ਖੁਸ਼ੀਆਂ ਮੌਕੇ ਵੱਜਣ ਵਾਲਾ ਲੋਕ ਸਾਜ ਢੋਲ ਸਾਜ਼ ਪੰਜਾਬੀਆਂ ਦਾ ਹਰਮਨ ਪਿਆਰਾ ਸਾਜ਼ ਹੈ ਜਿਸ ਨੂੰ ਸੰਗੀਤ ਪ੍ਰੇਮੀ ਸੰਗੀਤ ਦਾ ਬੁਨਿਆਦੀ ਸਾਜ਼ ਵੀ ਮੰਨਦੇ ਹਨ। ਪੰਜਾਬੀ ਗਾਇਕੀ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਢੋਲ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਲੱਗਦਾ ਹੈ। ਇਹੀ ਢੋਲ ਦੀ ਥਾਪ ਨੇ ਰੋਪੜ ਜਿਲੇ ਦੇ ਪਿੰਡ ਬਿੰਦਰਖ ਦੇ ਨੌਜਵਾਨ ਸੁਰਜੀਤ ਨੂੰ ਆਪਣੇ ਵੱਲ ਆਕਾਰਸ਼ਿਤ ਕੀਤਾ ਅਤੇ ਉਹ ਪਹਿਲਵਾਨੀ ਛੱਡ ਕੇ ਗਾਇਕੀ ਦੇ ਅਖਾੜੇ ਨੂੰ ਸਦਾ ਲਈ ਸਮਰਪਿਤ ਹੋ ਗਿਆ। ਇਸੇ ਢੋਲ ਦੀ ਥਾਪ ਦੇ ਸਹਾਰੇ ਮਿਰਜ਼ਾ, ਜੱਗਾ, ਸੁੱਚਾ ਸੂਰਮਾ, ਜਿਊਣਾ ਮੌੜ, ਦੁੱਲਾ ਭੱਟੀ ਆਦਿ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਗੀਤਾਂ/ ਲੋਕ ਕਿਸੇ/ਲੋਕ ਗਥਾਵਾਂ ਨੂੰ ਹਿੱਕ ਦੇ ਜ਼ੋਰ ਤੇ ਆਪਣੀ ਬੁਲੰਦ ਆਵਾਜ਼ ਵਿਚ ਗਾਉਣ ਵਾਲਾ ਸੀ 'ਸੁਰਜੀਤ ਬਿੰਦਰਖੀਆ'।
ਕੁੜਤੇ ਚਾਦਰੇ ਨਾਲ ਤਿੱਲੇਦਾਰ ਨੋਕ ਵਾਲੀ ਜੁੱਤੀ ਅਤੇ ਪੇਚਾਂ ਵਾਲੀ ਪੱਗ ਬੰਨ ਜਦ ਉਹ ਕੰਨ 'ਤੇ ਹੱਥ ਧਰ ਕੇ ਲੰਮੀ ਹੇਕ ਲਾਉਂਦਾ ਤਾਂ ਨੱਕੋ-ਨੱਕ ਭਰੇ ਪੰਡਾਲ ਵਿਚ ਚੁੱਪ ਪਸਰ ਜਾਂਦੀ ਸੀ। ਲੋਕ ਉਸ ਦੀ ਗਾਇਕੀ ਨੂੰ ਸਾਹ ਸੂਤ ਕੇ ਸੁਣਦੇ। ਹੇਕ ਗੁਰਮੀਤ ਬਾਵਾ ਨੇ ਵੀ ਲਾਈ ਤੇ ਨਰਿੰਦਰ ਬੀਬਾ ਨੇ ਵੀ। ਜਗਮੋਹਣ ਕੌਰ ਨੇ ਵੀ ਲਾਈ ਤੇ ਕਰਮਜੀਤ ਧੂਰੀ ਨੇ ਵੀ। ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਵੀ ਆਪਣੀਆਂ ਕਲੀਆਂ ਵਿਚ ਹੇਕ ਲਾਉਂਦਾ ਰਿਹਾ। ਪਰ ਲੰਮੀ ਹੇਕ ਦਾ ਰਿਕਾਰਡ ਬਣਾਉਣ ਦਾ ਮਾਣ ਸਿਰਫ ਸੁਰਜੀਤ ਬਿੰਦਰਖੀਆ ਦੇ ਹਿੱਸੇ ਆਇਆ। ਲੋਕ ਗੀਤ 'ਜੁਗਨੀ' ਵਿਚ ਉਸ ਦੁਆਰਾ ਲਗਾਈ ਗਈ 28 ਸੈਕਿੰਡ ਲੰਮੀ ਹੇਕ ਦਾ ਰਿਕਾਰਡ ਗਿੰਨੀਜ਼ ਬੁੱਕ ਵਿਚ ਦਰਜ ਹੈ। ਬਾਅਦ ਵਿਚ ਉਹ ਸਟੇਜੀ ਪ੍ਰੋਗਰਾਮਾਂ ਦੌਰਾਨ 34 ਸੈਕਿੰਡ ਦੀ ਹੇਕ ਵੀ ਲਗਾਉਂਦਾ ਰਿਹਾ। ਇਸੇ ਤਰ੍ਹਾਂ ਉਸ ਦਾ ਗਾਇਆ ਗੀਤ 'ਦੁਪੱਟਾ ਤੇਰਾ ਸੱਤ ਰੰਗ ਦਾ' ਨੇ ਬੀ.ਬੀ.ਸੀ. ਚੈਨਲ-4 ਦੇ ਟੌਪ ਟੈੱਨ ਗੀਤਾਂ ਵਿਚ ਆਪਣੀ ਥਾਂ ਬਣਾ ਕੇ ਬਿੰਦਰਖੀਏ ਦਾ ਕੱਦ ਹੋਰ ਉੱਚਾ ਕੀਤਾ। ਬਾਅਦ ਵਿਚ ਇੰਗਲੈਂਡ ਫੇਰੀ ਦੌਰਾਨ ਸੁਰਜੀਤ ਬਿੰਦਰਖੀਆ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸੁਰਜੀਤ ਬਿੰਦਰਖੀਆ ਭਾਵੇਂ ਛੋਟੀ ਉਮਰ ਵਿਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਪਰ ਉਸ ਨੇ ਸੰਗੀਤ ਜਗਤ ਦੀ ਝੋਲੀ ਜਿੰਨੀਆਂ ਵੀ 32 ਦੇ ਕਰੀਬ ਕੈਸੇਟਾਂ ਪਾਈਆਂ, ਸਭ ਹਿੱਟ ਹੋ ਨਿੱਬੜੀਆਂ।
ਪਿਤਾ ਸੁੱਚਾ ਸਿੰਘ ਬੈਂਸ ਤੇ ਮਾਤਾ ਗੁਰਚਰਨ ਕੌਰ ਦੇ ਘਰ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦਰਖ ਵਿਚ 15 ਅਪ੍ਰੈਲ, 1962 ਨੂੰ ਜਨਮਿਆਂ ਸੁਰਜੀਤ ਪੰਜ ਭੈਣਾਂ ਦਾ ਇਕਲੌਤਾ ਵੀਰ ਸੀ। ਸ. ਸੁੱਚਾ ਸਿੰਘ ਆਪਣੇ ਸਮੇਂ ਦਾ ਪ੍ਰਸਿੱਧ ਪਹਿਲਵਾਨ ਸੀ ਤੇ ਉਹ ਸੁਰਜੀਤ ਨੂੰ ਵੀ ਪਹਿਲਵਾਨ ਬਣਾਉਣਾ ਚਾਹੁੰਦਾ ਸੀ। ਪਿਤਾ ਦੇ ਕਹਿਣ 'ਤੇ ਉਹ ਕੁਝ ਸਮਾਂ ਅਖਾੜਿਆਂ ਵਿਚ ਘੁਲਦਾ ਵੀ ਰਿਹਾ। ਇਸੇ ਦੌਰਾਨ ਉਸ ਨੇ 62 ਕਿਲੋਗ੍ਰਾਮ ਭਾਰ ਵਰਗ ਵਿਚ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚੋਂ ਗੋਲਡ ਮੈਡਲ ਵੀ ਜਿੱਤਿਆ। ਪਰ ਇਸ ਦੇ ਬਾਵਜੂਦ ਬਚਪਨ ਵਿਚ ਹੀ ਆਪਣੇ ਖੇਤਾਂ ਵਿਚ ਕੰਮ ਕਰਦਿਆਂ ਪੀਪੇ ਨਾਲ ਤਾਲ ਵਜਾ ਕੇ ਉੱਚੀਆਂ ਹੇਕਾਂ ਲਗਾਉਣ ਵਾਲਾ ਸੁਰਜੀਤ ਭਲਵਾਨੀ ਅਖਾੜੇ ਨਾਲੋਂ ਗਾਇਕੀ ਦੇ ਅਖਾੜੇ ਵੱਲ ਜਿਆਦਾ ਰੁਚੀ ਰੱਖਦਾ ਸੀ। ਕਾਲਜ ਪੜ੍ਹਦਿਆਂ ਨੌਜਵਾਨ ਪੀੜ੍ਹੀ ਵਿਚ ਉਸ ਦੀ ਆਵਾਜ਼ ਦੇ ਚਰਚੇ ਹੋਣ ਲੱਗੇ ਤੇ ਉਹ ਭੰਗੜੇ ਦੀ ਟੀਮ ਨਾਲ ਬੋਲੀਆਂ ਪਾਉਣ ਲੱਗਾ। ਬਸ ਫਿਰ ਕੀ ਸੀ, ਉਹ ਪੱਕੇ ਤੌਰ 'ਤੇ ਭਲਵਾਨੀ ਛੱਡ ਕੇ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੋ ਗਿਆ।
ਸੰਨ 1982 ਵਿਚ ਦਿੱਲੀ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਆਏ ਮਹਿਮਾਨਾਂ ਦਾ ਮਨੋਰੰਜਨ ਕਰਨ ਲਈ ਪ੍ਰਬੰਧਕਾਂ ਵਲੋਂ ਕਿਸੇ ਅਜਿਹੀ ਬੁਲੰਦ ਆਵਾਜ਼ ਦੀ ਤਲਾਸ਼ ਹੋਣ ਲੱਗੀ, ਜੋ ਲੋਕਾਂ ਦਾ ਦਿਲ ਜਿੱਤ ਸਕੇ। ਬਸ ਫਿਰ ਕੀ ਸੀ। ਇਸ ਦਾ ਗੁਣਾ ਵੀ ਸੁਰਜੀਤ ਬਿੰਦਰਖੀਆ 'ਤੇ ਪਿਆ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸੁਰਜੀਤ ਨੇ ਜਦ 40 ਢੋਲੀਆਂ, 40 ਚਿਮਟੇ ਵਾਲਿਆਂ, 40 ਅਲਗੋਜ਼ੇ ਵਾਲਿਆਂ ਅਤੇ 500 ਭੰਗੜੇ ਵਾਲਿਆਂ ਨਾਲ ਲੋਕ ਬੋਲੀਆਂ ਪਾਈਆਂ ਤਾਂ ਬਿੰਦਰਖੀਏ ਦੀ ਚਰਚਾ ਗਲੀ-ਗਲੀ ਹੋਣ ਲੱਗੀ। ਪਗੜੀਧਾਰੀ ਗਾਇਕ ਹੋਣ ਕਾਰਨ ਹਰ ਪੰਜਾਬੀ ਮਾਣ ਮਹਿਸੂਸ ਕਰਨ ਲੱਗਾ। ਉਨ੍ਹਾਂ ਦਿਨਾਂ ਵਿਚ ਮਾਹਿਲਪੁਰ ਵਿਚ ਲੱਗਣ ਵਾਲਾ ਸ਼ੌਂਕੀ ਮੇਲਾ ਆਪਣੇ ਪੂਰੇ ਜੋਬਨ 'ਤੇ ਸੀ। ਦੋਆਬੇ ਦਾ ਇਹ ਉਹ ਪ੍ਰਸਿਧ ਸੱਭਿਅਚਾਰਕ ਮੇਲਾ ਸੀ, ਜਿਥੇ ਗਾਇਕਾਂ ਨੂੰ ਪੰਜ ਮਿੰਟ ਗਾਉਣ ਲਈ ਵੀ ਲੰਮੀ ਉਡੀਕ ਕਰਨੀ ਪੈਂਦੀ ਸੀ। ਲੇਖਕ ਐਸ ਅਸ਼ੋਕ ਭੌਰਾ ਅਤੇ ਬਲਜਿੰਦਰ ਮਾਨ ਵਲੋਂ ਆਯੋਜਿਤ ਕੀਤੇ ਜਾਂਦੇ ਸ਼ੌਂਕੀ ਮੇਲੇ ਵਿਚ ਸੰਨ 1989-90 ਵਿਚ ਜਦ ਬਿੰਦਰਖੀਏ ਨੇ 'ਬੋਲ ਮਿੱਟੀ ਦਿਆ ਬਾਵਿਆ' ਗੀਤ ਗਾਇਆ ਤਾਂ ਦਰਸ਼ਕਾਂ ਵਲੋਂ 'ਇਕ ਹੋਰ, ਇਕ ਹੋਰ' ਦੀਆਂ ਆਵਾਜ਼ਾਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ ਸੀ। ਕਿਹਾ ਜਾ ਸਕਦਾ ਹੈ ਕਿ ਇਸ ਮੇਲੇ ਨੇ ਬਿੰਦਰਖੀਏ ਨੂੰ ਸੁਰ ਤੇ ਜੀਤ ਪ੍ਰਾਪਤ ਕਰਨ ਦਾ ਵਧੀਆ ਮੌਕਾ ਦਿੱਤਾ ਤੇ ਉਹ ਲੋਕਾਂ ਦਾ ਹਰਮਨ ਪਿਆਰਾ ਗਾਇਕ ਸੁਰਜੀਤ ਬਿੰਦਰਖੀਆ ਬਣ ਕੇ ਉੱਭਰਿਆ।
ਪ੍ਰਸਿੱਧ ਸੰਗੀਤਕਾਰ ਅਤੁਲ ਸ਼ਰਮਾ ਨੂੰ ਆਪਣਾ ਗੁਰੂ ਮੰਨਣ ਵਾਲੇ ਸੁਰਜੀਤ ਬਿੰਦਰਖੀਆ ਦਾ ਗੀਤਕਾਰੀ ਦੇ ਖੇਤਰ ਵਿਚ ਸ਼ਮਸ਼ੇਰ ਸੰਧੂ ਨੇ ਭਰਾਵਾਂ ਵਾਲਾ ਸਾਥ ਦਿੱਤਾ। ਸੰਗੀਤ ਜਗਤ ਵਿਚ ਧੁੰਮਾਂ ਪਾਉਣ ਵਾਲੀ ਇਸ ਤ੍ਰਿਵੇਣੀ (ਸੁਰਜੀਤ ਬਿੰਦਰਖੀਆ, ਸੰਗੀਤਕਾਰ ਅਤੁਲ ਸ਼ਰਮਾ ਅਤੇ ਗੀਤਕਾਰ ਸ਼ਮਸ਼ੇਰ ਸੰਧੂ) ਨੇ ਪੰਜਾਬੀ ਸੰਗੀਤ ਜਗਤ ਵਿਚ ਜਿਹੜੇ ਮੀਲ ਪੱਥਰ ਕਾਇਮ ਕੀਤੇ ਉਹ ਹੋਰ ਕਿਸੇ ਦੇ ਹਿੱਸੇ ਨਾ ਆਏ। ਸੁਰਜੀਤ ਬਿੰਦਰਖੀਆ ਦੇ ਅਕਾਲ ਚਲਾਣੇ ਤੋਂ ਬਾਅਦ ਨਾ ਤਾਂ ਗੀਤਕਾਰ ਸ਼ਮਸ਼ੇਰ ਸੰਧੂ ਦੀ ਪਹਿਲਾਂ ਵਾਲੀ ਚੜ੍ਹਾਈ ਰਹੀ ਅਤੇ ਨਾ ਹੀ ਸੰਗੀਤਕਾਰ ਅਤੁਲ ਸ਼ਰਮਾ ਮਾਰਕੀਟ ਵਿਚ ਆਪਣੀ ਪਹਿਲਾਂ ਵਾਲੀ ਜਗ੍ਹਾ ਸਥਾਪਿਤ ਕਰ ਸਕਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪਹਿਲੀ ਕੈਸਿਟ 'ਮੁੰਡਾ ਕੀ ਮੰਗਦਾ' ਮਾਰਕੀਟ ਵਿਚ ਆਉਣ ਤੋਂ ਪਹਿਲਾਂ ਸ਼ਮਸ਼ੇਰ ਸੰਧੂ ਦੇ ਯਤਨਾਂ ਸਦਕਾ ਸੁਰਜੀਤ ਬਿੰਦਰਖੀਆ ਇਕਬਾਲ ਢਿੱਲੋਂ ਦੀ ਫ਼ਿਲਮ 'ਅਣਖ ਜੱਟਾਂ ਦੀ' ਵਿਚ 'ਬਾਣੀਏ ਨੇ ਜੱਟ ਢਾਹ ਲਿਆ' ਗੀਤ ਗਾ ਚੁੱਕਾ ਸੀ, ਜੋ ਕਿ ਫ਼ਿਲਮ ਦਾ ਟਾਈਟਲ ਗੀਤ ਸੀ। ਇਹ ਗੀਤ ਗਾਉਣ ਲਈ ਜਦ ਉਸ ਨੂੰ ਸੁਨੇਹਾ ਲੱਗਾ ਤਾਂ ਉਸ ਸਮੇਂ ਉਹ ਆਪਣੇ ਪਿੰਡ ਖੇਤਾਂ ਵਿਚ ਟਰੈਕਟਰ ਨਾਲ ਵਹਾਈ ਕਰ ਰਿਹਾ ਸੀ।
ਸੰਨ 1990 ਵਿਚ ਸੁਰਜੀਤ ਬਿੰਦਰਖੀਏ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ। ਵਿਆਹ ਉਪਰੰਤ ਉਨ੍ਹਾਂ ਦੇ ਘਰ ਬੇਟੇ ਗਿਤਾਜ ਅਤੇ ਬੇਟੀ ਮਿਨਾਜ਼ ਨੇ ਜਨਮ ਲਿਆ। ਮਹੀਨੇ ਵਿਚ ਦਿਨਾਂ ਤੋਂ ਵੱਧ ਅਖਾੜੇ ਲਾਉਣ ਵਾਲੇ ਸੁਰਜੀਤ ਬਿੰਦਰਖੀਆ ਨੇ ਅਨੇਕ ਕੈਸਿਟਾਂ ਸੰਗੀਤ ਜਗਤ ਦੀ ਝੋਲੀ ਪਾਈਆਂ ਜੋ ਮਾਰਕੀਟ ਵਿਚ ਗਰਮ ਜਲੇਬੀਆਂ ਦੀ ਤਰ੍ਹਾਂ ਵਿਕਦੀਆਂ ਰਹੀਆਂ ਜਿਵੇਂ 'ਮੁੰਡਾ ਕੀ ਮੰਗਦਾ, ਮੁੰਡੇ ਆਖਦੇ ਪਟਾਕਾ, ਅੱਡੀ ਉਤੇ ਘੁੰਮ, ਗੱਲ ਦੱਸ ਦੇ ਦਿਲ ਦੀ, ਲੋਕੀ ਕਹਿੰਦੇ ਬੱਸ ਕਰ ਬੱਸ ਕਰ, ਗੱਭਰੂ ਗੁਲਾਬ ਵਰਗਾ, ਲੱਭ ਕਿਤੋਂ ਭਾਬੀਏ, ਦੁਪੱਟਾ ਤੇਰਾ ਸੱਤ ਰੰਗ ਦਾ, ਫੁਲਕਾਰੀ, ਮੁੰਦਰੀ ਨਿਸ਼ਾਨੀ, ਫੁੱਲਾਂ ਵਾਂਗੂ ਹੱਸਦੀਏ ਕੁੜੀਏ, ਲਾਡਲਾ ਦਿਉਰ, ਗਲਤੀ ਮਲਤੀ ਮਾਫ਼ ਕਰ ਦਿਉ, ਰੁਮਾਲ ਭੁੱਲ ਗਈ, ਦਿਲ ਵੱਟੇ ਦਿਲ ਮੰਗਦਾ, ਸੋਹਣੀ ਨਾਰ, ਤੋਬਾ ਤੋਬਾ ਸੋਹਣਿਆਂ ਦਾ ਹੁਸਨ ਕਮਾਲ, ਬੋਹੜ ਵਾਲੀ ਛਾਂ, ਤੇਰਾ ਵਿਕਦਾ ਜੈ ਕੁਰੇ ਪਾਣੀ, ਜਵਾਨੀ ਆ ਗਈ ਉਏ, ਫੁੱਲ ਕੱਢਦਾ ਫੁਲਕਾਰੀ, ਵੰਗ ਵਰਗੀ ਕੁੜੀ, ਮੁਖੜਾ ਦੇਖ ਕੇ, ਲੱਕ ਟੁਣੂ ਟੁਣੂ, ਬਿੱਲੀਆਂ ਅੱਖੀਆਂ, ਦਿਲਾਂ ਦੀਆਂ ਚੋਰੀਆਂ, ਇਸ਼ਕੇ ਦੀ ਅੱਗ', ਆਦਿ। ਉਸ ਦੀ ਹਰ ਕੈਸਟ ਪਹਿਲੀਆਂ ਕੈਸਿਟਾਂ ਨੂੰ ਮਾਤ ਪਾ ਜਾਂਦੀ ਸੀ। 1990 ਦੇ ਦਹਾਕੇ ਵਿਚ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਰੰਗਾਰੰਗ ਪ੍ਰੋਗਰਾਮਾਂ ਦੀ ਵੀ ਪੂਰੀ ਚੜ੍ਹਤ ਸੀ ਜਿਨ੍ਹਾਂ ਵਿਚ ਸੁਰਜੀਤ ਬਿੰਦਰਖੀਆ ਦੇ ਗੀਤਾਂ ਦੀ ਭਰਵੀਂ ਹਾਜ਼ਰੀ ਲੱਗਦੀ ਰਹੀ।
ਡੀਜੇ ਕਿੰਗ ਵਜੋਂ ਜਾਣੇ ਜਾਂਦੇ ਸੁਰਜੀਤ ਬਿੰਦਰਖੀਆ ਨੂੰ ਸਾਡੇ ਕੋਲੋਂ ਵਿਛੜਿਆਂ ਭਾਵੇਂ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀਆਂ ਕੈਸਿਟਾਂ ਵਿਚਲੇ ਬਹੁਤ ਸਾਰੇ ਗੀਤ ਅੱਜ ਵੀ ਵਿਆਹ ਸ਼ਾਦੀਆਂ ਮੌਕੇ ਉਸੇ ਤਰ੍ਹਾਂ ਹੀ ਵੱਜਦੇ ਆ ਰਹੇ ਹਨ। ਇਨ੍ਹਾਂ ਵਿਚੋਂ 'ਤੇਰੇ 'ਚ ਤੇਰਾ ਯਾਰ ਬੋਲਦਾ, ਦੁਪੱਟਾ ਤੇਰਾ ਸੱਤ ਰੰਗ ਦਾ, ਐਥੇ ਮੇਰੀ ਨੱਥ ਡਿਗ ਪਈ, ਮਾਂ ਮੈਂ ਮੁੜ ਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ, ਅੱਜ ਨੱਚ-ਨੱਚ ਕੱਢਦੇ ਘੜੱਲ ਕੁੜੀਏ, ਰੱਬਾ ਮੇਰਿਆ ਬਣਾ ਦੇ ਸ਼ੀਸ਼ਾ ਯਾਰ ਦਾ, ਤੇਰਾ ਵਿਕਦਾ ਜੈ ਕੁਰੇ ਪਾਣੀ, ਫੁੱਲ ਕੱਢਦਾ ਫੁਲਕਾਰੀ, ਬਿੱਲੀਆਂ ਅੱਖੀਆਂ ਬੋਲਦੀਆਂ, ਲੋਕੀ ਕਹਿੰਦੇ ਬੱਸ ਕਰ ਬੱਸ ਕਰ, ਮਿਰਜ਼ਾ ਜੱਟ, ਜੁਗਨੀ, ਲੱਕ ਟੁਣੂ-ਟੁਣੂ, ਮੁਖੜਾ ਵੇਖ ਕੇ ਮਰ ਗਿਆ ਨੀ, ਕੱਚੇ ਤੰਦਾਂ ਜਿਹੀਆਂ ਅੱਜਕਲ ਯਾਰੀਆਂ, ਨਾ ਖੰਗ ਮੁੰਡਿਆ, ਮੁੰਡਾ ਕੀ ਮੰਗਦਾ, ਚੀਰੇ ਵਾਲਿਆ ਗੱਭਰੂਆ, ਨਿਸ਼ਾਨੀ, ਤੇਰੇ ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ, ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀ ਰਹਿਣਾ, ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਉਣੀ ਆ, ਸਾਨੂੰ ਟੇਡੀ-ਟੇਡੀ ਤੱਕਦੀ ਤੂੰ' ਆਦਿ, ਦਾ ਇਥੇ ਜ਼ਿਕਰ ਕਰਨਾ ਬਣਦਾ ਹੈ। ਸੁਰਜੀਤ ਬਿੰਦਰਖੀਆ ਨੇ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ, ਜਿਨ੍ਹਾਂ ਵਿਚੋਂ ਅਣਖ ਜੱਟਾਂ ਦੀ (1990, ਗੀਤ: ਬਾਣੀਏ ਨੇ ਜੱਟ ਢਾਅ ਲਿਆ), ਬਦਲਾ ਜੱਟੀ ਦਾ (1991, ਸੁਰਿੰਦਰ ਸ਼ਿੰਦੇ ਨਾਲ ਬੋਲੀਆਂ), ਜੱਟ ਜਿਊਣਾ ਮੌੜ (1992, ਬੰਦਾ ਸਿੰਘ ਅਣਖੀਲਾ ਸੂਰਮਾ), ਕਚਹਿਰੀ (1994, ਦਿਲਸ਼ਾਦ ਅਖ਼ਤਰ ਨਾਲ, ਗੀਤ: ਡੇਰਾ ਜੱਟ ਦਾ), ਇਸ਼ਕ ਨਚਾਵੇ ਗਲੀ-ਗਲੀ, ਜ਼ੋਰਾਵਰ, ਰੱਬ ਦੀਆਂ ਰੱਖਾਂ ਆਦਿ ਜ਼ਿਕਰਯੋਗ ਹਨ।
ਸਿਆਣੇ ਕਹਿੰਦੇ ਕਿ ਮੌਤ ਦੇ ਪੰਜੇ ਤੋਂ ਕੋਈ ਵੀ ਬਚ ਨਹੀਂ ਸਕਿਆ। 17 ਨਵੰਬਰ, 2003 ਦੀ ਸਵੇਰ ਨੂੰ ਮੌਤ ਦੇ ਦੈਂਤ ਨੇ ਪੰਜਾਬੀਆਂ ਦੇ ਇਸ ਫਨਕਾਰ ਕਲਾਕਾਰ ਨੂੰ ਵੀ ਆ ਘੇਰਿਆ। ਤੜਕਸਾਰ ਉਸ ਦੀ ਹਮਸਫ਼ਰ ਪ੍ਰੀਤ ਜਦ ਉਸ ਨੂੰ ਉਠਾਉਣ ਲੱਗੀ ਤਾਂ ਉਹ ਖਾਮੋਸ਼ ਸੀ। ਲੰਮੀਆਂ ਹੇਕਾਂ ਲਗਾ ਕੇ ਜੁਗਨੀ ਗਾਉਣ ਵਾਲਾ ਸੁਰਜੀਤ ਨਹੀਂ ਰਿਹਾ, ਇਹ ਖ਼ਬਰ ਹਰ ਸੰਗੀਤ ਪ੍ਰੇਮੀ ਦੀਆਂ ਅੱਖਾਂ ਨੂੰ ਨਮ ਕਰ ਗਈ। ਇਤਿਹਾਸ ਦੇ ਪੰਨਿਆ 'ਤੇ ਜਦ ਵੀ ਕਦੇ ਬਿੰਦਰਖ ਪਿੰਡ ਦੀ ਗੱਲ ਹੋਵੇਗੀ ਤਾਂ ਉਥੇ ਸੁਰਜੀਤ ਬਿੰਦਰਖੀਏ ਨੂੰ ਯਾਦ ਕੀਤਾ ਜਾਂਦਾ ਰਹੇਗਾ।
-ਮੋਬਾਈਲ : 98554-53539