ਢਾਡੀ ਕਲਾ ਸਿੱਖ ਕੌਮ ਦੀ ਇਤਿਹਾਸਕ, ਜੋਸ਼ੀਲੀ ਤੇ ਮਹਾਨ ਰਵਾਇਤੀ ਕਲਾ ਹੈ। ਜਿਸ ਨੇ ਗੁਰ ਇਤਿਹਾਸ, ਸਿੱਖ ਅਤੇ ਕੌਮੀ ਇਤਿਹਾਸ ਨੂੰ ਆਪਣੇ ਮਹਾਨ ਪ੍ਰੰਪਰਾਗਤ ਰੰਗ ਵਿਚ ਰੰਗਿਆ ਹੈ। ਜਿੱਥੇ ਅੱਜ ਦੇ ਦੌਰ ਅੰਦਰ ਬੱਚੇ ਸਿੱਖ ਇਤਿਹਾਸ ਤੋਂ ਅਤੇ ਪੰਜਾਬੀ ਜ਼ੁਬਾਨ ਤੋਂ ਦੂਰ ਹੁੰਦੇ ਜਾ ਰਹੇ ਹਨ, ਉੱਥੇ ਹੀ ਅਮਰੀਕਾ ਵਰਗੇ ਦੇਸ਼ ਵਿਚ ਸਿੱਖ ਕੌਮ ਦਾ ਸੰਗੀਤ ਤੇ ਵਿਰਾਸਤ ਛੋਟੀ ਉਮਰ 'ਚ ਢਾਡੀ ਕਲਾ ਨਾਲ਼ ਸੰਭਾਲ ਕੇ ਜੋਸ਼ੀਲੀਆਂ ਵਾਰਾਂ ਗਾਉਣ ਵਾਲ਼ੇ ਅੰਗਦ ਸਿੰਘ ਲੁਹਾਰਾ (9 ਸਾਲ) ਕਰਮਨ ਸਿੰਘ ਲੁਹਾਰਾ (7 ਸਾਲ) ਸੋਸ਼ਲ ਮੀਡੀਆ ਉੱਪਰ ਇਕ ਵੱਖਰਾ ਮੁਕਾਮ ਹਾਸਿਲ ਕਰ ਰਹੇ ਹਨ। ਪਿੰਡ ਲੁਹਾਰਾ, ਜ਼ਿਲ੍ਹਾ ਲੁਧਿਆਣਾ ਵਿਖੇ ਮਾਂ ਗੁਰਵਿੰਦਰ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਇਹ ਛੋਟੀ ਉਮਰ ਦੇ ਢਾਡੀ ਭਾਵੇਂ ਕੈਲੀਫੋਰਨੀਆ (ਅਮਰੀਕਾ) ਆ ਕੇ ਵਸ ਗਏ ਪਰ ਉਨ੍ਹਾਂ ਦੇ ਪਿਤਾ ਸੰਸਾਰ ਪ੍ਰਸਿੱਧ ਢਾਡੀ ਸੰਦੀਪ ਸਿੰਘ ਲੁਹਾਰਾ ਦੇ ਉੱਦਮ ਸਦਕਾ ਅੱਜ ਇਹ ਦੋਵੇਂ ਬੱਚੇ ਪੁਰਾਤਨ ਢਾਡੀ ਸ਼ੈਲੀ ਅਤੇ ਮੌਜੂਦਾ ਢਾਡੀ ਸ਼ੈਲੀ ਨੂੰ ਸੰਭਾਲਣ ਵਿਚ ਆਪਣਾ ਨਿਵੇਕਲਾ ਯੋਗਦਾਨ ਪਾ ਰਹੇ ਹਨ। ਇਕ ਗੱਲ ਹੈਰਾਨ ਕਰਨ ਵਾਲ਼ੀ ਹੈ ਕਿ ਤਕਰੀਬਨ ਇਕ ਸਾਲ ਪਹਿਲਾਂ ਅਮਰੀਕਾ ਆ ਕੇ ਹੀ ਢਾਡੀ ਕਲਾ ਦੀ ਸ਼ੁਰੂਆਤ ਕਰਨ ਵਾਲੇ ਅੰਗਦ ਸਿੰਘ ਅਤੇ ਕਰਮਨ ਸਿੰਘ ਢੱਡ-ਸਾਰੰਗੀ ਨਾਲ਼ ਪੂਰੇ ਸੁਰ-ਤਾਲ ਨਾਲ ਢਾਡੀ ਰਾਗ ਅਤੇ ਢਾਡੀ ਕਲਾ ਦੀਆਂ ਮਹਿਕਾਂ ਖਿਲਾਰ ਰਹੇ ਹਨ।
ਜਿੱਥੇ ਬੱਚਿਆਂ ਦੇ ਪਿਤਾ ਸੰਦੀਪ ਸਿੰਘ ਲੁਹਾਰਾ ਨੇ ਲੰਮਾ ਸਮਾਂ ਸ਼੍ਰੋਮਣੀ ਢਾਡੀ ਸਵ: ਕੁਲਜੀਤ ਸਿੰਘ ਦਿਲਬਰ ਨਾਲ ਪੰਥਕ ਸਟੇਜਾਂ ਤੇ ਢਾਡੀ ਵਾਰਾਂ ਨਾਲ ਸੇਵਾ ਕੀਤੀ ਤੇ ਅੱਜ ਆਪਣੇ ਢਾਡੀ ਜਥੇ ਨਾਲ ਪੂਰੇ ਕੈਨੇਡਾ ਅਤੇ ਅਮਰੀਕਾ ਵਿਚ ਸੇਵਾ ਕਰਕੇ ਨਾਮਣਾ ਖੱਟ ਰਹੇ ਹਨ। ਢਾਡੀ ਸੰਦੀਪ ਸਿੰਘ ਨੇ ਦੱਸਿਆ ਕਿ ਜਿਥੇ ਮੇਰੇ ਦੋਵੇਂ ਬੱਚੇ ਪੜ੍ਹਨ 'ਚ ਵੀ ਬਹੁਤ ਹੁਸ਼ਿਆਰ ਹਨ ਉਥੇ ਇਸ ਕਲਾ ਨਾਲ ਏਨਾ ਗਹਿ-ਗੱਚ ਹੋ ਕੇ ਜੁੜੇ ਹਨ ਕਿ ਅਨੇਕਾਂ ਢਾਡੀ ਵਾਰਾਂ ਉਨ੍ਹਾਂ ਨੂੰ ਜ਼ੁਬਾਨੀ ਯਾਦ ਹਨ। ਕੈਲੀਫੋਰਨੀਆਂ ਦੇ ਧਾਰਮਿਕ ਸਮਾਗਮਾਂ ਵਿਚ ਇਨ੍ਹਾਂ ਬਾਲ ਢਾਡੀਆਂ ਨੂੰ ਵੇਖਣ ਤੇ ਸੁਣਨ ਦੀ ਕਾਫੀ ਉਤਸੁਕਤਾ ਤੇ ਉਤਸ਼ਾਹ ਹੁੰਦਾ ਹੈ।
ਅਮਰੀਕਾ 'ਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਬਾਲ ਢਾਡੀ ਅੰਗਦ ਸਿੰਘ ਲੁਹਾਰਾ-ਕਰਮਨ ਸਿੰਘ ਲੁਹਾਰਾ
ਅਜੀਤ ਡੈਸਕ
23-05-2026