ਚਿੱਠੀ ਦਾ ਭਾਵ ਹੈ ਲਿਖਤੀ ਸੁਨੇਹਾ/ਸੰਦੇਸ਼। ਚਿੱਠੀ ਸ਼ਬਦਾਂ ਰਾਹੀਂ ਚਿੱਤਰੀ ਗੱਲਬਾਤ ਹੁੰਦੀ ਹੈ। ਪੁਰਾਣੇ ਸਮੇਂ ਵਿਚ ਚਿੱਠੀਆਂ ਕਿਸੇ ਵਿਅਕਤੀ ਰਾਹੀਂ ਦੂਜੇ ਵਿਅਕਤੀ ਤੱਕ ਭੇਜੀਆਂ ਜਾਂਦੀਆਂ ਸਨ ਜਿਸ ਨੂੰ 'ਕਾਸਦ' ਕਿਹਾ ਜਾਂਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਚਿੱਠੀ ਲਿਖ ਕੇ ਕਬੂਤਰ ਦੇ ਪੈਰਾਂ ਨਾਲ ਟੰਗ ਕੇ ਵੀ ਭੇਜੀ ਜਾ ਸਕਦੀ ਸੀ ਤੇ ਇਹ ਨਿਸ਼ਚਿਤ ਟਿਕਾਣੇ ਤੇ ਪਹੁੰਚਾ ਦਿੰਦਾ ਸੀ ਜਾਂ ਨਹੀਂ, ਇਸ ਵਿਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਕੋਈ ਬਹੁਤੇ ਪ੍ਰਮਾਣ ਨਹੀਂ। ਫਿਰ ਘੋੜ ਸਵਾਰ ਡਾਕ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੇ ਸਨ। ਮੱਧਕਾਲੀ ਦੌਰ ਵਿਚ ਬਾਦਸ਼ਾਹਾਂ ਅਤੇ ਰਾਜਿਆਂ ਨੇ ਪੈਗਾਮ ਪਹੁੰਚਾਉਣ ਲਈ ਘੋੜਸਵਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਕੁਝ ਸਮਾਜਾਂ ਵਿਚ ਕਬੂਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੰਦੇਸ਼ ਭੇਜਣ ਲਈ। ਇਹ ਰਵਾਇਤ ਮੱਧਕਾਲ ਦੇ ਯੁੱਧ ਸਮੇਂ ਖਾਸ ਤੌਰ 'ਤੇ ਮਸ਼ਹੂਰ ਸੀ। ਭਾਰਤ ਵਿਚ ਆਧੁਨਿਕ ਪੋਸਟਲ ਸਿਸਟਮ ਦੀ ਸ਼ੁਰੂਆਤ ਅੰਗਰੇਜ਼ੀ ਰਾਜ ਦੇ ਸਮੇਂ ਹੋਈ। 1774 ਈ. ਵਿਚ ਵਾਰਨਹੇਸਟਿੰਗ ਨੇ ਕੋਲਕਾਤਾ ਵਿਚ ਪੋਸਟ ਆਫਿਸ ਦੀ ਸਥਾਪਨਾ ਕੀਤੀ। 1854 ਈ. ਵਿਚ ਇੰਡੀਅਨ ਪੋਸਟ ਆਫਿਸ ਐਕਟ ਪਾਸ ਹੋਣ ਤੋਂ ਬਾਅਦ ਪੂਰੇ ਭਾਰਤ ਵਿਚ ਪੋਸਟ ਸੇਵਾਵਾਂ ਵਿਆਪਕ ਹੋ ਗਈਆਂ।
