16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026

ਸੰਤ ਰਾਮ ਉਦਾਸੀ ਕੰਮੀਆਂ ਦੇ ਵਿਹੜਿਆਂ ਦਾ ਉਹ ਸੂਰਜ ਸੀ, ਜਿਸ ਨੇ ਦੱਬੇ ਕੁਚਲੇ, ਨਿਮਾਣੇ, ਨਿਤਾਣੇ ਲੋਕਾਂ ਦੇ ਕੱਚੇ ਢਾਰਿਆਂ ਅੰਦਰ ਚੇਤਨਾਂ ਦਾ ਚਾਨਣ ਵੰਡਿਆ ਅਤੇ ਸਮਾਜਿਕ ਤੇ ਆਰਥਿਕ ਗੁਲਾਮੀ ਦੇ ਹਨੇਰਿਆਂ ਨੂੰ ਮਾਤ ਦਿੱਤੀ। ਉਦਾਸੀ ਇਕ ਯੁੱਗ ਕਵੀ, ਸਿਰਕੱਢ ਗਵੱਈਏ, ਮਹਾਨ ਨਾਇਕ ਤੇ ਲੋਕ ਆਗੂ ਸਨ। ਉਦਾਸੀ ਨੇ ਸਮਾਜਿਕ ਤੇ ਆਰਥਿਕ ਗੁਲਾਮੀ ਦੀਆਂ ਪੀੜਾਂ ਨੂੰ ਦੇਖਿਆ ਪਰਖਿਆ ਹੀ ਨਹੀਂ ਸਗੋਂ ਖੁਦ ਵੀ ਨੰਗੇ ਪਿੰਡੇ 'ਤੇ ਹੰਢਾਇਆ। ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿਤਾ ਮੇਹਰ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਵਿਚ ਦਲਿਤ ਸਿੱਖ ਪਰਿਵਾਰ 'ਚ ਹੋਇਆ। ਉਦਾਸੀ ਦਾ ਬਚਪਨ ਬੇਹੱਦ ਗ਼ਰੀਬੀ 'ਚ ਬੀਤਿਆ। ਉਦਾਸੀ ਸੰਪਰਦਾਇ ਪਾੜੇ ਤੇ ਜਮਾਤੀ ਨਫ਼ਰਤ ਦੀ ਬੋਅ ਨੂੰ ਗੰਦਗੀ ਸਮਝਦਾ ਸੀ।
ਸੰਤ ਰਾਮ ਉਦਾਸੀ ਅਧਿਆਪਕ ਸਨ। ਆਰਥਿਕ ਪੱਖ ਤੋਂ ਕਮਜ਼ੋਰ ਤੇ ਜਾਤੀਵਾਦ ਦੇ ਲਾ-ਇਲਾਜ ਰੋਗ ਨੇ ਉਦਾਸੀ ਨੂੰ ਟਿਕਣ ਨਹੀਂ ਦਿੱਤਾ। ਉਹ ਇਸ ਵਰਤਾਰੇ ਖ਼ਿਲਾਫ਼ ਵਿਦਰੋਹੀ ਬਣ ਕੇ ਨਿੱਤਰਿਆ। ਜੁਝਾਰੂ ਬਣ ਕੇ ਲੜਿਆ ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਲੜਦਾ ਹੀ ਰਿਹਾ। ਤਲਵਾਰ ਵਰਗੀ ਕਲਮ ਤੇ ਤੋਪ ਵਰਗੀ ਆਵਾਜ਼ ਨਾਲ ਜਦੋਂ ਉਸਨੇ ਲੋਕ-ਪੱਖੀ ਮੰਚਾਂ ਤੋਂ ਲੋਕ ਗੀਤ ਵਰਗੇ ਬੋਲ: ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ, ਰਾਹੀਂ ਪ੍ਰਵਾਜ਼ ਭਰੀ ਤਾਂ ਲੋਕ ਪੱਖੀ ਹਲਕਿਆਂ ਵਿਚ ਉਦਾਸੀ ਦੀਆਂ ਲਿਖਤਾਂ, ਉੱਚੀ, ਸੁਰੀਲੀ ਤੇ ਕਰੁਣਾਮਈ ਆਵਾਜ਼ ਦਾ ਜਾਦੂ ਅਵਾਮ ਦੇ ਸਿਰ ਚੜ੍ਹ ਕੇ ਬੋਲਣ ਲੱਗਾ। ਉਦਾਸੀ ਦੀ ਵਿਦਰੋਹੀ ਸੁਰ ਹਕੂਮਤ ਦੀਆਂ ਅੱਖਾਂ 'ਚ ਕਣ ਵਾਂਗ ਰੜਕਣ ਲੱਗੀ। ਉਦਾਸੀ ਨੂੰ ਸਿੱਖੀ ਨਾਲ ਅੰਤਾਂ ਦਾ ਮੋਹ ਸੀ। ਪ੍ਰੰਤੂ ਬਾਅਦ 'ਚ ਪਛੜੇ ਸਮਾਜ ਪ੍ਰਤੀ ਮਾੜੇ ਵਤੀਰੇ ਨੇ ਉਸ ਨੂੰ ਨਕਸਲਵਾੜੀ ਲਹਿਰ ਨਾਲ ਚੱਲਣ ਲਈ ਮਜਬੂਰ ਕਰ ਦਿੱਤਾ।
ਉਦਾਸੀ ਦੀਆਂ ਚਾਰ ਪੁਸਤਕਾਂ, ਲਤਾੜੇ, ਨਿਮਾਣੇ ਤੇ ਸਮਾਜ ਦੇ ਦੁਰਕਾਰੇ ਲੋਕਾਂ ਦੀ ਹੋਣੀ ਦਾ ਦੁਖਦਾਈ ਬਿਰਤਾਂਤ ਹਨ।
'ਲਹੂ ਭਿੱਜੇ ਬੋਲ', 'ਚੌਨੁਕਰੀਆਂ ਸੀਖਾਂ', 'ਸੈਨਤਾਂ' ਤੇ 'ਕੰਮੀਆਂ ਦਾ ਵਿਹੜਾ' ਨੇ ਨਿਜ਼ਾਮ ਪ੍ਰਬੰਧਾਂ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਸ ਦੀਆਂ ਲਿਖਤਾਂ ਹਕੂਮਤ ਲਈ ਵੰਗਾਰ ਹਨ ਤੇ ਸਮਾਜ ਲਈ ਚੇਤੰਨਤਾ ਦੀ ਪਹਿਲੀ ਕਿਰਨ। ਉਦਾਸੀ ਦੀਆਂ ਲਿਖਤਾਂ ਨੂੰ ਗਹੁ ਨਾਲ ਫਰੋਲੀਏ ਤਾਂ ਉਹ ਸਹੀ ਸ਼ਬਦਾਂ ਵਿਚ ਕਿਰਤੀ ਤੇ ਆਰਥਿਕ ਪੱਖੋਂ ਥੁੜੇ ਲੋਕਾਂ ਦਾ ਕਵੀ ਸੀ।
