ਸੰਸਾਰ ਪ੍ਰਸਿੱਧ ਸੰਗੀਤਕ ਹਸਤੀ ਜਨਾਬ ਨੁਸਰਤ ਫ਼ਤਿਹ ਅਲੀ ਖ਼ਾਂ ਸਾਹਿਬ ਦੇ ਬੋਲ ਹਨ, 'ਸੰਗੀਤ ਦੀ ਦਰਅਸਲ ਕੋਈ ਜ਼ੁਬਾਨ ਹੁੰਦੀ ਹੀ ਨਹੀਂ ਹੈ। ਇਹ ਤਾਂ ਹੱਦਾਂ-ਸਰਹੱਦਾਂ ਪਾਰ ਕਰ ਕੇ ਦਿਲਾਂ ਤੱਕ ਪੁੱਜ ਜਾਣ ਵਾਲੀ ਉਹ ਖ਼ੁਸ਼ਬੂ ਹੈ ਜੋ ਸਰੋਤੇ ਨੂੰ ਵਜਦ ਵਿਚ ਲਿਆ ਦਿੰਦੀ ਹੈ। ਸੁੱਚੇ ਸੰਗੀਤ ਦੀ ਲੋਰ 'ਚ ਆ ਕੇ ਕੋਈ ਬੁੱਲ੍ਹੇ ਵਾਂਗ ਨੱਚਣ ਲੱਗ ਜਾਂਦਾ ਹੈ ਤੇ ਕੋਈ ਬੁੱਧ ਵਾਂਗ ਸ਼ਾਂਤ ਹੋ ਜਾਂਦਾ ਹੈ।' ਇਹ ਸੱਚ ਹੈ ਕਿ ਸੰਗੀਤ ਤਾਂ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ, ਮੁਲਕਾਂ ਅਤੇ ਧਰਮਾਂ ਨਾਲ ਜੁੜੇ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਣ ਅਤੇ ਅਕਹਿ ਅਨੰਦ ਪ੍ਰਦਾਨ ਕਰਨ ਦੀ ਤਾਕਤ ਤੇ ਸਮਰੱਥਾ ਰੱਖਦਾ ਹੈ।
ਅੱਜ 'ਵਿਸ਼ਵ ਸੰਗੀਤ ਦਿਵਸ ' ਹੈ ਅਤੇ ਇਹ ਦਿਵਸ ਸਾਨੂੰ ਇਹ ਚੇਤੇ ਕਰਵਾਉਂਦਾ ਹੈ ਕਿ ਸੰਗੀਤ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਦੁੱਖ, ਸੁੱਖ, ਖ਼ੁੁਸ਼ੀ ਅਤੇ ਗ਼ਮੀ ਆਦਿ ਦੇ ਭਾਵ ਪ੍ਰਗਟ ਕਰਕੇ ਸਕੂਨ ਅਤੇ ਅਨੰਦ ਹਾਸਿਲ ਕਰਦਾ ਆਇਆ ਹੈ। ਮਹਾਨ ਸਾਹਿਤਕਾਰ ਵਿਕਟਰ ਹਿਊਗੋ ਨੇ ਵੀ ਸੰਗੀਤ ਦੀ ਉਸਤਤਿ ਕਰਦਿਆਂ ਆਖ਼ ਦਿੱਤਾ ਸੀ-'ਸੰਗੀਤ ਤਾਂ ਮਨੁੱਖ ਦੇ ਉਹ ਜਜ਼ਬਾਤ ਹਨ ਜੋ ਸ਼ਬਦਾਂ 'ਚ ਬਿਆਨ ਨਹੀਂ ਕੀਤੇ ਜਾ ਸਕਦੇ ਹਨ ਤੇ ਜਿਨ੍ਹਾਂ ਨੂੰ ਖ਼ਾਮੋਸ਼ੀ ਵੀ ਬਿਆਨ ਨਹੀਂ ਕਰ ਸਕਦੀ ਹੈ।' ਭਾਰਤ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿਚ ਵੀ ਸੰਗੀਤ ਦਾ ਉਪਯੋਗ ਮਨੋਰੰਜਨ ਤੋਂ ਇਲਾਵਾ ਭਗਤੀ ਦੇ ਮਾਧਿਅਮ ਵਜੋਂ ਵੀ ਕੀਤਾ ਗਿਆ ਹੈ ਤੇ ਸੰਗੀਤ ਨੂੰ ਰੱਬੀ ਦਰਗਾਹ 'ਚੋਂ ਹਾਸਿਲ ਕੀਤੀ ਦਾਤ ਦੱਸਿਆ ਗਿਆ ਹੈ। ਗੱਲ ਚਾਹੇ ਸੂਫ਼ੀ ਸੰਗੀਤ ਦੀ ਹੋਵੇ ਜਾਂ ਫਿਰ ਭਾਰਤੀ ਸ਼ਾਸ਼ਤਰੀ ਸੰਗੀਤ ਵਿਚ ਗੁੰਨ੍ਹੇ ਗੁਰਮਤਿ ਸੰਗੀਤ ਦੀ, ਇਹ ਦੋਵੇਂ ਹੀ ਆਤਮਾ ਦੇ ਮੇਲ ਪਰਮਾਤਮਾ ਨਾਲ ਕਰਵਾਉਣ ਦਾ ਸਫ਼ਲ ਸਾਧਨ ਸਿੱਧ ਹੋਏ ਹਨ। ਵਿਗਿਆਨੀਆਂ ਦਾ ਤਾਂ ਇੱਥੋਂ ਤੱਕ ਵੀ ਮੰਨਣਾ ਹੈ ਕਿ ਕੇਵਲ ਮਨੁੱਖ ਹੀ ਨਹੀਂ ਸਗੋਂ ਜਲ,ਥਲ ਅਤੇ ਆਕਾਸ਼ ਵਿਚ ਵਿਚਰਨ ਵਾਲੇ ਸਮੂਹ ਪਸ਼ੂ,ਪੰਛੀ ਅਤੇ ਹੋਰ ਜੀਵ ਵੀ ਸੰਗੀਤ ਦਾ ਹਾਂ-ਪੱਖੀ ਪ੍ਰਭਾਵ ਕਬੂਲਦੇ ਹਨ।
ਭਾਰਤ ਦੀ ਸ਼ਾਸਤਰੀ ਸੰਗੀਤ ਪ੍ਰੰਪਰਾ ਅਨੁਸਾਰ 'ਗਾਇਨ','ਵਾਦਨ' ਅਤੇ 'ਨ੍ਰਿਤ ' ਦੇ ਸੁਮੇਲ ਨੂੰ 'ਸੰਗੀਤ' ਕਿਹਾ ਜਾਂਦਾ ਹੈ ਜਦੋਂ ਕਿ ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ 'ਸੰਗੀਤ ਐਸੀ ਕਲਾ ਹੈ ਜਿਸ ਵਿਚ ਸੁਰ ਅਤੇ ਤਾਲ ਨੂੰ ਕ੍ਰਮਵਾਰ ਢੰਗ ਨਾਲ ਵਿਵਸਥਿਤ ਕੀਤਾ ਜਾਂਦਾ ਹੈ।' ਸੰਗੀਤ ਕਲਾ ਦੇ ਵਿਦਵਾਨ ਸਾਰੰਗ ਦੇਵ ਅਨੁਸਾਰ ,'ਨਾਚ ਅਸਲ ਵਿਚ ਸਾਜ਼ ਤੋਂ ਉਪਜੇ ਸੰਗੀਤ 'ਤੇ ਨਿਰਭਰ ਕਰਦਾ ਹੈ ਤੇ ਸਾਜ਼ ਦੇ ਸੰਗੀਤ ਦਾ ਆਧਾਰ ਗਾਇਨ ਹੁੰਦਾ ਹੈ।' ਭਾਰਤੀ ਸੰਗੀਤ ਜਗਤ ਦੀ ਪ੍ਰਾਚੀਨ ਹਸਤੀ ਮਹਾਂਰਿਸ਼ੀ ਨਾਰਦ ਰਚਿਤ 'ਨਾਰਦ ਸੰਹਿਤਾ' ਵਿਚ ਦਰਜ ਪਰਿਭਾਸ਼ਾ ਅਨੁਸਾਰ ,'ਪਰਮਾਤਮਾ ਦੀ ਪ੍ਰਾਪਤੀ ਅਤੇ ਆਤਮਾ ਨੂੰ ਜਾਗ੍ਰਿਤ ਕਰਨ ਲਈ ਸੰਗੀਤ ਸਰਬੋਤਮ ਮਾਧਿਅਮ ਹੈ।' ਸੰਗੀਤ ਦਾ ਇਤਿਹਾਸ ਦੱਸਦਾ ਹੈ ਕਿ ਲਗਪਗ 40,000 ਸਾਲ ਪਹਿਲਾਂ ਦਾ ਮਨੁੱਖ, ਸੰਗੀਤ ਦੀ ਸਮਝ ਰੱਖਦਾ ਸੀ। ਪੂਰਵ ਇਤਿਹਾਸ ਕਾਲ ਨਾਲ ਸਬੰਧਿਤ ਯੂਰਪੀ ਗੁਫ਼ਾਵਾਂ ਵਿਚ ਸੰਗੀਤ ਨਾਲ ਸਬੰਧਿਤ ਕੁਝ ਵਸਤਾਂ ਮਿਲੀਆਂ ਹਨ ਜਿਨ੍ਹਾਂ ਵਿਚ ਹਾਥੀ ਦੰਦ ਜਾਂ ਹੋਰ ਜਾਨਵਰਾਂ ਦੀਆਂ ਹੱਡੀਆਂ ਤੋਂ ਬਣਿਆ ਹੋਇਆ ਬੰਸਰੀਨੁਮਾ ਸਾਜ਼ ਸ਼ਾਮਿਲ ਹੈ। ਮੈਸੋਪੋਟਾਮੀਆ ਅਤੇ ਮਿਸਰ ਤੋਂ ਇਲਾਵਾ ਭਾਰਤ ਵਿਚ ਸੰਗੀਤ ਦਾ ਸਬੰਧ ਧਾਰਮਿਕ ਪੂਜਾ-ਪਾਠ ਨਾਲ ਜੁੜਿਆ ਹੋਇਆ ਮਿਲਿਆ ਹੈ।
ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਪੰਜ ਹਜ਼ਾਰ ਸਾਲ ਪਹਿਲਾਂ ਰਚੇ ਗਏ ਭਜਨ ਦਰਜ ਹਨ। 'ਸਾਮਵੇਦ' ਨੂੰ ਤਾਂ 'ਸੰਗੀਤ ਦਾ ਗ੍ਰੰਥ' ਆਖਿਆ ਜਾਂਦਾ ਹੈ। ਇਸ ਵਿਚ 'ਰਿਗਵੇਦ' ਤੋਂ ਲਏ ਗਏ ਅਨੇਕਾਂ ਭਜਨਾਂ ਨੂੰ ਸੁਰਬੱਧ ਕੀਤਾ ਗਿਆ ਹੈ। ਉਸ ਕਾਲ ਵਿਚ 'ਉਦਗਤ' ਵਰਗ ਦੇ ਪੁਜਾਰੀਆਂ ਵਲੋਂ ਇਨ੍ਹਾਂ ਭਜਨਾਂ ਦਾ ਗਾਇਨ ਵਿਸ਼ੇਸ਼ ਧਾਰਮਿਕ ਸਮਾਗਮਾਂ ਮੌਕੇ ਕੀਤਾ ਜਾਂਦਾ ਸੀ। ਚੇਤੇ ਰਹੇ ਕਿ ਸਾਮਵੇਦ ਨੇ ਭਾਰਤ ਦੇ ਸ਼ਾਸਤਰੀ ਸੰਗੀਤ ਦਾ ਆਧਾਰ ਮੰਨੇ ਜਾਂਦੇ ਸੱਤ ਸੁਰਾਂ (ਸਾ,ਰੇ,ਗਾ,ਮਾ,ਪਾ,ਧਾ,ਨੀ) ਦੀ ਨੀਂਹ ਰੱਖੀ ਸੀ। ਇਥੇ ਹੀ ਬਸ ਨਹੀਂ 'ਗੰਧਰਵਵੇਦ' ਨਾਮਕ ਇਕ ਉਪਵੇਦ ਤਾਂ ਗੱਲ ਹੀ ਸੰਗੀਤ ਅਤੇ ਨ੍ਰਿਤ ਦੀ ਕਰਦਾ ਹੈ। ਕੁਝ ਵਿਦਵਾਨਾਂ ਦਾ ਮਤ ਹੈ ਕਿ ਸੰਗੀਤ ਤਾਂ ਭਾਸ਼ਾ ਤੋਂ ਵੀ ਪਹਿਲਾਂ ਹੋਂਦ ਵਿਚ ਆ ਚੁੱਕਾ ਸੀ। ਭਾਰਤੀ ਸੰਸਕ੍ਰਿਤੀ ਵਿਚ ਬੱਚੇ ਦੇ ਬਚਪਨ ਦੀ 'ਲੋਰੀ' ਤੋਂ ਲੈ ਕੇ ਕਿਸੇ ਸ਼ਖ਼ਸ ਦੀ ਮੌਤ ਉਪਰੰਤ ਪਾਏ ਜਾਣ ਵਾਲੇ 'ਵੈਣ' ਵੀ ਸੁਰਬੱਧ ਹੀ ਹੁੰਦੇ ਹਨ।
ਅਮਰੀਕਾ ਦਾ ਜੋਇਲ ਕੋਹੇਨ ਨਾਮਕ ਸੰਗੀਤਕਾਰ ਜੋ ਕਿ ਇਕ ਫ਼ਰਾਂਸੀਸੀ ਰੇਡੀਓ 'ਤੇ ਕੰਮ ਕਰਦਾ ਸੀ, ਨੇ ਸੰਨ 1970 ਵਿਚ ਆਖਿਆ ਸੀ ਕਿ 21 ਜੂਨ ਦੇ ਦਿਨ ਇਕ ਵਿਸ਼ਾਲ ਸੰਗੀਤ ਸਭਾ ਹਰ ਦੇਸ਼ ਅਤੇ ਹਰ ਸੂਬੇ ਵਿਚ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਪਾਸੇ ਸੰਗੀਤ ਹੀ ਸੰਗੀਤ ਗੂੰਜਣਾ ਚਾਹੀਦਾ ਹੈ। ਉਸਦੇ ਵਿਚਾਰ ਦਾ ਸਮਰਥਨ ਸੰਨ 1981 ਵਿਚ ਫਰਾਂਸ ਦੇ ਮਨਿਸਟਰੀ ਆਫ਼ ਕਲਚਰ ਅਧੀਨ ਸੰਗੀਤ ਅਤੇ ਨਾਚ ਵਿਭਾਗ ਦੇ ਨਿਰਦੇਸ਼ਕ ਮੌਰਿਸ ਫਲਾਰੈੱਟ ਅਤੇ ਫ਼ਰਾਂਸ ਦੇ ਸੱਭਿਅਚਾਰਕ ਮਾਮਲਿਆਂ ਦੇ ਮੰਤਰੀ ਜੈਕ ਲੈਂਗ ਨੇ ਕੀਤਾ ਸੀ । ਸੰਨ 1982 ਦੀ 21 ਜੂਨ ਨੂੰ 50 ਲੱਖ ਦੇ ਕਰੀਬ ਲੋਕ, ਫ਼ਰਾਂਸ ਦੀਆਂ ਗਲੀਆਂ ਵਿੱਚ ਉਤਰ ਆਏ ਸਨ ਤੇ ਸਾਰਾ ਦਿਨ ਵੱਜਦੀਆਂ ਰਹੀਆਂ ਸੰਗੀਤਕ ਧੁਨਾਂ ਦਾ ਅਨੰਦ ਲੈਂਦੇ ਰਹੇ ਸਨ। ਸੰਨ 1982 ਤੋਂ ਬਾਅਦ ਇਹ ਦਿਨ ਦੁਨੀਆ ਦੇ ਲਗਪਗ 172 ਦੇਸ਼ਾਂ ਵਿਚ 'ਵਿਸ਼ਵ ਸੰਗੀਤ ਦਿਵਸ' ਵਜੋਂ ਮਨਾਉਣਾ ਸ਼ੁਰੂ ਹੋ ਗਿਆ ਸੀ ।
ਵਿਸ਼ਵ ਸੰਗੀਤ ਬਾਰੇ ਕੁਝ ਦਿਲਚਸਪ ਤੱਥ ਬਿਆਨ ਕਰਦਿਆਂ ਇਹ ਦੱਸਣਾ ਬਣਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਧ ਮਸ਼ਹੂਰ ਸੰਗੀਤ 'ਪੌਪ ਸੰਗੀਤ' ਹੈ ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਦੁਨੀਆ ਦਾ ਸਭ ਤੋਂ ਛੋਟਾ ਗੀਤ ਕੇਵਲ 1.316 ਸਕਿੰਟ ਦੀ ਲੰਬਾਈ ਦਾ ਹੈ ਜਿਸਦਾ ਸਿਰਲੇਖ 'ਯੂ ਸਫ਼ਰ' ਹੈ ਤੇ ਜਿਸਨੂੰ 'ਨੈਪਲਮ ਡੈੱਥ' ਨਾਮਕ ਬੈਂਡ ਦੇ ਮੈਂਬਰਾਂ ਨੇ ਗਾਇਆ ਹੈ। ਹੈਰਾਨੀਜਨਕ ਤੱਥ ਹੈ ਕਿ ਵਿਸ਼ਵ ਦੀ ਸਭ ਤੋਂ ਲੰਮੀ ਸੰਗੀਤ ਸਭਾ ਭਾਵ 'ਕੌਨਸਰਟ' ਜਰਮਨੀ ਵਿਖੇ ਚੱਲ ਰਹੀ ਹੈ। ਇਹ ਸੰਗੀਤ ਸਭਾ ਸੰਨ 2001 ਵਿਚ ਸ਼ੁਰੂ ਹੋਈ ਸੀ ਤੇ ਸੰਨ 2640 ਤੱਕ ਭਾਵ 639 ਵਰ੍ਹੇ ਚੱਲੇਗੀ। ਸੰਸਾਰ ਪ੍ਰਸਿੱਧ ਸੰਗੀਤਕ ਸਮੂਹ 'ਦਿ ਬੀਟਲਜ਼' ਦੁਆਰਾ ਗਾਇਆ ਗੀਤ 'ਯੈਸਟਰਡੇ', ਦੁਨੀਆ ਦਾ ਐਸਾ ਇਕਲੌਤਾ ਗੀਤ ਹੈ ਜਿਸਦੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੀ ਵੱਧ ਰੂਪ ਵੱਖ-ਵੱਖ ਗਾਇਕਾਂ ਵਲੋਂ ਗਾਏ ਜਾ ਚੁੱਕੇ ਹਨ। ਅਜੋਕੀ ਦੁਨੀਆ ਦਾ ਸਭ ਤੋਂ ਪਹਿਲਾ ਰਿਕਾਰਡਿਡ ਗੀਤ ਇਕ ਫ਼ਰਾਂਸੀਸੀ ਲੋਕ ਗੀਤ ਹੈ ਜਿਸ ਨੂੰ ਕੇਵਲ 10 ਸਕਿੰਟ ਲਈ ਮਾਰਟਿਨਵਿਲੇ ਨਾਮਕ ਸ਼ਖ਼ਸ ਨੇ ਆਪਣੇ ਬਣਾਏ 'ਫ਼ੋਨੈਟੋਗ੍ਰਾਮ' ਨਾਮਕ ਯੰਤਰ ਰਾਹੀਂ 9 ਅਪ੍ਰੈਲ,1860 ਨੂੰ ਰਿਕਾਰਡ ਕੀਤਾ ਸੀ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੁਨੀਆ ਭਰ ਵਿਚ ਮਸ਼ਹੂਰ ਗਾਇਕ ਐਲਵਿਸ ਪ੍ਰੈਸਲੇ ਪਹਿਲਾਂ 'ਟਰੱਕ ਡਰਾਈਵਰ' ਹੋਇਆ ਕਰਦਾ ਸੀ ਜਦੋਂ ਕਿ ਕਰੋੜਾਂ ਦਿਲਾਂ ਦੀ ਧੜਕਨ ਗਾਇਕਾ ਮੈਡੋਨਾ ਪਹਿਲਾਂ 'ਵੇਟਰੈੱਸ' ਅਤੇ ਸਟਿੰਗ ਨਾਮਕ ਸੰਗੀਤਕਾਰ ਪਹਿਲਾਂ ਅਧਿਆਪਕ ਹੋਇਆ ਕਰਦਾ ਸੀ।
ਭਾਰਤ ਵਿਚ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਲੋਕ ਸੰਗੀਤ ਦੇ ਨਾਲ-ਨਾਲ ਵਿਦੇਸ਼ੀ ਸੰਗੀਤ ਵੀ ਖ਼ੂਬ ਪਸੰਦ ਕੀਤਾ ਜਾਂਦਾ ਹੈ। ਭਾਰਤੀ ਫ਼ਿਲਮ ਜਗਤ ਦੀ ਤਾਂ ਕਾਮਯਾਬੀ ਦਾ ਆਧਾਰ ਹੀ ਸੰਗੀਤ ਰਿਹਾ ਹੈ। ਬਾਲੀਵੁੱਡ ਦੇ ਨਾਮੀ ਗਾਇਕਾਂ ਦੇ ਗਾਏ ਨਗ਼ਮੇ ਕਈ ਦਹਾਕਿਆ ਤੋਂ ਦੇਸ਼ ਅਤੇ ਵਿਦੇਸ਼ ਵਿਚ ਵੱਡੀ ਗਿਣਤੀ ਵਿਚ ਸੁਣੇ ਜਾਂਦੇ ਹਨ। ਮੂਹੰਮਦ ਰਫ਼ੀ, ਮੁਕੇਸ਼, ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਆਦਿ ਜਿਹੇ ਫ਼ਨਕਾਰਾਂ ਦੇ ਸੰਗੀਤਕ ਸ਼ੋਅ ਜਦੋਂ ਵਿਦੇਸ਼ੀ ਮੁਲਕਾਂ ਵਿਚ ਆਯੋਜਿਤ ਹੁੰਦੇ ਸਨ ਤਾਂ ਉਥੇ ਤਿਲ ਧਰਨ ਨੂੰ ਵੀ ਥਾਂ ਨਹੀਂ ਸੀ ਮਿਲਦੀ। ਇਸੇ ਤਰ੍ਹਾਂ ਗੁਰਦਾਸ ਮਾਨ, ਮਨਮੋਹਨ ਵਾਰਿਸ, ਹਰਭਜਨ ਮਾਨ, ਦਿਲਜੀਤ ਦੁਸਾਂਝ ਅਤੇ ਸਿੱਧੂ ਮੂਸੇਵਾਲਾ ਜਿਹੇ ਪੰਜਾਬੀ ਗਾਇਕਾਂ ਦੇ ਗੀਤ ਵੀ 'ਬਿਲਬੋਰਡ' ਦਾ ਸ਼ਿੰਗਾਰ ਬਣਦੇ ਰਹੇ ਹਨ ਤੇ ਵਿਦੇਸ਼ੀ ਲੋਕ ਅਕਸਰ ਹੀ ਪੰਜਾਬੀ ਸੰਗੀਤ ਦੀਆਂ ਧੁਨਾਂ 'ਤੇ ਝੂੰਮਦੇ ਵੇਖੇ ਜਾ ਸਕਦੇ ਹਨ।
ਇਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤੀ ਧਰਮ ਗ੍ਰੰਥ ਮੰਨਦੇ ਹਨ ਕਿ ਮਨੁੱਖ ਜਦੋਂ ਆਪਣੇ ਗਿਆਨ ਇੰਦਰੀਆਂ ਦੇ ਨੌਂ ਦੁਆਰੇ ਬੰਦ ਕਰਕੇ ਆਪਣੀ ਸੁਰਤ ਨੂੰ ਇਕਾਗਰ ਕਰਦਾ ਹੈ ਤਾਂ ਫਿਰ ਉਸਦੇ ਧੁਰ ਅੰਦਰ 'ਦਸਵਾਂ ਦੁਆਰ' ਖੁੱਲ੍ਹ ਜਾਂਦਾ ਹੈ ਜਿੱਥੇ ਨਿਰੰਤਰ ਵੱਜ ਰਹੇ 'ਅਨਹਦ' ਨਾਦ ਦੀ ਧੁਣਕਾਰ ਉਸਨੂੰ ਸੁਣਦੀ ਹੈ ਤੇ ਅਗੰਮੀ ਸੰਗੀਤ ਰੂਪੀ ਉਸ ਅਨਹਦ ਨਾਦ ਦੀ ਇਹੋ ਧੁਣਕਾਰ ਉਸ ਨੂੰ 'ਪਰਮ ਅਨੰਦ' ਦਾ ਅਹਿਸਾਸ ਕਰਵਾ ਦਿੰਦੀ ਹੈ।