ਫਿਰ ਡਾਕ ਵਿਭਾਗ ਦੇ ਆਉਣ ਨਾਲ ਚਿੱਠੀਆਂ ਪਹੁੰਚਾਈਆਂ ਜਾਣੀਆਂ ਸ਼ੁਰੂ ਹੋਈਆਂ। ਚਿੱਠੀਆਂ ਦੇ ਇਤਿਹਾਸਿਕ ਪ੍ਰਮਾਣ ਵੀ ਹਨ। ਜਿਨ੍ਹਾਂ ਰਾਹੀਂ ਰਾਜੇ ਦੂਜੇ ਰਾਜਿਆਂ ਤੱਕ ਸੁਨੇਹਾ ਪਹੁੰਚਾਉਣ ਲਈ ਆਪਣਾ ਰਾਜਦੂਤ ਭੇਜਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰੰਗਜ਼ੇਬ ਨੂੰ ਉਸਦੇ ਕੀਤੇ ਜ਼ੁਲਮ ਸੰਬੰਧੀ ਉਸਦੀ ਰੂਹ ਨੂੰ ਝੰਜੋੜਨ ਵਾਲੀ ਇਕ ਚਿੱਠੀ ਲਿਖੀ ਜਿਸ ਨੂੰ 'ਜ਼ਫਰਨਾਮਾ' ਕਿਹਾ ਗਿਆ ਜੋ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਤੱਕ ਪੁੱਜਦਾ ਕੀਤਾ ਗਿਆ ਸੀ। ਜ਼ਿੰਦਗੀ ਦੇ ਆਖਰੀ ਵਰ੍ਹਿਆਂ 'ਚ ਔਰੰਗਜ਼ੇਬ ਨੇ 'ਸ਼ਿਕਸਤਨਾਮਾ' ਹੇਠ ਇਕ ਚਿੱਠੀ ਲਿਖੀ ਜਿਸ ਵਿਚ ਆਤਮ ਚਿੰਤਨ ਕੀਤਾ ਗਿਆ ਸੀ। ਚਿੱਠੀਆਂ ਵਧੀਆ ਸੁਲਝੀ ਸੁਘੜ ਭਾਸ਼ਾ ਵਿਚ ਵੀ ਹੋ ਸਕਦੀਆਂ ਹਨ। ਉਰਦੂ ਵਿਚ ਮਿਰਜ਼ਾ ਗਾਲਿਬ ਦੀਆਂ ਚਿੱਠੀਆਂ ਜਾਂ ਖਤੂਤ ਚੰਗੇ ਨਮੂਨੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਨੂੰ ਵੀ ਰਾਗ ਮਾਝ ਵਿਚ
ਮੇਰਾ ਮਨ ਲੋਚੇ ਗੁਰਦਰਸ਼ਨ ਤਾਈ॥
ਸ਼ਬਦ ਵਿਚ ਚਿੱਠੀ ਵਾਂਗ ਸ਼ਰਧਾ ਅਤੇ ਬਿਰਹਾ ਭਾਵ ਵਿਅਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਸਿੱਖ ਇਤਿਹਾਸ ਵਿਚ ਬਹੁਤ ਮਹੱਤਵ ਹੈ। ਲੋਕ ਸਾਹਿਤ ਵਿਚ ਵੀ ਚਿੱਠੀ ਦੀ ਖਾਸੀ ਮਹੱਤਤਾ ਹੈ
ਕੋਠੇ ਤੇ ਕਾਂ ਬੋਲੇ ਚਿੱਠੀ ਆਈ ਮਾਹੀਏ ਦੀ
ਵਿਚ ਮੇਰਾ ਨਾਂ ਬੋਲੇ ਵੇ।
***
ਜਾਂਦਾ ਹੋਇਆ ਦੱਸ ਨਾ ਗਿਆ
ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ।
ਚਿੱਠੀ ਨਾਲ ਜੁੜੇ ਲੋਕ-ਗੀਤ ਪਿਆਰ, ਵਿਛੋੜੇ ਅਤੇ ਯਾਦਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹਨ। ਇਹ ਗੀਤ ਪੰਜਾਬੀ ਲੋਕਧਾਰਾ ਨੂੰ ਰੰਗਤ ਦਿੰਦੇ ਹਨ ਅਤੇ ਪਿਛੋਕੜ ਦੀ ਮਿੱਟੀ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਫਿਰ ਬੁਝਾਰਤਾਂ ਵਿਚ ਵੀ ਚਿੱਠੀ ਦਾ ਜ਼ਿਕਰ ਹੈ:
ਚਿੱਟੀ ਕੁਕੜੀ ਨੀਲੇ ਪੈਰ
ਚੱਲ ਮੇਰੀ ਕੁਕੜੀ ਸ਼ਹਿਰੋ ਸ਼ਹਿਰ
ਵੇਖਿਆ ਜਾ ਸਕਦਾ ਹੈ।
ਅਨਪੜ੍ਹ ਔਰਤਾਂ ਆਪਣੇ ਪਰਦੇਸੀ ਜਾਂ ਫੌਜੀ ਪਤੀ ਦੀ ਨੂੰ ਚਿੱਠੀ ਲਿਖ ਕੇ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ ਸਨ ਤੇ ਡਾਕੀਏ ਨੂੰ ਚਿੱਠੀ ਲਿਖਣ ਲਈ ਕਹਿੰਦੀਆਂ ਸਨ। 'ਚਿੱਠੀ ਲਿਖ ਵੇ ਡਾਕੀਆ ਮੇਰੀ, ਤੈਨੂੰ ਪੰਜ ਵੇ ਪਤਾਸੇ ਮੈਂ ਦੇਵਾਂ' 'ਤੇ ਚਿੱਠੀ ਪ੍ਰਾਪਤ ਕਰਨ 'ਤੇ ਨਾਇਕਾ ਲਈ ਸਭ ਤੋਂ ਖੂਬਸੂਰਤ ਪਲ ਹੁੰਦਾ ਸੀ ਤੇ ਉਹ ਕਹਿੰਦੀ ਸੀ:
ਤੰਦੂਰੀ ਤਾਈ ਹੋਈ ਹੈ
ਖਸਮਾਂ ਨੂੰ ਖਾਣ ਰੋਟੀਆਂ
ਚਿੱਠੀ ਮਾਹੀਏ ਦੀ ਆਈ ਹੋਈ ਏ।
ਚਿੱਠੀਆਂ ਲਈ ਖੂਬਸੂਰਤ ਲੈਟਰ ਹੈੱਡ ਜਾਂ ਕਾਗਜ਼ ਵੀ ਹੁੰਦੇ ਸਨ। ਬਹੁਤਾ ਪਿਆਰ ਜਤਾਉਣ ਲਈ ਚਿੱਠੀ ਵਿਚ ਇਕ ਫੁੱਲ ਰੱਖ ਦਿੱਤਾ ਜਾਂਦਾ ਸੀ ਤਾਂ ਹੀ ਤਾਂ ਹਿੰਦੀ ਗਾਣੇ ਪ੍ਰਚੱਲਿਤ ਹਨ:
ਫੂਲ ਤੁਮੇ ਭੇਜਾ ਹੈ ਖਤ ਮੇਂ ਫੂਲ ਨਹੀਂ ਮੇਰਾ ਦਿਲ ਹੈ।
ਜਾਂ ਫਿਰ ਡਾਕੀਏ ਨੂੰ ਵੀ ਕਿਹਾ ਜਾਂਦਾ ਹੈ:
ਖਤ ਲਿਖਦੇ ਸੰਵਰੀਆ ਕੇ ਨਾਮ ਬਾਬੂ।
ਚਿੱਠੀ ਆਧੁਨਿਕ ਸੰਚਾਰ ਸਾਧਨਾਂ ਦੀ ਹੋਂਦ ਵਿਚ ਦੂਰ ਵੱਸਦੇ ਆਪਣੇ ਪਿਆਰਿਆਂ ਨਾਲ ਆਪਸੀ ਸੰਪਰਕ ਪੈਦਾ ਕਰਨ ਦਾ ਮਹੱਤਵਪੂਰਨ ਜ਼ਰੀਆ ਸੀ ਤੇ ਸਾਹੇ ਚਿੱਠੀ ਵੀ ਇਕ ਮਹੱਤਵਪੂਰਨ ਚਿੱਠੀ ਹੈ ਜਿਸ ਦੇ ਵਿਚ ਵਿਆਹ ਦੀ ਤਰੀਕ ਨਿਸ਼ਚਿਤ ਕਰਕੇ ਲੜਕੀ ਦੇ ਮਾਪਿਆਂ ਵਲੋਂ ਵਰ ਦੇ ਘਰ ਤੱਕ ਭੇਜੀ ਜਾਂਦੀ ਹੈ। ਉਸ ਨੂੰ ਵੀ 'ਸਾਹੇ ਚਿੱਠੀ' ਕਿਹਾ ਜਾਂਦਾ ਹੈ। ਚਿੱਠੀਆਂ ਵਿਚ ਸਭ ਤੋਂ ਮਹੱਤਵਪੂਰਨ ਹੈ ਆਪਣੇ ਪਿਆਰਿਆਂ ਨੂੰ ਲਿਖਿਆ ਗਿਆ ਪੱਤਰ। ਪ੍ਰੇਮੀ ਪ੍ਰੇਮਿਕਾ ਵਲੋਂ ਲਿਖੇ ਗਏ ਪੱਤਰ ਜਿੱਥੇ ਰੋਮਾਂਟਿਕ ਹੁੰਦੇ ਹਨ, ਉੱਥੇ ਆਪਣੇ ਆਉਣ ਵਾਲੇ ਜੀਵਨ ਦੀ ਕਲਪਨਾ ਨਾਲ ਵੀ ਜੁੜੇ ਹੁੰਦੇ ਸਨ। ਬਾਪ ਵਲੋਂ ਧੀ ਜਾਂ ਪੁੱਤ ਨੂੰ ਲਿਖਿਆ ਪੱਤਰ ਸੁਝਾਅ ਤੇ ਜ਼ਿੰਮੇਵਾਰੀਆਂ ਤੇ ਜੀਵਨ ਦੀਆਂ ਰਾਹਾਂ ਰੌਸ਼ਨ ਕਰਨ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਭੈਣ ਵਲੋਂ ਭਰਾ ਨੂੰ ਜਾਂ ਭਰਾ ਵੱਲੋਂ ਭੈਣ ਨੂੰ ਲਿਖੀ ਗਈ ਚਿੱਠੀ ਵੀ ਆਪਸੀ ਮੋਹ ਦਾ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਚਿੱਠੀ ਲਿਖਣ ਵੇਲੇ ਮਨੁੱਖ ਦੇ ਜਜ਼ਬਾਤ ਕਾਗਜ਼ 'ਤੇ ਉੱਤਰ ਆਉਂਦੇ ਸਨ ਤੇ ਪੈੱਨ ਜਾਂ ਪੈਨਸਿਲ ਨਾਲ ਲਿਖਦੇ-ਲਿਖਦੇ ਉਹ ਇਕ ਵੱਖਰੀ ਦੁਨੀਆ 'ਚ ਗੁਆਚ ਜਾਂਦਾ ਸੀ। ਜਿੱਥੇ ਉਹ ਜਿਸ ਰਿਸ਼ਤੇ ਨੂੰ ਮੁਖਾਤਬ ਹੋ ਕੇ ਪੱਤਰ ਲਿਖ ਰਿਹਾ ਹੁੰਦਾ ਸੀ, ਉਸ ਰਿਸ਼ਤੇ ਪ੍ਰਤੀ ਉਸ ਦੀਆਂ ਭਾਵਨਾਵਾਂ ਆਪਣੇ ਆਪ ਹੀ ਚਿੱਠੀ ਵਿਚ ਅੱਖਰਾਂ ਰਾਹੀਂ ਬਿਆਨ ਹੋ ਜਾਂਦੀਆਂ ਸਨ। ਚਿੱਠੀ ਕਦੇ ਵੀ ਗੁੱਸੇ ਜਾਂ ਦੁੱਖ ਵਿਚ ਲਿਖੀ ਜਾਵੇ ਤਾਂ ਉਹ ਪੜ੍ਹਨ ਵਾਲੇ ਦੇ ਮਨ ਨੂੰ ਵੀ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਦਿੰਦੀ ਹੈ, ਇਸ ਲਈ ਚਿੱਠੀ ਲਿਖਣ ਲੱਗਿਆਂ ਪੁਰਾਣੇ ਸਮੇਂ ਵਿਚ ਮੂਡ ਅਤੇ ਸਮੇਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਸੀ ਵਿਸ਼ੇਸ਼ ਕਰਕੇ ਰਾਤ ਨੂੰ ਚਿੱਠੀ ਨਾ ਲਿਖਣਾ ਦਾ ਵਿਚਾਰ ਕੀਤਾ ਜਾਂਦਾ ਸੀ। ਚਿੱਠੀ ਲਿਖਣ ਅਤੇ ਚਿੱਠੀ ਪੜ੍ਹਨ ਵਾਲੇ ਦੋਹਾਂ ਦੇ ਵਿਚ ਇਕ ਅੱਖਰਾਂ ਦੀ ਸਾਂਝ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਜੋੜਦੀ ਸੀ।
