ਜ਼ਿੰਦਗੀ ਆਪਣੀ ਰਫ਼ਤਾਰ ਤੁਰ ਰਹੀ ਹੈ। ਸਮਾਂ ਵੀ ਰਵਾਂ-ਰਵਾਂ ਹੈ। ਸੁਬਹ ਦਾ ਵਕਤ ਫ਼ਰਹੀਨ ਨੂੰ ਮੁਸ਼ਕਿਲ ਭਰਿਆ ਲਗਦਾ, ਤਿਆਰੀ ਕਰਕੇ ਨੌਂ ਵਜੇ ਨੂੰ ਸਕੂਲ ਜੋ ਪਹੁੰਚਣਾ ਪੈਂਦਾ।
ਸੁਬਹ ਦਾ ਵਕਤ ਫਰਹੀਨ ਨੂੰ ਅਕਸਰ ਤਾਕੀਦ ਕਰਦਾ ਰਹਿੰਦਾ-ਫ਼ਰਹੀਨ! ਜਲਦੀ ਕਰ...।
ਫ਼ਰਹੀਨ ਬਹੁਤ ਸਾਊ ਬਣ ਕੇ ਕਹਿੰਦੀ-ਐ ਨੌਂ ਵਜੇ ਦੇ ਵਕਤ! ਮੈਂ ਦੇਰ ਨਹੀਂ ਕਰਦੀ, ਦੇਰ ਹੋ ਜਾਂਦੀ ਹੈ।
ਹੁਣ ਨੌਂ ਵਜੇ ਦਾ ਵਕਤ ਸਖ਼ਤੀ ਨਾਲ ਕਹਿੰਦਾ-ਇਹ ਸ਼ੇਅਰ-ਓ-ਸ਼ਾਇਰੀ ਬੰਦ ਕਰ ਫ਼ਰਹੀਨ.... ਤਿਆਰੀ ਕਰ.... ਨਹੀਂ ਤਾਂ ਲੇਟ ਆਉਣ ਵਾਲੇ ਬੱਚਿਆਂ ਵਿਚ ਖੜ੍ਹਨਾ ਪਏਗਾ।
ਸ਼ਾਮ ਸਾਢੇ ਤਿੰਨ ਵਜੇ ਦਾ ਵਕਤ, ਸਕੂਲ ਤੋਂ ਛੁੱਟੀ ਦਾ ਵਕਤ ਫ਼ਰਹੀਨ ਦਾ ਪਸੰਦੀਦਾ ਵਕਤ ਸੀ। ਇਸ ਵਕਤ ਸਾਈਕਲ ਚਲਾਉਣ ਦਾ ਸਵਾਦ ਹੀ ਹੋਰ ਹੁੰਦਾ, ਮੰਨੋ ਕੋਈ ਪੰਛੀ ਆਜ਼ਾਦੀ ਦਾ ਅਨੰਦ ਲੈ ਰਿਹਾ ਹੋਵੇ। ਸਾਈਕਲ ਸੜਕ 'ਤੇ ਚੱਲ ਰਿਹਾ ਹੁੰਦਾ, ਖ਼ਿਆਲ ਮਨ ਵਿਚ। ਜੇ ਅਗਲੇ ਦਿਨ ਐਤਵਾਰ ਹੁੰਦਾ ਜਾਂ ਛੁੱਟੀ ਦਾ ਦਿਨ, ਤਾਂ ਮਜ਼ਾ ਕੁਝ ਹੋਰ ਹੀ ਹੁੰਦਾ। ਇਸ ਮਜ਼ੇ ਨੂੰ ਤਾਂ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਅੱਜ ਆਲਮ ਕੁਝ ਹੋਰ ਸੀ। ਸਕੂਲ ਤੋਂ ਘਰ ਆ ਕੇ ਜਦੋਂ ਫ਼ਰਹੀਨ ਨੇ ਸਕੂਲ ਬੈਗ ਮੇਜ਼ 'ਤੇ ਰੱਖਿਆ ਤਾਂ ਉਸ ਦਾ ਮੂਡ ਖਰਾਬ ਲੱਗਿਆ।
ਮੰਮੀ ! ਖਾਣੇ ਵਿਚ ਕੀ ਬਣਿਆ ਹੈ? ਅੱਜ ਇਹ ਸਵਾਲ ਵੀ ਫ਼ਰਹੀਨ ਵੱਲੋਂ ਆਪਣੇ ਮੰਮੀ ਨੂੰ ਨਹੀਂ ਪੁੱਛਿਆ ਗਿਆ।
ਫ਼ਰਹੀਨ ਦੇ ਮੰਮੀ, ਜੋ ਉਸ ਦੇ ਗੇਟ ਖੋਲ੍ਹਣ ਦੇ ਅੰਦਾਜ਼ ਤੋਂ ਹੀ ਸਮਝ ਜਾਂਦੇ ਸਨ ਕਿ ਫ਼ਰਹੀਨ ਆ ਗਈ ਹੈ, ਚੰਗੀ ਤਰ੍ਹਾਂ ਸਮਝ ਗਏ ਕਿ ਅੱਜ ਜ਼ਰੂਰ ਕੋਈ ਗੱਲ ਹੈ। ਛੋਟੀ ਮੇਮ ਸਾਬ੍ਹ ਦਾ ਮੂਡ ਖਰਾਬ ਹੈ।
ਕੀ ਗੱਲ ਫ਼ਰਹੀਨ ! ਅੱਜ ਤੂੰ ਪੁੱਛਿਆ ਨਹੀਂ ਖਾਣੇ ਵਿਚ ਕੀ ਬਣਿਆ ਹੈ ? ਮੰਮੀ ਨੇ ਫ਼ਰਹੀਨ ਨੂੰ ਕਿਹਾ।
ਮੰਮੀ ਕੋਈ ਗੱਲ ਨਹੀਂ....।
ਨਹੀਂ .... ਗੱਲ ਤਾਂ ਜ਼ਰੂਰ ਹੈ ਮੰਮੀ ਨੇ ਜ਼ੋਰ ਦੇ ਕੇ ਕਿਹਾ।
ਨਹੀਂ ਮੰਮੀ ਨਹੀਂ... ਕੋਈ ਗੱਲ ਨਹੀਂ ਇਹ ਕਹਿ ਕੇ ਫ਼ਰਹੀਨ ਹੱਥ ਮੂੰਹ ਧੋਣ ਲਈ ਬਾਹਰ ਚਲੀ ਗਈ।
ਖਾਣੇ ਦੇ ਟੇਬਲ 'ਤੇ ਖਾਣਾ ਖਾਂਦੇ ਹੋਏ ਫ਼ਰਹੀਨ ਬੋਲੀ-ਮੰਮੀ! ਸੁਮਲ ਬਿਲਕੁਲ ਅੱਛੀ ਨਹੀਂ ਹੈ।
ਕੌਣ ... ਸੁਮਲ... ਅੱਛਾ ਉਹ ਜੋ ਗ਼ਜ਼ਲ ਦੇ ਬਰਥਡੇ 'ਤੇ ਮਿਲੀ ਸੀ?