ਉਦਾਸੀ ਨੇ ਆਰਥਿਕ ਵਸੀਲਿਆਂ ਦੀ ਥੋੜ, ਸਮਾਜਿਕ ਅਨਿਆਂ, ਧਾਰਮਿਕ ਮਰਿਯਾਦਾਵਾਂ ਦੇ ਘਾਣ, ਤੇ ਸੱਭਿਆਚਾਰਕ ਵੰਡ, ਜਾਤ-ਜਮਾਤ ਦੇ ਵਿਤਕਰੇ, ਅਮੀਰੀ-ਗ਼ਰੀਬੀ ਦੇ ਪਾੜੇ, ਜਾਤੀ ਹੰਕਾਰ ਤੇ ਕਾਰਪੋਰੇਟੀ ਲੁੱਟ ਰਾਹੀਂ ਮਿਹਨਤਕਸ਼ ਲੋਕਾਂ ਦੇ ਸ਼ੋਸ਼ਣ ਖਿਲਾਫ਼ ਤਲਵਾਰ ਵਰਗੀ ਕਲਮ ਰਾਹੀਂ ਜੁਝਾਰੂ ਜੰਗ ਲੜੀ। ਅੱਜ ਜਦੋਂ ਲੁਟੇਰਾ ਜਮਾਤ ਕਿਰਤੀ ਲੋਕਾਂ ਦੀ ਲੁੱਟ-ਖਸੁੱਟ ਰਾਹੀਂ ਮੁਨਾਫੇਖੋਰੀ ਨਾਲ ਤਜੋਰੀਆਂ ਭਰ ਰਹੀ ਹੈ, ਉਸ ਵੇਲੇ ਉਦਾਸੀ ਕਵਿਤਾ ਰਾਹੀਂ ਪੁੱਤਾਂ ਵਾਂਗ ਪਾਲੀ ਕਣਕ ਨੂੰ ਮਿੱਠੜੇ ਜਿਹੇ ਰੋਸੇ ਦਾ ਨਿਹੋਰਾ ਮਾਰਦਾ ਹੈ...
ਸਾਡੇ ਪਿੜ੍ਹਾਂ ਵਿਚ ਤੇਰੇ ਗਲ ਚੀਥੜੇ ਨੀਂ ਮੇਰੀਏ ਜਵਾਨ ਕਣਕੇ,
ਕੱਲ ਸ਼ਾਹਾਂ ਦੇ ਗੋਦਾਮ ਵਿਚੋਂ ਨਿੱਕਲੇ ਤੂੰ ਸੋਨੇ ਦਾ ਪਟੋਲਾ ਬਣਕੇ।
ਉਦਾਸੀ ਦੀ ਕਵਿਤਾ ਸਿਰਕੱਢ ਲਿਖਾਰੀ ਸਭਾਵਾਂ ਤੇ ਸਾਹਿਤ ਕੁੰਭਾਂ ਦਾ ਸ਼ਿੰਗਾਰ ਬਣਦੀ ਰਹੀ। ਉਦਾਸੀ ਨੂੰ ਅਨੇਕਾਂ ਮਾਣ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਰਿਹਾ। ਮਾੜੇ ਰਾਜ ਪ੍ਰਬੰਧਾਂ ਨੂੰ ਬੇਪਰਦ ਕਰਨ ਵਾਲੇ ਉਦਾਸੀ ਦੀ ਕਲਮ ਹਕੂਮਤ ਨੂੰ ਜ਼ਹਿਰ ਵਾਂਗ ਲਗਦੀ ਸੀ। ਉਦਾਸੀ ਨੇ ਝੂਠੇ ਰਾਜਸੀ ਪ੍ਰਬੰਧਾਂ ਨੂੰ ਕੋਸਿਆ ਹੀ ਨਹੀ ਸਗੋਂ ਸੱਤਾ 'ਤੇ ਕਾਬਜ ਧਿਰਾਂ ਨੂੰ ਰਾਹ ਵੀ ਦਿਖਾਇਆ। ਅਵਾਮ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਹਲੂਣਿਆਂ। ਚੇਤਨਾ ਦੇ ਇਸ ਸੂਰਜ ਦੀ ਲੋਅ ਨੇ ਰਾਜਕਰਤਾ ਸ਼੍ਰੇਣੀ ਦੇ ਪਿੰਡੇ ਨੂੰ ਸਾੜ ਕੇ ਰੱਖ ਦਿੱਤਾ ਸੀ। ਇਹ ਉਦਾਸੀ ਦੇ ਵਿਦਰੋਹ ਦੀ ਪ੍ਰਾਪਤੀ ਹੀ ਸੀ ਕਿ ਖੇਤਾਂ ਦੀਆਂ ਵੱਟਾਂ 'ਤੇ ਘਾਹ ਦੀਆਂ ਤਿੜਾਂ ਪੁੱਟਣ ਵਾਲੇ ਹੱਥਾਂ 'ਚ ਆਈਆਂ ਮਿਸਾਲਾਂ ਤੇ ਕਲਮਾਂ ਨੇ ਆਰਥਿਕ ਗੁਲਾਮੀ ਦੀਆਂ ਜੋਕਾਂ ਨੂੰ ਤੋੜਨਾਂ ਸ਼ੁਰੂ ਕਰ ਦਿੱਤਾ। ਸੰਤ ਰਾਮ ਉਦਾਸੀ ਦੀਆਂ ਲਿਖਤਾਂ ਹਮੇਸ਼ਾਂ ਹੀ ਲੋਕ ਲਹਿਰਾਂ ਦੇ ਮੰਚਾਂ ਦਾ ਸ਼ਿਗਾਰ ਰਹੀਆਂ ਹਨ। ਲੰਘੇ ਕਿਸਾਨੀ ਘੋਲ ਦੌਰਾਨ ਉਦਾਸੀ ਦੇ ਗੀਤਾਂ ਦੇ ਬੋਲ ਮੋਰਚੇ 'ਚ ਜੋਸ਼ ਭਰਦੇ ਰਹੇ। ਇਕ ਪਾਸੇ ਉਦਾਸੀ ਨੂੰ ਵੱਡੇ-ਵੱਡੇ ਕਵੀ ਦਰਬਾਰਾਂ ਵਿਚ ਮਾਣ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਰਿਹਾ, ਦੂਜੇ ਪਾਸੇ ਹਕੂਮਤ ਦੇ ਇਸ਼ਾਰੇ 'ਤੇ ਪੁਲਿਸ ਉਦਾਸੀ ਦੇ ਟੱਬਰ ਨੂੰ ਜਲੀਲ ਕਰਦੀ ਰਹੀ। ਪਹੁ ਫੁੱਟਦਿਆਂ ਹੀ ਪੁਲਿਸ ਕੰਧਾਂ ਕੋਠੇ ਟੱਪ ਕੇ ਉਦਾਸੀ ਦੇ ਵਿਹੜੇ ਖੌਰੂ ਪਾ ਦਿੰਦੀ। ਅੰਤ ਕੰਮੀਆਂ ਦੇ ਵਿਹੜੇ ਦਾ ਇਹ ਸੂਰਜ 6 ਨਵੰਬਰ, 1986 ਨੂੰ 47 ਸਾਲਾਂ ਦੀ ਸ਼ੰਘਰਸ਼ਮੀ ਜ਼ਿੰਦਗੀ ਭੋਗ ਕੇ ਅਸਤ ਤਾਂ ਹੋ ਗਿਆ ਪ੍ਰੰਤੂ ਇਸ ਸੂਰਜ ਦੀ ਲਾਲੀ ਅੱਜ ਵੀ ਕਾਇਮ-ਦਾਇਮ ਹੈ।

-ਪਿੰਡ ਤੇ ਡਾਕ.ਤਹਿ: ਜਗਰਾਉਂ ( ਲੁਧਿਆਣਾ)-142026
ਮੋਬਾਈਲ : 98764-92410

Ad Position 22
No active advertisement
ਪਿਛਲੀ ਖ਼ਬਰ var ਅਗਲੀ ਖ਼ਬਰ ਚੀਲ ਦੇ ਰੁੱਖ... ਝੀਲ ਦਾ ਕੰਢਾ... ਸਵਰਗ ਪਿੰਡ ਚਲੈਲਾ
Ad Position 24