ਚਿੱਠੀ ਤੋਂ ਵੀ ਤੇਜ਼ ਤੇ ਜਲਦੀ ਪਹੁੰਚਣ ਵਾਲਾ ਇਕ ਹੋਰ ਰੂਪ ਤਾਰ ਜਾਂ ਟੈਲੀਗਰਾਮ ਸੀ। ਪਰ ਤਾਰ ਜਾਂ ਟੈਲੀਗਰਾਮ ਆਉਣ ਨਾਲ ਘਬਰਾਹਟ ਹੋ ਜਾਂਦੀ ਸੀ ਕਿ ਪਤਾ ਨਹੀਂ ਕੇਹਾ ਸੁਨੇਹਾ ਆ ਗਿਆ ਹੋਵੇਗਾ। ਡਾਕੀਆ ਭਾਵੇਂ ਅੱਜ ਵੀ ਸਾਡੇ ਘਰਾਂ ਤੱਕ ਕੋਈ ਨਾ ਕੋਈ ਡਾਕ ਲੈ ਕੇ ਆਉਂਦਾ ਹੈ ਪਰ ਬਹੁਤੀ ਡਾਕ ਕਿਸੇ ਦਫ਼ਤਰੀ ਕੰਮਕਾਜ ਦੀ ਹੁੰਦੀ ਹੈ। ਨਿੱਜੀ ਖਤੋ-ਖਿਤਾਬਤ ਦਾ ਦੌਰ ਘਟਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਆਧੁਨਿਕ ਯੁੱਗ ਵਿਚ ਜਿਥੇ ਸੰਚਾਰ ਤੁਰੰਤ ਅਤੇ ਸੌਖਾ ਹੋ ਗਿਆ ਹੈ, ਉੱਥੇ ਚਿੱਠੀ ਦਾ ਮਹੱਤਵ ਅਜੇ ਵੀ ਅਦੁੱਤੀ ਹੈ। ਹਾਲਾਂਕਿ ਮੈਸੇਜਿੰਗ ਐਪਸ, ਈ-ਮੇਲ, ਅਤੇ ਸੋਸ਼ਲ ਮੀਡੀਆ ਨੇ ਸੰਚਾਰ ਦੇ ਰੂਪ ਨੂੰ ਬਦਲ ਦਿੱਤਾ ਹੈ, ਪਰ ਚਿੱਠੀ ਦਾ ਦਿਲ ਤੇ ਦਿਮਾਗ 'ਤੇ ਛੱਡਿਆ ਅਸਰ ਅਜੇ ਵੀ ਕਾਇਮ ਹੈ। ਚਿੱਠੀ ਦਾ ਇਹ ਅਹਿਸਾਸ ਭਾਵਨਾਤਮਿਕ ਅਤੇ ਸਾਂਝੀ ਜੜਤ ਨੂੰ ਅੱਜ ਵੀ ਵੱਖਰੇ ਢੰਗ ਨਾਲ ਦਰਸਾਉਂਦਾ ਹੈ। ਚਿੱਠੀਆਂ ਸਦਾ ਲਈ ਸੰਭਾਲੀਆਂ ਜਾ ਸਕਦੀਆਂ ਹਨ। ਇਹ ਪੁਰਾਣੀਆਂ ਯਾਦਾਂ ਨੂੰ ਜਿਊਂਦਾ ਰੱਖਣ ਦਾ ਸਾਧਨ ਹਨ।
ਜਦ ਤੁਸੀਂ ਕਈ ਸਾਲਾਂ ਬਾਅਦ ਚਿੱਠੀਆਂ ਨੂੰ ਪੜ੍ਹਦੇ ਹੋ ਤਾਂ ਉਹ ਪਿਛਲੇ ਰਿਸ਼ਤਿਆਂ ਅਤੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ। ਸੋਸ਼ਲ ਮੀਡੀਆ ਦੇ ਦੁਆਰਾ ਕੀਤੀ ਗਈ ਗੱਲਬਾਤ ਸਾਧਾਰਨ ਅਤੇ ਮਸ਼ੀਨੀ ਹੁੰਦੀ ਹੈ, ਜਦਕਿ ਚਿੱਠੀ ਵਿਚ ਲਿਖਣ ਵਾਲੇ ਦੀਆਂ ਭਾਵਨਾਵਾਂ ਅਤੇ ਹੱਥ ਲਿਖਾਈ ਦਿਸਦੀ ਹੈ। ਚਿੱਠੀ ਲਿਖਣ ਦਾ ਮਤਲਬ ਹੈ ਕਿ ਤੁਸੀਂ ਸਮਾਂ ਕੱਢ ਕੇ ਕਿਸੇ ਲਈ ਆਪਣੇ ਜਜ਼ਬਾਤ ਦਰਸਾ ਰਹੇ ਹੋ। ਜਦਕਿ ਸੋਸ਼ਲ ਮੀਡੀਆ ਦੁਆਰਾ ਗੱਲਬਾਤ ਜ਼ਿਆਦਾਤਰ ਉਤਸ਼ਾਹ ਤੇ ਪ੍ਰਦਰਸ਼ਨ ਦੇ ਆਧਾਰ 'ਤੇ ਹੁੰਦੀ ਹੈ, ਚਿੱਠੀ ਰਿਸ਼ਤਿਆਂ ਵਿਚ ਗਹਿਰਾਈ ਲਿਆਉਂਦੀ ਹੈ।