ਹਾਂ ਮੰਮੀ।
ਪਰ ਤੂੰ ਤਾਂ ਕਹਿ ਰਹੀ ਸੀ ਸੁਮਲ ਬਹੁਤ ਅੱਛੀ ਹੈ, ਤੇਰਾ ਖ਼ੂਬ ਖ਼ਿਆਲ ਰੱਖਦੀ ਹੈ, ਕਲਾਸ ਵਿਚ ਤੁਸੀਂ ਇਕੱਠੇ ਬੈਠਦੇ ਹੋ।
ਨਹੀਂ ਮੰਮੀ ! ਸੁਮਲ ਬਿਲਕੁਲ ਅੱਛੀ ਨਹੀਂ ਹੈ। ਮੈਨੂੰ ਅੱਜ ਹੀ ਪਤਾ ਲੱਗਿਆ। ਅੱਜ ਮੇਰੀ ਟੀਨਾ ਨਾਲ ਕਿਸੇ ਗੱਲ 'ਤੇ ਤਕਰਾਰ ਹੋ ਗਈ। ਸੁਮਲ ਨੇ ਮੇਰਾ ਸਾਥ ਦੇਣ ਦੀ ਬਜਾਏ ਟੀਨਾ ਦਾ ਸਾਥ ਦਿੱਤਾ। ਸਹੇਲੀ ਮੇਰੀ, ਸਾਥ ਟੀਨਾ ਦਾ...। ਮੈਂ ਸੁਮਲ ਨਾਲ ਕਦੇ ਗੱਲ ਨਹੀਂ ਕਰਾਂਗੀ।-ਆਖ਼ਿਰ ਫ਼ਰਹੀਨ ਨੇ ਹਾਲ-ਏ-ਦਿਲ ਆਪਣੇ ਮੰਮੀ ਅੱਗੇ ਬਿਆਨ ਕਰ ਹੀ ਦਿੱਤਾ।
ਮੰਮੀ ਨੇ ਗੱਲ ਸੁਣ ਕੇ ਕੁਝ ਰੁਕ ਕੇ ਕਿਹਾ-ਹੋ ਸਕਦਾ ਫ਼ਰਹੀਨ ! ਸੁਮਲ ਨੂੰ ਟੀਨਾ ਠੀਕ ਲੱਗੀ ਹੋਵੇ। ਆਪਣੀ ਮਰਜ਼ੀ ਨਾਲ ਚੱਲਣ ਦਾ ਅਧਿਕਾਰ ਤਾਂ ਸਭ ਨੂੰ ਹੈ।
ਮੰਮੀ! ਤੁਸੀਂ ਵੀ ਸੁਮਲ ਨੂੰ ਸਹੀ ਕਹਿ ਰਹੇ ਹੋ? ਫ਼ਰਹੀਨ ਹੈਰਾਨੀ ਜ਼ਾਹਿਰ ਕਰਦੀ ਬੋਲੀ।
ਨਹੀਂ ਨਹੀਂ ਫ਼ਰਹੀਨ! ਜਦੋਂ ਮੈਂ ਸੁਮਲ ਨੂੰ ਮਿਲੀ ਸੀ ਤਾਂ ਸੁਮਲ ਮੈਨੂੰ ਠੀਕ ਲੱਗੀ ਸੀ।
ਨਹੀਂ ਮੰਮੀ ! ਸੁਮਲ ਸਹੀ ਨਹੀਂ ਹੈ। ਮੈਂ ਉਸ ਨਾਲ ਕਦੇ ਗੱਲ ਨਹੀਂ ਕਰਾਂਗੀ। ਫ਼ਰਹੀਨ ਇਕਦਮ ਬੋਲੀ।
ਮਨ-ਮੁਟਾਵ ਤਾਂ ਚਲਦਾ ਹੀ ਰਹਿੰਦਾ ਹੈ ਫ਼ਰਹੀਨ। ਛੋਟੀ-ਛੋਟੀ ਗੱਲ ਨੂੰ ਫੜ ਕੇ ਬੈਠਣਾ ਠੀਕ ਨਹੀਂ। ਮੰਮੀ ਨੇ ਆਪਣੇ ਵੱਲੋਂ ਫ਼ਰਹੀਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰ ਫ਼ਰਹੀਨ ਆਪਣੀ ਗੱਲ 'ਤੇ ਅੜੀ ਰਹੀ। ਉਸ ਨੂੰ ਲੱਗ ਰਿਹਾ ਸੀ ਕਿ ਅੱਜ ਉਸ ਦਾ ਸਾਥ ਨਾ ਦੇ ਕੇ ਸੁਮਲ ਨੇ ਉਸਦੀ ਸਭ ਤੋਂ ਅੱਛੀ ਸਹੇਲੀ ਹੋਣ ਦਾ ਅਧਿਕਾਰ ਗੁਆ ਦਿੱਤਾ ਹੈ।
