ਮਹਾਰਾਸ਼ਟਰ ਦੇ ਪੁਣੇ ਇਲਾਕੇ ਦੇ 45 ਸਾਲਾ ਸਾਧ ਬਾਬਾ ਅਸ਼ੋਕ ਕੁਮਾਰ ਖਾਰਾਤ ਕਈ ਬਦਨਾਮ ਪਾਖੰਡੀ ਸਾਧੂਆਂ ਤੋਂ ਕਿਤੇ ਅੱਗੇ ਨਿਕਲ ਗਿਆ ਹੈ। ਉਸ ਉੱਤੇ ਜਬਰ-ਜਨਾਹ ਦੇ 11 ਪਰਚੇ ਦਰਜ ਹੋ ਗਏ ਹਨ ਅਤੇ ਹਾਲੇ ਤੱਕ 100 ਦੇ ਕਰੀਬ ਹੋਰ ਸ਼ਿਕਾਇਤਾਂ ਆ ਗਈਆਂ ਹਨ ਤੇ ਇਨ੍ਹਾਂ ਦੀ ਗਿਣਤੀ ਹਾਲੇ ਵੀ ਵਧੀ ਹੀ ਜਾ ਰਹੀ ਹੈ। ਉਸ ਦੀ 'ਪ੍ਰੀਤ' ਦਾ ਨਾਂਅ ਹੈ ਰੂਪਾਲੀ ਕਰਾਂਕਰ, ਜੋ ਨਾ ਸਿਰਫ਼ ਬੀਜੇਪੀ ਦੀ ਇਕ ਸਿਰਕੱਢ ਨੇਤਾ ਹੈ, ਸਗੋਂ ਸੂਬਾ ਮਹਾਰਾਸ਼ਟਰ ਦੇ ਕਮਿਸ਼ਨ ਫਾਰ ਵਿਮਨ ਦੀ ਚੇਅਰਪਰਸਨ ਵੀ ਹੈ ਸੀ। ਹੁਣ ਉਸ ਦੀਆਂ ਬਾਬੇ ਖਾਰਾਤ ਨਾਲ ਬਹੁਤ ਸਾਰੀਆਂ ਅਸ਼ਲੀਲ ਵੀਡੀਓਜ਼ ਨਸ਼ਰ ਹੋਣ ਤੋਂ ਬਾਅਦ ਉਸ ਤੋਂ ਅਸਤੀਫ਼ਾ ਲਿਆ ਜਾ ਚੁੱਕਿਆ ਹੈ ਪ੍ਰੰਤੂ ਇਸ ਨਿਰਾਦਰੀ ਦਾ ਉਸ ਨੂੰ ਕੋਈ ਅਫ਼ਸੋਸ ਨਹੀਂ ਹੈ ਤੇ ਉਹ ਕਹਿੰਦੀ ਹੈ ਕਿ ਕਿਸੇ ਦਾ ਗੁਰੂ ਜੇ ਉਸ ਨੂੰ ਕੁਝ ਵੀ ਕਰਨ ਦਾ ਹੁਕਮ ਕਰੇ ਤਾਂ ਸ਼ਰਧਾ ਵੱਸ, ਅਜਿਹਾ ਹੁਕਮ, ਬੇਝਿਜਕ ਹੋ ਕੇ ਮੰਨ ਲੈਣਾ ਚਾਹੀਦਾ ਹੈ, ਚਾਹੇ ਅਜਿਹਾ ਕਰਦਿਆਂ ਕਿੰਨਾ ਵੀ ਦੁੱਖ ਹੋਵੇ ਜਾਂ ਬਦਨਾਮੀ। ਪ੍ਰੰਤੂ ਦਿਲਚਸਪ ਗੱਲ ਤਾਂ ਇਹ ਹੈ ਕਿ ਅਜਿਹਾ ਕਰਨ ਤੇ ਕਹਿਣ ਵਾਲੀ ਉਹ ਇਕੱਲੀ ਨਹੀਂ ਹੈ, ਹੋਰ ਵੀ ਬਹੁਤ ਨੇ ਜੋ ਸਮਾਜ ਵਿਚ ਉਸ ਜਿੰਨੀਆਂ ਹੀ ਕੱਦਾਵਰ ਹਨ ਅਤੇ ਸਰਕਾਰ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਵੀ ਹਨ।
