ਭਾਰਤੀ ਕਲਾ ਦੇ ਵਿਸ਼ਾਲ ਆਕਾਸ਼ ਵਿਚ ਕੁਝ ਨਾਂਅ ਅਜਿਹੇ ਹਨ ਜਿਨ੍ਹਾਂ ਨਾਲ ਉਹ ਸਿਰਫ਼ ਕਲਾਕਾਰ ਹੀ ਨਹੀਂ ਰਹਿੰਦੇ ਸਗੋਂ ਯੁੱਗ ਦੇ ਨਿਰਮਾਤਾ ਬਣ ਜਾਂਦੇ ਹਨ। ਰਾਜਾ ਰਵੀ ਵਰਮਾ ਵੀ ਅਜਿਹਾ ਹੀ ਇਕ ਅਦਭੁਤ ਨਾਂਅ ਹੈ ਜਿਨ੍ਹਾਂ ਨੇ ਆਪਣੇ ਰੰਗਾਂ ਅਤੇ ਬਰੁਸ਼ ਨਾਲ ਭਾਰਤ ਦੀ ਸੱਭਿਆਚਾਰਕ ਰੂਹ ਨੂੰ ਨਾ ਸਿਰਫ਼ ਪ੍ਰਗਟ ਹੀ ਕੀਤਾ, ਸਗੋਂ ਉਸ ਨੂੰ ਘਰ-ਘਰ ਤੱਕ ਵੀ ਪਹੁੰਚਾਇਆ।29 ਅਪ੍ਰੈਲ, 1848 ਨੂੰ ਕੇਰਲ ਦੇ ਤ੍ਰਾਵਣਕੋਰ ਰਾਜ ਦੇ ਕਿਲਿਮਾਨੂਰ ਵਿਚ ਇੱਕ ਰਾਜਸੀ ਨਾਇਰ ਪਰਿਵਾਰ ਵਿਚ ਜਨਮੇ ਰਵੀ ਵਰਮਾ ਬਚਪਨ ਤੋਂ ਹੀ ਚਿੱਤਰਕਲਾ ਵੱਲ ਆਕਰਸ਼ਿਤ ਸਨ। ਸ਼ੁਰੂ ਵਿਚ ਉਨ੍ਹਾਂ ਨੇ ਦੱਖਣ ਭਾਰਤੀ ਪਰੰਪਰਾਗਤ ਸ਼ੈਲੀ ਵਿਚ ਸਿਖਲਾਈ ਹਾਸਿਲ ਕੀਤੀ, ਪਰ ਉਨ੍ਹਾਂ ਦੀ ਕਲਾਤਮਿਕ ਜਿਗਿਆਸਾ ਉਨ੍ਹਾਂ ਨੂੰ ਯੂਰਪੀ ਯਥਾਰਥਵਾਦੀ ਕਲਾ ਤੱਕ ਲੈ ਗਈ।
ਯੂਰਪੀ ਕਲਾਕਾਰਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਰੌਸ਼ਨੀ-ਛਾਂ, ਪਰਿਪੇਖ ਅਤੇ ਮਨੁੱਖੀ ਸਰੀਰ ਦੀਆਂ ਬਾਰੀਕੀਆਂ ਨੂੰ ਸਮਝਿਆ ਅਤੇ ਇਸ ਨੂੰ ਭਾਰਤੀ ਵਿਸ਼ਿਆਂ ਨਾਲ ਜੋੜ ਕੇ ਇਕ ਨਵੀਂ ਸ਼ੈਲੀ ਦੀ ਰਚਨਾ ਕੀਤੀ। ਇਹ ਸ਼ੈਲੀ ਤਕਨੀਕੀ ਤੌਰ 'ਤੇ ਪੱਛਮੀ ਸੀ, ਪਰ ਇਸ ਦੀ ਆਤਮਾ ਪੂਰੀ ਤਰ੍ਹਾਂ ਭਾਰਤੀ ਰਹੀ। ਰਾਜਾਰਵੀ ਵਰਮਾ ਦੀ ਸਭ ਤੋਂ ਵੱਡੀ ਦੇਣ ਇਹ ਸੀ ਕਿ ਉਨ੍ਹਾਂ ਨੇ ਭਾਰਤੀ ਮਹਾ-ਕਾਵਾਂ ਅਤੇ ਪੁਰਾਣਾਂ ਦੇ ਪਾਤਰਾਂ ਨੂੰ ਪਹਿਲੀ ਵਾਰ ਮਨੁੱਖੀ ਅਤੇ ਜੀਵੰਤ ਰੂਪ ਦਿੱਤਾ। ਮਾਤਾ ਲਕਸ਼ਮੀ ਜੀ, ਮਾਤਾ ਸਰਸਵਤੀ ਜੀ, ਸੀਤਾ ਜੀ, ਦਰੋਪਦੀ, ਸ਼ਕੁੰਤਲਾ ਅਤੇ ਦਮਯੰਤੀ ਵਰਗੀਆਂ ਆਕ੍ਰਿਤੀਆਂ ਉਨ੍ਹਾਂ ਦੀ ਕਲਾ ਰਾਹੀਂ ਲੋਕ-ਚੇਤਨਾ ਦਾ ਹਿੱਸਾ ਬਣ ਗਈਆਂ। ਉਨ੍ਹਾਂ ਦੇ ਚਿੱਤਰਾਂ ਵਿਚ ਇਸਤਰੀ ਸਿਰਫ਼ ਸੁੰਦਰਤਾ ਦਾ ਪ੍ਰਤੀਕ ਨਹੀਂ, ਸਗੋਂ ਸੰਵੇਦਨਾ, ਸ਼ਕਤੀ ਅਤੇ ਆਤਮਿਕ ਚੇਤਨਾ ਦੀ ਪ੍ਰਤੀਕ ਵਜੋਂ ਉੱਭਰਦੀ ਹੈ।
