ਕਈ ਵਾਰ ਕੁਦਰਤ ਐਸੇ ਵਰਤਾਰੇ ਵਰਤਾਅ ਦਿੰਦੀ ਹੈ ਕਿ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਉਹ ਕੁਝ ਵਾਪਰ ਜਾਂਦਾ ਹੈ ਜੋ ਉਸ ਨੇ ਕਦੀ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ। ਆਗਰੇ ਦੇ ਨੌਜਵਾਨ ਅਬਦੁੱਲ ਨਾਲ ਵੀ ਅਜਿਹਾ ਹੀ ਵਾਪਰਿਆ। ਉਹ ਆਗਰੇ ਦੀ ਸੈਂਟਰਲ ਜੇਲ ਵਿਚ ਕਲਰਕ ਦੇ ਤੌਰ 'ਤੇ ਕੰਮ ਕਰਦਾ ਸੀ, ਕਿ ਇਕ ਅਜਿਹਾ ਬੁੱਲਾ ਆਇਆ ਕਿ ਉਹ ਮਹਾਰਾਣੀ ਵਿਕਟੋਰੀਆ ਦੇ ਮਹਿਲਾਂ ਵਿਚ ਲੰਡਨ ਜਾ ਪਹੁੰਚਿਆ। ਸਬੱਬ ਇੰਜ ਬਣਿਆ ਕਿ ਇਕ ਵਾਰ ਲੰਡਨ ਵਿਚ ਲੱਗੀ ਇਕ ਨੁਮਾਇਸ਼ ਵਿਚ ਉਸ ਨੇ ਕੈਦੀਆਂ ਵਲੋਂ ਬਣਾਈਆਂ ਦਰੀਆਂ ਭੇਜੀਆਂ। ਬੱਸ! ਮਹਾਰਾਣੀ ਵਿਕਟੋਰੀਆ ਦੀਆਂ ਨਜ਼ਰੇ ਚੜ੍ਹਨ ਦਾ ਸਬੱਬ ਬਣ ਗਿਆ ਅਤੇ 24 ਸਾਲ ਦੀ ਭਰ ਜੁਆਨੀ ਦੀ ਉਮਰੇ ਉਹ ਲੰਡਨ ਦੇ ਸ਼ਾਹੀ ਮਹੱਲਾਂ ਵਿਚ ਜਾ ਪਹੁੰਚਾ। ਇਹ ਗੱਲ 1887 ਦੀ ਹੈ। ਮਹਾਰਾਣੀ ਵਿਕਟੋਰੀਆ ਨੇ ਆਪਣੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਮਨਾਉਣੀ ਸੀ। ਮਹਾਰਾਣੀ ਨੇ ਹਿੰਦੁਸਤਾਨ ਤੋਂ ਇਨ੍ਹਾਂ ਜਸ਼ਨਾਂ ਵਿਚ ਸਹਾਇਕ ਹੋਣ ਲਈ ਦੋ ਕੁੱਕ ਮੰਗਵਾਏ ਸਨ। ਇਕ ਸੀ ਅਬਦੁੱਲ ਕਰੀਮ ਅਤੇ ਦੂਸਰਾ ਸੀ ਉਸ ਤੋਂ ਵੱਡੀ ਉਮਰ ਦਾ ਮੁਹੰਮਦ ਬਖ਼ਸ਼। ਦੋਵੇਂ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਪਹੁੰਚੇ। ਰਸਤੇ ਵਿਚ ਮਾਲਟਾ ਵਿਖੇ ਰੁਕਣ ਦਾ ਅਬਦੁਲ ਨੇ ਆਪਣੀ ਡਾਇਰੀ ਵਿਚ ਵਿਸ਼ੇਸ਼ ਜ਼ਿਕਰ ਕੀਤਾ ਹੈ। ਬਾਹਰ ਸ਼ਹਿਰ ਵਿਚ ਸੈਰ ਕਰਦਿਆਂ ਉਹ ਇਕ ਚਰਚ ਵਿਚ ਗਏ ਤਾਂ ਉਨ੍ਹਾਂ ਨੂੰ ਆਪਣੀਆਂ ਪੱਗਾਂ ਉਤਾਰਨ ਲਈ ਕਿਹਾ ਗਿਆ। ਕਰੀਮ ਲਿਖਦਾ ਹੈ, 'ਧਾਰਮਿਕ ਜਗ੍ਹਾ ਅੰਦਰ ਨੰਗੇ ਸਿਰ ਜਾਣ ਦੀ ਬੇ-ਅਦਬੀ ਤਾਂ ਅਸੀਂ ਸੋਚ ਵੀ ਨਹੀਂ ਸਾਂ ਸਕਦੇ'। ਉਸ ਦੀ ਪੱਗ ਲੰਡਨ ਜਾ ਕੇ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਰਹੀ। ਇੰਗਲਿਸ਼ਤਾਨੀਆਂ ਨੇ ਪੱਗਾਂ ਵਾਲੇ ਫੋਟੋਆਂ ਵਿਚ ਤਾਂ ਵੇਖੇ ਸਨ ਪਰ ਸੁੱਚੀਂ-ਮੁੱਚੀਂ ਪੱਗਾਂ ਵਾਲੇ ਉਨ੍ਹਾਂ ਹੁਣ ਹੀ ਵੇਖੇ ਸਨ।
ਹਿੰਦੁਸਤਾਨ ਤੋਂ ਪੱਗ ਦੇ ਨਾਲ-ਨਾਲ ਉਹ ਹਿੰਦੁਸਤਾਨੀ ਮਸਾਲੇ ਦਾ ਟਰੰਕ ਵੀ ਲੈ ਕੇ ਗਿਆ ਸੀ। ਜਦ ਇਨ੍ਹਾਂ ਮਸਾਲਿਆਂ ਨਾਲ ਉਸ ਨੇ ਮਹਾਰਾਣੀ ਲਈ ਦਾਲ, ਕੜੀ, ਪੁਲਾਵ ਆਦਿ ਪਰੋਸਿਆ ਤਾਂ ਮਹਾਰਾਣੀ ਨੇ ਇਨ੍ਹਾਂ ਭੋਜਨਾਂ ਨੂੰ ਏਨਾ ਪਸੰਦ ਕੀਤਾ ਕਿ ਇਹ ਸ਼ਾਹੀ ਮੀਨੂੰ ਦਾ ਪੱਕਾ ਹਿੱਸਾ ਬਣ ਗਏ। ਅਬਦੁਲ ਕਰੀਮ ਮਹਾਰਾਣੀ ਨੂੰ ਏਨਾ ਪ੍ਰਭਾਵਿਤ ਕਰ ਗਿਆ ਕਿ ਮਹਾਰਾਣੀ ਨੇ ਉਸ ਨੂੰ ਬਹਿਰੇ ਤੋਂ ਆਪਣਾ 'ਮੁਨਸ਼ੀ' ਬਣਾ ਲਿਆ। ਫਿਰ ਤਾਂ ਇਹ ਲਗਾਅ ਏਥੋਂ ਤੱਕ ਵਧ ਗਿਆ ਕਿ ਉਸ ਦੀਆਂ ਪੁਰਾਣੀਆਂ ਬਹਿਰੇ ਵਾਲੀਆਂ ਫੋਟੋ ਲੱਭ-ਲੱਭ ਕੇ ਪਾੜੀਆਂ ਗਈਆਂ। ਅਬਦੁਲ ਨਾਲ ਮਹਾਰਾਣੀ ਦੀ ਵਧ ਰਹੀ ਨੇੜਤਾ ਦਾ ਮਹਾਰਾਣੀ ਦੇ ਪਰਿਵਾਰ ਵਲੋਂ ਅਤੇ ਮਹੱਲ ਦੇ ਕਰਮਚਾਰੀਆਂ ਵਲੋਂ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ, ਪਰ ਜਿੰਨਾ ਵਿਰੋਧ ਹੁੰਦਾ ਰਿਹਾ, ਮਹਾਰਾਣੀ ਦੀ ਉਸ ਨਾਲ ਓਨੀ ਹੀ ਨੇੜਤਾ ਵਧਦੀ ਗਈ। ਮਹਾਰਾਣੀ ਨੂੰ ਉਰਦੂ ਸਿਖਾਉਣ ਲਈ ਅਬਦੁਲ ਹਰ ਰੋਜ਼ ਮਹਾਰਾਣੀ ਦੇ ਮਹੱਲ ਵਿਚ ਪਹੁੰਚਦਾ ਅਤੇ ਉਸ ਦੇ ਨਜ਼ਦੀਕ ਬੈਠਦਾ। ਮਹਾਰਾਣੀ ਉਸ ਨੂੰ ਅੰਗਰੇਜ਼ੀ ਸਿਖਾਉਂਦੀ। ਸਮਾਂ ਪਾ ਕੇ ਮਹਾਰਾਣੀ ਉਸ ਨੂੰ ਉਰਦੂ ਵਿਚ ਚਿੱਠੀਆਂ ਲਿਖਣ ਲੱਗੀ। ਕਈ ਥਾਈਂ ਆਪਣੀ ਨਿੱਜੀ ਡਾਇਰੀ ਵਿਚ ਵੀ ਉਸ ਨੇ ਅਬਦੁੱਲ ਦਾ ਚੰਗੇ ਸ਼ਬਦਾਂ ਵਿਚ ਬਿਆਨ ਕੀਤਾ।
ਮਹਾਰਾਣੀ ਉਸ ਨਾਲ ਏਨੀ ਨਿੱਜੀ ਸਾਂਝ ਰੱਖਣ ਲੱਗੀ ਕਿ ਅਬਦੁਲ ਦੀ ਬੇਨਤੀ 'ਤੇ ਉਸ ਨੇ ਉਸ ਦੀ ਪਤਨੀ ਅਤੇ ਪਰਿਵਾਰ ਨੂੰ ਵੀ ਲੰਡਨ ਹੀ ਬੁਲਾ ਲਿਆ ਅਤੇ ਸ਼ਾਹੀ ਜਾਇਦਾਦਾਂ ਵਿਚ ਠਹਿਰਾਇਆ। ਹਾਲਾਂ ਕਿ ਅਬਦੁਲ ਕਿਸੇ ਵੀ ਅਜਿਹੀ ਕੈਟਾਗਿਰੀ ਵਿਚ ਨਹੀਂ ਸੀ ਆਉਂਦਾ ਫਿਰ ਵੀ ਮਹਾਰਾਣੀ ਦੀ ਸਿਫਾਰਸ਼ 'ਤੇ ਅਬਦੁਲ ਨੂੰ ਹਿੰਦੁਸਤਾਨ ਵਿਚ ਵੀ ਜ਼ਮੀਨ-ਜਾਇਦਾਦ ਗਰਾਂਟ ਵਜੋਂ ਦਿੱਤੀ ਗਈ। ਉਸ ਦੇ ਪਿਤਾ ਦੀ ਤਰੱਕੀ ਲਈ ਵੀ ਮਹਾਰਾਣੀ ਨੇ ਸਿਫਾਰਸ਼ ਕੀਤੀ ਸੀ। ਮਹਾਰਾਣੀ ਉਸ 'ਤੇ ਏਨੀ ਦਿਆਲੂ ਹੋ ਗਈ ਸੀ ਕਿ ਉਸ ਨੂੰ ਸਕੱਤਰ ਦੇ ਤੌਰ 'ਤੇ ਪਦ-ਉੱਨਤ ਕਰ ਦਿੱਤਾ ਗਿਆ। ਉਸ ਨੂੰ ਪਰਿਵਾਰਿਕ ਮੈਂਬਰਾਂ ਜਿੰਨਾ ਸਤਿਕਾਰ ਦਿੱਤੇ ਜਾਣ ਦਾ ਹੁਕਮ ਸੀ। ਕਰੀਮ ਦੇ ਕੋਈ ਬੱਚਾ ਨਹੀਂ ਸੀ ਹੋ ਰਿਹਾ। ਇਸ ਲਈ ਸ਼ਾਹੀ ਡਾਕਟਰ ਰੀਡ ਦੀ ਡਿਊਟੀ ਲਾਈ ਗਈ ਕਿ ਉਹ ਉਸ ਦਾ ਇਲਾਜ ਕਰੇ।
ਮਹਾਰਾਣੀ ਦੇ ਪਰਿਵਾਰ ਵਲੋਂ ਲਗਾਤਾਰ ਵਿਰੋਧਤਾ ਹੁੰਦੀ ਰਹੀ ਕਿ ਸ਼ਾਹੀ ਭੋਜਨ ਸਮੇਂ ਉਸ ਨੂੰ ਵਿਸ਼ੇਸ਼ ਮਹਿਮਾਨਾਂ ਵਿਚ ਕਿਉਂ ਬਿਠਾਇਆ ਜਾਂਦਾ ਹੈ ਪਰ ਮਹਾਰਾਣੀ ਇਸ ਸਭ ਕਾਸੇ ਤੋਂ ਬੇਪਰਵਾਹ ਰਹੀ। ਸੰਨ 1901 ਵਿਚ ਜਦ ਮਹਾਰਾਣੀ ਦਾ ਦਿਹਾਂਤ ਹੋਇਆ ਤਾਂ ਉਸ ਦੇ ਵੱਡੇ ਲੜਕੇ ਨੇ ਸੱਤਾ ਸੰਭਾਲਦਿਆਂ ਹੀ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਆਪਣੀ ਭੈਣ ਬੀਟਰਿਸ ਅਤੇ ਆਪਣੀ ਰਾਣੀ ਅਲੈਗਜ਼ੈਂਡਰਾ ਨੂੰ ਅਬਦੁਲ ਦੇ ਪਰਿਵਾਰ ਵੱਲ ਭੇਜਿਆ। ਉਨ੍ਹਾਂ ਕੋਲੋਂ ਮਹਾਰਾਣੀ ਵਲੋਂ ਲਿਖੀਆਂ ਸਾਰੀ ਚਿੱਠੀਆਂ ਪ੍ਰਾਪਤ ਕਰ ਕੇ ਉਥੇ ਹੀ ਉਨ੍ਹਾਂ ਸਾਹਮਣੇ ਸਾੜ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਾਪਸ ਹਿੰਦੁਸਤਾਨ ਭੇਜ ਦਿੱਤਾ ਗਿਆ। ਆਖਰ ਕੀ ਸੀ ਇਨ੍ਹਾਂ ਖ਼ਤਾਂ ਵਿਚ? ਕੋਈ ਨਹੀਂ ਜਾਣ ਸਕੇਗਾ। ਇਹ ਭੇਦ ਮਹਾਰਾਣੀ ਦੀ ਮੌਤ ਤੋਂ ਤਕਰੀਬਨ ਸੌ ਸਾਲਾਂ ਬਾਅਦ ਵੀ ਭੇਦ ਹੀ ਬਣਿਆ ਰਿਹਾ। ਹਾਂ, ਐਡਵਰਡ ਸੱਤਵੇਂ ਨੇ ਮਹਾਰਾਣੀ ਦੀ ਇਕ ਆਖ਼ਰੀ ਖ਼ਾਹਿਸ਼ ਪੂਰੀ ਕਰਨ ਦੀ ਇਜਾਜ਼ਤ ਜ਼ਰੂਰ ਦੇ ਦਿੱਤੀ ਸੀ। ਮਹਾਰਾਣੀ ਨੇ ਵਸੀਅਤ ਵਿਚ ਇਹ ਲਿਖਿਆ ਸੀ ਕਿ ਉਸ ਦੀ ਮੌਤ 'ਤੇ ਅਬਦੁੱਲ ਕਰੀਮ ਨੂੰ ਮੁੱਖ ਸੋਗੀਆਂ ਵਿਚ ਸ਼ਾਮਿਲ ਕੀਤਾ ਜਾਵੇ। ਅਜਿਹਾ ਕਰ ਲਿਆ ਗਿਆ। ਅਬਦੁਲ ਆਖ਼ਰੀ ਸ਼ਖ਼ਸ ਸੀ ਜਿਸ ਨੂੰ ਮਹਾਰਾਣੀ ਦੇ ਸਰੀਰ ਦੇ ਆਖਰੀ ਦਰਸ਼ਨ ਕਰਨ ਦਾ ਯੋਗ ਮੌਕਾ ਦਿੱਤਾ ਗਿਆ। ਉਹ ਕੁਝ ਸਕਿੰਟਾਂ ਲਈ ਇਕੱਲਾ ਉਸ ਵੱਲ ਦੇਖਦਾ ਰਿਹਾ ਸੀ ਤੇ ਫਿਰ ਕਫਨ ਵਾਲਾ ਬਕਸਾ ਬੰਦ ਕਰ ਦਿੱਤਾ ਗਿਆ ਸੀ।
