ਪੰਜਾਬੀ ਸਾਹਿਤ ਤੇ ਖ਼ਾਸ ਕਰ ਸਿੱਖ ਇਤਿਹਾਸ ਨੂੰ ਪ੍ਰਫੁੱਲਿਤ ਤੇ ਨਰੋਆ ਬਣਾਉਣ 'ਚ ਬਹੁਤ ਸਾਰੇ ਸਾਹਿਤਕਾਰਾਂ ਵਲੋਂ ਆਪਣੀਆਂ ਰਚਨਾਵਾਂ ਦੁਆਰਾ ਵਡਮੁੱਲਾ ਯੋਗਦਾਨ ਪਾਇਆ ਗਿਆ, ਜਿਸ ਵਿਚ ਚਰਨ ਸਿੰਘ ਸਫ਼ਰੀ ਦਾ ਨਾਂਅ ਮੂਹਰਲੀ ਕਤਾਰ +ਚ ਮੂਹਰੇ ਆਉਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਉਹ ਖਜ਼ਾਨਾ ਹਨ ਜੋ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਨਾ ਕੇਵਲ ਜੀਵਤ ਰੱਖਣ ਚ ਮੱਦਦ ਕਰਦੀਆਂ ਹਨ, ਸਗੋਂ ਸੰਗੀਤ ਦੀ ਦੁਨੀਆ 'ਚ ਰੰਗ ਬਿਖੇਰਦੀਆਂ ਵੀ ਵਿਖਾਈ ਦਿੰਦੀਆਂ ਹਨ। ਉਹ ਅਜਿਹੇ ਲੇਖਕ ਸਨ ਜਿਨ੍ਹਾਂ ਨੇ ਸੈਂਕੜੇ ਕਵਿਤਾਂਵਾਂ, ਕਹਾਣੀਆਂ ਤੇ ਨਾਵਲ ਲਿਖੇ ਜੋ ਮਨੁੱਖੀ ਜੀਵਨ ਦੀਆਂ ਪਰਤਾਂ ਨੂੰ ਉਜਾਗਰ ਕਰਦੇ ਸਨ। ਉਨ੍ਹਾਂ ਦੀ ਕਲਮ 'ਚ ਚੋਖਾ ਦਮ ਸੀ। ਉਹ ਇਕ ਸਫਲ ਗੀਤਕਾਰ ਵੀ ਸਨ।
ਉਨ੍ਹਾਂ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਦੇ ਜੀਵਨ ਦੇ ਆਧਾਰਿਤ ਬਹੁਤ ਸਾਰੀਆਂ ਰਚਨਾਵਾਂ ਨੂੰ ਸਾਹਿਤ ਦਾ ਹਿੱਸਾ ਬਣਾ ਕੇ ਪਾਠਕਾਂ ਤੱਕ ਪਹੁੰਚਾਇਆ ਜੋ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ 'ਚ ਭਰਪੂਰ ਜਾਣਕਾਰੀ ਸਰੋਤ ਸਾਬਤ ਹੋਈਆਂ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਸਤੇ ਅਹਿਮ ਤੇ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਸਿੱਖ ਇਤਿਹਾਸ ਬਾਰੇ ਲਿਖੀਆਂ ਰਚਨਾਵਾਂ ਨੂੰ ਖ਼ੁਦ ਗਾ ਕੇ ਸਰੋਤਿਆਂ ਸਾਹਮਣੇ ਪੇਸ਼ ਕੀਤਾ।
ਚਰਨ ਸਿੰਘ ਸਫ਼ਰੀ ਦਾ ਜਨਮ 5 ਅਪ੍ਰੈਲ, 1918 ਨੂੰ ਦਸੂਹਾ (ਹੁਸ਼ਿਆਰਪੁਰ) ਨੇੜਲੇ ਪਿੰਡ ਬੋਦਲ ਵਿਖੇ ਸ: ਲਾਭ ਸਿੰਘ ਅਤੇ ਮਾਤਾ ਇੰਦੀ ਦੇ ਘਰ ਹੋਇਆ। ਇਹ ਉਹੀ ਪਿੰਡ ਹੈ ਜਿੱਥੇ ਪੰਜਾਬੀ ਸਾਹਿਤ ਦੇ ਸਮਰਥਕ ਐੱਮ. ਐੱਸ. ਰੰਧਾਵਾ ਤੇ ਪ੍ਰਸਿੱਧ ਕਲਾਸੀਕਲ ਕੀਰਤਨੀਏ ਦਿਲਬਾਗ ਸਿੰਘ ਤੇ ਗੁਰਲਾਬ ਸਿੰਘ ਹੋਏ ਹਨ।
ਛੋਟੀ ਉਮਰ ਚ ਹੀ ਸ:ਚਰਨ ਸਿੰਘ ਸਫ਼ਰੀ ਉੱਤੇ ਸਿੱਖ ਸਾਖੀਆਂ ਨੇ ਡੂੰਘੀ ਛਾਪ ਛੱਡੀ। ਇਸਦਾ ਪ੍ਰਤੱਖ ਪ੍ਰਮਾਣ ਬਾਅਦ 'ਚ ਉਨ੍ਹਾਂ ਵਲੋਂ ਲਿਖੇ ਧਾਰਮਿਕ ਗੀਤਾਂ ਤੋਂ ਸਾਫ਼ ਝਲਕਦਾ ਹੈ। ਸ: ਚਰਨ ਸਿੰਘ ਸਫ਼ਰੀ ਵਲੋਂ ਕੁਝ ਸਮਾਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਕਲਰਕ ਦੀ ਨੌਕਰੀ ਵੀ ਕੀਤੀ ਗਈ ਜਿੱਥੇ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਦੇ ਮਸ਼ਹੂਰ ਸ਼ਾਇਰ ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ ਬਲਦੇਵ ਚਾਂਦੀ ਬੇਕਲ ਨਾਲ ਹੋਈ। ਧਾਰਮਿਕ ਗਾਣੇ ਲਿਖਣ ਦੀ ਮੁਹਾਰਤਾ ਸਫ਼ਰੀ ਨੇ ਉਨ੍ਹਾਂ ਤੋਂ ਹੀ ਹਾਸਿਲ ਕੀਤੀ। ਇਸ ਮਗਰੋਂ ਉਨ੍ਹਾਂ ਭਾਰਤੀ ਫ਼ੌਜ 'ਚ ਵੀ ਕੁਝ ਵਕਤ ਨੌਕਰੀ ਕੀਤੀ। ਪਰ ਜਲਦੀ ਹੀ ਉਹ ਉੱਥੋਂ ਸਿੱਖਿਆ ਵਿਭਾਗ 'ਚ ਆ ਗਏ ਤੇ ਉਹ ਖ਼ਾਲਸਾ ਹਾਇਰ ਸੈਕੰਡਰੀ ਸਕੂਲ, ਦਸੂਹਾ (ਹੁਸ਼ਿਆਰਪੁਰ) ਵਿਖੇ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾਉਣ ਲੱਗੇ।
ਸਫ਼ਰੀ ਦੀ ਕਲਮ ਤੋਂ ਉਕਰੇ ਗਾਣਿਆਂ ਨੂੰ ਨਾਮੀ ਪੰਜਾਬੀ ਗਾਇਕਾਂ ਤੇ ਗਾਇਕਾਵਾਂ ਨੇ ਆਪਣੀ ਮਿੱਠੀ ਆਵਾਜ਼ ਦੇ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਿਨ੍ਹਾਂ ਚ ਨਰਿੰਦਰ ਬੀਬਾ, ਪ੍ਰੋਫੈਸਰ ਸਰੂਪ ਸਿੰਘ ਸਰੂਪ, ਮਰਹੂਮ ਜਨਾਬ ਸਰਦੂਲ ਸਿਕੰਦਰ, ਅਮਰ ਨੂਰੀ, ਹੰਸ ਰਾਜ ਹੰਸ, ਬੀਬਾ ਊਸ਼ਾ ਰਾਣੀ, ਦੇਬੀ ਮਕਸੂਸਪੁਰੀ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਨਰਿੰਦਰ ਮਾਵੀ, ਕੈਨੇਡਾ, ਬੀਬਾ ਜਗਮੋਹਨ ਕੌਰ, ਮਾਸਟਰ ਸਲੀਮ ਤੇ ਸੁਰਿੰਦਰ ਲਾਡੀ ਆਦਿ ਪ੍ਰਮੁੱਖ ਹਨ।
ਜੇ ਗੱਲ ਕਰੀਏ ਉਨ੍ਹਾਂ ਦੇ ਮਸ਼ਹੂਰ ਗੀਤਾਂ ਦੀ ਤਾਂ ਉਨ੍ਹਾਂ ਦੇ ਮਸ਼ਹੂਰ ਗਾਣਿਆਂ ਤੇ ਐਲਬਮਾਂ ਵਿਚ ਰੂਹਾਂ ਰੱਬ ਦੀਆਂ, ਸਾਹਿਬ ਜਿਨ੍ਹਾਂ ਦੀਆਂ ਮੰਨੇ, ਨਿਸ਼ਾਨ ਖਾਲਸੇ ਦੇ, ਬਾਜ਼ਾਂ ਵਾਲਾ ਹੋਏਗਾ ਸਹਾਈ, ਸਾਕਾ ਸਰਹਿੰਦ, ਗੁਜਰੀ ਦਾ ਲਾਲ ਪ੍ਰਮੁੱਖ ਹਨ। ਉਨ੍ਹਾਂ ਸਿੱਖ ਸ਼ਹਾਦਤਾਂ ਨੂੰ ਆਪਣੀ ਕਲਮ ਦੇ ਜ਼ਰੀਏ ਬਾਖੂਬੀ ਪੇਸ਼ ਕਰਦਿਆਂ ਘਟਨਾਵਾਂ ਦਾ ਹੂ-ਬ-ਹੂ ਦ੍ਰਿਸ਼ ਸਿਰਜਿਆ ਜਿਸ ਕਰਕੇ ਉਨ੍ਹਾਂ ਦੀ ਹਰ ਰਚਨਾ ਮਕਬੂਲ ਰਹੀ। ਮਿਸਾਲ ਦੇ ਤੌਰ 'ਤੇ ਪੰਜਾਬੀ ਦੀ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦਾ ਇਹ ਧਾਰਮਿਕ ਗੀਤ :
ਦੋ ਬੜੀਆਂ ਕੀਮਤੀ ਜਿੰਦਾਂ,
ਨੀਹਾਂ ਵੀ ਆਨ ਖਲੋ ਗਈਆਂ।
ਅੱਜ ਵੀ ਉਵੇਂ ਹੀ ਮਕਬੂਲ ਹੈ ਜਿਵੇਂ ਉਸ ਸਮੇਂ ਸੀ। ਇਸੇ ਤਰ੍ਹਾਂ :
ਚੰਨ ਮਾਤਾ ਗੁਜਰੀ ਦਾ,
ਸੁੱਤਾ ਕੰਢਿਆਂ ਤੇ ਸੇਜ ਵਿਛਾਈ।
ਸੀਨੇ ਨਾਲ ਤੇਗ ਲਾ ਲਈ,
ਜਦੋਂ ਯਾਦ ਪੁੱਤਰਾਂ ਦੀ ਆਈ।
ਚਰਨ ਸਿੰਘ ਸਫ਼ਰੀ ਦੀਆਂ ਰਚਨਾਵਾਂ 'ਚ ਘਟਨਾ ਦੇ ਦ੍ਰਿਸ਼ ਨੂੰ ਹੂਬਹੂ ਪੇਸ਼ ਕਰਨ ਦੀ ਕਲਾ ਸਰੋਤਿਆਂ ਨੂੰ ਬੰਨ੍ਹ ਕੇ ਬਿਠਾ ਦਿੰਦੀ ਸੀ। ਉਹ ਖ਼ੁਦ ਵੀ ਚੰਗਾ ਗਾਉਂਦੇ ਸਨ, ਜਿਸ ਕਰਕੇ ਘਟਨਾ ਬਾਰੇ ਉਨ੍ਹਾਂ ਦੇ ਹਾਵ-ਭਾਵ ਸਰੋਤਿਆਂ 'ਤੇ ਗਹਿਰੀ ਛਾਪ ਛੱਡਦੇ ਸਨ।
ਚਰਨ ਸਿੰਘ ਸਫ਼ਰੀ ਦੇ ਸਮਕਾਲੀ ਰਹੇ ਪੰਜਾਬੀ ਦੇ ਮਸ਼ਹੂਰ ਗੀਤਕਾਰ ਤੇ ਸ਼ਾਇਰ ਗੁਰਦੇਵ ਸਿੰਘ ਮਾਨ ਲਿਖਦੇ ਹਨ ਕਿ ਸਫ਼ਰੀ ਨੇ ਬਹੁਤ ਸਾਰਾ ਧਾਰਮਿਕ ਸਾਹਿਤ ਰਚਿਆ ਤੇ ਉਨ੍ਹਾਂ ਦੇ ਐਲ ਪੀ ਜੀ ਰਿਕਾਰਡ ਵੀ ਬਹੁਤ ਹੋ ਚੁੱਕੇ ਹਨ। ਉਸ ਦੀਆਂ ਸਾਹਿਤਕ ਰਚਨਾਵਾਂ ਕਮਾਲ ਹਨ। ਸ: ਚਰਨ ਸਿੰਘ ਸਫ਼ਰੀ ਵਲੋਂ ਰਿਕਾਰਡਿੰਗ ਕੰਪਨੀਆਂ ਤੇ ਫ਼ਿਲਮਾਂ ਵਾਸਤੇ ਵੀ ਵਾਹਵਾ ਗੀਤ ਲਿਖੇ ਗਏ। ਸਾਡੇ ਨਿੱਕੇ ਹੁੰਦਿਆਂ ਵਿਆਹਾਂ ਸਮੇਂ ਕੋਠਿਆਂ ਉੱਤੇ ਮੰਜੇ ਜੋੜ ਸਵੇਰੇ ਸਪੀਕਰਾਂ ਉੱਤੇ ਪਹਿਲਾ ਤਵਾ ਲੱਗਦਾ ਤਾਂ ਸਫ਼ਰੀ ਦੀ ਕਲਮ ਤੋਂ ਉਕਰੇ ਧਾਰਮਿਕ ਗੀਤ ਦੀ ਗੂੰਜ ਹੀ ਸੁਣਾਈ ਦਿੰਦੀ ਸੀ। ਉਸ ਨੇ ਧਾਰਮਿਕ ਗੀਤਾਂ ਦੇ ਨਾਲ ਨਾਲ ਹੋਰ ਵੀ ਅਨੇਕਾਂ ਗੀਤ ਲਿਖੇ ਜੋ ਅੱਜ ਵੀ ਮਕਬੂਲ ਹਨ। ਜਿਵੇਂ ਦੇਬੀ ਮਖਸੂਸਪੁਰੀ ਦੀ ਆਵਾਜ਼ 'ਚ ਇਹ ਗੀਤ :