ਅੱਜ ਦੇ ਇਸ ਦਿਵਸ ਮੌਕੇ ਸਾਨੂੰ ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੁੱਚੇ ਸੰਗੀਤ ਵਿਚ ਜ਼ਹਿਰ ਘੋਲਣ ਵਾਲਿਆਂ ਦੇ ਸੰਗੀਤ ਦੀ ਨਾ ਤਾਂ ਉਮਰ ਲੰਮੀ ਨਹੀਂ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਦਾ ਕਰੀਅਰ ਜ਼ਿਆਦਾ ਚਿਰ ਚੜ੍ਹਾਈ 'ਤੇ ਰਹਿੰਦਾ ਹੈ। ਅਜਿਹੇ ਲੋਕ ਹਵਾ ਦੇ ਉਸ ਬੁੱਲੇ ਵਰਗੇ ਹੁੰਦੇ ਹਨ ਜਿਸਦੀ ਮਿਆਦ ਚੰਦ ਪਲਾਂ ਤੋਂ ਵੱਧ ਨਹੀਂ ਹੁੰਦੀ ਹੈ। ਸੰਗੀਤ, ਦਰਅਸਲ ਸੁੱਚਤਾ ਤੇ ਅਨੰਦ ਦਾ ਮਾਧਿਅਮ ਹੈ ਤੇ ਇਸ ਵਿਚ ਵਿਸ ਘੋਲਣ ਦੀ ਹਿਮਾਕਤ ਤੋਂ ਹਰ ਹਾਲ ਵਿਚ ਬਚਣਾ ਚਾਹੀਦਾ ਹੈ। ਅੱਜ ਦਾ ਇਹ ਦਿਨ ਫੂਹੜ ਤੇ ਫਾਹਸ਼ ਕਿਸਮ ਦੇ ਸੰਗੀਤ ਅਤੇ ਭੜਕਾਊ ਗੀਤਾਂ, ਗੀਤਕਾਰਾਂ ਅਤੇ ਗਾਇਕਾਂ ਦੇ ਬਾਈਕਾਟ ਦੇ ਦਿਨ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ ਤੇ ਸਭ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ 'ਤਿਜਾਰਤ ਨਹੀਂ ਇਬਾਦਤ' ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੀ ਦੁਨੀਆ ਦਾ ਅਜਿਹਾ ਇਕਲੌਤਾ ਸਥਾਨ ਹੈ ਜਿੱਥੇ ਚੱਤੇ ਪਹਿਰ ਰਸਭਿੰਨਾ ਤੇ ਸੰਗੀਤਮਈ ਕੀਰਤਨ ਚਲਦਾ ਹੈ ਤੇ ਜਿੱਥੋਂ ਦੀ ਫ਼ਿਜ਼ਾ ਹਰ ਵੇਲੇ ਮਧੁਰ ਤੇ ਮਨਮੋਹਕ ਸੰਗੀਤ ਨਾਲ ਸਰਾਬੋਰ ਰਹਿੰਦੀ ਹੈ। ਮਹਾਨ ਦਾਰਸ਼ਨਿਕ ਪਲੈਟੋ ਨੇ ਸੱਚ ਹੀ ਕਿਹਾ ਸੀ 'ਸੰਗੀਤ ਇਸ ਬ੍ਰਹਿਮੰਡ ਦੀ ਆਤਮਾ ਹੈ।'
-410, ਚੰਦਰ ਨਗਰ, ਬਟਾਲਾ।
ਮੋਬਾ: 97816-46008