ਕੈਪਟਨ ਦੇ ਨਾਂਅ ਨਾਲ ਮਸ਼ਹੂਰ ਇਹ ਕਰਮ-ਕਾਂਡੀ ਜੋਤਿਸ਼ੀ ਸੰਨ 1965 ਵਿਚ ਮਹਾਰਾਸ਼ਟਰ ਦੇ ਸੁਰੀਨਾਮ ਤਾਅਲੁੱਕ ਦੇ ਪਿੰਡ ਖੰਡਾਲਵਾੜੀ ਵਿਚ ਇਕ ਗ਼ਰੀਬ ਕਿਸਾਨ ਦੇ ਘਰ ਪੈਦਾ ਹੋਇਆ ਅਤੇ ਬਾਲਪਨ ਤੋਂ ਹੀ ਸ਼ਰਾਰਤੀ ਅਤੇ ਛੋਟਾ ਮੋਟਾ ਚੋਰ ਸੀ। ਉਹ ਸਕੂਲ ਵਿਚੋਂ ਦਸਵੀਂ ਪਾਸ ਨਾ ਕਰ ਸਕਿਆ ਤੇ ਛੇਤੀ ਹੀ ਪਿੰਡੋਂ ਗ਼ਾਇਬ ਹੋ ਗਿਆ ਅਤੇ ਵਾਪਸ ਗੇੜਾ ਮਾਰਨ ਸਿਰਫ਼ 2007-08 ਵਿਚ ਹੀ ਆਇਆ ਤੇ ਉਹ ਵੀ ਬੱਸ ਕੁਝ ਕੁ ਘੰਟਿਆਂ ਵਾਸਤੇ ਹੀ। ਕਿਉਂਕਿ ਉਦੋਂ ਤੱਕ ਉਹ ਨੇੜਲੇ ਪਿੰਡ ਮੀਰਗਾਓਂ ਵਿਚ ਇਕ ਈਸ਼ਨੇਸ਼ਵਰ ਨਾਲੋਂ ਦਾ ਮੰਦਰ ਬਣਾ ਚੁੱਕਿਆ ਸੀ। ਉਹ ਦੱਸਦਾ ਹੈ ਕਿ ਘਰੋਂ ਦੌੜ ਕੇ ਉਹ ਕਿਵੇਂ ਨਾ ਕਿਵੇਂ ਕਰਦਾ ਕਰਾਉਂਦਾ ਸਿੰਗਾਪੁਰ ਅਤੇ ਹਾਂਗਕਾਂਗ ਚਲਿਆ ਗਿਆ ਸੀ ਤੇ ਉੱਥੇ ਨੇਵੀ ਵਿਚ ਭਰਤੀ ਹੋ ਕੇ ਸ਼ਿਪ ਕਪਤਾਨ ਬਣ ਗਿਆ ਸੀ। ਪਰ ਉਹ ਕਿਹੜੀ ਨੇਵੀ ਵਿਚ, ਕਦੋਂ ਕਪਤਾਨ ਬਣਿਆ? ਇਹ ਰਾਜ਼ ਮੋਦੀ ਸਾਹਿਬ ਦੀ ਡਿਗਰੀ ਅਤੇ ਕਾਲਜ ਦੇ ਬਰਾਬਰ ਦਾ ਹੀ ਹੈ ਜੋ ਕਿਸੇ ਨੂੰ ਪਤਾ ਨਹੀਂ ਹੈ। ਮੀਰ ਗਾਓਂ ਤੋਂ ਪਹਿਲਾਂ ਉਹ ਪੁਣੇ ਸ਼ਹਿਰ ਵਿਖੇ ਜਾਇਦਾਦ ਖਰੀਦ-ਵੇਚ ਦਾ ਕੰਮ ਵੀ ਕਰਦਾ ਰਿਹਾ ਸੀ ਜਿੱਥੇ ਉਹ ਗਾਹਕਾਂ ਨੂੰ ਵਿੱਤੀ ਸਲਾਹ ਦੇਣ ਦੇ ਨਾਲ-ਨਾਲ ਭਵਿੱਖਬਾਣੀ ਅਤੇ ਮੁਨਾਫ਼ਾ ਲੈਣ ਲਈ ਜੰਤਰ-ਮੰਤਰ ਵੀ ਕਰ ਦਿੰਦਾ ਸੀ ਤੇ ਲੋਕ ਕਹਿੰਦੇ ਹਨ ਕਿ ਬਹੁਤ ਵੇਰ ਉਸ ਦੀ ਦੱਸੀ ਭਵਿੱਖਬਾਣੀ ਸਹੀ ਵੀ ਹੋ ਜਾਂਦੀ ਸੀ ਤੇ ਗ੍ਰਾਹਕ ਨੂੰ ਫਾਇਦਾ ਵੀ ਹੋ ਜਾਂਦਾ ਸੀ। ਸਮਾਂ ਪੈ ਕੇ ਲੋਕਾਂ ਦਾ ਉਸ ਉੱਤੇ ਵਿਸ਼ਵਾਸ ਬਣਨ ਲੱਗ ਪਿਆ ਤੇ ਉਸ ਨੇ ਪ੍ਰਾਪਰਟੀ ਦਾ ਕੰਮ ਛੱਡ ਕੇ ਮੰਦਰ ਹੀ ਬਣਾ ਲਿਆ ਤੇ ਗੁਰੂਗਿਰੀ ਨੂੰ ਪੇਸ਼ਾ ਬਣਾ ਲਿਆ।
ਮੰਦਰ ਮਹੰਤੀ ਦੇ ਨਾਲ ਹੀ ਉਸ ਨੇ ਸਮਾਜ ਸੇਵਾ ਦਾ ਕੰਮ ਵੀ ਵਿੱਢ ਲਿਆ ਤੇ ਸਰਕਾਰੇ-ਦਰਬਾਰੇ ਪੈਂਠ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਆਸਰੇ ਉਸ ਨੇ ਵੱਡੀਆਂ-ਵੱਡੀਆਂ ਦਾਨ ਰਾਸ਼ੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਇਨ੍ਹਾਂ ਵਿਚੋਂ ਹੀ ਉਸ ਨੇ ਆਪਣੇ ਮੰਦਰ ਦੇ ਨਾਲ ਹੀ ਇਕ ਵੱਡਾ ਫ਼ਾਰਮ, ਕਾਫ਼ੀ ਸ਼ਹਿਰੀ ਜਾਇਦਾਦ ਅਤੇ ਵਧੀਆ ਗੱਡੀਆਂ ਖਰੀਦ ਲਈਆਂ। ਇਸ ਤਰ੍ਹਾਂ ਉਹ ਵੱਡਾ ਆਦਮੀ ਬਣ ਗਿਆ ਸੀ ਤੇ ਉਸ ਦੀ ਸ਼ਖ਼ਸੀਅਤ ਦੀ ਕਸ਼ਿਸ਼ ਕਾਰਨ ਉਸ ਨੂੰ ਮੰਨਣ ਵਾਲਿਆਂ ਵਿਚ ਔਰਤਾਂ ਦੀ ਗਿਣਤੀ ਵਧਣ ਲੱਗ ਪਈ ਸੀ। ਜਿਸ ਔਰਤ ਉੱਤੇ ਵੀ ਉਸ ਦੀ ਨਜ਼ਰ ਬੇਈਮਾਨ ਹੋ ਜਾਂਦੀ, ਉਹ ਉਸ ਨੂੰ ਸਫ਼ਲਤਾਪੂਰਵਕ ਜਚਾ ਦਿੰਦਾ ਕਿ ਉਸ ਔਰਤ ਅੰਦਰ ਕੁਝ ਮਾਰੂ ਸ਼ਕਤੀਆਂ ਪ੍ਰਵੇਸ਼ ਕਰ ਗਈਆਂ ਹਨ ਜਿਨ੍ਹਾਂ ਨੂੰ ਕੱਢਣ ਲਈ ਵਿਸ਼ੇਸ਼ ਰਸਮਾਂ-ਰੀਤਾਂ ਕਰਨ ਦੀ ਲੋੜ ਹੈ। ਇਸ ਕੰਮ ਲਈ ਉਹ ਅਜਿਹੀ ਔਰਤ ਨੂੰ ਵਿਸ਼ੇਸ਼ ਇਲਾਜ ਵਾਸਤੇ ਇਕ ਖਾਸ ਹਨੇਰੇ ਕਮਰੇ ਵਿਚ ਲੈ ਜਾਂਦਾ ਅਤੇ ਜਾਣ ਤੋਂ ਪਹਿਲਾਂ ਇਕ ਖਾਸ ਸੰਕੇਤਕ ਸ਼ਬਦ ਵਰਤਦਾ ਜਿਸ ਨੂੰ ਸਮਝ ਕੇ ਉਸ ਦੇ ਚੇਲੇ-ਬਾਲਕੇ ਦਰਬਾਰ ਖਾਲੀ ਕਰਵਾ ਦਿੰਦੇ ਅਤੇ ਉੱਥੇ ਕਿਸੇ ਦਾ ਵੀ ਦਾਖਲਾ ਬੰਦ ਕਰ ਦਿੰਦੇ। ਉਸ ਦੀਆਂ ਸ਼ਿਕਾਰ ਔਰਤਾਂ ਦੱਸਦੀਆਂ ਹਨ ਕਿ ਅੰਦਰ ਜਾਣ ਤੋਂ ਪਹਿਲਾਂ ਉਹ ਇਕ ਖਾਰੇ ਪਾਣੀ ਦਾ ਪ੍ਰਸ਼ਾਦ ਪਿਆ ਦਿੰਦਾ ਸੀ ਜਿਸ ਨਾਲ ਉਨ੍ਹਾਂ ਨੂੰ ਘੇਰਨੀ ਚੜ੍ਹ ਜਾਂਦੀ ਤੇ ਉਹ ਤਸੱਲੀ ਨਾਲ ਭੂਤਾਂ ਕੱਢਦਾ ਰਹਿੰਦਾ। ਪਰ ਉਸਦਾ ਇਹ ਢੰਗ ਏਨਾ ਵਚਿੱਤਰ ਅਤੇ ਮਜ਼ੇਦਾਰ ਹੁੰਦਾ ਸੀ ਕਿ ਉਹ ਇਸ ਦੀਆਂ ਆਦੀ ਹੀ ਬਣ ਜਾਂਦੀਆਂ ਤੇ ਮੰਦਰ ਵਿਚ ਗਿੱਝ ਹੀ ਜਾਂਦੀਆਂ ਸਨ।
ਹੌਲੀ-ਹੌਲੀ ਉਸ ਦਾ ਇਹ ਭੂਤਾਂ ਕੱਢਣ ਦਾ ਢੰਗ ਏਨਾ ਮਕਬੂਲ ਹੋ ਗਿਆ ਕਿ ਬਹੁਤ ਅਮੀਰ ਔਰਤਾਂ ਆਪਣੇ ਤੌਰ ਉੱਤੇ ਹੀ ਉਸ ਤੋਂ ਭੂਤਾਂ ਕਢਾਉਣ ਲਈ, ਨਾ ਸਿਰਫ਼ ਆਉਣ ਹੀ ਲੱਗ ਪਈਆਂ ਬਲਕਿ ਉਸ ਨੂੰ ਇਸ ਮਜ਼ੇਦਾਰ ਕੰਮ ਦੇ ਇਵਜ਼ ਵਿਚ ਮੋਟਾ ਚੜ੍ਹਾਵਾ ਵੀ ਚੜ੍ਹਾਉਣ ਲੱਗ ਪਈਆਂ ਤੇ ਉਹ ਇਕ ਮਸ਼ਹੂਰ 'ਜਿਜੋਲੋ' (ਪੈਸੇ ਲੈ ਕੇ ਔਰਤ ਦੀ ਕਾਮਵਾਸਨਾ ਪੂਰੀ ਕਰਨ ਵਾਲਾ) ਵੀ ਬਣ ਗਿਆ। ਪ੍ਰੰਤੂ ਸਮਾਂ ਪੈ ਕੇ ਔਰਤ ਉਸ ਦੀ ਕਮਜ਼ੋਰੀ ਬਣ ਗਈ ਤੇ ਉਸ ਦੀਆਂ ਆਪਣੀਆਂ ਸੁੰਦਰ ਚੇਲੀਆਂ ਦੇ ਸ਼ੋਸ਼ਣ ਦੀ ਆਦਤ ਉਸ ਉੱਤੇ ਹਾਵੀ ਹੋ ਗਈ। ਉਹ ਅਤਿਅੰਤ ਹਵਸੀ ਦਰਿੰਦੇ ਦਾ ਰੂਪ ਧਾਰਨ ਕਰ ਗਿਆ। ਜਦੋਂ ਉਸ ਦੀਆਂ ਬਹੁਤ ਸ਼ਿਕਾਰ ਔਰਤਾਂ ਉਸ ਦੇ ਇਸ ਗੰਦੇ ਧੰਦੇ ਦੀ ਵਿਰੋਧਤਾ ਕਰਨ ਲੱਗ ਪਈਆਂ ਤਾਂ ਉਸ ਨੇ ਬਲੈਕ-ਮੇਲਿੰਗ ਦਾ ਤਰੀਕਾ ਅਪਣਾ ਲਿਆ ਤੇ ਨੱਢੀਆਂ ਨੂੰ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਇਸ ਗੋਰਖ ਧੰਦੇ ਦੇ ਖ਼ਿਲਾਫ਼ ਇਕ 25 ਸਾਲਾ ਕੁੜੀ ਰੇਖਾ (ਨਾਂਅ ਬਦਲਿਆ ਹੋਇਆ ਹੈ) ਨੇ ਹੌਸਲਾ ਕੀਤਾ ਤੇ ਸਾਧ ਦੇ ਸਟਾਫ ਵਿਚੋਂ ਕਿਸੇ ਇਕ ਨਾਲ ਸਾਜਿਸ਼ ਘੜ ਕੇ ਉਸ ਦੇ ਵਿਸ਼ੇਸ਼ ਕਮਰੇ ਵਿਚ, ਉਸ ਤੋਂ ਚੋਰੀ, ਇਕ ਗੁਪਤ ਕੈਮਰਾ ਲਗਵਾ ਦਿੱਤਾ ਜਿਸ ਵਿਚ ਉਸ ਦੀਆਂ ਸਾਰੀਆਂ ਕਰਤੂਤਾਂ ਰਿਕਾਰਡ ਹੁੰਦੀਆਂ ਰਹੀਆਂ ਤੇ ਅਖੀਰ, ਇਹੋ ਵੀਡੀਓਜ਼ ਉਸ ਉੱਤੇ ਪਹਿਲੀ ਸ਼ਿਕਾਇਤ ਦਾ ਆਧਾਰ ਬਣੀਆਂ। ਰੇਖਾ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਬਹੁਤ ਮੁਸ਼ੱਕਤ ਕਰਨੀ ਪਈ ਕਿਉਂਕਿ ਬਾਬੇ ਦੇ ਉੱਚ ਪੱਧਰੀ ਸੰਬੰਧ ਅੜਿੱਕਾ ਬਣ ਰਹੇ ਸਨ ਪ੍ਰੰਤੂ ਰੇਖਾ ਨੇ ਹਿੰਮਤ ਨਾ ਹਾਰੀ ਤੇ ਬਾਬੇ ਖ਼ਿਲਾਫ਼ ਸਰਕਾਰ ਵਾੜਾ ਥਾਣੇ ਵਿਚ ਪਹਿਲਾ ਪਰਚਾ ਦਰਜ ਹੋ ਗਿਆ। ਪ੍ਰੰਤੂ ਕਾਰਵਾਈ ਨਾਦਾਰਦ ਸੀ। ਰੇਖਾ ਦੀ ਵੇਖਾ-ਵੇਖੀ ਹੋਰ ਉਹੋ ਜਿਹੀਆਂ ਦੁਖਿਆਰੀਆਂ ਨੇ ਵੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਤੋਂ ਮਜਬੂਰ ਹੋ ਕੇ ਪੁਲਿਸ ਨੇ, ਅਖੀਰ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਹੁਣ ਇਹ ਦੇਸੀ ਐਪਸਟੀਨ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਰਿਮਾਂਡ ਅਧੀਨ ਹੈ। ਉਸ ਦੀਆਂ ਅੱਜ ਦੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਉਸ ਨੂੰ ਕੁੱਟ-ਕੁੱਟ ਕੇ ਮਜੂਲਾ ਬਣਾ ਦਿੱਤਾ ਗਿਆ ਹੈ ਤੇ ਸਾਰੀ ਹੈਂਕੜੀ ਮਿੱਟੀ ਵਿਚ ਰੋਲ ਦਿੱਤੀ ਗਈ ਹੈ।
ਪ੍ਰੰਤੂ, ਬੇਸ਼ੱਕ, ਸਾਡਾ ਪਿਛਲਾ ਤਜਰਬਾ ਇਹ ਵੀ ਕਹਿੰਦਾ ਹੈ ਕਿ ਅਜਿਹੇ ਜਬਰ-ਜਨਾਹੀ ਬਾਬਿਆਂ ਦੇ ਅੰਧ-ਭਗਤਾਂ ਦੀ ਸ਼ਰਧਾ ਉੱਤੇ ਇਨ੍ਹਾਂ ਦੀਆਂ ਅਜਿਹੀਆਂ ਕਰਤੂਤਾਂ ਦਾ ਕੋਈ ਅਸਰ ਨਹੀਂ ਪੈਂਦਾ। ਹੁਣੇ ਜਿਹੇ ਢੋਂਗੀ ਆਸਾ ਰਾਮ ਨੂੰ ਪੈਰੋਲ ਮਿਲੀ ਹੈ ਤਾਂ ਉਸ ਦਾ ਬਾਹਰ ਆਏ ਦਾ ਅਪਾਰ ਸਵਾਗਤ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਇਕ ਵੱਡੇ ਅਵਤਾਰ ਵਾਂਗ, ਵੱਡੀ ਭਗਤ ਭੀੜ ਵਲੋਂ ਤੀਰਥ ਦਰਸ਼ਨ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਜਦੋਂ ਵੀ ਹਰਿਆਣਾ ਜਾਂ ਪੰਜਾਬ ਵਿਚ ਚੋਣ ਨੇੜੇ ਆਉਂਦੀ ਹੈ ਤਾਂ ਸਿਰਸੇ ਵਾਲੇ ਸਾਧ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਂਦਾ ਹੈ ਤੇ ਉਹ ਆਪਣੇ ਪ੍ਰੇਮੀਆਂ ਦੇ ਜ਼ੋਰ ਨਾਲ ਸਿਆਸਤ ਪਲਟ ਕੇ ਰੱਖ ਦਿੰਦਾ ਹੈ। ਵੇਖੋ ਬਾਬੇ ਖਾਰਾਤ ਨਾਲ ਕੀ ਬੀਤਦੀ ਹੈ?
-(ਸਰਪੰਚ) ਦਬੜੀਖਾਨਾ
ਮੋਬਾਈਲ:- 98764- 09829