1873 ਵਿਚ ਵਿਆਨਾ ਪ੍ਰਦਰਸ਼ਨੀ ਵਿਚ ਸਨਮਾਨ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਸ਼ਹੂਰੀ ਆਲਮੀ ਪੱਧਰ 'ਤੇ ਫੈਲ ਗਈ। ਪਰ ਉਨ੍ਹਾਂ ਦੀ ਸਭ ਤੋਂ ਕ੍ਰਾਂਤੀਕਾਰੀ ਪਹਿਲ 1894 ਵਿਚ ਰਵੀ ਵਰਮਾ ਪ੍ਰਿੰਟਿੰਗ ਪ੍ਰੈੱਸ ਦੀ ਸਥਾਪਨਾ ਸੀ। ਇਸ ਪ੍ਰੈੱਸ ਰਾਹੀਂ ਉਨ੍ਹਾਂ ਦੀਆਂ ਪੇਂਟਿੰਗਾਂ ਦੇ ਲਿਥੋਗ੍ਰਾਫਿਕ ਪ੍ਰਿੰਟ ਆਮ ਲੋਕਾਂ ਤੱਕ ਪਹੁੰਚੇ ਅਤੇ ਦੇਵੀ-ਦੇਵਤਿਆਂ ਦੀਆਂ ਸੁੰਦਰ ਛਵੀਆਂ ਘਰ-ਘਰ ਤੱਕ ਵਸ ਗਈਆਂ। ਹਾਲ ਹੀ ਵਿਚ ਭਾਰਤੀ ਕਲਾ ਇਤਿਹਾਸ ਵਿਚ ਇੱਕ ਨਵਾਂ ਸੁਨਹਿਰੀ ਅਧਿਆਏ ਜੁੜਿਆ ਹੈ। ਆਲਮੀ ਪੱਧਰ 'ਤੇ ਮਸ਼ਹੂਰ ਰਾਜਾ ਰਵੀ ਵਰਮਾ ਦੀ ਪ੍ਰਸਿੱਧ ਪੇਂਟਿੰਗ 'ਮਾਤਾ ਯਸ਼ੋਧਾ ਅਤੇ ਬਾਲ ਕ੍ਰਿਸ਼ਨ' ਨੇ ਨਿਲਾਮੀ ਵਿਚ 167.20 ਕਰੋੜ ਰੁਪਏ (ਲਗਭਗ 18 ਮਿਲੀਅਨ ਡਾਲਰ) ਦੀ ਰਿਕਾਰਡ ਕੀਮਤ ਹਾਸਿਲ ਕੀਤੀ।
ਮੁੰਬਈ ਵਿਚ ਸੈਫਰਾਨ ਆਰਟ ਦੀ 'ਸਪ੍ਰਿੰਗ ਲਾਈਵ ਆਕਸ਼ਨ' ਦੌਰਾਨ ਇਹ ਕਲਾਕ੍ਰਿਤੀ ਵਿਕੀ। ਇਸਦੀ ਅੰਦਾਜ਼ਨ ਕੀਮਤ 80 ਤੋਂ 120 ਕਰੋੜ ਰੁਪਏ ਦਰਮਿਆਨ ਲਗਾਈ ਗਈ ਸੀ, ਪਰ ਕਲਾ ਪ੍ਰੇਮੀਆਂ ਦੀ ਵੱਡੇ ਪੱਧਰ 'ਤੇ ਹੋਈ ਮੁਕਾਬਲੇਬਾਜ਼ੀ ਨੇ ਇਸ ਨੂੰ ਲਗਭਗ ਦੁੱਗਣਾ ਕਰ ਦਿੱਤਾ। ਇਹ ਇਤਿਹਾਸਕ ਚਿੱਤਰ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੰਸਥਾਪਕ ਉਦਯੋਗਪਤੀ ਸਾਇਰਸ ਪੂਨਾਵਾਲਾ ਨੇ ਖ਼ਰੀਦਿਆ।1890 ਦੇ ਦਹਾਕੇ ਵਿਚ ਬਣੀ ਇਹ ਪੇਂਟਿੰਗ ਇੱਕ ਸਾਧਾਰਨ ਘਰੇਲੂ ਦ੍ਰਿਸ਼ ਨੂੰ ਦਿਵਿਅਤਾ ਵਿਚ ਬਦਲ ਦਿੰਦੀ ਹੈ। ਮਾਤਾ ਯਸ਼ੋਧਾ ਗਾਂ ਦਾ ਦੁੱਧ ਚੋਅ ਰਹੀ ਹੈ ਅਤੇ ਬਾਲ ਕ੍ਰਿਸ਼ਨ ਚੁਪਕੇ ਜਿਹੇ ਦੁੱਧ ਵੱਲ ਹੱਥ ਵਧਾ ਰਹੇ ਹਨ। ਇਹ ਦ੍ਰਿਸ਼ ਮਾਂ ਦੀ ਮਮਤਾ ਅਤੇ ਬਚਪਨ ਦੀ ਲੀਲ੍ਹਾ ਦਾ ਅਦਭੁਤ ਮਿਲਾਪ ਪੇਸ਼ ਕਰਦਾ ਹੈ।ਇਸ ਨਿਲਾਮੀ ਨੇ ਪ੍ਰਸਿੱਧ ਚਿੱਤਰਕਾਰ ਐਮ.ਐਫ. ਹੁਸੈਨ ਦੀ ਪੇਂਟਿੰਗ ਦੇ ਪਿਛਲੇ ਲਗਭਗ 118 ਕਰੋੜ ਰੁਪਏ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ।2 ਅਕਤੂਬਰ 1906 ਨੂੰ ਭਾਵੇਂ ਰਵੀ ਵਰਮਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੀ ਕਲਾ ਅੱਜ ਵੀ ਜੀਵੰਤ ਹੈ। ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਡਾਕ ਟਿਕਟ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੀਆਂ ਕਲਾਕ੍ਰਿਤੀਆਂ 'ਤੇ ਅੱਜ ਵੀ ਦੇਸ਼-ਵਿਦੇਸ਼ ਵਿਚ ਖੋਜ ਜਾਰੀ ਹੈ। ਕੇਰਲ ਦਾ ਕਿਲਿਮਾਨੂਰ ਕਲਾ ਪ੍ਰੇਮੀਆਂ ਲਈ ਅੱਜ ਵੀ ਇੱਕ ਤੀਰਥ ਸਥਾਨ ਵਰਗਾ ਸਥਾਨ ਹੈ। ਰਾਜਾ ਰਵੀ ਵਰਮਾ ਨੇ ਸਿਰਫ਼ ਚਿੱਤਰ ਹੀ ਨਹੀਂ ਬਣਾਏ ਸਗੋਂ ਉਨ੍ਹਾਂ ਨੇ ਭਾਰਤ ਦੀ ਆਤਮਾ ਨੂੰ ਵੀ ਰੰਗਾਂ ਵਿਚ ਉਤਾਰਿਆ ਹੈ। ਉਨ੍ਹਾਂ ਦੀ ਕਲਾ ਧਰਮ, ਸਾਹਿਤ, ਸੰਸਕ੍ਰਿਤੀ ਅਤੇ ਲੋਕ ਜੀਵਨ ਦਾ ਅਦਭੁਤ ਸੰਯੋਗ ਹੈ। ਅੱਜ ਵੀ ਜਦੋਂ ਅਸੀਂ ਕਿਸੇ ਦੇਵੀ-ਦੇਵਤਾ ਦਾ ਚਿੱਤਰ ਮਨ ਵਿਚ ਕਲਪਦੇ ਹਾਂ, ਤਾਂ ਉਸ ਵਿਚ ਕਿਤੇ ਨਾ ਕਿਤੇ ਰਵੀ ਵਰਮਾ ਦੇ ਬਰੁਸ਼ ਦੀ ਛਾਪ ਜ਼ਰੂਰ ਹੁੰਦੀ ਹੈ।ਉਨ੍ਹਾਂ ਦੀਆਂ ਪੇਂਟਿੰਗਾਂ ਸਿਰਫ਼ ਸੁੰਦਰਤਾ ਦਾ ਅਨੁਭਵ ਨਹੀਂ ਕਰਾਉਂਦੀਆਂ, ਸਗੋਂ ਸਾਨੂੰ ਸਾਡੀਆਂ ਜੜ੍ਹਾਂ ਅਤੇ ਸਾਡੀ ਪਹਿਚਾਣ ਨਾਲ ਵੀ ਜੋੜਦੀਆਂ ਹਨ, ਇੱਕ ਅਜਿਹੇ ਦਰਪਣ ਵਾਂਗ, ਜਿਸ ਵਿਚ ਭਾਰਤ ਖੁਦ ਨੂੰ ਜੀਵੰਤ, ਸੰਵੇਦਨਸ਼ੀਲ ਅਤੇ ਰੰਗਾਂ ਨਾਲ ਰੌਸ਼ਨਦੇਖਦਾ ਹੈ।
-ਮੋਬਾਈਲ : 90412-95900