ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

'ਮੈਂ ਹਾਂ ਨਾ ਤੇਰੇ ਨਾਲ'

Ad Position 21
No active advertisement
ਅਜੀਤ ਡੈਸਕ 21-06-2026

ਸਮਾਂ ਬਦਲਦਾ ਰਹਿੰਦਾ ਹੈ। ਬਦਲਦੇ ਸਮੇਂ ਨਾਲ ਰਿਸ਼ਤਿਆਂ ਦੇ ਰੂਪ, ਉਨ੍ਹਾਂ ਦੀ ਪਛਾਣ ਬਦਲਣੀ ਵੀ ਲਾਜ਼ਮੀ ਹੈ। ਅੱਜ ਅਸੀਂ ਇਸ ਖ਼ਾਸ ਮੌਕੇ 'ਤੇ ਉਸ ਰਿਸ਼ਤੇ ਦੀ ਗੱਲ ਕਰਾਂਗੇ, ਜਿਸ ਦਾ ਰੂਪ, ਆਕਾਰ, ਜ਼ਿੰਮੇਵਾਰੀਆਂ, ਸਭ ਕੁਝ ਨਵੀਂ ਦਿੱਖ ਵਿਚ, ਨਵੇਂ ਰੂਪ ਵਿਚ, ਪੀੜ੍ਹੀ-ਦਰ-ਪੀੜ੍ਹੀ ਇਕੱਲਾ ਬਦਲਿਆ ਹੀ ਨਹੀਂ ਸਗੋਂ ਹੋਰ ਡੂੰਘਾ, ਹੋਰ ਜ਼ਿੰਮੇਵਾਰਾਨਾ ਹੋਇਆ ਹੈ।
ਬਾਪੂ ਜੀ, ਪਿਤਾ ਜੀ, ਪਾਪਾ ਜੀ ਤੋਂ ਡੈਡ, ਡੈਡੀ, ਪੌਪਸ ਦੇ ਇਸ ਸਫ਼ਰ ਨੇ ਇਕ ਪਿਤਾ ਰੂਪੀ ਸ਼ਖ਼ਸ ਵਿਚ ਬਹੁਤ ਤਬਦੀਲੀਆਂ ਵੇਖੀਆਂ ਨੇ।
20ਵੀਂ ਸਦੀ ਵਿਚ ਜਦ ਔਰਤਾਂ, ਮਾਵਾਂ ਦੇ ਰੋਲ ਵਿਚ ਤਬਦੀਲੀ ਆਈ, ਉਹ ਘਰ ਦੀ ਗ੍ਰਹਿਣੀ ਦੇ ਨਾਲ-ਨਾਲ ਨੌਕਰੀਪੇਸ਼ਾ ਵੀ ਬਣਦੀਆਂ ਗਈਆਂ ਤਾਂ ਇਸ ਤਬਦੀਲੀ ਨੇ ਜਨਮ ਦਿੱਤਾ ਪਿਤਾ ਦੇ ਨਵੇਂ ਰੂਪ ਨੂੰ, ਮਾਤਾ ਤੇ ਪਿਤਾ ਦੇ ਇਸ ਬਦਲਦੇ ਸਮਾਜਿਕ ਸੁਭਾਅ ਨਾਲ ਪਿਤਾ ਵਲੋਂ ਘਰ ਵਿਚ ਨਿਭਾਈ ਜਾਂਦੀ ਭੂਮਿਕਾ ਨੂੰ ਵੀ ਨਵਾਂ ਆਕਾਰ ਮਿਲ ਗਿਆ।
ਹਰ ਕਿਸੇ ਦੀਆਂ ਆਪਣੇ ਬਚਪਨ ਤੋਂ ਵੱਡੇ ਹੋਣ ਤੱਕ ਦੇ ਸਫ਼ਰ ਦੀਆਂ ਯਾਦਾਂ ਮਨ 'ਤੇ ਡੂੰਘੀ ਛਾਪ ਛੱਡਦੀਆਂ ਨੇ। ਹੋਸ਼ ਸੰਭਾਲਣ ਤੱਕ ਮੈਨੂੰ ਮਾਤਾ ਤੇ ਪਿਤਾ ਦੇ ਵੱਖਰੇ ਰੋਲ ਸਮਝ ਆਉਣ ਲੱਗ ਪਏ ਸਨ, ਮਾਤਾ ਜੀ ਦਾ ਕੰਮ ਘਰ ਸੰਭਾਲਣਾ ਤੇ ਬੱਚਿਆਂ ਨੂੰ ਸੰਭਾਲਣਾ, ਪਿਤਾ ਜੀ ਦਾ ਰੋਲ ਕੰਮ ਕਰਨਾ, ਦਫ਼ਤਰ ਸੰਭਾਲਣਾ, ਅਖ਼ਬਾਰਾਂ, ਕਿਤਾਬਾਂ ਵਿਚ ਰੁੱਝੇ ਰਹਿਣਾ, ਜੋ ਕਿ ਉਨ੍ਹਾਂ ਲਈ ਬਹੁਤ ਲਾਜ਼ਮੀ ਸੀ, ਏਨੀ ਵੱਡੀ ਜ਼ਿੰਮੇਵਾਰੀ ਸੰਭਾਲਣਾ ਕੋਈ ਸੌਖਾ ਕੰਮ ਨਹੀਂ ਸੀ। ਉਸ ਵੇਲੇ ਦੀਆਂ ਮਾਵਾਂ ਪਤੀ ਨੂੰ ਕੰਮ ਦੀ ਜ਼ਿੰਮੇਵਾਰੀ ਚੁੱਕਣ ਵਿਚ ਇਸ ਤਰ੍ਹਾਂ ਸਹਿਯੋਗ ਦਿੰਦੀਆਂ ਸਨ, ਕਿ ਉਹ ਆਪ ਗ੍ਰਹਿਸਥੀ ਤੇ ਬੱਚਿਆਂ ਨੂੰ ਸੰਭਾਲਦੀਆਂ ਸਨ, ਤਾਂ ਕਿ ਪਿਤਾ ਆਪਣੇ ਕੰਮ ਵੱਲ ਧਿਆਨ ਦੇ ਸਕਣ। ਇਹ ਯਾਦਾਂ ਇਕੱਲੀਆਂ ਮੇਰੀਆਂ ਹੀ ਨਹੀਂ ਪਰ ਮੇਰੀ ਉਮਰ ਦੇ ਹਰ ਸ਼ਖ਼ਸ ਦੀਆਂ ਹੋਣਗੀਆਂ।
ਪਿਤਾ ਦਾ ਸਰੂਪ ਬਦਲਿਆ, ਰੋਲ ਬਦਲਿਆ, ਅੱਜਕਲ੍ਹ ਭਾਵੇਂ ਕੰਮਕਾਜੀ ਮਾਵਾਂ ਹੋਣ ਜਾਂ ਗ੍ਰਹਿਸਥੀ ਸੰਭਾਲਣ ਵਾਲੀਆਂ, ਅੱਜਕਲ੍ਹ ਦੇ ਪਿਤਾ ਦੋਵਾਂ ਮਾਮਲਿਆਂ ਵਿਚ ਮਾਵਾਂ ਨਾਲ ਬਰਾਬਰ ਦਾ ਰੋਲ ਨਿਭਾਅ ਰਹੇ ਨੇ, ਚਾਹੇ ਘਰ ਗ੍ਰਹਿਸਥੀ ਸੰਭਾਲਣ ਦੀ ਗੱਲ ਹੋਵੇ, ਚਾਹੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਗੱਲ ਹੋਵੇ।
ਅੱਜ ਦੇ ਸਮੇਂ ਵਿਚ ਪਿਤਾ ਦਾ ਰੋਲ ਬਹੁਤ ਵੱਡੇ ਤੇ ਮਹੱਤਵਪੂਰਨ ਤਰੀਕੇ ਨਾਲ ਉਭਰਿਆ ਹੈ, ਬਹੁਤ ਸਾਰੀਆਂ ਨਵੀਆਂ ਉਮੀਦਾਂ ਤੇ ਜ਼ਿੰਮੇਵਾਰੀਆਂ ਲੈ ਕੇ। ਅਜੋਕੇ ਪਿਤਾ ਬੱਚਿਆਂ ਦੇ ਪਾਲਣ-ਪੋਸ਼ਣ ਤੇ ਹਰ ਵੇਲੇ ਉਨ੍ਹਾਂ ਲਈ ਮੌਜੂਦ ਰਹਿਣ ਵਾਲੇ ਹਨ ਜੋ ਬੱਚਿਆਂ ਨੂੰ ਸਮਝਦੇ ਨੇ, ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਨੇ। 'ਡਾਇਪਰ' ਬਦਲਣ ਤੇ ਸਕੂਲ ਦੇ ਪ੍ਰੋਗਰਾਮਾਂ ਤੋਂ ਲੈ ਕੇ 'ਹੋਮਵਰਕ' ਤੇ ਬੱਚਿਆਂ ਦੇ ਪਾਠਕ੍ਰਮ ਤੋਂ ਬਾਹਰ ਦੀਆਂ ਸਰਗਰਮੀਆਂ ਵਿਚ ਪੂਰਾ ਹਿੱਸਾ ਲੈਂਦੇ ਨੇ।