ਅਬਦੁਲ ਦੇ ਮਹਾਰਾਣੀ ਵਿਕਟੋਰੀਆ ਨਾਲ ਸੰਬੰਧਾਂ ਬਾਰੇ ਸਭ ਤੋਂ ਵੱਧ ਸਨਸਨੀਖ਼ੇਜ਼ ਘਟਨਾ ਸੀ ਉਨ੍ਹਾਂ ਦੋਹਾਂ ਦਾ 1889 ਵਿਚ ਸਤੰਬਰ ਮਹੀਨੇ ਦੀ ਇਕ ਰਾਤ ਨੂੰ ਬਾਲਮੋਰਲ ਇਸਟੇਟ ਵਾਲੇ ਮਹੱਲ ਵਿਚ ਇਕੱਲੇ ਠਹਿਰਣਾ। ਇਹ ਮਹੱਲ ਮਹਾਰਾਣੀ ਨੇ ਆਪਣੇ ਪਤੀ ਅਲਬਰਟ ਦੀ ਮੌਤ ਤੋਂ ਬਾਅਦ ਬਣਵਾਇਆ ਸੀ, ਇਸ ਲਈ ਇਸ ਨੂੰ ਕਈ ਵਾਰ 'ਵਿਧਵਾ-ਘਰ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਗਲਾਸ-ਅਲਟ-ਸ਼ੀਲ ਨਾਮੀ ਇਸ ਘਰ ਵਿਚ ਮਹਾਰਾਣੀ ਕਈ ਵਾਰ ਪਹਿਲਾ ਕੁੱਕ ਜੌਨ ਬਰਾਊਨ ਨਾਲ ਰਹਿ ਚੁੱਕੀ ਸੀ ਪਰ ਉਸ ਦੀ ਮੌਤ ਤੋਂ ਬਾਅਦ ਉਸ ਨੇ ਸਹੁੰ ਖਾ ਲਈ ਸੀ ਕਿ ਉਹ ਉਸ ਘਰ ਵਿਚ ਕਦੀ ਨਹੀਂ ਠਹਿਰੇਗੀ ਪਰ ਜਦ 70 ਸਾਲਾ ਵਿਧਵਾ ਮਹਾਰਾਣੀ ਨੇ 26 ਸਾਲਾ ਅਬਦੁਲ ਕਰੀਮ ਨਾਲ ਉਸ ਘਰ ਵਿਚ ਰਾਤ ਰਹਿਣ ਦੀ ਸਹੁੰ ਤੋੜੀ ਤਾਂ ਖੰਭ ਡਾਰਾਂ ਬਣ ਗਏ ਤੇ ਕੰਧਾਂ ਨੂੰ ਕੰਨਾਂ ਦੇ ਨਾਲ-ਨਾਲ ਜੀਭਾਂ ਵੀ ਲੱਗ ਗਈਆਂ।
ਅਬਦੁਲ ਕਰੀਮ ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਹਿੰਦੁਸਤਾਨ ਵਿਚ ਰਹਿੰਦਿਆਂ ਬਹੁਤ ਲੰਬੀ ਦੇਰ ਨਾ ਜਿਉ ਸਕਿਆ। ਉਹ 1909 ਵਿਚ ਬਹੁਤ ਸਾਰੇ ਭੇਦ ਆਪਣੇ ਨਾਲ ਲੈ ਕੇ ਆਗਰੇ ਵਿਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਸ ਦੇ ਪਰਿਵਾਰ ਦੇ ਕੁਝ ਭਰਾ-ਭਤੀਜੇ 1947 ਤੋਂ ਬਾਅਦ ਪਾਕਿਸਤਾਨ ਚਲੇ ਗਏ। ਅਬਦੁਲ ਦੇ ਮਹਾਰਾਣੀ ਨਾਲ ਵਿਵਾਦਤ ਰਿਸ਼ਤਿਆਂ ਬਾਰੇ ਅਜੋਕੀ ਜਾਣਕਾਰੀ ਵੀ ਸਾਨੂੰ ਉਪਲਬਧ ਨਹੀਂ ਸੀ ਹੋਣੀ ਜੇ ਹਿੰਦੁਸਤਾਨ-ਜਨਮੀ, ਇੰਗਲੈਂਡ ਵੱਸ ਰਹੀ ਜਰਨਲਿਸਟ-ਲੇਖਕ, ਸ਼ਰਾਬਨੀ ਬਾਸੂ, ਉਸ ਬਾਰੇ ਖੋਜ ਨਾ ਕਰਦੀ। ਸ਼ਰਾਬਾਨੀ 1990 ਵਿਚ ਹਿੰਦੁਸਤਾਨੀ ਕੜੀ ਦੇ ਇਤਿਹਾਸ ਬਾਰੇ ਖੋਜ ਕਰਦੇ-ਕਰਦੇ ਮਹਾਰਾਣੀ ਦੇ ਓਸਬੌਰਨ-ਮਹੱਲ ਤੱਕ ਜਾ ਪਹੁੰਚੀ, ਜਿੱਥੇ ਉਸ ਨੇ ਪਗੜੀਧਾਰੀ ਅਬਦੁਲ ਕਰੀਮ ਦੀਆਂ ਫੋਟੋ ਵੇਖੀਆਂ ਸਨ। ਅੱਗੇ ਤੋਂ ਅੱਗੇ ਜਾਣਨ-ਖ਼ੋਜਣ ਦੀ ਉਤਸੁਕਤਾ ਉਸ ਨੂੰ ਕਰਾਚੀ ਵਿਚ ਰਹਿੰਦੇ ਅਬਦੁਲ ਕਰੀਮ ਦੇ ਭਤੀਜਿਆਂ ਤੱਕ ਲੈ ਗਈ। ਉਸ ਨੂੰ ਦੱਸ ਪਈ ਸੀ ਕਿ ਉਨ੍ਹਾਂ ਕੋਲ ਅਬਦੁਲ ਦੀ ਲਿਖੀ ਇਕ ਡਾਇਰੀ ਅਤੇ ਵਿਕਟੋਰੀਆ ਦੀਆਂ ਕੁਝ ਚਿੱਠੀਆਂ ਪਈਆਂ ਸਨ।
ਅਬਦੁਲ-ਵਿਕਟੋਰੀਆ ਸੰਬੰਧਾਂ ਦਾ ਕੋਈ ਨਾਂਅ ਰੱਖਣਾ ਬਹੁਤ ਔਖਾ ਹੈ। ਉਪਲੱਬਧ ਚਿੱਠੀਆਂ ਵਿਚ ਮਹਾਰਾਣੀ ਕਈ ਥਾਈਂ ਆਪਣੇ-ਆਪ ਨੂੰ 'ਬੇਹਤਰੀਨ ਦੋਸਤ' ਲਿਖਦੀ ਹੈ ਅਤੇ ਕਈ 'ਲਵਇੰਗ ਮਦਰ'। ਕਈ ਥਾਈਂ ਉਹ ਚੁੰਮਣਾਂ ਦੀ ਝੜੀ ਲਗਾ ਦਿੰਦੀ ਹੈ। ਪਰ ਇਸ ਸਭ ਕਾਸੇ ਦੇ ਬਾਵਜੂਦ ਇਤਿਹਾਸਕਾਰ ਉਨ੍ਹਾਂ ਦੇ ਸੰਬੰਧਾਂ ਨੂੰ ਜਿਸਮਾਂ ਨਾਲ ਨਹੀਂ ਜੋੜਦੇ। ਉਂਝ ਕਿਸੇ ਦੁਖਿਆਰੀ-ਕੱਲਮਾਰੀ ਮਹਾਰਾਣੀ ਦਾ ਕਿਸੇ ਦਸਤਾਰਧਾਰੀ, ਹਿੰਦੁਸਤਾਨੀ-ਬਸਤੀਵਾਦੀ, ਮੁਸਲਿਮ ਮੁੰਡੇ ਨਾਲ ਏਨਾ ਨੇੜ ਅਤੇ ਹੇਜ ਸ਼ਾਹੀ ਪਰਿਵਾਰ ਅਤੇ ਆਲੇ-ਦੁਆਲੇ ਨੂੰ ਚੁੱਭਦਾ ਸੀ।
ਬਿਨਾਂ ਸ਼ੱਕ, ਅਜਿਹੇ ਸੰਬੰਧਾਂ ਬਾਰੇ ਆਖਰੀ ਸੱਚ ਕੀ ਹੈ ਕੋਈ ਨਹੀਂ ਜਾਣ ਸਕਦਾ। ਬਹੁਤ ਕੁਝ ਤੁਰ ਜਾਣ ਵਾਲਿਆਂ ਦੇ ਨਾਲ ਹੀ ਤੁਰ ਜਾਂਦਾ ਹੈ।
ਤੇ ਕਈ ਵਾਰ ਤਾਂ ਸੰਬੰਧਿਤ ਪਾਤਰਾਂ ਨੂੰ ਵੀ ਇਹ ਸਮਝ ਨਹੀਂ ਲਗਦੀ ਕਿ 'ਇਸ ਰਿਸ਼ਤੇ ਦਾ ਨਾਂਅ ਕੀ ਰੱਖੀਏ, 'ਵਾਜ ਕਿਵੇਂ ਮਾਰੀਏ। '
-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 97798-53245