* ਨਜ਼ਰਾਂ ਦਾ ਸੇਕ ਬੁਰਾ ਜਲ
ਜਾਣ ਨਾ ਚੁੰਨੀ ਦੇ ਤਾਰੇ
ਕੁੰਡਲਾਂ ਤੋਂ ਪੁੱਛ ਗੋਰੀਏ ਏਨਾ
ਕਿਹੜੇ ਕਿਹੜੇ ਕਹਿਰ ਗੁਜ਼ਾਰੇ
ਇਸੇ ਤਰਾਂ ਕੁਝ ਹੋਰ ਮਕਬੂਲ ਗਾਣੇ :
*ਹਵਾ ਬੇਈਮਾਨ ਬੜਾ ਔਤਰਾ ਜ਼ਮਾਨਾ ਏ
ਕੱਲ੍ਹ ਜਿਹੜਾ ਆਪਣਾ ਸੀ,
ਅੱਜ ਉਹ ਬੇਗਾਨਾ ਏ।
* ਅੱਖਾਂ ਮੀਟ ਗਈ ਜਦੋਂ ਦੀ ਸਾਡੀ ਮਾਂ
ਸਾਡਾ ਨ੍ਹੀਂ ਏਥੇ ਦਿਲ ਲੱਗਦਾ
ਸਾਡਾ ਲਿਖ ਲਓ ਯਤੀਮਾਂ ਵਿਚ ਨਾ
ਸਾਡਾ ਨ੍ਹੀਂ ਏਥੇ ਦਿਲ ਲੱਗਦਾ।
ਉਹ ਜਿੰਨਾ ਸੋਹਣਾ ਲਿਖਦੇ, ਓਨਾ ਸੋਹਣਾ ਗਾਉਂਦੇ ਵੀ ਸਨ। ਕਹਿਣ ਦਾ ਭਾਵ ਉਨ੍ਹਾਂ ਕੋਲ ਕਵਿਤਾ ਲਿਖਣ ਦੀ ਕਲਾ ਤੇ ਗਾਉਣ ਦਾ ਹੁਨਰ ਸੀ। ਇਸ ਸੁਮੇਲ ਸਦਕਾ ਉਹ ਸਟੇਜ ਉੱਤੇ ਬਾਖੂਬੀ ਰੰਗ ਬੰਨ੍ਹਦੇ। ਉਨ੍ਹਾਂ ਗ਼ਜ਼ਲਾਂ ਵੀ ਲਿਖੀਆਂ ਪਰ ਬਹੁਤ ਘੱਟ। ਉਨ੍ਹਾਂ ਵਲੋਂ ਲਿਖੀਆਂ ਗ਼ਜ਼ਲਾਂ ਦਾ ਇਕ ਸ਼ੇਅਰ ਬੜਾ ਮਕਬੂਲ ਸੀ। ਜਿਵੇਂ :
ਬੜਾ ਅਫ਼ਸੋਸ ਸੱਜਣਾ 'ਤੇ,
ਬਿਗੜ ਗਏ ਗ਼ੈਰਾਂ ਦੇ ਆਖੇ
ਤੂੰ ਰੱਖ ਕੁਝ ਹੌਂਸਲਾ ਸਫ਼ਰੀ,
ਕਈਆਂ ਦੇ ਮਰ ਵੀ ਜਾਂਦੇ ਨੇ।
ਖ਼ੈਰ! ਅਖ਼ੀਰ 5 ਜਨਵਰੀ 2006 ਨੂੰ ਕਲਮ ਤੇ ਆਵਾਜ਼ ਦੇ ਧਨੀ, ਧਾਰਮਿਕ ਗੀਤਾਂ ਦੇ ਬਾਦਸ਼ਾਹ ਤੇ ਦਰਵੇਸ਼ ਗੀਤਕਾਰ ਚਰਨ ਸਿੰਘ ਸਫ਼ਰੀ ਦੇ ਸਾਹਾਂ ਦਾ ਸਫ਼ਰ ਮੁੱਕ ਗਿਆ ਤੇ ਉਹ ਇਸ ਜਗ ਨੂੰ ਅਲਵਿਦਾ ਆਖ ਗਏ। ਪਰ ਉਨ੍ਹਾਂ ਦੀਆਂ ਰਚਨਾਵਾਂ ਸਦਕਾ ਉਹ ਅੱਜ ਵੀ ਜਿਊਂਦੇ ਹਨ।
-ਲੈਕਚਰਾਰ ਅਜੀਤ ਖੰਨਾ
ਮੋਬਾਈਲ :76967-54669