ਬਰਨਾਲਾ, 2 ਮਈ (ਗੁਰਪ੍ਰੀਤ ਸਿੰਘ ਲਾਡੀ)-ਕਾਂਗਰਸੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ 'ਤੇ ਲੱਗੇ ਐਨ.ਐਸ.ਏ. ਨੂੰ ਹਟਾਉਣ ਦਾ ਵਿਰੋਧ ਕਰਨ ਅਤੇ ਸ਼ੰਭੂ ਰੇਲਵੇ ਟਰੈਕ 'ਤੇ ਹੋਏ ਧਮਾਕੇ ਨੂੰ ਭਾਈ ਅੰਮਿ੍ਤਪਾਲ ਸਿੰਘ ਨਾਲ ਜੋੜਨ ਦੇ ਦਿੱਤੇ ਗਏ ਬਿਆਨ ਕਾਰਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਤੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸੇ ਰੋਸ ਦੇ ਚਲਦਿਆਂ ਅੱਜ ਅਕਾਲੀ ਦਲ (ਵਾਰਿਸ ਪੰਜਾਬ ਦੇ) ਜ਼ਿਲ੍ਹਾ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਦੀ ਅਗਵਾਈ ਹੇਠ ਸਥਾਨਕ ਕਚਹਿਰੀ ਚੌਂਕ ਵਿਖੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕੀਤਾ ਹੈ | ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਦਿੱਤਾ ਗਿਆ ਬਿਆਨ ਇਹ ਸਾਬਤ ਕਰਦਾ ਹੈ ਕਿ ਕਾਂਗਰਸੀ ਆਗੂ ਅੱਜ ਵੀ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਤੋਂ ਬਾਹਰ ਨਹੀਂ ਆ ਸਕੇ ਹਨ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਖਡੂਰ ਸਾਹਿਬ ਦੀ ਜਨਤਾ ਨੇ ਲੱਖਾਂ ਵੋਟਾਂ ਪਾ ਕੇ ਆਪਣਾ ਨੁਮਾਇੰਦਾ ਚੁਣਿਆ ਹੈ | ਰੰਧਾਵਾ ਵਲੋਂ ਐਨ.ਐਸ.ਏ. ਹਟਾਉਣ ਦਾ ਵਿਰੋਧ ਕਰਨਾ ਸਿੱਧੇ ਤੌਰ 'ਤੇ ਲੋਕਤੰਤਰ ਅਤੇ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਫ਼ਤਵੇ ਦੀ ਤੌਹੀਨ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸ਼ੰਭੂ ਰੇਲਵੇ ਟਰੈਕ 'ਤੇ ਹੋਏ ਧਮਾਕੇ ਨੂੰ ਜਾਣਬੁੱਝ ਕੇ ਭਾਈ ਅੰਮਿ੍ਤਪਾਲ ਸਿੰਘ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਰਾਜਨੀਤਕ ਪਾਰਟੀਆਂ ਭਾਈ ਅੰਮਿ੍ਤਪਾਲ ਸਿੰਘ ਦੀ ਲੋਕਪਿ੍ਯਤਾ ਤੋਂ ਘਬਰਾ ਰਹੀਆਂ ਹਨ | ਐਡਵੋਕੇਟ ਗਿੰਦੀ ਨੇ ਕਿਹਾ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਇਸ ਬਿਆਨ ਲਈ ਮੁਆਫ਼ੀ ਨਾ ਮੰਗੀ ਤਾਂ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਮਾਹਮਦਪੁਰ, ਭਗਵੰਤ ਸਿੰਘ ਸ਼ੁਤਰਾਣਾ, ਗੁਰਮੇਲ ਸਿੰਘ ਸੰਧੂ ਪੱਤੀ, ਪੂਰਨ ਸਿੰਘ ਗੰਡੇਵਾਲ, ਜੱਗੀ ਬਾਬਾ ਪੰਧੇਰ, ਬੂਟਾ ਸਿੰਘ ਬਦਰਾ, ਭੋਲਾ ਸਿੰਘ ਸਹੋਤਾ ਹੰਡਿਆਇਆ, ਰਣਜੀਤ ਸਿੰਘ ਧਨੋਆ, ਮਾਸਟਰ ਅਵਤਾਰ ਸਿੰਘ, ਜਗਦੀਪ ਸਿੰਘ ਬਦੇਸ਼ਾ, ਸੁਰਜੀਤ ਸਿੰਘ ਆਸਟ੍ਰੇਲੀਆ, ਹਰਕੇਸ਼ ਸਿੰਘ ਚਹਿਲ ਆਦਿ ਆਗੂ ਤੇ ਵਰਕਰ ਵੀ ਹਾਜ਼ਰ ਸਨ |