ਸ਼ਹਿਣਾ, 19 ਜੂਨ (ਸੁਰੇਸ਼ ਗੋਗੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਖ਼ਤਮ ਕਰਨ ਦੇ ਵਾਅਦੇ ਕਰ ਕੇ ਲੋਕਾਂ ਤੋਂ ਵੋਟਾਂ ਪ੍ਰਾਪਤ ਕੀਤੀਆਂ ਸਨ, ਪਰ ਉਹ ਵਾਅਦੇ ਪੂਰੇ ਨਹੀਂ ਕਰ ਸਕੀ। ਇਹ ਸ਼ਬਦ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਹਿਣਾ ਵਿਖੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਬੋਲਬਾਲਾ ਏਨਾ ਵੱਧ ਚੁੱਕਿਆ ਹੈ ਕਿ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿਚ ਨੌਜਵਾਨ ਨਸ਼ਿਆਂ ਨਾਲ ਨਸ਼ੇੜੀ ਹੋਏ ਆਮ ਮਿਲਦੇ ਹਨ। ਜੇਕਰ ਸਰਕਾਰ ਨੇ ਨਸ਼ਿਆਂ ਦੀ ਚੈਨ ਤੋੜ ਦਿੱਤੀ ਹੁੰਦੀ ਜਿਸ ਦਾ ਕਿ ਸਰਕਾਰ ਦਾਅਵਾ ਕਰਦੀ ਹੈ, ਤਾਂ ਫਿਰ ਇਨ੍ਹਾਂ ਨੌਜਵਾਨਾਂ ਕੋਲ ਨਸ਼ਾ ਕਿੱਥੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਡੀ ਪੱਧਰ ‘ਤੇ ਨੌਕਰੀਆਂ ਦੇਣ ਦੀ ਗੱਲ ਕਰਦੀ ਹੈ, ਜਦਕਿ ਨਸ਼ਿਆਂ ਦੇ ਚੱਕਰ ਵਿਚ ਜ਼ਿਆਦਾਤਰ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਹੀ ਫਸਦੇ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਰਕਾਰ ਦੇ ਯਤਨ ਠੋਸ ਨਹੀਂ ਹਨ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ, ਬੀਬੀ ਮਲਕੀਤ ਕੌਰ ਸਹੋਤਾ, ਗਿਰਧਾਰੀ ਲਾਲ ਗਰਗ, ਨਰਿੰਦਰ ਕੁਮਾਰ ਸਦਿਉੜਾ, ਸੁਖਜਿੰਦਰ ਸਿੰਘ ਰੂੜੇਕੇ, ਗਿਰਧਰ ਮਿੱਤਲ, ਸਾਹਿਬਦੀਨ ਤੇ ਸਰਬਜੀਤ ਸਿੰਘ ਜੈਦ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਅਸਲ ਮੁੱਦਿਆਂ ਤੋਂ ਲੋਕਾਂ ਗੁਮਰਾਹ ਕਰ ਰਹੀ ਹੈ-ਵਿਧਾਇਕ ਕਾਲਾ ਢਿੱਲੋਂ
ਅਜੀਤ ਡੈਸਕ
20-06-2026