ਪ੍ਰੇਮ ਪੱਤਰ, ਪਰਿਵਾਰਕ ਚਿੱਠੀਆਂ ਜਾਂ ਦੋਸਤਾਂ ਨੂੰ ਲਿਖੀਆਂ ਚਿੱਠੀਆਂ ਰਿਸ਼ਤਿਆਂ ਨੂੰ ਬਿਹਤਰੀਨ ਬਣਾਉਂਦੀਆਂ ਹਨ।
ਆਧੁਨਿਕ ਸੰਚਾਰ ਸਾਧਨਾਂ ਦੀ ਹੋਂਦ ਨਾਲ ਦੂਰ ਵੱਸਦੇ ਆਪਣੇ ਪਿਆਰਿਆਂ ਨਾਲ ਆਪਸੀ ਸੰਪਰਕ ਪੈਦਾ ਕਰਨ ਦਾ ਮਹੱਤਵਪੂਰਨ ਜ਼ਰੀਆ ਚਿੱਠੀ ਹੈ। ਅੱਜ ਵੀ ਅਸੀਂ ਆਪਣੇ ਜਜ਼ਬੇ ਆਪਣੇ ਪਿਆਰਿਆਂ ਨਾਲ ਸਾਂਝੇ ਕਰਦੇ ਹਾਂ। ਪਰ ਚਿੱਠੀ ਦੀ ਥਾਂ ਸਾਡੇ ਫੋਨ ਸੁਨੇਹਿਆਂ ਨੇ ਮੱਲ ਲਈ ਹੈ। ਹੁਣ ਰਿਸ਼ਤਿਆਂ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਮੋਬਾਈਲ ਰਾਹੀਂ ਸੁਨੇਹੇ ਭੇਜ ਕੇ ਕਰਦੇ ਹਾਂ। ਆਧੁਨਿਕ ਤਕਨਾਲੋਜੀ ਨੇ ਚਿੱਠੀਆਂ ਨੂੰ ਦਫ਼ਤਰੀ ਲੋੜਾਂ ਤੱਕ ਸੀਮਤ ਕਰ ਦਿੱਤਾ ਹੈ। ਅੱਜ ਚਿੱਠੀ ਲਿਖਣ ਦੀ ਬਜਾਏ ਅਸੀਂ ਸੁਨੇਹੇ ਸੋਸ਼ਲ ਮੀਡੀਆ ਦੀ ਮਦਦ ਨਾਲ ਵਟਸਐਪ, ਟਵਿੱਟਰ ਤੇ ਜਾਂ ਫਿਰ ਫੇਸਬੁੱਕ ਰਾਹੀਂ ਇਕ ਦੂਜੇ ਨਾਲ ਸਾਂਝੇ ਕਰਦੇ ਹਾਂ। ਭਾਵੇਂ ਇਹ ਵੀ ਇਕ ਬਹੁਤ ਸੌਖਾ ਤੇ ਸਰਲ ਮਾਧਿਅਮ ਹੈ ਪਰ ਸ਼ਬਦਾਂ ਰਾਹੀਂ ਲਿਖੀ ਗਈ ਚਿੱਠੀ ਅੱਜ ਵੀ ਸਾਡੇ ਚੇਤਿਆਂ 'ਚ ਵੱਸਦੀ ਹੈ। ਖਾਸ ਕਰਕੇ ਉਸ ਯੁੱਗ ਦੀ ਪੈਦਾਵਾਰ ਸੀ ਚਿੱਠੀ ਜਦੋਂ ਸਾਡੇ ਹੱਥਾਂ ਵਿਚ ਫੋਨ ਨਹੀਂ ਸਨ ਜਾਂ ਸਾਡੇ ਕੋਲ ਅਜਿਹਾ ਕੋਈ ਮਾਧਿਅਮ ਨਹੀਂ ਸੀ ਜੋ ਸਾਨੂੰ ਇਕ-ਦੂਜੇ ਨਾਲ ਜੋੜਦਾ ਹੋਵੇ। ਇਸ ਲਈ ਕਿਸੇ ਗੀਤ ਵਿਚ ਠੀਕ ਹੀ ਕਿਹਾ ਹੈ:
'ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ
ਜਦੋਂ ਦਾ ਟੈਲੀਫੋਨ ਲੱਗਿਆ।'
ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ...
ਅਜੀਤ ਡੈਸਕ
05-04-2026