ਇਹ ਸੱਚ ਹੈ ਕਿ ਹਰ ਤਰੱਕੀ ਨਾਲ ਕੁਝ ਨਵੀਆਂ ਚੁਣੌਤੀਆਂ ਵੀ ਜਨਮ ਲੈਂਦੀਆਂ ਹਨ। ਅੱਜ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਪੁਰਾਣੀ ਪੀੜ੍ਹੀ ਲਈ ਇਸ ਤੇਜ਼ੀ ਨਾਲ ਬਦਲ ਰਹੀ ਡਿਜੀਟਲ ਦੁਨੀਆ ਨਾਲ ਕਦਮ ਮਿਲਾਉਣਾ ਆਸਾਨ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਨਾਂ ਸਮਾਰਟਫ਼ੋਨ ਅਤੇ ਇੰਟਰਨੈੱਟ ਦੇ ਬਿਤਾਇਆ ਹੈ, ਉਨ੍ਹਾਂ ਲਈ ਹਰ ਕੰਮ ਨੂੰ ਮੋਬਾਈਲ ਐਪ, ਵੈੱਬਸਾਈਟ ਜਾਂ ਆਨਲਾਈਨ ਪੋਰਟਲ ਰਾਹੀਂ ਕਰਨਾ ਕਈ ਵਾਰ ਮੁਸ਼ਕਿਲ ਬਣ ਜਾਂਦਾ ਹੈ। ਬੈਂਕਿੰਗ, ਬਿੱਲਾਂ ਦੀ ਅਦਾਇਗੀ, ਸਰਕਾਰੀ ਦਸਤਾਵੇਜ਼ਾਂ ਦੀ ਅਰਜ਼ੀ ਜਾਂ ਹੋਰ ਅਧਿਕਾਰਕ ਕੰਮਾਂ ਲਈ ਡਿਜੀਟਲ ਪ੍ਰਣਾਲੀ ਦੀ ਲੋੜ ਕਾਰਨ ਉਹ ਆਪਣੇ ਆਪ ਨੂੰ ਦੂਜਿਆਂ 'ਤੇ ਨਿਰਭਰ ਮਹਿਸੂਸ ਕਰਦੇ ਹਨ। ਕਈ ਵਾਰ ਗਲਤੀ ਹੋਣ ਦਾ ਡਰ ਜਾਂ ਸਾਈਬਰ ਠੱਗੀ ਦਾ ਖ਼ਤਰਾ ਵੀ ਉਨ੍ਹਾਂ ਦੇ ਮਨ ਵਿਚ ਤਣਾਅ ਪੈਦਾ ਕਰਦਾ ਹੈ। ਦੂਜੇ ਪਾਸੇ, ਨੌਜਵਾਨ ਅਤੇ ਵਿਦਿਆਰਥੀ ਤਕਨਾਲੋਜੀ ਤੋਂ ਜਾਣੂ ਹੋਣ ਦੇ ਬਾਵਜੂਦ ਇਕ ਵੱਖਰੇ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅੱਜ ਦੀ ਸਿੱਖਿਆ ਪ੍ਰਣਾਲੀ ਪਹਿਲਾਂ ਨਾਲੋਂ ਕਾਫ਼ੀ ਮੁਕਾਬਲੇ ਵਾਲੀ ਹੋ ਗਈ ਹੈ। ਸਕੂਲ ਦੀ ਪੜ੍ਹਾਈ, ਕੋਚਿੰਗ, ਆਨਲਾਈਨ ਕਲਾਸਾਂ, ਅਸਾਈਨਮੈਂਟ, ਪ੍ਰੋਜੈਕਟ, ਪ੍ਰੀਖਿਆਵਾਂ ਅਤੇ ਹਰ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਬੱਚਿਆਂ ਦੇ ਮਨ 'ਤੇ ਭਾਰ ਪਾ ਰਹੀ ਹੈ। ਤਕਨਾਲੋਜੀ ਵਰਤਣ ਲਈ ਤਾਂ ਬਹੁਤ ਵਧੀਆ ਮਾਧਿਅਮ ਹੈ, ਪਰ ਇਸ ਦੀ ਬੇਹੱਦ ਵਰਤੋਂ ਕਈ ਸਮੱਸਿਆਵਾਂ ਵੀ ਪੈਦਾ ਕਰ ਰਹੀ ਹੈ। ਲਗਾਤਾਰ ਸਕ੍ਰੀਨ ਦੇ ਸਾਹਮਣੇ ਰਹਿਣ ਨਾਲ ਅੱਖਾਂ ਦੀਆਂ ਸਮੱਸਿਆਵਾਂ, ਨੀਂਦ ਦੀ ਕਮੀ, ਸਰੀਰਕ ਸਰਗਰਮੀਆਂ ਵਿਚ ਘਾਟ ਅਤੇ ਮਾਨਸਿਕ ਥਕਾਵਟ ਵਧ ਰਹੀ ਹੈ। ਕਈ ਬੱਚੇ ਪੜ੍ਹਾਈ ਅਤੇ ਮਨੋਰੰਜਨ ਦੇ ਵਿਚਕਾਰ ਸੰਤੁਲਨ ਨਹੀਂ ਬਣਾ ਸਕਦੇ। ਉਹ ਡਿਜੀਟਲ ਦੁਨੀਆ ਵਿਚ ਤਾਂ ਕਾਫ਼ੀ ਸਰਗਰਮ ਹਨ, ਪਰ ਅਸਲ ਜੀਵਨ ਦੇ ਸੰਚਾਰ ਅਤੇ ਸਮਾਜਿਕ ਸੰਬੰਧਾਂ ਵਿਚ ਪਿੱਛੇ ਰਹਿ ਜਾਂਦੇ ਹਨ। ਇਹ ਹਾਲਾਤ ਲੰਬੇ ਸਮੇਂ ਵਿਚ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਤਕਨਾਲੋਜੀ ਨੂੰ ਸਿਰਫ਼ ਸੁਵਿਧਾ ਦਾ ਸਾਧਨ ਨਾ ਸਮਝੀਏ ਸਗੋਂ ਇਸ ਦੀ ਸਹੀ ਵਰਤੋਂ ਵੀ ਸਿੱਖੀਏ। ਪੁਰਾਣੀ ਪੀੜ੍ਹੀ ਨੂੰ ਡਿਜੀਟਲ ਸਾਖਰਤਾ ਦੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਆਤਮ-ਵਿਸ਼ਵਾਸ ਨਾਲ ਆਪਣੇ ਕੰਮ ਖੁਦ ਕਰ ਸਕਣ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਅੰਕਾਂ ਦੀ ਦੌੜ ਵਿਚ ਨਹੀਂ ਧੱਕਣਾ ਚਾਹੀਦਾ। ਉਨ੍ਹਾਂ ਨੂੰ ਸਮਾਂ ਪ੍ਰਬੰਧਨ, ਭਾਵਨਾਤਮਿਕ ਸੰਤੁਲਨ, ਜੀਵਨ ਕੌਸ਼ਲ, ਕਰੀਅਰ ਮਾਰਗਦਰਸ਼ਨ ਅਤੇ ਮਾਨਸਿਕ ਸਿਹਤ ਬਾਰੇ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨੂੰ ਸਮਝ ਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਨਾ ਕਿ ਸਿਰਫ਼ ਉੱਚੇ ਅੰਕਾਂ ਦੀ ਉਮੀਦ ਰੱਖਣੀ ਚਾਹੀਦੀ ਹੈ।
-ਮੋਬਾਈਲ : 82649-29755
ਤਕਨਾਲੋਜੀ ਨੂੰ ਸਮਾਜ ਲਈ ਬਣਾਈਏ ਵਰਦਾਨ
ਅਜੀਤ ਡੈਸਕ
30-07-2026