ਆਧੁਨਿਕ ਵਿਗਿਆਨ ਅਤੇ ਤਕਨੀਕੀ ਯੁੱਗ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਭਾਵ ਮਸਨੂਈ ਸਿਆਣਪ ਨੇ ਇਕ ਅਸਾਧਾਰਨ ਕ੍ਰਾਂਤੀ ਲਿਆਂਦੀ ਹੈ। ਇਸ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ। ਸਿਹਤ ਸੰਭਾਲ ਤੋਂ ਵਪਾਰ, ਸਿੱਖਿਆ ਤੋਂ ਸੰਚਾਰ ਤੱਕ ਇਸ ਨੇ ਮਨੁੱਖੀ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਇਹ ਮਸ਼ੀਨੀ ਬੁੱਧੀ ਮਨੁੱਖ ਦੁਆਰਾ ਬਣਾਏ ਗਏ ਅਲਗੋਰਿਦਮ ਭਾਵ ਕਾਰਜ ਪ੍ਰਬੰਧ ਅਤੇ ਵਿਸ਼ਾਲ ਡੇਟਾ 'ਤੇ ਆਧਾਰਿਤ ਹੈ, ਜਿਸ ਨਾਲ ਗੁੰਝਲਦਾਰ ਸਮੱਸਿਆਵਾਂ ਨੂੰ ਤੇਜ਼ੀ ਨਾਲ ਹੱਲ ਕੀਤਾ ਜਾ ਸਕਦਾ ਹੈ। ਪਰ ਇਕ ਮਹੱਤਵਪੂਰਨ ਸਵਾਲ ਅੱਜ ਵੀ ਵਿਚਾਰਧਾਰਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਕਦੇ ਇਹ ਸਿਆਣਪ ਮਨੁੱਖੀ ਸੋਚ ਦੀ ਬਰਾਬਰੀ ਕਰ ਸਕੇਗੀ ਜਾਂ ਇਸ ਨੂੰ ਪਛਾੜ ਸਕੇਗੀ।
ਇਹ ਮਨੁੱਖੀ ਬੁੱਧੀ ਦੀ ਨਕਲ ਲਈ ਤਿਆਰ ਕੀਤੀ ਗਈ ਇਕ ਤਕਨੀਕ ਹੈ ਜੋ ਡੇਟਾ ਵਿਸ਼ਲੇਸ਼ਣ, ਪੈਟਰਨ ਪਛਾਣ ਅਤੇ ਅੰਕੜਿਆਂ ਦੀ ਤੇਜ਼ ਪ੍ਰਕਿਰਿਆ 'ਤੇ ਚੱਲਦੀ ਹੈ। ਇਸ ਨੇ ਮਸ਼ੀਨਾਂ ਨੂੰ ਸੁਤੰਤਰ ਰੂਪ ਵਿਚ ਕੰਮ ਕਰਨ ਦੀ ਸਮਰੱਥਾ ਦਿੱਤੀ ਹੈ। ਸਿਹਤ ਸੰਭਾਲ ਵਿਚ ਇਹ ਬਿਮਾਰੀਆਂ ਜਿਵੇਂ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੀ ਸ਼ੁਰੂਆਤੀ ਪਛਾਣ ਕਰਨ ਵਿਚ ਡਾਕਟਰਾਂ ਦੀ ਬਹੁਤ ਮਦਦ ਕਰ ਰਹੀ ਹੈ। ਐਕਸ-ਰੇਅ ਅਤੇ ਐੱਮ.ਆਰ.ਆਈ. ਰਿਪੋਰਟਾਂ ਦਾ ਵਿਸ਼ਲੇਸ਼ਣ ਕਰਕੇ ਇਹ ਛੇਤੀ ਉਸ ਦਾ ਹੱਲ ਵੀ ਸੰਭਵ ਬਣਾਉਂਦੀ ਹੈ। ਸਵੈ-ਚਾਲਿਤ ਵਾਹਨਾਂ ਵਿਚ ਏ.ਆਈ. ਨੇ ਸੜਕ ਸੁਰੱਖਿਆ ਵਧਾਈ ਹੈ ਅਤੇ ਅਕਸੀਡੈਂਟ ਘਟਾਏ ਹਨ। ਸਮਾਰਟ ਸਹਾਇਕ ਜਿਵੇਂ ਐੱਲੈਕਸਾ ਅਤੇ ਸਿਰੀ ਰੋਜ਼ਾਨਾ ਕੰਮਾਂ ਨੂੰ ਆਸਾਨ ਬਣਾਉਂਦੇ ਹਨ।
ਏ.ਆਈ. ਦੀ ਸਫਲਤਾ ਇਸ ਦੀ ਤੇਜ਼ ਡੇਟਾ ਪ੍ਰੋਸੈੱਸਿੰਗ ਅਤੇ ਭਵਿੱਖਬਾਣੀਆਂ ਕਰਨ ਦੀ ਯੋਗਤਾ ਵਿਚ ਹੈ। ਮਸ਼ੀਨ ਲਰਨਿੰਗ ਅਤੇ ਡੀਪ ਲਰਨਿੰਗ ਤਕਨੀਕਾਂ ਨੇ ਇਸ ਨੂੰ ਵੱਡੇ ਡੇਟਾ ਸੈੱਟਾਂ ਵਿਚੋਂ ਲੁਕੇ ਪੈਟਰਨ ਲੱਭਣ ਅਤੇ ਉਨ੍ਹਾਂ ਤੋਂ ਨਤੀਜੇ ਕੱਢਣ ਦੀ ਤਾਕਤ ਦਿੱਤੀ ਹੈ। ਵਪਾਰ ਵਿਚ ਏ.ਆਈ. ਗਾਹਕ ਵਿਹਾਰ ਦਾ ਵਿਸ਼ਲੇਸ਼ਣ ਕਰ ਕੇ ਬਿਹਤਰ ਰਣਨੀਤੀਆਂ ਬਣਾਉਂਦੀ ਹੈ ਅਤੇ ਗਾਹਕ ਕੇਂਦਰਿਤ ਸਿਫਾਰਸ਼ਾਂ ਪੇਸ਼ ਕਰਦੀ ਹੈ। ਸੁਰੱਖਿਆ ਖੇਤਰ ਵਿਚ ਇਹ ਅਪਰਾਧੀ ਗਤੀਵਿਧੀਆਂ ਨੂੰ ਪਹਿਲਾਂ ਪਛਾਣ ਕੇ ਚਿਤਾਵਨੀ ਭਾਵ ਅਲਰਟ ਜਾਰੀ ਕਰਦੀ ਹੈ। ਵਾਤਾਵਰਨ ਵਿਗਿਆਨ ਵਿਚ ਵੀ ਏ.ਆਈ. ਜਲਵਾਯੂ ਬਦਲਾਅ ਦੀ ਭਵਿੱਖਬਾਣੀ ਵਿਚ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ। ਇਸ ਤਰ੍ਹਾਂ ਏ.ਆਈ. ਮਨੁੱਖੀ ਜੀਵਨ ਨੂੰ ਵਧੇਰੇ ਕੁਸ਼ਲ ਅਤੇ ਉਤਪਾਦਕ ਬਣਾ ਰਹੀ ਹੈ।
ਫਿਰ ਵੀ ਏ.ਆਈ. ਦੀਆਂ ਬੁਨਿਆਦੀ ਸੀਮਾਵਾਂ ਇਸ ਨੂੰ ਮਨੁੱਖੀ ਸੋਚ ਤੋਂ ਵੱਖ ਕਰਦੀਆਂ ਹਨ। ਏ.ਆਈ. ਪੂਰੀ ਤਰ੍ਹਾਂ ਮਨੁੱਖੀ ਪ੍ਰੋਗਰਾਮਿੰਗ ਅਤੇ ਉਪਲਬਧ ਡੇਟਾ 'ਤੇ ਨਿਰਭਰ ਹੈ। ਜੇ ਡੇਟਾ ਅਧੂਰਾ ਜਾਂ ਪੱਖਪਾਤੀ ਹੋਵੇ ਤਾਂ ਏ.ਆਈ. ਵੀ ਗ਼ਲਤ ਫੈਸਲੇ ਲੈ ਸਕਦੀ ਹੈ। ਉਦਾਹਰਨ ਵਜੋਂ ਰਿਕਰੂਟਮੈਂਟ ਟੂਲਸ ਵਿਚ ਨਸਲੀ ਪੱਖਪਾਤ ਵਾਲਾ ਡੇਟਾ ਏ.ਆਈ. ਨੂੰ ਗ਼ਲਤ ਨਤੀਜੇ ਦੇ ਸਕਦਾ ਹੈ। ਏ.ਆਈ. ਵਿਚ ਸਵੈ-ਚੇਤਨਤਾ ਅਤੇ ਅਸਲੀ ਭਾਵਨਾਤਮਿਕ ਸਮਝ ਬਿਲਕੁਲ ਨਹੀਂ ਹੈ। ਇਹ ਸਿਰਫ ਉਹੀ ਕਰ ਸਕਦੀ ਹੈ ਜਿਸ ਲਈ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਅਤੇ ਅਣਜਾਣੀਆਂ ਸਥਿਤੀਆਂ ਵਿਚ ਅਕਸਰ ਅਸਫਲ ਹੋ ਜਾਂਦੀ ਹੈ।
ਇਸ ਦੇ ਉਲਟ ਮਨੁੱਖੀ ਸੋਚ ਬਹੁਆਯਾਮੀ ਹੈ। ਇਹ ਸਿਰਫ ਤਰਕ ਅਤੇ ਅੰਕੜਿਆਂ ਤੱਕ ਸੀਮਤ ਨਹੀਂ ਬਲਕਿ ਭਾਵਨਾਵਾਂ, ਅਨੁਭਵ, ਸੱਭਿਆਚਾਰ ਅਤੇ ਨੈਤਿਕਤਾ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਮਨੁੱਖੀ ਦਿਮਾਗ ਹਾਲਾਤ ਨੂੰ ਸਮਝਦਾ ਹੈ ਅਤੇ ਫੈਸਲੇ ਲੈਂਦਾ ਹੈ। ਇਕ ਡਾਕਟਰ ਮਰੀਜ਼ ਦੇ ਮੈਡੀਕਲ ਡੇਟਾ ਤੋਂ ਇਲਾਵਾ ਉਸ ਦੀ ਮਾਨਸਿਕ ਸਥਿਤੀ, ਪਰਿਵਾਰਕ ਹਾਲਾਤ ਅਤੇ ਭਾਵਨਾਵਾਂ ਨੂੰ ਵੀ ਵਿਚਾਰਦਾ ਹੈ। ਅਦਾਲਤ ਵਿਚ ਜੱਜ ਅਪਰਾਧੀ ਦੇ ਜੀਵਨ ਪਿਛੋਕੜ ਅਤੇ ਸਮਾਜਿਕ ਪ੍ਰਭਾਵ ਨੂੰ ਵੀ ਧਿਆਨ ਵਿਚ ਰੱਖਦਾ ਹੈ। ਇਸ ਵਿਚ ਹਮਦਰਦੀ ਅਤੇ ਨੈਤਿਕਤਾ ਦੀ ਡੂੰਘੀ ਭੂਮਿਕਾ ਹੁੰਦੀ ਹੈ ਜੋ ਏ.ਆਈ. ਵਿਚ ਬਿਲਕੁਲ ਮੌਜੂਦ ਨਹੀਂ ਹੈ। ਮਨੁੱਖ ਨਵੀਆਂ ਕਲਾਵਾਂ, ਵਿਚਾਰ ਅਤੇ ਹੱਲ ਖੋਜ ਸਕਦਾ ਹੈ। ਭਾਵਨਾਤਮਿਕ ਅਤੇ ਨੈਤਿਕ ਫੈਸਲੇ ਲੈਣ ਵਿਚ ਮਨੁੱਖੀ ਸੋਚ ਅਜੇਤੂ ਹੈ। ਭਾਵਨਾਵਾਂ ਜਿਵੇਂ ਪਿਆਰ, ਦੁੱਖ ਅਤੇ ਹਮਦਰਦੀ ਮਨੁੱਖੀ ਫੈਸਲਿਆਂ ਨੂੰ ਰੂਪ ਦਿੰਦੀਆਂ ਹਨ। ਇਕ ਪਰਿਵਾਰ ਵਿਚ ਜੀਵਨ ਬਚਾਉਣ ਵਾਲਾ ਫੈਸਲਾ ਅੰਕੜਿਆਂ ਤੋਂ ਉਪਰ ਉੱਠ ਕੇ ਪਿਆਰ ਅਤੇ ਜ਼ਿੰਮੇਵਾਰੀ 'ਤੇ ਆਧਾਰਿਤ ਹੁੰਦਾ ਹੈ। ਨੈਤਿਕ ਸੰਕਟ ਵਿਚ ਮਨੁੱਖ ਆਪਣੀ ਅੰਤਰਆਤਮਾ ਅਤੇ ਸਮਾਜਿਕ ਮੁੱਲਾਂ ਨੂੰ ਸੁਣਦਾ ਹੈ ਜੋ ਏ.ਆਈ. ਲਈ ਸੰਭਵ ਨਹੀਂ ਹੈ। ਪਿਛਲੇ ਕੁਝ ਦਹਾਕਿਆਂ ਵਿਚ ਏ.ਆਈ. ਨੇ ਨਿਊਰਲ ਨੈੱਟਵਰਕਸ ਅਤੇ ਬਿਗ ਡੇਟਾ ਵਰਗੀਆਂ ਤਕਨੀਕਾਂ ਨਾਲ ਤਰੱਕੀ ਕੀਤੀ ਹੈ ਪਰ ਇਹ ਤਰੱਕੀ ਵੀ ਮਨੁੱਖੀ ਪ੍ਰੋਗਰਾਮਿੰਗ ਅਤੇ ਡੇਟਾ ਦੀ ਸੀਮਾ ਤੱਕ ਹੀ ਸੀਮਤ ਹੈ। ਮਨੁੱਖੀ ਸੋਚ ਦੀ ਕੋਈ ਸੀਮਾ ਨਹੀਂ। ਇਹ ਨਵੀਆਂ ਸੰਭਾਵਨਾਵਾਂ ਖੋਜਦੀ ਹੈ ਅਤੇ ਆਪਣੇ-ਆਪ ਨੂੰ ਨਿਰੰਤਰ ਢਾਲਦੀ ਹੈ।
ਸਿੱਟੇ ਵਜੋਂ, ਏ.ਆਈ. ਨੇ ਮਨੁੱਖੀ ਜੀਵਨ ਨੂੰ ਬਹੁਤ ਸੁਖਾਲਾ ਬਣਾਇਆ ਹੈ ਅਤੇ ਭਵਿੱਖ ਵਿਚ ਵੀ ਇਸ ਦੀਆਂ ਸੰਭਾਵਨਾਵਾਂ ਵਧਦੀਆਂ ਰਹਿਣਗੀਆਂ। ਪਰ ਮਨੁੱਖੀ ਸੋਚ ਦੀ ਭਾਵਨਾਤਮਿਕ ਡੂੰਘਾਈ, ਸਿਰਜਣਾਤਮਿਕਤਾ, ਨੈਤਿਕ ਸਮਝ ਅਤੇ ਅਨੁਕੂਲਤਾ ਏ.ਆਈ. ਤੋਂ ਬਹੁਤ ਉੱਪਰ ਹੈ। ਏ.ਆਈ. ਅਤੇ ਮਨੁੱਖੀ ਸੋਚ ਵਿਚਕਾਰ ਸਹਿਯੋਗ ਹੀ ਸਭ ਤੋਂ ਵਧੀਆ ਰਾਹ ਹੈ, ਜਿੱਥੇ ਏ.ਆਈ. ਤਕਨੀਕੀ ਕੰਮਾਂ ਨੂੰ ਸੰਭਾਲੇ ਅਤੇ ਮਨੁੱਖ ਭਾਵਨਾਤਮਿਕ ਤੇ ਨੈਤਿਕ ਫੈਸਲੇ ਲੈਂਦਾ ਰਹੇ। ਇਸ ਤਰ੍ਹਾਂ ਮਨੁੱਖੀ ਸੋਚ ਹਮੇਸ਼ਾ ਸਰਬਉੱਚ ਰਹੇਗੀ।
-ਮੋਬਾਈਲ 70098-07121
ਕੀ 'ਆਰਟੀਫਿਸ਼ੀਅਲ ਇੰਟੈਲੀਜੈਂਸ' ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ...?
ਅਜੀਤ ਡੈਸਕ
12-04-2026