ਖਨੌਰੀ, 30 ਜੂਨ (ਬਲਵਿੰਦਰ ਸਿੰਘ ਥਿੰਦ) - ਨੇੜਲੇ ਪਿੰਡ ਗੋਬਿੰਦਪੁਰਾ ਚੱਠਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਦੋ ਵੱਖ-ਵੱਖ ਘਰਾਂ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਕਰੀਬ 12 ਤੋਲੇ ਸੋਨਾ, 12 ਤੋਲੇ ਚਾਂਦੀ ਅਤੇ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿੱਚ ਹੋਈਆਂ ਚੋਰੀਆਂ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਥਾਣਾ ਖਨੌਰੀ ਵਿਖੇ ਇਨ੍ਹਾਂ ਹੋਈਆਂ ਚੋਰੀਆਂ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਵਾਸੀ ਚੱਠਾ ਗੋਬਿੰਦਪੁਰਾ ਨੇ ਦੱਸਿਆ ਕਿ ਉਹ ਆਪਣੇ ਘਰ ਸੁੱਤਾ ਹੋਇਆ ਸੀ ਅਤੇ ਸਵੇਰੇ ਕਰੀਬ ਤਿੰਨ ਵਜੇ ਜਦੋਂ ਉਸ ਦਾ ਲੜਕਾ ਪਿਸ਼ਾਬ ਕਰਨ ਲਈ ਉੱਠਿਆ ਤਾਂ ਉਸ ਨੇ ਜਦੋਂ ਰੌਲਾ ਪਾਇਆ ਤੇ ਦੇਖਿਆ ਕਿ ਕਮਰੇ ਵਿੱਚ ਸਾਰਾ ਸਾਮਾਨ ਖਿੱਲਰਿਆ ਪਿਆ ਹੈ ਅਤੇ ਕਮਰੇ ਵਿੱਚ ਪਿਆ ਕਰੀਬ 4 ਤੋਲੇ ਸੋਨਾ, 10 ਤੋਲੇ ਚਾਂਦੀ ਅਤੇ 10,000 ਦੀ ਨਕਦੀ ਚੋਰੀ ਕਰ ਲਈ ਗਈ ਸੀ । ਇਸੇ ਪ੍ਰਕਾਰ ਹੀ ਪਿੰਡ ਦੇ ਬਲਵਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੀ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ ਅਤੇ ਜਦੋਂ ਉਹ ਪਿਸ਼ਾਬ ਕਰਨ ਲਈ ਤੜਕੇ ਸਵੇਰੇ ਉਠਿਆ ਤਾਂ ਚੋਰੀ ਹੋਣ ਬਾਰੇ ਪਤਾ ਲੱਗਾ। ਉਸ ਨੇ ਦੱਸਿਆ ਕਿ ਚੋਰਾਂ ਵਲੋਂ ਰਾਤ 12 ਤੋਂ ਤਿੰਨ ਵਜੇ ਦੇ ਦਰਮਿਆਨ ਦੂਜੇ ਕਮਰੇ ਦਾ ਤਾਲਾ ਤੋੜ ਕੇ ਪੇਟੀ ਅਲਮਾਰੀ ਦੇ ਤਾਲੇ ਤੋੜ ਕੇ ਫਰੋਲਾ ਫਰੋਲੀ ਕਰਦਿਆਂ ਕਰੀਬ ਅੱਠ ਤੋਲੇ ਸੋਨਾ ਚਾਂਦੀ ਚੋਰੀ ਕਰ ਲਿਆ ਗਿਆ। ਪਿੰਡ ਚੱਠਾ ਗੋਬਿੰਦਪੁਰਾ ਵਿਖੇ ਇੱਕੋ ਰਾਤ ਵਿੱਚ ਦੋ ਘਰਾਂ ਵਿੱਚ ਚੋਰੀ ਹੋ ਜਾਣ ਕਰਕੇ ਪਿੰਡ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਪਿੰਡਾਂ ਵਿੱਚ ਵੀ ਆਪਣੀ ਗਸ਼ਤ ਵਧਾਉਣੀ ਚਾਹੀਦੀ ਹੈ।