਲਾਕ ਸ਼ੇਰਪੁਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ਼ੇਰਪੁਰ, ਦੀਦਾਰਗੜ੍ਹ, ਸਲੇਮਪੁਰ, ਬਾਦਸ਼ਾਹਪੁਰ, ਰਾਜੋਮਾਜਰਾ ਅਤੇ ਧੂਰੀ ਤੋਂ ਪਟਿਆਲਾ ਲਈ ਪੀ.ਆਰ.ਟੀ.ਸੀ. ਬੱਸ ਸੇਵਾ ਸ਼ੁਰੂ ਕਰਵਾਉਣ ਦੇ ਦਾਅਵੇ ਨੇ ਹਲਕਾ ਮਹਿਲ ਕਲਾਂ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ | ਪਾਰਟੀ ਆਗੂਆਂ ਨੇ ਕੱਲ੍ਹ ਹੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਇਸ ਸੇਵਾ ਨੂੰ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਕਰਾਰ ਦਿੱਤਾ ਗਿਆ ਅਤੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਸਮੇਤ ਹੋਰ ਆਗੂਆਂ ਦਾ ਧੰਨਵਾਦ ਵੀ ਕੀਤਾ | ਪਰੰਤੂ ਇਸ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮਹਿਲ ਕਲਾਂ ਤੋਂ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਬੱਸ ਸੇਵਾ ਸਬੰਧੀ ਕਈ ਸਵਾਲ ਖੜ੍ਹੇ ਕੀਤੇ | ਉਨ੍ਹਾਂ ਸ਼ੇਰਪੁਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਿਰਫ਼ ਇੱਕ ਦਿਨ ਦੀ ਦਿਖਾਵੇਬਾਜ਼ੀ ਕੀਤੀ ਗਈ ਹੈ | ਐਡਵੋਕੇਟ ਖੇੜੀ ਨੇ ਕਿਹਾ ਕਿ ਜਿਸ ਬੱਸ ਸੇਵਾ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਗਿਆ, ਉਹ ਨਿਯਮਤ ਤੌਰ 'ਤੇ ਚੱਲ ਰਹੀ ਹੈ ਜਾਂ ਨਹੀਂ, ਇਸ ਬਾਰੇ ਲੋਕਾਂ ਵਿੱਚ ਭਰਮ ਦੀ ਸਥਿਤੀ ਬਣੀ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਬੱਸ ਨੂੰ ਸਿਰਫ਼ ਰਾਜਨੀਤਿਕ ਲਾਭ ਲਈ ਇੱਕ ਦਿਨ ਚਲਾਇਆ ਗਿਆ ਅਤੇ ਬਾਅਦ ਵਿੱਚ ਸੇਵਾ ਜਾਰੀ ਨਹੀਂ ਰਹੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਸਲ ਵਿਕਾਸ ਦੀ ਥਾਂ ਦਿਖਾਵੇ ਦੀ ਰਾਜਨੀਤੀ ਕਰਨ ਵਿੱਚ ਰੁੱਝੇ ਹੋਏ ਹਨ | ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ, ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਰੂਟ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਬਾਰੇ ਦਫ਼ਤਰ ਤੋਂ ਵੇਰਵਾ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਬਿਆਨ ਤੋਂ ਬਾਅਦ ਬੱਸ ਸੇਵਾ ਦੇ ਅਧਿਕਾਰਤ ਰੂਟ ਅਤੇ ਇਸ ਦੀ ਨਿਯਮਤਤਾ ਨੂੰ ਲੈ ਕੇ ਹੋਰ ਵੀ ਸਵਾਲ ਖੜ੍ਹੇ ਹੋ ਗਏ ਹਨ | ਇਸ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੱਸ ਸੇਵਾ ਨਿਯਮਤ ਤੌਰ 'ਤੇ ਸ਼ੁਰੂ ਕੀਤੀ ਗਈ ਹੈ ਤਾਂ ਇਸ ਬਾਰੇ ਪੀ.ਆਰ.ਟੀ.ਸੀ. ਵੱਲੋਂ ਸਪਸ਼ਟ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉੱਧਰ ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਕਾਂਗਰਸੀ ਆਗੂ ਦੇ ਦੋਸ਼ਾਂ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ |