55,673 ਵਰਗ ਕਿ. ਮੀ. 'ਚ ਫੈਲੇ ਹਿਮਾਚਲ ਪ੍ਰਦੇਸ਼ ਦਾ ਚੱਪਾ-ਚੱਪਾ ਬਹੁਤ ਹੀ ਖ਼ੂਬਸੂਰਤ ਹੈ। ਦੇਸ਼ ਵਿਦੇਸ਼ ਤੋਂ ਸੈਲਾਨੀ ਹਿਮਾਚਲ ਘੁੰਮਣ ਆਉਂਦੇ ਹਨ। ਪੰਜਾਬੀਆਂ ਦੀ ਪਹਿਲੀ ਤਰਜੀਹ ਵੀ ਹਿਮਾਚਲ ਹੀ ਹੈ। ਸਮੇਂ ਦੇ ਨਾਲ ਹੋਏ ਤੇਜ਼ ਵਿਕਾਸ ਨੇ ਹਿਮਾਚਲ ਦਾ ਰੰਗ ਰੂਪ ਹੀ ਬਦਲ ਦਿੱਤਾ ਹੈ। ਸਲੇਟਾਂ ਦੀਆਂ ਛੱਤਾਂ ਵਾਲੇ ਘਰਾਂ 'ਤੇ ਲੈਂਟਰ ਪੈ ਗਏ ਹਨ। ਸਿੰਗਲ ਰੋਡ ਫੋਰ ਲੇਨ ਬਣ ਗਏ ਹਨ। ਸ਼ਿਮਲਾ, ਮੰਡੀ, ਹਮੀਰਪੁਰ, ਧਰਮਸ਼ਾਲਾ, ਪਾਲਮਪੁਰ, ਬਿਲਾਸਪੁਰ, ਡਲਹੌਜ਼ੀ ਦਾ ਭੀੜ ਭੱੜਕਾ ਤੇ ਗੱਡ ਖਾਨਾ ਪਰੇਸ਼ਾਨ ਕਰ ਦਿੰਦਾ ਹੈ। ਪਾਰਕਿੰਗ ਲਈ ਥਾਂ ਲੱਭਣ ਲਈ ਵੀ ਕੋਲੰਬਸ ਸੱਦਣਾ ਪੈਂਦਾ ਹੈ। ਇਸੇ ਕਾਰਨ ਸੈਲਾਨੀਆਂ ਦਾ ਇਕ ਵਰਗ ਛੋਟੀਆਂ ਸ਼ਾਂਤ ਸੈਰਗਾਹਾਂ ਵੱਲ ਜਾਣ ਲੱਗਾ ਹੈ। ਪਿੰਡ ਚਲੈਲਾ ਵੀ ਅਜਿਹੀ ਹੀ ਇਕ ਸ਼ਾਂਤ ਸੈਰਗਾਹ ਹੈ, ਜਿੱਥੇ ਨਾ ਬਹੁਤੇ ਪੈਸੇ ਖ਼ਰਚ ਹੁੰਦੇ ਹਨ ਅਤੇ ਨਾ ਹੀ ਬਹੁਤਾ ਸਮਾਂ ਲਗਦਾ ਹੈ। ਮਾਤਾ ਨੈਣਾ ਦੇਵੀ ਬਿਲਾਸਪੁਰ ਰੋਡ 'ਤੇ ਸਥਿਤ ਕੈਂਚੀ ਮੋੜ ਲੰਘ ਕੇ ਮਸਾਂ ਹੀ ਤਿੰਨ ਮਿੰਟ ਸਫ਼ਰ ਕਰਨਾ ਹੈ। ਇਸੇ ਸੜਕ ਤੋਂ ਖੱਬੇ ਪਾਸੇ ਇਕ ਸੜਕ ਪਿੰਡ ਚਲੈਲਾ ਵੱਲ ਮੁੜਦੀ ਹੈ। ਚਾਰ ਕਿ.ਮੀ. ਦੀ ਇਹ ਸਿੰਗਲ ਸੜਕ ਬੜੀ ਹੀ ਸ਼ਾਂਤ ਹੈ। ਕੋਈ ਟ੍ਰੈਫਿਕ ਨਹੀਂ। ਚੀਲਾਂ ਦੇ ਰੁੱਖ ਤੁਹਾਡਾ ਸਵਾਗਤ ਕਰਦੇ ਹਨ। ਇਹ ਸੜਕ ਤੁਹਾਨੂੰ ਭਾਖੜਾ ਡੈਮ ਦੀ 65 ਵਰਗ ਕਿ. ਮੀ. ਖੇਤਰ 'ਚ ਨੀਲੇ ਪਾਣੀ ਦੀ ਝੀਲ ਗੋਬਿੰਦ ਸਾਗਰ ਕੰਢੇ ਲੈ ਜਾਂਦੀ ਹੈ। ਸਰਦੀਆਂ 'ਚ ਇਸ ਥਾਂ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਘੁਮੱਕੜ ਫੋਟੋਗ੍ਰਾਫਰ ਡਾਕਟਰ ਸਤਬੀਰ ਸਿੰਘ ਅਤੇ ਪ੍ਰਭਾਤ ਭੱਟੀ ਨੇ ਦੱਸਿਆ ਕਿ ਅਕਤੂਬਰ ਮਾਰਚ ਦਰਮਿਆਨ ਪਿੰਡ ਚਲੈਲਾ 'ਚ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਹਨ। ਰੂਸ, ਚੀਨ, ਕੀਵ, ਯੂਕਰੇਨ, ਮੰਗੋਲੀਆ ਆਦਿ ਦੇਸ਼ਾਂ ਤੋਂ ਆਉਂਦੇ ਪਰਵਾਸੀ ਪੰਛੀਆਂ ਨੂੰ ਇਹ ਸ਼ਾਂਤ ਥਾਂ ਬਹੁਤ ਪਸੰਦ ਹੈ। ਪਿੰਡ ਚਲੈਲਾ ਦੇ ਲੋਕ ਸਰਦੀਆਂ 'ਚ ਝੀਲ ਕੰਢੇ ਕਰਣ ਬੀਜਦੇ ਹਨ ਕਿਉਂਕਿ ਝੀਲ 'ਚ ਪਾਣੀ ਦੀ ਪੱਧਰ ਬਹੁਤ ਘੱਟ ਹੁੰਦਾ ਹੈ। ਜੂਨ-ਜੁਲਾਈ ਅਤੇ ਅਗਸਤ 'ਚ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਕੰਢਿਆਂ ਦਾ ਵੱਡਾ ਹਿੱਸਾ ਪਾਣੀ 'ਚ ਡੁੱਬ ਜਾਂਦਾ ਹੈ। ਜੇ ਤੁਸੀਂ ਛੜਾ ਅਤੇ ਪਟਿਆਲਾ ਪੈੱਗ ਪਾਰਟੀ ਨਾਲ ਪਿੰਡ ਚਲੈਲਾ ਆਉਣਾ ਹੈ ਤਾਂ ਤਾਜ਼ੀ ਮੱਛੀ ਵੀ ਤੁਹਾਡਾ ਸਵਾਗਤ ਕਰੇਗੀ। ਰੇਟ ਬਹੁਤ ਘੱਟ, ਸਵਾਦ ਬਹੁਤ ਹੀ ਜ਼ਿਆਦਾ। ਇੱਥੇ ਮੱਛੀਆਂ ਫੜਨ ਵਾਲੇ ਕਈ ਮਛੇਰੇ ਹਨ। ਝੀਲ ਕੰਢੇ ਸਥਿਤ ਛੋਟੀਆਂ ਛੋਟੀਆਂ ਛੰਨ ਨੁਮਾਂ ਦੁਕਾਨਾਂ 'ਚ ਦੂਰੋਂ ਦੂਰੋਂ ਆਏ ਘੁਮੱਕੜ ਸੈਲਾਨੀ ਮੱਛੀ ਖਾਂਦੇ ਹਨ। ਪਰਿਵਾਰ ਨਾਲ ਘੁੰਮਣ ਆਉਣ ਵਾਲੇ ਆਪਣਾ ਖਾਣਾ ਨਾਲ ਲਿਆ ਕੇ ਝੀਲ ਕੰਢੇ ਬੈਠ ਕੇ ਖਾਂਦੇ ਹਨ। ਪ੍ਰੀ ਵੈਡ ਸ਼ੂਟ ਲਈ ਇਹ ਥਾਂ ਬਹੁਤ ਹੀ ਢੁਕਵੀਂ ਹੈ। ਇੱਥੇ ਬੋਟਿੰਗ ਦਾ ਪ੍ਰਬੰਧ ਵੀ ਹੈ ਪਰ ਕਿਸ਼ਤੀਆਂ ਸਧਾਰਨ ਹੀ ਹਨ।
-ਭਾਖੜਾ ਡੈਮ ਰੋਡ, ਨੰਗਲ ਡੈਮ-140124
ਮੋਬਾਈਲ 98156 24927