ਅਮਰੀਕਾ ਦੀ ਪੁਲਾੜ ਏਜੰਸੀ 'ਨਾਸਾ' ਵਲੋਂ ਬੀਤੇ ਦਿਨੀਂ ਕੈਨੇਡੀ ਪੁਲਾੜ ਸਟੇਸ਼ਨ ਤੋਂ 'ਆਰਟੇਮਿਸ 2' ਨਾਂਅ ਦਾ ਪੁਲਾੜਯਾਨ ਖਲਾਅ ਵਿਚ ਭੇਜਿਆ ਗਿਆ ਸੀ। ਏਜੰਸੀ ਦੇ 'ਪੁਲਾੜ ਲਾਂਚ ਸਿਸਟਮ' ਨਾਂਅ ਦੇ ਰਾਕੇਟ ਦਾ ਇਹ ਦੂਜਾ ਮਿਸ਼ਨ ਹੈ। ਪਹਿਲੇ ਮਿਸ਼ਨ ਵਿਚ ਇਸ ਸਿਸਟਮ ਨੇ 16 ਨਵੰਬਰ, 2022 ਨੂੰ 'ਆਰਟੇਮਿਸ 1' ਪੁਲਾੜਯਾਨ ਖਲਾਅ ਵਿਚ ਦਾਗਿਆ ਸੀ, ਜੋ ਕਿ ਬਿਨਾਂ ਕਿਸੇ ਯਾਤਰੀ ਤੋਂ ਭੇਜਿਆ ਗਿਆ ਸੀ। ਇਸੇ ਰਾਕੇਟ ਦਾ ਦੂਜਾ ਅਤੇ ਮੌਜੂਦਾ ਮਿਸ਼ਨ ਚਾਰ ਯਾਤਰੀਆਂ ਨੂੰ ਨਾਲ ਲੈ ਕੇ ਗਿਆ ਹੈ। ਇਹ ਚਾਰ ਯਾਤਰੀ ਹਨ ਮਿਸ਼ਨ ਦੇ ਕਮਾਂਡਰ ਰੀਡ ਵਾਈਸਮੈਨ, ਮਿਸ਼ਨ ਦੇ ਪਾਇਲਟ ਵਿਕਟਰ ਗਲੋਵਰ, ਮਿਸ਼ਨ ਦੀ ਮਾਹਿਰ ਕਰਿਸਟੀਨਾ ਕੋਚ ਅਤੇ ਮਿਸ਼ਨ ਦਾ ਦੂਜਾ ਮਾਹਿਰ ਕੈਨੇਡਾ ਪੁਲਾੜ ਏਜੰਸੀ ਦਾ ਜਰਮੀ ਹੈਨਸੇਨ। ਮਿਸ਼ਨ ਦੇ ਵਿਗਿਆਨੀਆਂ ਵਿਚੋਂ ਜਰਮੀ ਦੀ ਇਹ ਪਹਿਲੀ ਉਡਾਣ ਹੈ ਅਤੇ ਬਾਕੀ ਵਿਗਿਆਨੀਆਂ ਦੀ ਇਹ ਦੂਜੀ ਉਡਾਣ ਹੈ। ਇਸ ਮਿਸ਼ਨ ਦੇ ਮੂਲ ਰੂਪ ਵਿਚ ਦੋ ਹਿੱਸੇ ਹਨ। ਇਕ ਐੱਸ ਐੱਲ ਐੱਸ ਰਾਕੇਟ ਅਤੇ ਦੂਜਾ ਓਰੀਅਨ ਪੁਲਾੜਯਾਨ ਜਾਂ ਓਰੀਅਨ ਕੈਪਸਿਊਲ। ਇਹ ਰਾਕੇਟ ਪੁਲਾੜਯਾਨਾਂ ਨੂੰ ਦੂਰ ਖਲਾਅ ਤੱਕ ਲੈ ਕੇ ਜਾਣ ਵਾਲਾ ਸਭ ਤਂੋਂ ਵੱਡਾ ਅਤੇ ਸ਼ਕਤੀਸ਼ਾਲੀ ਰਾਕੇਟ ਹੈ। ਇਸ ਵਿਚ ਡੇਢ ਲੱਖ ਦੇ ਕਰੀਬ ਤਰਲ ਆਕਸੀਜਨ ਅਤੇ ਸਾਢੇ ਅੱਠ ਲੱਖ ਕਿੱਲੋ ਹਾਈਡਰੋਜਨ ਲੈ ਕੇ ਜਾਣ ਦੀ ਸਮਰੱਥਾ ਹੈ। ਤਰਲ ਹਾਈਡਰੋਜਨ ਬਾਲਣ ਦਾ ਅਤੇ ਤਰਲ ਆਕਸੀਜਨ ਬਲਣ ਵਿਚ ਸਹਾਇਕ ਹੋਣ ਦਾ ਕੰਮ ਕਰਦੀਆਂ ਹਨ। ਮਿਸ਼ਨ ਦਾ ਓਰੀਅਨ ਕੈਪਸਿਊਲ ਇਕ ਤਰੀਕੇ ਨਾਲ ਯਾਤਰਾ ਦੌਰਾਨ ਪੁਲਾੜ ਯਾਤਰੀਆਂ ਦੇ ਘਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਮਿਸ਼ਨ 10 ਦਿਨਾਂ ਲਈ ਗਿਆ ਹੈ। ਅਸਲ ਵਿਚ 1972 ਵਿਚ ਭੇਜੇ ਗਏ 'ਅਪੋਲੋ 17 ਮਿਸ਼ਨ' ਤੋਂ ਬਾਅਦ ਚੰਦਰਮਾ ਦੁਆਲੇ ਚੱਕਰ ਲਗਾ ਕੇ ਤਜਰਬੇ ਕਰਨ ਵਾਲਾ ਅਤੇ ਯਾਤਰੀਆਂ ਸਮੇਤ ਭੇਜਿਆ ਜਾਣ ਵਾਲਾ ਇਹ ਪਹਿਲਾ ਮਿਸ਼ਨ ਹੈ। ਜ਼ਿਕਰਯੋਗ ਹੈ ਕਿ ਹੇਠਲੇ ਪੰਧ (*ow 5arth ®rb}t) ਤੋਂ ਉੱਪਰ ਭਾਵ ਕਿ ਚੰਦਰਮਾ ਦੇ ਦੁਆਲੇ ਜਾਣ ਵਾਲੇ ਯਾਤਰੀਆਂ ਵਿਚੋਂ ਗਲੋਵਰ ਪਹਿਲਾ ਸਿਆਹ ਰੰਗ ਦਾ ਯਾਤਰੀ ਹੈ, ਕੋਚ ਪਹਿਲੀ ਮਹਿਲਾ ਹੈ ਅਤੇ ਹੈਨਸਨ ਪਹਿਲਾ ਗ਼ੈਰ ਅਮਰੀਕੀ ਯਾਤਰੀ ਹੈ, ਜੋ ਕਿ ਚੰਦਰਮਾ ਤੋਂ 7600 ਕਿਲੋਮੀਟਰ ਦੂਰ ਚੰਦਰਮਾ ਦਾ ਚੱਕਰ ਲਗਾਉਣਗੇ ਅਤੇ 40,000 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਧਰਤੀ ਉੱਤੇ ਵਾਪਸ ਆਉਣਗੇ। ਵਾਪਸੀ ਵੇਲੇ ਪੁਲਾੜਯਾਨ ਦੇ ਬਾਹਰੀ ਹਿੱਸੇ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਪਰ ਇਸ ਦੇ ਬਾਹਰ ਲੱਗੀ ਹੋਈ ਹੀਟ ਸ਼ੀਲਡ ਇਸ ਨੂੰ 2700 ਡਿਗਰੀ ਸੈਲਸੀਅਸ ਤੱਕ ਦੇ ਉੱਚੇ ਤਾਪਮਾਨ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ। ਆਪਣੇ ਸਫ਼ਰ ਤੋਂ ਬਾਅਦ ਇਸ ਪੁਲਾੜਯਾਨ ਨੂੰ ਧਰਤੀ ਦਾ ਖਿੱਚ ਬਲ ਹੇਠਾਂ ਵੱਲ ਲੈ ਕੇ ਆਏਗਾ। ਕੈਪਸਿਊਲ ਦੀ ਰਫ਼ਤਾਰ ਘੱਟ ਕਰਨ ਲਈ ਦੋ ਪੂਰਾਸ਼ੂਟ ਇਸ ਦੀ ਮਦਦ ਕਰਨਗੇ, ਜੋ ਕਿ 25000 ਫੁੱਟ ਦੀ ਉਚਾਈ ਤੋਂ ਹੀ ਇਸ ਦੀ ਚਾਲ ਘੱਟ ਕਰ ਕੇ 500 ਕਿਲੋਮੀਟਰ ਪ੍ਰਤੀ ਘੰਟਾ ਕਰ ਦੇਣਗੇ। 9500 ਫੁੱਟ ਦੀ ਉਚਾਈ 'ਤੇ ਪਹੁੰਚਣ 'ਤੇ ਤਿੰਨ ਹੋਰ ਪੈਰਾਸ਼ੂਟ ਇਸ ਰਫਤਾਰ ਨੂੰ 27 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਕਰ ਦੇਣਗੇ। 10 ਦਿਨਾਂ ਦੀ ਯਾਤਰਾ ਤੋਂ ਬਾਅਦ ਓਰੀਅਨ ਕੈਪਸਿਊਲ ਨੂੰ ਨਾਸਾ ਦੇ ਵਿਗਿਆਨੀਆਂ ਵਲੋਂ ਕੈਲੀਫੋਰਨੀਆ ਨੇੜੇ ਸਾਨ ਡੀਗੋ ਸ਼ਹਿਰ ਨੇੜੇ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਵਿਚ ਉਤਾਰਿਆ ਜਾਏਗਾ। ਮਿਸ਼ਨ ਦੌਰਾਨ ਕੁਝ ਤਜਰਬੇ ਕੀਤੇ ਜਾਣਗੇ ਜਿਵੇਂ ਕਿ ਦੂਰ ਪੁਲਾੜ ਵਿਚ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗ ਕਿਵੇਂ ਵਿਹਾਰ ਕਰਦੇ ਹਨ। ਵਿਗਿਆਨੀ ਆਪਣੇ ਖੂਨ ਅਤੇ ਥੁੱਕ ਦੇ ਸੈਂਪਲ ਲੈ ਕੇ ਟੈਸਟ ਕਰਨਗੇ ਕਿ ਉਨ੍ਹਾਂ ਦੀਆਂ ਦਿਲ ਦੀ ਪ੍ਰਣਾਲੀਆਂ ਵਿਚ, ਰੋਗ ਰੱਖਿਅਕ ਪ੍ਰਣਾਲੀ ਵਿਚ ਅਤੇ ਸਮੁੱਚੀ ਸਿਹਤ ਉੱਤੇ ਪੁਲਾੜੀ ਵਾਤਾਵਰਨ ਦੇ ਪੈਣ ਵਾਲੇ ਅਸਰ ਦਾ ਪਤਾ ਲਗਾਇਆ ਜਾਏਗਾ।
ਆਰਟੇਮਿਸ 2 ਮਿਸ਼ਨ ਦੇ ਮਨੁੱਖੀ ਨਸਲ ਨੂੰ ਹੋਣ ਵਾਲੇ ਫਾਇਦੇ: ਮੌਜੂਦਾ ਮਿਸ਼ਨ ਦੇ ਵਿਗਿਆਨੀਆਂ ਤੋਂ ਇਲਾਵਾ ਮਨੁੱਖੀ ਨਸਲ ਨੂੰ ਕਈ ਫ਼ਾਇਦੇ ਹੋਣਗੇੇ ਜਿਵੇਂ ਕਿ ਯਾਤਰੀ ਦੂਰ-ਦੁਰੇਡੇ ਦੇ ਪੁਲਾੜ ਦੀਆਂ ਕਿਰਨਾਂ ਦੇ ਮਨੁੱਖੀ ਸਰੀਰ ਦੇ ਸੈੱਲਾਂ ਉੱਤੇ ਪੈਂਦੇ ਪ੍ਰਭਾਵਾਂ ਦਾ ਅਧਿਐਨ ਕਰਨਗੇ। ਇਸ ਨਾਲ ਸਾਡੀਆਂ ਹੱਡੀਆਂ ਦੀ ਘਣਤਾ ਉੱਤੇ ਕੀਤੇ ਤਜਰਬਿਆਂ ਦੇ ਆਧਾਰ ਤੇ ਮਨੁੱਖੀ ਬਿਮਾਰੀਆਂ ਦੀ ਪਛਾਣ ਕਰਨੀ ਅਤੇ ਉਨ੍ਹਾਂ ਦਾ ਇਲਾਜ ਕਰਨਾ ਸੌਖਾ ਹੋਏਗਾ। ਦੂਜਾ, ਇਸ ਮਿਸ਼ਨ ਨਾਲ ਉੱਚ ਤਕਨੀਕੀ ਵਸਤਾਂ ਦੇ ਉਤਪਾਦਨ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਵਿਗਿਆਨ ਦੇ ਖੇਤਰ ਵਿਚ ਜ਼ਿਆਦਾ ਨੌਕਰੀਆਂ ਨਿਕਲਣਗੀਆਂ। ਇਸੇ ਤਰ੍ਹਾਂ ਮਿਸ਼ਨ ਦੌਰਾਨ ਪਾਣੀ ਦੀ ਸ਼ੁੱਧਤਾ ਲਈ ਵਰਤੀ ਜਾਂਦੀ ਉੱਚ ਤਕਨੀਕ, ਹਵਾ ਨੂੰ ਸਾਫ਼-ਸੁਥਰਾ ਬਣਾਉਣ ਲਈ ਅਪਣਾਈਆਂ ਗਈਆਂ ਵਿਧੀਆਂ ਅਤੇ ਅਡਵਾਂਸ ਮਸਨੂਈ ਬੁੱਧੀ ਅਤੇ ਵਧੀਆ ਤਰੀਕੇ ਨਾਲ ਬਿਜਲੀ ਦੀ ਕੀਤੀ ਗਈ ਪੂਰਤੀ ਨੇੜੇ ਦੇ ਭਵਿੱਖ ਵਿਚ ਆਮ ਲੋਕਾਂ ਲਈ ਵਰਤੀਆਂ ਜਾਣਗੀਆਂ। ਅਜਿਹੇ ਇਤਿਹਾਸਕ ਮਿਸ਼ਨ ਵਿਗਿਆਨ, ਤਕਨਾਲੋਜੀ ਅਤੇ ਹਿਸਾਬ ਵਿਸ਼ਿਆਂ ਵਿਚ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ, ਜੋ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਤਰੱਕੀ ਦੇ ਰਾਹ ਖੋਲ੍ਹਦੇ ਹਨ। ਚੰਦਰਮਾ ਅਤੇ ਮੰਗਲ ਗ੍ਰਹਿ ਦੀਆਂ ਖੋਜਾਂ ਮਨੁੱਖ ਦੇ ਭਵਿੱਖ ਲਈ ਵਾਧੂ ਭੌਤਿਕ ਅਤੇ ਤਕਨੀਕੀ ਸਾਧਨ ਪੈਦਾ ਕਰਨ ਦਾ ਜ਼ਰੀਆ ਬਣਦੀਆਂ ਹਨ। ਮਿਸ਼ਨ 'ਤੇ ਜਾਣ ਵਾਲੇ ਵੱਖ ਵੱਖ ਵਰਗ ਨਾਲ ਸਬੰਧ ਰੱਖਦੇ ਵਿਗਿਆਨੀ ਮਨੁੱਖੀ ਭਾਈਚਾਰੇ ਵਿਚ ਆਪਸੀ ਸਹਿਯੋਗ ਅਤੇ ਭਾਈਚਾਰੇ ਲਈ ਮਿਸਾਲ ਪੈਦਾ ਕਰਦੇ ਹਨ।
'ਆਰਟੇਮਿਸ 2' ਮਿਸ਼ਨ ਦੇ ਕੁਝ ਦਿਲਚਸਪ ਤੱਥ: ਮਿਸ਼ਨ ਵਿਚ ਵਰਤਿਆ ਜਾਣ ਵਾਲਾ ਆਰਟੇਮਿਸ ਰਾਕੇਟ 322 ਫੁੱਟ ਉੱਚਾ ਭਾਵ ਕਿ 32 ਮੰਜਿਲਾ ਇਮਾਰਤ ਦੇ ਬਰਾਬਰ ਹੈ। ਪੁਲਾੜ ਯਾਤਰੀਆਂ ਨੇ ਉਡਾਣ ਭਰਨ ਤੋਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਹੱਥਾਂ ਨਾਲ ਦਿਲ ਦਾ ਚਿੰਨ੍ਹ ਬਣਾ ਕੇ ਅਲਵਿਦਾ ਕਿਹਾ ਸੀ। ਸਮੁੱਚੀ ਪੁਲਾੜ-ਯਾਤਰਾ ਦੌਰਾਨ ਯਾਤਰੀ 10 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਣਗੇ। ਇਕ ਦਿਲਚਸਪ ਗੱਲ ਇਹ ਹੈ ਕਿ ਜਿੱਥੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ ਵਿਚ (9SS) ਯਾਤਰੀ ਆਪਣੇ ਪਿਸ਼ਾਬ ਨੂੰ ਮੁੜ ਪੀਣ ਵਾਲੇ ਪਾਣੀ ਵਿਚ ਬਦਲ ਕੇ ਵਰਤਦੇ ਹਨ, ਉੱਥੇ ਹੀ ਆਰਟੇਮਿਸ 2 ਵਿਚ ਉਨ੍ਹਾਂ ਦੇ ਪਿਸ਼ਾਬ ਨੂੰ ਖਲਾਅ ਵਿਚ ਹੀ ਸੁੱਟ ਦਿੱਤਾ ਜਾਏਗਾ ਅਤੇ ਸਰੀਰਕ ਮੈਲੇ ਨੂੰ ਧਰਤੀ 'ਤੇ ਵਾਪਸ ਪਰਤਣ 'ਤੇ ਟਿਕਾਣੇ ਲਗਾਇਆ ਜਾਏਗਾ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਵਿਚ ਯਾਤਰੀ ਪੀਣ ਲਈ ਆਪਣਾ ਪਾਣੀ ਨਾਲ ਲੈ ਕੇ ਗਏ ਹਨ। ਮਿਸ਼ਨ ਦਾ ਕੈਪਸਿਊਲ ਚੰਦਰਮਾ ਲਾਗਿਓਂ ਲੰਘੇਗਾ ਅਤੇ ਇਸ ਤੋਂ 6400 ਕਿਲੋਮੀਟਰ ਦੂਰ ਜਾਂਦਾ ਹੋਇਆ ਯੂ ਟਰਨ ਲਏਗਾ ਅਤੇ ਸਿੱਧੇ ਹੀ ਪ੍ਰਸ਼ਾਂਤ ਮਹਾਸਾਗਰ ਵਿਚ ਉੱਤਰ ਜਾਏਗਾ। ਇਸ ਦੇ ਨਾਲ ਹੀ ਇਹ ਪੁਲਾੜ ਯਾਤਰੀ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰ ਜਾਣ ਵਾਲੇ ਵਿਗਿਆਨੀ ਬਣ ਜਾਣਗੇ। ਪੁਲਾੜਯਾਨ ਨੂੰ ਮਨੁੱਖ ਦੁਆਰਾ ਚਲਾਏ ਜਾਣ ਅਤੇ ਸਵੈਚਾਲਿਤ ਭਾਵ ਕਿ ਦੋਵਾਂ ਤਰੀਕਿਆਂ ਨਾਲ ਚੱਲਣ ਲਈ ਤਿਆਰ ਕੀਤਾ ਗਿਆ ਹੈ। ਮਿਸ਼ਨ ਦੇ ਯਾਤਰੀ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਧੁਰੇ ਨੂੰ ਦੇਖਣ ਵਾਲੇ ਮਨੁੱਖ ਹੋਣਗੇ। ਉਨ੍ਹਾਂ ਨੂੰ ਚੰਦਰਮਾ ਆਪਣੇ ਹੱਥ ਵਿਚ ਫੜੇ ਗਏ ਅਤੇ ਇਕ ਬਾਂਹ ਦੀ ਦੂਰੀ 'ਤੇ ਪਏ ਇਕ ਬਾਸਕਿਟਬਾਲ ਦੀ ਤਰ੍ਹਾਂ ਨਜ਼ਰ ਆਏਗਾ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842 20595