ਅਗਲੇ ਦਿਨ ਜਦੋਂ ਸੁਮਲ ਸਕੂਲ ਵਿਚ ਫ਼ਰਹੀਨ ਨੂੰ ਹੈਲੋ ਕਰਨ ਲਈ ਆਈ ਤਾਂ ਫ਼ਰਹੀਨ ਨੇ ਹੈਲੋ ਦਾ ਕੋਈ ਜਵਾਬ ਨਾ ਦਿੱਤਾ। ਮੂੰਹ ਦੂਜੇ ਪਾਸੇ ਕਰ ਲਿਆ। ਸੁਮਲ ਨੂੰ ਜ਼ਿਆਦਾ ਬੁਰਾ ਨਹੀਂ ਲੱਗਿਆ। ਉਹ ਸਮਝ ਗਈ ਕਿ ਕੱਲ੍ਹ ਦੀ ਗੱਲ ਫ਼ਰਹੀਨ ਨੇ ਆਪਣੇ ਮਨ ਨੂੰ ਲਾ ਲਈ ਹੈ। ਫ਼ਰਹੀਨ ਨੂੰ ਕੁਝ ਵਕਤ ਦੇਣਾ ਚਾਹੀਦਾ ਹੈ। ਆਪਣੇ-ਆਪ ਸਭ ਕੁਝ ਠੀਕ ਹੋ ਜਾਏਗਾ।
ਫ਼ਰਹੀਨ ਤੇ ਸੁਮਲ ਕਲਾਸ ਵਿਚ ਇਕੋ ਡੈਸਕ 'ਤੇ ਬੈਠਦੀਆਂ ਸਨ, ਪਰ ਅੱਜ ਫ਼ਰਹੀਨ ਨੇ ਦੂਸਰੇ ਡੈਸਕ 'ਤੇ ਆਪਣਾ ਬੈਗ ਰੱਖ ਦਿੱਤਾ। ਇਹ ਦੇਖ ਕੇ ਸੁਮਲ ਹੈਰਾਨ ਹੋ ਗਈ। ਉਸ ਨੂੰ ਇਹ ਉਮੀਦ ਨਹੀਂ ਸੀ। ਫ਼ਰਹੀਨ ਨੇ ਸੁਮਲ ਵੱਲ ਦੇਖਿਆ। ਸੁਮਲ ਦੇ ਚਿਹਰੇ 'ਤੇ ਹੈਰਾਨੀ ਸੀ। ਇਹ ਦੇਖ ਕੇ ਫ਼ਰਹੀਨ ਦਿਲ ਹੀ ਦਿਲ ਵਿਚ ਖ਼ੁਸ਼ ਹੋ ਗਈ। ਚਲੋ, ਕੱਲ੍ਹ ਦੀ ਗੱਲ ਦਾ ਕੁਝ ਜਵਾਬ ਤਾਂ ਸੁਮਲ ਨੂੰ ਮਿਲਿਆ। ਬਹੁਤ ਸਮਝਦਾਰ ਬਣ ਰਹੀ ਸੀ।-ਫ਼ਰਹੀਨ ਨੇ ਮਨ ਹੀ ਮਨ ਵਿਚ ਆਪਣੇ-ਆਪ ਨੂੰ ਕਿਹਾ।
ਅੱਜ ਸਾਰਾ ਦਿਨ ਫ਼ਰਹੀਨ ਨੇ ਸੁਮਲ ਨਾਲ ਕੋਈ ਗੱਲ ਨਹੀਂ ਕੀਤੀ। ਸੁਮਲ ਨੂੰ ਯਕੀਨ ਸੀ ਕਿ ਫ਼ਰਹੀਨ ਕੁਝ ਦਿਨ ਬਾਅਦ ਠੀਕ ਹੋ ਜਾਵੇਗੀ।
