ਧੂਰੀ, 13 ਜੂਨ (ਲਖਵੀਰ ਸਿੰਘ ਧਾਂਦਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿਧਾਨ ਸਭਾ ਹਲਕਾ ਧੂਰੀ ਦੇ ਕਾਂਗਰਸੀ ਬੂਥ ਏਜੰਟਾਂ ਨੂੰ ਚੋਣ ਪ੍ਰਕਿਰਿਆ 'ਐਸ.ਆਈ.ਆਰ.' ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਟਰੇਨਿੰਗ ਸੈਸ਼ਨ ਦਾ ਆਯੋਜਨ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦੌਰਾਨ ਬੂਥ ਪੱਧਰ ਦੇ ਵਰਕਰਾਂ ਨੂੰ ਚੋਣਾਂ ਦੌਰਾਨ ਵਰਤੀ ਜਾਣ ਵਾਲੀ ਬਾਰੀਕੀ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ | ਇਸ ਸਿਖਲਾਈ ਕੈਂਪ ਦਾ ਮੁੱਖ ਮਨੋਰਥ ਹਲਕੇ ਦੇ 189 ਬੂਥਾਂ ਦੇ ਬੀ ਐਲ ਏ-1 ਅਤੇ ਬੀ ਐਲ ਏ -2 ਨੂੰ ਐਸ.ਆਈ.ਆਰ. ਦੇ ਤਕਨੀਕੀ ਤੈ ਸੰਗਠਨਾਤਮਕ ਪਹਿਲੂਆਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਸੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਟਰੇਨਿੰਗ ਸੈਸ਼ਨ ਵਿਚ ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਐਸ.ਆਈ.ਆਰ ਕੈਂਪਾਂ ਦੇ ਕੋਆਰਡੀਨੇਟਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਨਿੱਪੀ ਅਤੇ ਟਰੇਨਿੰਗ ਕੈਂਪ ਦੇ ਆਗੂ ਰਵਿੰਦਰ ਸਿੰਘ ਨੇ ਵਰਕਰਾਂ ਨੂੰ ਐਸ.ਆਈ.ਆਰ. ਵਿਸ਼ੇ 'ਤੇ ਮਾਸਟਰ ਟਰੇਨਿੰਗ ਦਿੰਦਿਆਂ ਅਪੀਲ ਕੀਤੀ ਕਿ ਉਹ ਬੂਥ ਪੱਧਰ 'ਤੇ ਮੁਸਤੈਦ ਰਹਿਣ ਅਤੇ ਹਰ ਇੱਕ ਜਾਇਜ਼ ਵੋਟ 'ਤੇ ਤਿੱਖੀ ਨਿਗਹਾ ਰੱਖਣ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਸੁਰਤ ਵਿਚ ਕਿਸੇ ਵੀ ਜਾਇਜ਼ ਵੋਟਰ ਦੀ ਵੋਟ ਕੱਟੀ ਨਹੀਂ ਜਾਣੀ ਚਾਹੀਦੀ, ਤਾਂ ਜੋ ਲੋਕਤੰਤਰ ਦੀ ਨੀਂਹ ਮਜ਼ਬੂਤ ਰਹੇ | ਹਲਕਾ ਧੂਰੀ ਦੇ ਬੀ.ਐਲ.ਏ. ਇੰਚਾਰਜ ਗੁਰਪਿਆਰ ਸਿੰਘ ਧੂਰਾ ਨੇ ਵੀ ਹਾਜ਼ਰ ਵਰਕਰਾਂ ਤੇ ਏਜੰਟਾਂ ਨੂੰ ਸੰਬੋਧਨ ਕਰਦਿਆਂ ਸਮੂਹ ਕਾਰਕੁਨਾਂ ਨੂੰ ਆਉਣ ਵਾਲੇ ਸਮੇਂ ਵਿਚ ਪੂਰੀ ਸੰਜੀਦਗੀ, ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਧੂਰੀ ਹਲਕੇ ਦੇ 189 ਬੀ.ਐਲ.ਏ ਸਬੰਧਤ ਬਥਾਂ ਦੇ ਬੀ.ਐਲ.ਓ ਨਾਲ ਰਾਬਤੇ 'ਚ ਰਹਿਣਗੇ ਅਤੇ ਜੇਕਰ ਕਿਸੇ ਵੀ ਵੋਟਰ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਬੰਧਤ ਵੋਟਰ ਦੀ ਸੰਭਵ ਮਦਦ ਕਰਨਗੇ | ਇਸ ਅਹਿਮ ਸਿਖਲਾਈ ਕੈਂਪ ਦੌਰਾਨ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਵਿਚ ਗੁਰਬਖ਼ਸ ਸਿੰਘ ਗੁੱਡੂ , ਇੰਦਰਪਾਲ ਸਿੰਘ ਗੋਲਡੀ, ਚਮਕੌਰ ਸਿੰਘ ਕੁੰਬੜਵਾਲ, ਜਗਤਾਰ ਸਿੰਘ ਤਾਰਾ ਬੇਨੜਾ, ਨਰੇਸ਼ ਕੁਮਾਰ ਮੰਗੀ, ਪ੍ਰੇਮ ਕੁਮਾਰ ਠੇਕੇਦਾਰ, ਮਹਾਂਵੀਰ ਸਿੰਘ, ਸਾਬਕਾ ਕੌਂਸਲਰ ਸਾਧੂ ਸਿੰਘ, ਸਰਪੰਚ ਮਿੱਠੂ ਲੱਡਾ, ਜਗਪਾਲ ਸਿੰਘ, ਰਾਕੇਸ਼ ਕੁਮਾਰ ਅਤੇ ਵੀਰਪਾਲ ਸਿੰਘ ਕਾਕਾ ਤੂਰ ਸਮੇਤ ਕਈ ਹੋਰ ਆਗੂ ਤੇ ਵਰਕਰ ਸ਼ਾਮਲ ਸਨ |