ਕੱਲ੍ਹ ਬਰਸੀ 'ਤੇ ਵਿਸ਼ੇਸ਼
ਡਾ.ਜਗਤਾਰ ਨੂੰ ਸਾਥੋਂ ਵਿੱਛੜਿਆ ਸੋਲਾਂ ਵਰ੍ਹੇ ਬੀਤ ਗਏ, ਉਨ੍ਹਾਂ ਦੀ ਕਵਿਤਾ ਅੱਜ ਵੀ ਓਨੀ ਸਾਰਥਿਕ ਹੈ, ਜਿੰਨੀ ਉਨ੍ਹਾਂ ਦੇ ਵੇਲਿਆਂ 'ਚ ਸੀ | ਉਸ ਨੂੰ ਪੜ੍ਹ ਕੇ ਜੀਣ ਦੇ ਅੰਦਾਜ਼ ਜਾਗ ਪੈਂਦੇ ਨੇ, ਕਈ ਬੰਦ ਖਿੜਕੀਆਂ ਦੇ ਰਾਹ ਖੁੱਲ੍ਹਦੇ ਨੇ |
ਉਹ ਪ੍ਰੌੜ੍ਹ, ਉਸਤਾਦ ਸ਼ਾਇਰ ਸਨ, ਗਹਿਰ ਗੰਭੀਰ ਚਿੰਤਕ, ਅਨੁਵਾਦਕ, ਖੋਜੀ, ਸੰਪਾਦਕ ਤੇ ਸਾਹਿਤਕ ਆਲੋਚਕ, ਉਨ੍ਹਾਂ ਨੇ ਰੁਮਾਂਸਵਾਦੀ, ਪ੍ਰਯੋਗਵਾਦੀ, ਜੁਝਾਰਵਾਦੀ, ਪ੍ਰਗਤੀਵਾਦੀ ਅਤੇ ਅਸਲੋਂ ਨਵੀਂ ਕਵਿਤਾ ਦੀ ਯਾਤਰਾ ਕੀਤੀ, ਸਮੇਂ ਸਮੇਂ ਚੱਲੀਆਂ ਲਹਿਰਾਂ ਦੀ ਅਗਵਾਈ ਤਾਂ ਨਹੀਂ ਕੀਤੀ, ਲਹਿਰਾਂ ਦੀ ਰਾਜਨੀਤਕ ਸਮਝ ਨੂੰ ਚੰਗੀ ਤਰ੍ਹਾਂ ਜਾਣਿਆ ਤੇ ਲਹਿਰਾਂ ਦੀ ਸੁਰ ਵਾਲੀ ਕਵਿਤਾ ਵੀ ਕਹੀ, ਲਹਿਰਾਂ ਅੰਦਰ ਆਈ ਗਿਰਾਵਟ ਨੂੰ ਵੀ ਪਰਖਿਆ ਤੇ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ | ਉਨ੍ਹਾਂ ਪਾਕਿਸਤਾਨੀ ਸਾਹਿਤ 'ਤੇ ਨਿੱਠ ਕੇ ਖੋਜ ਕੀਤੀ, ਡਾਕਟਰੇਟ ਪਾਕਿਸਤਾਨੀ ਪੰਜਾਬੀ ਸਾਹਿਤ 'ਤੇ ਕੀਤੀ, ਚੜ੍ਹਦੇ ਪੰਜਾਬ ਦੇ ਸਾਹਿਤ ਨੂੰ ਗੁਰਮੁਖੀ ਵਿੱਚ ਲਿਪੀਆਂਤਰ ਤੇ ਸੰਪਾਦਿਤ ਵੀ ਕੀਤਾ, ਰਾਜਸਥਾਨ ਦੇ ਕਿਲਿ੍ਹਆਂ, ਸਿੱਕਿਆਂ, ਕੰਧ ਚਿੱਤਰਾਂ, ਲੋਕਧਾਰਾ ਤੇ ਪਸ਼ੂ-ਪੰਛੀਆਂ ਦਾ ਡੁੱਬ ਕੇ ਅਧਿਐਨ ਕੀਤਾ, ਆਪਣੇ ਸਮਿਆਂ 'ਚ ਫੋਟੋਗ੍ਰਾਫੀ ਦੇ ਮਹਿੰਗੇ ਸ਼ੌਕ ਨੂੰ ਵੀ ਪਾਲਿਆ, ਘੁਮੱਕੜੀ ਹੁੰਦਿਆਂ ਦੂਰ-ਦੁਰਾਡੇ ਘੁੰਮਦਿਆਂ ਉੱਥੋਂ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ, ਭੂਗੋਲਿਕ ਖਿੱਤੇ ਨੂੰ ਜਾਣਿਆ |
ਉਨ੍ਹਾਂ ਨਾਲ ਘੁੰਮਦਿਆਂ, ਰਾਜਸਥਾਨ ਦੀਆਂ ਸ਼ਾਮਾਂ, ਕਵਿਤਾਵਾਂ ਦਾ ਗਵਾਹ ਵੀ ਹਾਂ, ਤੇ ਪਾਠਕ ਵੀ, ਸਿਹਤ ਨਾਸਾਜ਼ ਹੁੰਦਿਆਂ ਉੱਚੀ-ਉੱਚੀ ਹੌਂਕਦਿਆਂ, ਵਾਰ ਵਾਰ ਇਨਹੇਲਰ ਲੈਂਦਿਆਂ, ਸਿਹਤ ਦੀ ਪ੍ਰਵਾਹ ਨਹੀਂ ਕਰਦੇ ਸਨ, ਉੱਚੇ-ਉੱਚੇ ਕਿਲਿ੍ਹਆ 'ਤੇ ਚੜ੍ਹਦਿਆਂ ਫੋਟੋਗ੍ਰਾਫੀ ਕਰਦਿਆਂ, ਵੇਖਣ ਦੀ ਲਿਲਕ ਨੂੰ ਮਰਨ ਨਹੀਂ ਸੀ ਦਿੰਦੇ, ਉਹ ਇਤਿਹਾਸ ਨੂੰ ਜਾਣਨ ਲਈ ਦੂਰ ਦੁਰਾਡੇ ਘੁੰਮਦੇ ਵੀ ਸਨ | ਮਹਿੰਗੇ ਤੋਂ ਮਹਿੰਗਾ ਸਾਹਿਤ ਖਰੀਦ ਕੇ ਪੜ੍ਹਦੇ ਵੀ ਸਨ |
ਉਨ੍ਹਾਂ ਦੇ ਸੁਭਾਅ ਦੀ ਖਾਸੀਅਤ ਸੀ, ਕਿ ਜਿਸ ਖ਼ਿੱਤੇ 'ਚ ਉਨ੍ਹਾਂ ਘੁੰਮਣਾ ਹੁੰਦਾ ਸੀ, ਉਸ ਬਾਰੇ ਨਿੱਠ ਕੇ ਜਾਣਕਾਰੀ ਲੈਂਦੇ ਸਨ, ਕਿਹੜੇ ਰਸਤੇ ਤੋਂ ਜਾਣਾ, ਕਿੱਥੇ ਠਹਿਰਨਾ, ਕਿੰਨੇ ਕਿਲੋਮੀਟਰ ਵੇਖਣ ਵਾਲੀ ਥਾਂ, ਉਨ੍ਹਾਂ ਦੇ ਹੱਥ 'ਚ ਐਟਲਸ ਗੂੱਗਲ ਦਾ ਕੰਮ ਕਰਦੀ ਸੀ, ਉਨ੍ਹਾਂ ਵਾਰ-ਵਾਰ ਰਾਜਸਥਾਨ ਦੀ ਯਾਤਰਾ ਕੀਤੀ, ਕਈ ਵਾਰ ਰੇਤ 'ਤੇ ਡੰਡੌਤ ਕਰਦਿਆਂ ਆਪਣੇ ਮਨ ਦੀ ਇੱਛਾ ਜ਼ਾਹਰ ਕੀਤੀ, ਕਿ ਉਹ 'ਰਾਣੀ ਪਦਮਨੀ' ਬਾਰੇ ਮਹਾਂਕਾਵਿ ਲਿਖਣਾ ਚਾਹੁੰਦੇ ਨੇ, ਉਹ ਪਦਮਨੀ ਦੇ ਹੁਸਨ ਤੇ ਬਹਾਦਰੀ ਤੋਂ ਪ੍ਰਭਾਵਿਤ ਸਨ, ਅਕਸਰ ਉਹ ਪਦਮਨੀ ਦੇ ਹੁਸਨ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ, ਅਫ਼ਸੋਸ ਉਨ੍ਹਾਂ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਕਰਕੇ, ਅਸੀਂ 'ਮਹਾਰਾਣੀ ਪਦਮਨੀ' ਦਾ ਮਹਾਂਕਾਵਿ ਪੜ੍ਹਨ ਤੋਂ ਵਾਂਝੇ ਰਹਿ ਗਏ |
ਉਨ੍ਹਾਂ ਦੀ ਸਾਹਿਤਕ ਯਾਤਰਾ ਦੀ ਗੱਲ ਕਰੀਏ ਤਾਂ ਇਹ ਕਹਿ ਸਕਦਾ ਹਾਂ ਕਿ ਉਹ ਅੱਧੀ ਸਦੀ ਤੋਂ ਵੱਧ ਕਾਵਿ ਸਾਧਨਾਂ ਨਾਲ ਜੁੜੇ ਰਹੇ, ਦੁੱਧ ਪੱਥਰੀ, ਛਾਂਗਿਆ ਰੁੱਖ, ਅਧੂਰਾ ਆਦਮੀ, ਤਲਖ਼ੀਆਂ ਰੰਗੀਨੀਆਂ, ਰੁੱਤਾਂ ਰਾਂਗਲੀਆਂ, ਸ਼ੀਸ਼ੇ ਦਾ ਜੰਗਲ, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਲਹੂ ਦੇ ਨਕਸ਼, ਚਨੁਕਰੀ ਸ਼ਾਮ, ਜੁਗਨੂੰ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਮੋਮ ਦੇ ਲੋਕ, ਪ੍ਰਵੇਸ਼ ਦੁਆਰ, ਆਦਿ ਤੇ ਸਮੁੱਚੀ ਕਵਿਤਾ ਅਣਮੁੱਕ ਸਫ਼ਰ ਤੇ ਸੰਪੂਰਨ ਗ਼ਜ਼ਲ 'ਹਰ ਮੋੜ 'ਤੇ ਸਲੀਬਾਂ' ਕਾਵਿ ਪੁਸਤਕਾਂ ਦੀ ਰਚਨਾ ਕੀਤੀ, ਸਲੀਮ ਖਾਂ ਗਿੰਮੀ ਅਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲਾਂ ਕ੍ਰਮਵਾਰ 'ਸਾਂਝ' ਅਤੇ 