ਬੱਚਿਓ! ਤਿਰੰਗਾ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਹੈ। ਤਿਰੰਗੇ ਦਾ ਵਰਤਮਾਨ ਰੂਪ ਅਨੇਕਾਂ ਤਬਦੀਲੀਆਂ ਤੋਂ ਬਾਅਦ ਹੋਂਦ ਵਿਚ ਆਇਆ। ਭਾਰਤ ਵਿਚ ਸਭ ਤੋਂ ਪਹਿਲਾਂ ਕਲਕੱਤਾ (ਹੁਣ ਕੋਲਕਾਤਾ) ਦੇ ਇਕ ਸਮਾਗਮ ਵਿਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗਸਤ, 1906 ਈਸਵੀ ਨੂੰ ਇਕ ਕੌਮੀ ਝੰਡੇ ਦੇ ਮੁਢਲੇ ਵਜੂਦ ਵਜੋਂ ਝੰਡਾ ਲਹਿਰਾਇਆ, ਜਿਸ ਵਿਚ ਤਿੰਨ ਪੱਟੀਆਂ ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਰੰਗ ਦੀ ਸੀ। ਹਰੀ ਪੱਟੀ ਉੱਪਰ ਅੱਠ ਚਿੱਟੇ ਕਮਲ ਦੇ ਫੁੱਲਾਂ ਦੇ ਨਿਸ਼ਾਨ ਸਨ। ਲਾਲ ਪੱਟੀ ਉੱਤੇ ਸੂਰਜ ਅਤੇ ਚੰਦ ਦੇ ਨਿਸ਼ਾਨ ਸਨ ਅਤੇ ਪੀਲੀ ਪੱਟੀ ਉੱਪਰ 'ਵੰਦੇ ਮਾਤਰਮ' ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਸਾਡੀ ਜੰਗ-ਏ-ਆਜ਼ਾਦੀ ਦੀ ਲੜਾਈ ਵਿਚ ਭਾਗ ਲੈਣ ਵਾਲੀ ਮੈਡਮ ਭੀਮਾ ਜੀ ਕਾਮਾ ਨੇ 18 ਅਗਸਤ, 1907 ਵਿਚ ਜਰਮਨੀ ਦੇ ਇਕ ਸਮਾਗਮ ਵਿਚ ਭਾਰਤੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਝੰਡੇ ਵਿਚ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਨੂੰ ਦਰਸਾਇਆ ਗਿਆ ਸੀ। ਉੱਪਰਲੀ ਲਾਲ ਧਾਰੀ ਵਿਚ ਸੱਤ ਤਾਰੇ ਅਤੇ ਇਕ ਕਮਲ ਦਾ ਫੁੱਲ ਬਣਿਆ ਹੋਇਆ ਸੀ। ਵਿਚਕਾਰਲੀ ਪੀਲੀ ਪੱਟੀ 'ਤੇ ਨੀਲੇ ਰੰਗ ਨਾਲ 'ਵੰਦੇ ਮਾਤਰਮ' ਲਿਖਿਆ ਹੋਇਆ ਸੀ ਅਤੇ ਹੇਠਲੀ ਹਰੀ ਪੱਟੀ ਵਿਚ ਤਾਰਾ ਅਤੇ ਚੰਦਰਮਾ ਬਣਾਇਆ ਗਿਆ ਸੀ।
ਸੰਨ 1920 ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਨੂੰ ਸੁਤੰਤਰ ਕਰਨ ਤੋਂ ਮੁਕਰ ਗਏ ਸਨ, ਤਾਂ ਭਾਰਤ ਦੀ ਰਾਜਨੀਤੀ ਵਿਚ ਭਾਰੀ ਪਰਿਵਰਤਨ ਹੋਇਆ। ਇਸ ਗੱਲ ਨੂੰ ਮੁੱਖ ਰੱਖਦਿਆਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਨਵੇਂ ਝੰਡੇ ਦੀ ਰਚਨਾ ਕੀਤੀ। ਇਸ ਵਿਚ ਤਿੰਨ ਰੰਗ ਦੀਆਂ ਪੱਟੀਆਂ ਸ਼ਾਮਿਲ ਕੀਤੀਆਂ ਗਈਆਂ ਸਨ। ਸਭ ਤੋਂ ਉੱਪਰ ਸਫੈਦ, ਵਿਚਕਾਰ ਹਰੀ ਅਤੇ ਹੇਠਾਂ ਨੀਲੇ ਰੰਗ ਦੀ ਪੱਟੀ ਜੋੜੀ ਗਈ। ਇਸ ਝੰਡੇ ਵਿਚ ਸੂਤ ਕੱਤਣ ਵਾਲੇ ਚਰਖੇ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ। ਕੁਝ ਸਮੇਂ ਬਾਅਦ ਇਸ ਝੰਡੇ ਬਾਰੇ ਵੀ ਵਿਵਾਦ ਖੜ੍ਹੇ ਹੋ ਗਏ। ਇਨ੍ਹਾਂ ਵਿਵਾਦਾਂ ਦੇ ਹੱਲ ਲਈ 1931 ਵਿਚ ਇਸ ਵਿਚ ਸੋਧ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿਚ ਸੱਤ ਮੈਂਬਰ ਸ਼ਾਮਿਲ ਕੀਤੇ ਗਏ। ਇਸ ਕਮੇਟੀ ਨੇ ਵੀ ਤਿੰਨ ਰੰਗਾਂ ਵਾਲੇ ਝੰਡੇ ਦੀ ਸਿਫ਼ਾਰਸ਼ ਕੀਤੀ। ਇਹ ਤਿੰਨ ਰੰਗ ਸਨ ਕੇਸਰੀ, ਸਫੈਦ ਅਤੇ ਹਰਾ। ਝੰਡੇ ਦੀ ਸਭ ਤੋਂ ਉੱਪਰਲੀ ਪੱਟੀ ਕੇਸਰੀ, ਵਿਚਕਾਰਲੀ ਸਫੈਦ ਅਤੇ ਹੇਠਲੀ ਹਰੇ ਰੰਗ ਦੀ ਸੀ। ਇਸ ਦੀ ਵਿਚਕਾਰਲੀ ਪੱਟੀ 'ਤੇ ਚਰਖਾ ਬਣਿਆ ਹੋਇਆ ਸੀ।
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਵਾਰ ਫਿਰ ਇਸ ਝੰਡੇ ਵਿਚ ਥੋੜ੍ਹਾ ਜਿਹਾ ਪਰਿਵਰਤਨ ਕੀਤਾ ਗਿਆ। ਇਸ ਦੀ ਵਿਚਕਾਰਲੀ ਪੱਟੀ 'ਤੇ ਬਣੇ ਚਰਖੇ ਦੇ ਨਿਸ਼ਾਨ ਦੀ ਥਾਂ ਸਾਰਨਾਥ ਦੀ ਮਸ਼ਹੂਰ ਸ਼ੇਰਾਂ ਵਾਲੀ ਲਾਠ ਵਿਚਲੇ ਅਸ਼ੋਕ ਚੱਕਰ ਨੂੰ ਸ਼ਾਮਿਲ ਕੀਤਾ ਗਿਆ।
ਬੱਚਿਓ, ਇਸ ਝੰਡੇ ਵਿਚਲੇ ਰੰਗਾਂ ਅਤੇ ਅਸ਼ੋਕ ਚੱਕਰ ਦਾ ਆਪਣਾ ਮਹੱਤਵ ਹੈ, ਕੇਸਰੀ ਰੰਗ ਵੀਰਤਾ ਅਤੇ ਤਿਆਗ ਦਾ, ਸਫੈਦ ਰੰਗ ਸ਼ਾਂਤੀ, ਸੱਚਾਈ ਅਤੇ ਪਵਿੱਤਰਤਾ ਦਾ ਅਤੇ ਹਰਾ ਰੰਗ ਵਿਸ਼ਵਾਸ, ਖੁਸ਼ਹਾਲੀ ਅਤੇ ਹਰਿਆਲੀ ਦਾ ਪ੍ਰਤੀਕ ਹੈ। ਚੌਵੀ ਲਕੀਰਾਂ ਵਾਲੇ ਅਸ਼ੋਕ ਚੱਕਰ ਦਾ ਭਾਵ ਹੈ ਕਿ ਦੇਸ਼ ਦਿਨ-ਰਾਤ ਤਰੱਕੀ ਵੱਲ ਵਧਦਾ ਰਹੇ। ਸੰਵਿਧਾਨ ਸਭਾ ਵਿਚ ਫ਼ੈਸਲਾ ਕੀਤਾ ਗਿਆ ਕਿ ਰਾਸ਼ਟਰੀ ਝੰਡਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹਰਮਨ ਪਿਆਰੇ ਕੱਪੜੇ ਖਾਦੀ ਦਾ ਹੋਵੇਗਾ। 15 ਅਗਸਤ, 1947 ਨੂੰ ਇਹੀ ਝੰਡਾ ਕੌਮੀ ਝੰਡੇ ਦੇ ਰੂਪ ਵਿਚ ਦਿੱਲੀ ਵਿਖੇ ਲਹਿਰਾਇਆ ਗਿਆ ਸੀ। ਸੋ, ਹਰ ਸਾਲ 15 ਅਗਸਤ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਝੰਡੇ ਦੀ ਰਸਮ ਅਦਾ ਕਰਦੇ ਹਨ ਅਤੇ 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਰਾਜਨੀਤਿਕ ਮੁਖੀ ਹੁੰਦੇ ਹਨ, ਜਦ ਕਿ ਰਾਸ਼ਟਰਪਤੀ ਦੇਸ਼ ਦੇ ਸੰਵਿਧਾਨਿਕ ਮੁਖੀ ਹਨ।
-ਪਿੰਡ ਤੇ ਡਾਕ - ਖੋਸਾ ਪਾਂਡੋ, (ਮੋਗਾ) - 142048.