ਫ਼ਰਹੀਨ ਦਾ ਵਿਵਹਾਰ ਸੁਮਲ ਲਈ ਦਿਨ-ਬ-ਦਿਨ ਖਰਾਬ ਹੁੰਦਾ ਜਾ ਰਿਹਾ ਸੀ। ਇਕ ਹਫਤਾ ਲੰਘ ਗਿਆ। ਸੁਮਲ ਜਦੋਂ ਵੀ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ , ਉਹ ਗੁੱਸੇ ਨਾਲ ਮੂੰਹ ਦੂਸਰੀ ਤਰਫ਼ ਕਰ ਲੈਂਦੀ। ਸੁਮਲ ਨੂੰ ਫ਼ਰਹੀਨ ਦਾ ਵਰਤਾਓ ਬਹੁਤ ਬੁਰਾ ਲੱਗਦਾ। ਉਸ ਨੇ ਫ਼ੈਸਲਾ ਕੀਤਾ ਉਹ ਵੀ ਫ਼ਰਹੀਨ ਨਾਲ ਕਦੇ ਗੱਲ ਨਹੀਂ ਕਰੇਗੀ। ਵਾਰ-ਵਾਰ ਹੇਠੀ ਕਰਵਾਉਣਾ ਸੁਮਲ ਨੂੰ ਗਵਾਰਾ ਨਹੀਂ ਸੀ।
ਸਕੂਲ ਵਿਚ ਇਹ ਗੱਲ ਫੈਲ ਗਈ ਕਿ ਫ਼ਰਹੀਨ ਤੇ ਸੁਮਲ ਹੁਣ ਸਹੇਲੀਆਂ ਨਹੀਂ ਹਨ, ਦੋਵਾਂ ਦੀ ਦੋਸਤੀ ਵਿਚ ਦਰਾਰ ਆ ਚੁੱਕੀ ਹੈ।
ਹੁਣ ਜਦੋਂ ਵੀ ਦੋਵਾਂ ਦਾ ਸਾਹਮਣਾ ਹੁੰਦਾ, ਸੁਮਲ ਵੀ ਆਪਣਾ ਮੂੰਹ ਪਰ੍ਹੇ ਕਰ ਲੈਂਦੀ।
ਇਕ ਦਿਨ ਫ਼ਰਹੀਨ ਨੇ ਦੇਖਿਆ ਸੁਮਲ ਦਾ ਚਿਹਰਾ ਉਸ ਨੂੰ ਦੇਖ ਕੇ ਗੁੱਸੇ ਨਾਲ ਭਰ ਗਿਆ। ਗੁੱਸੇ ਵਿਚ ਸੁਮਲ ਦਾ ਚਿਹਰਾ ਬਿਲਕੁਲ ਖਰਾਬ ਨਜ਼ਰ ਆ ਰਿਹਾ ਸੀ।
ਉਹ ਚਿਹਰਾ ਜੋ ਹਮੇਸ਼ਾ ਖਿਲਿਆ-ਖਿਲਿਆ ਨਜ਼ਰ ਆਉਂਦਾ ਸੀ, ਅੱਜ ਉਸ ਚਿਹਰੇ ਦਾ ਐਨਾ ਬੁਰਾ ਹਾਲ-ਇਹ ਗੱਲ ਫ਼ਰਹੀਨ ਨੂੰ ਬੜੀ ਅਜੀਬ ਲੱਗੀ।
ਹੁਣ ਫ਼ਰਹੀਨ ਨੇ ਵਾਰ-ਵਾਰ ਧਿਆਨ ਦਿੱਤਾ ਕਿ ਉਹ ਜਦੋਂ ਵੀ ਸੁਮਲ ਦੇ ਸਾਹਮਣੇ ਆਉਂਦੀ ਹੈ, ਸੁਮਲ ਦਾ ਚਿਹਰਾ ਬਿਲਕੁਲ ਮੁਰਝਾ ਜਾਂਦਾ ਹੈ।
ਉਹ ਚਿਹਰਾ ਜੋ ਐਨਾ ਪਿਆਰਾ ਸੀ, ਉਸ ਚਿਹਰੇ ਦਾ ਐਨਾ ਬੁਰਾ ਹਾਲ-ਇਹ ਗੱਲ ਫ਼ਰਹੀਨ ਨੂੰ ਵਿਚਲਿਤ ਕਰ ਗਈ।
ਅੱਜ ਸਕੂਲ ਤੋਂ ਆਉਂਦੇ ਵਕਤ ਫ਼ਰਹੀਨ ਦੇ ਮਨ ਵਿਚ ਇਕ ਖ਼ਿਆਲ ਆਇਆ-ਕੀ ਮੈਨੂੰ ਸੁਮਲ ਦਾ ਖਿਲਿਆ ਚਿਹਰਾ ਹੁਣ ਕਦੇ ਦੇਖਣ ਲਈ ਨਹੀਂ ਮਿਲੇਗਾ। ਕਿੰਨਾ ਪਿਆਰਾ ਸੀ ਉਹ ਚਿਹਰਾ.... ਕਾਸ਼.... ਪਰ....।