'ਦੁਆਬਾ', ਇਸਹਾਕ ਮੁਹੰਮਦ ਦੇ ਡਰਾਮੇ 'ਕੁਕਨੂਸ' ਅਤੇ ਮਜ਼ਹਰ-ਉਲ-ਇਸਲਾਮ ਦੇ ਕਹਾਣੀ ਸੰਗ੍ਰਹਿ 'ਹਰਾ ਸਮੁੰਦਰ' ਦਾ ਲਿਪੀਆਂਤਰ ਵੀ ਕੀਤਾ | ਫ਼ੈਜ਼ ਅਹਿਮਦ ਫ਼ੈਜ਼ ਦੀ ਚੋਣਵੀਂ ਕਵਿਤਾ 'ਰਾਤ ਦੀ ਰਾਤ' ਅਤੇ ਅਬਦੁੱਲਾ ਹੁਸੈਨ ਦੇ ਨਾਵਲ 'ਰਾਤ' ਦਾ ਅਨੁਵਾਦ ਕਰਨ ਤੋਂ ਇਲਾਵਾ 'ਦੁੱਖ ਦਰਿਆਓਾ ਪਾਰ ਦੇ', 'ਆਖਿਆ ਫ਼ਰੀਦ ਨੇ', 'ਸੂਫੀ ਕਾਵਿ ਤੇ ਉਸਦਾ ਪਿਛੋਕੜ' ਅਤੇ 'ਹੀਰ ਦਮੋਦਰ' ਦਾ ਸੰਪਾਦਨ ਵੀ ਕੀਤਾ, ਇੱਕ ਲੰਬੀ ਯਾਤਰਾ ਹੈ ਜਗਤਾਰ ਦੀ, ਉਨ੍ਹਾਂ ਦੀ ਕਵਿਤਾ ਕਿਸੇ ਵੀ ਸਥਿਤੀ 'ਚ ਕਿਉਂ ਨਾ ਹੋਵੇ, ਉਹ ਮਨੁੱਖੀ ਮਨ, ਜੀਵਨ, ਸਮਾਜ ਦੀ ਆਰਸੀ 'ਚੋਂ ਵੇਖਦੀ ਵਿਚਾਰਧਾਰਕ ਪੈਂਤੜਾ ਨਹੀਂ ਛੱਡਦੀ, ਨਵੀਨਤਾ ਤੇ ਵੰਨ-ਸੁਵੰਨਤਾ ਉਨ੍ਹਾਂ ਦੀ ਕਵਿਤਾ ਦਾ ਖ਼ਾਸ ਗੁਣ ਹੈ, ਉਹ ਜੀਵਨ ਦੇ ਵਸਤੂਗਤ ਯਥਾਰਥ ਨਾਲੋਂ ਵੱਧ ਆਤਮਮੁਖੀ ਅਨੁਭਵ ਦੇ ਸੱਚ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦੇ ਸਨ, ਮੁਹਾਵਰੇ ਨੂੰ ਨਵੇਂ ਢੰਗ ਨਾਲ ਵਰਤਣ-ਵਿਉਂਤਣ ਦੀ ਕਲਾ ਉਨ੍ਹਾਂ ਨੂੰ ਆਉਂਦੀ ਸੀ, ਉਨ੍ਹਾਂ ਦੀ ਕਵਿਤਾ ਮਨੁੱਖੀ ਹੋਂਦ ਦੇ ਅਰਥਾਂ ਦੀ ਤਲਾਸ਼ ਸੀ, ਜ਼ਿੰਦਗੀ ਦੇ ਗੁੰਮ ਗਏ ਯਥਾਰਥ ਦੀ ਭਾਲ ਸੀ, ਮਨੁੱਖ ਦੇ ਖਿੰਡ ਪੁੰਡ ਗਏ ਅਸਤਿਤਵ ਨੂੰ ਲੱਭਦੀ ਸੀ | ਕਠੋਰ ਯਥਾਰਥ ਦੀਆਂ ਪੇਚੀਦਗੀਆਂ ਦੇ ਬੋਝ ਹੇਠ ਸਿਸਕਦੀ ਸੀ, ਅਜੋਕੇ ਮਨੁੱਖ ਦੀ ਚੇਤਨਾ, ਇਕੱਲਤਾ ਤੇ ਭਟਕਣ ਅੰਦਰੋ-ਅੰਦਰ ਟਕਰਾਉਂਦੀ ਤੇ ਅੰਤਰੀਵ ਤਣਾਅ ਦੀਆਂ ਸਥਿਤੀਆਂ ਨੂੰ ਪ੍ਰਚੰਡ ਸੁਰ ਪ੍ਰਦਾਨ ਕਰਦੀ ਸੀ, ਅੱਜ ਬਾਬੇ ਜਗਤਾਰ ਨੂੰ ਯਾਦ ਕਰਦਿਆਂ ਸੋਚਦਾਂ ਉਨ੍ਹਾਂ ਦੀ ਸ਼ਾਇਰੀ ਯੂਨੀਵਰਸਿਟੀਆਂ-ਕਾਲਜਾਂ 'ਚ ਅਕਾਦਮਿਕ ਸਿੱਖਿਆ ਦੇ ਸਲੇਬਸ ਵਜੋਂ ਪੜ੍ਹੀ-ਪੜ੍ਹਾਈ ਗਈ, ਪਰ ਕਿਸੇ ਵੀ ਆਲੋਚਕ ਵਿਦਵਾਨ ਨੇ ਉਨ੍ਹਾਂ ਦੀ ਸ਼ਾਇਰੀ ਦਾ ਇਮਾਨਦਾਰੀ ਨਾਲ ਨਿੱਠ ਕੇ ਮੁਲਾਂਕਣ ਨਹੀਂ ਕੀਤਾ, ਸਾਰੇ ਘਾਗ ਆਲੋਚਕ ਪੱਖਪਾਤੀ ਸਨ, ਇਸ ਗੱਲ ਦਾ ਸ਼ਿਕਵਾ ਡਾ. ਜਗਤਾਰ ਨੂੰ ਵੀ ਰਿਹਾ, ਉਹ ਆਖਦੇ ਹੁੰਦੇ ਸਨ, ਲੋਕ ਅੱਜ ਵੀ ਉਸ ਦੀ ਸ਼ਾਇਰੀ ਦੇ ਉਹੀ ਅਰਥ ਕੱਢੀ ਜਾਂਦੇ ਹਨ, ਜਿਹੜੇ ਉਨ੍ਹਾਂ ਤੀਹ ਸਾਲ ਪਹਿਲਾਂ ਕੱਢੇ ਸਨ, ਉਹ ਉੱਥੇ ਹੀ ਖੜ੍ਹੇ ਹਨ, ਮੈਂ ਬਹੁਤ ਅਗਾਂਹ ਨਿਕਲ ਗਿਆ ਹਾਂ, ਇਹ ਲੋਕ ਮੇਰੇ ਸ਼ਿਅਰਾਂ ਦੀਆਂ ਪਰਤਾਂ ਅਜੇ ਵੀ ਨਹੀਂ ਖੋਲ੍ਹ ਸਕੇ |
ਡਾ. ਜਗਤਾਰ ਨੇ ਨਾ ਲਿਖਣ ਲਈ ਲਿਖਿਆ, ਨਾ ਵਿਕਣ ਲਈ, ਉਨ੍ਹਾਂ ਲੋਕਾਂ ਲਈ ਲਿਖਿਆ, ਜੋਕਾਂ ਲਈ ਨਹੀਂ ਲਿਖਿਆ, ਸ਼ਾਇਰੀ ਦਾ ਕਰਮ ਹੁੰਦਾ, ਨਿਰ੍ਹਾ ਜੀਵਨ ਦੇ ਕਰੂਰ ਯਥਾਰਥ ਨੂੰ ਹੀ ਨਾ ਚਿਤਰੇ, ਉਸਨੂੰ ਆਦਰਸ਼ ਵੀ ਦੇਵੇ, ਦਸ਼ਾ ਨੂੰ ਦਿਸ਼ਾ, ਦਲਿੱਦਰ ਨੂੰ ਦਲੇਰੀ, ਹਾਰੇ ਨੂੰ ਜਿੱਤ, ਨਿਰਾਸ਼ਾ ਨੂੰ ਉਮੀਦ, ਝੁੱਲਦੀਆਂ ਹਨੇਰੀਆਂ ਅੱਗੇ ਡਟ ਜਾਣ ਦਾ ਜਜ਼ਬਾ, ਡੋਬੂਆਂ ਨੂੰ ਤਰਨ ਦਾ ਹੁਨਰ ਸਿਖਾਵੇ, ਲੋਕਾਂ ਨੂੰ ਲੋਕ ਸੰਗ੍ਰਾਮ ਦੇ ਇਤਿਹਾਸ ਤੋਂ ਜਾਣੂ ਕਰਾਵੇ, ਇਹ ਸਭ ਡਾ. ਜਗਤਾਰ ਦੀ ਸ਼ਾਇਰੀ 'ਚ ਮੌਜੂਦ ਹੈ |
ਦੇਸ਼ ਦੀ ਵੰਡ ਖਾਸ ਕਰਕੇ ਪੰਜਾਬ ਦੀ ਵੰਡ ਨਾਲ ਉਹ ਅੰਦਰੋਂ ਵੱਢੇ ਗਏ ਸਨ | ਉਨ੍ਹਾਂ ਦਾ ਪਾਕਿਸਤਾਨ ਨਾਲ ਬੜਾ ਲਗਾਅ ਸੀ, ਉਹ ਕਈ ਵਾਰ ਪਾਕਿਸਤਾਨ ਗਏ, ਉਨ੍ਹਾਂ ਦੇ ਪਾਠਕਾਂ, ਚਹੇਤਿਆਂ ਦੀ ਲੰਬੀ ਫਹਿਰਿਸਤ ਹੈ, ਉਨ੍ਹਾਂ ਦੀ ਸ਼ਾਇਰੀ ਲੋਕ ਰੱਬ ਵਾਂਗ ਪੂਜਦੇ ਸਨ ਤੇ ਉਨ੍ਹਾਂ ਦੇ ਸਿਲੇਬਸ ਦਾ ਵੀ ਹਿੱਸਾ ਰਹੀ, ਪਾਕਿਸਤਾਨ ਨੂੰ ਵੰਡਣਾ ਇਕ ਰਾਜਨੀਤਕ ਸਾਜਿਸ਼ ਸੀ, ਜਦੋਂ ਪੰਜਾਬ 'ਚ ਅੱਤਵਾਦ ਜ਼ੋਰਾਂ 'ਤੇ ਸੀ, ਉਹ ਤੜਫ ਰਹੇ ਸਨ, ਵਿਲਕ ਰਹੇ ਸਨ, ਉਨ੍ਹਾਂ ਦੀਆਂ ਦੋ ਪੁਸਤਕਾਂ 'ਚਨੁਕਰੀ ਸ਼ਾਮ, ਤੇ ਜੁਗਨੂੰ ਦੀਵਾ ਤੇ ਦਰਿਆ ਉਨ੍ਹਾਂ ਵੇਲਿਆਂ ਦੀ ਬਾਤ ਪਾਉਂਦੀਆਂ ਹਨ | ਡਾ. ਜਗਤਾਰ ਸ਼ਾਇਰੀ ਦਾ ਉਹ ਉਕਾਬ ਸਨ, ਜਿਹੜਾ ਸਦਾ ਅਸਮਾਨ 'ਤੇ ਉੱਚੀ ਉਡਾਣ 'ਚ ਰਹੇ, ਤੇ ਹਨ | ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਸੋਚਦਾਂ, ਡਾ. ਜਗਤਾਰ ਵਰਗੇ ਸ਼ਾਇਰ ਸਦੀਆਂ ਬਾਅਦ ਪੈਦਾ ਹੁੰਦੇ ਹਨ, ਸਦੀਆਂ ਤੱਕ ਜਿਊਾਦੇ ਰਹਿੰਦੇ ਹਨ |
-ਮੋਬਾਈਲ : 94172-07627