ਫਰਵਰੀ ਦਾ ਮਹੀਨਾ ਚੱਲ ਰਿਹਾ ਹੈ। ਚਾਰੇ ਪਾਸੇ ਬਹਾਰ ਆਈ ਹੋਈ ਹੈ। ਬਗ਼ੀਚੇ ਵਿਚ ਫੁੱਲ ਖਿਲੇ ਹਨ। ਸੁਮਲ ਲਾਇਬ੍ਰੇਰੀ ਵਿਚ ਬੈਠੀ ਕਿਤਾਬ ਪੜ੍ਹ ਰਹੀ ਹੈ। ਫ਼ਰਹੀਨ ਆਉਂਦੀ ਹੈ। ਸੁਮਲ ਦੇ ਟੇਬਲ ਕੋਲ ਖੜ੍ਹ ਕੇ ਬੜੇ ਨਿਮਰਤਾ ਭਰੇ ਅੰਦਾਜ਼ ਵਿਚ ਕਹਿੰਦੀ ਹੈ-ਹੈਲੋ ਸੁਮਲ! ਆਈ ਐਮ ਸੌਰੀ.... ਪਲੀਜ਼.... ਅੱਜ ਤੋਂ ਆਪਾਂ ਫਿਰ ਤੋਂ ਫਰੈਂਡਜ਼ ਹਾਂ।
ਫ਼ਰਹੀਨ ਦੀ ਗੱਲ ਸੁਣਦੇ ਹੀ ਸੁਮਲ ਦਾ ਚਿਹਰਾ ਇਕਦਮ ਖਿਲ ਜਾਂਦਾ ਹੈ। ਫ਼ਰਹੀਨ ਨੂੰ ਸੁਮਲ ਦਾ ਖਿਲਿਆ ਚਿਹਰਾ ਵਾਪਸ ਮਿਲ ਜਾਂਦਾ ਹੈ। ਇਸ ਖਿਲੇ ਚਿਹਰੇ ਦੀ ਆਭਾ ਅੱਗੇ ਫ਼ਰਹੀਨ ਆਪਣਾ ਗੁੱਸਾ ਬਿਲਕੁਲ ਭੁੱਲ ਜਾਂਦੀ ਹੈ। ਦੋਨੋਂ ਸਹੇਲੀਆਂ ਫਿਰ ਤੋਂ ਫਰੈਂਡਜ਼ ਬਣ ਜਾਂਦੀਆਂ ਹਨ।
ਕੁਝ ਦੇਰ ਬਾਅਦ ਫ਼ਰਹੀਨ ਤੇ ਸੁਮਲ ਬਗ਼ੀਚੇ ਵਿਚ ਫੁੱਲਾਂ ਦਾ ਅਨੰਦ ਮਾਣਦੀਆਂ ਨਜ਼ਰ ਆਉਂਦੀਆਂ ਹਨ। ਸਾਰੇ ਬੱਚੇ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਦੋਸਤੀ ਨੇ ਦੁਸ਼ਮਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।
ਇਕ ਖ਼ਿਆਲ ਮੇਰੇ ਦਿਮਾਗ਼ ਵਿਚ ਵਾਰ-ਵਾਰ ਆਉਂਦਾ ਹੈ-ਕਾਸ਼! ਦੁਨੀਆ ਦਾ ਹਰ ਚਿਹਰਾ ਹਰ ਵਕਤ ਖਿਲਿਆ ਰਹੇ।
ਇਹ ਖ਼ਿਆਲ ਮੈਨੂੰ ਲੁਤਫ਼ ਦਿੰਦਾ ਹੈ।
ਜਿਸ ਖ਼ਾਬ ਕਾ ਖ਼ਿਆਲ ਹੀ ਲੁਤਫ਼ ਦੇ,
ਉਸ ਖ਼ਾਬ ਕੀ ਤਾਬੀਰ ਕਯਾ ਹੋਗੀ।
-49, ਫਰੈਂਡਜ਼ ਕਾਲੋਨੀ, ਪਟਿਆਲਾ।
ਮੋਬਾਈਲ : 97794-85859