ਆਪਣੇ ਮਾਰਗ ਦਰਸ਼ਨ ਨਾਲ ਪਿਤਾ ਆਪਣਾ ਯੋਗਦਾਨ ਪਰਿਵਾਰ ਤੇ ਸਮਾਜ ਦੋਵਾਂ ਨੂੰ ਦੇ ਰਹੇ ਨੇ। ਇਕ ਖੋਜ ਅਨੁਸਾਰ ਜਿਹੜੇ ਪਿਤਾ ਆਪਣੇ ਬੱਚਿਆਂ ਨਾਲ ਸਰਗਰਮ ਤਰੀਕੇ ਨਾਲ ਰੁੱਝੇ ਰਹਿੰਦੇ ਨੇ, ਉਨ੍ਹਾਂ ਦੇ ਬੱਚੇ ਦੂਸਰਿਆਂ ਦੇ ਮੁਕਾਬਲੇ ਵਧੀਆ ਭਾਵਨਾਤਮਿਕ ਸਿਹਤ ਵਾਲੇ, ਘੱਟ ਗੁਸੈਲ ਤੇ ਵਧੀਆ ਵਿਦਿਅਕ ਪ੍ਰਦਰਸ਼ਨ ਕਰਨ ਵਾਲੇ ਹੁੰਦੇ ਹਨ।
ਅੱਜਕਲ੍ਹ ਦੀ ਪੀੜ੍ਹੀ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਕਿ ਕੋਈ ਉਨ੍ਹਾਂ ਦੀ ਭਾਵਨਾਤਮਿਕਤਾ ਨੂੰ ਸਮਝੇ, ਉਨ੍ਹਾਂ ਨੂੰ ਪਿਆਰ ਤੇ ਹੱਲਾਸ਼ੇਰੀ ਦੇਵੇ, ਇਸ ਕੰਮ ਵਿਚ ਪਿਤਾ ਆਪਣਾ ਰੋਲ ਬਾਖੂਬੀ ਨਿਭਾਅ ਰਹੇ ਨੇ।
ਇਸ ਤਰ੍ਹਾਂ ਦੀ ਭਾਵਨਾਤਮਿਕਤਾ ਦੀ ਨੀਂਹ ਬੱਚਿਆਂ ਨੂੰ ਪੂਰੀ ਉਮਰ ਮਜ਼ਬੂਤ ਰਿਸ਼ਤੇ ਨਿਭਾਉਣ ਵਿਚ ਮਦਦ ਕਰਦੀ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਬਣਦੀ ਹੈ। ਅੱਜ ਪਿਤਾ ਹਰ ਪਰਿਵਾਰਕ ਲੋੜ ਪੂਰੀ ਕਰਨ ਵਾਸਤੇ ਆਪਣੇ-ਆਪ ਨੂੰ ਢਾਲ ਰਹੇ ਨੇ।
ਅਜੋਕੇ ਪਿਤਾ ਮਾਰਗ ਦਰਸ਼ਕ ਦਾ ਰੋਲ ਨਿਭਾਅ ਕੇ ਆਪਣੇ ਬੱਚੇ ਨੂੰ ਜ਼ਰੂਰੀ ਹੁਨਰ ਸਿਖਾਉਣ ਵਿਚ ਕਾਮਯਾਬ ਹੋ ਰਹੇ ਨੇ, ਇਸ ਤਰ੍ਹਾਂ ਪਿਤਾ ਤੇ ਬੱਚੇ ਦੇ ਆਪਸੀ ਤਾਲ-ਮੇਲ ਨਾਲ ਸਿਰਫ਼ ਉਨ੍ਹਾਂ ਦਾ ਰਿਸ਼ਤਾ ਹੀ ਮਜ਼ਬੂਤ ਨਹੀਂ ਹੁੰਦਾ ਸਗੋਂ ਬੱਚਿਆਂ ਨੂੰ ਪੂਰੀ ਜ਼ਿੰਦਗੀ ਇਸ ਵਿਹਾਰਕ ਹੁਨਰ ਨੂੰ ਵਰਤਣਾ ਆ ਜਾਂਦਾ ਹੈ।
ਅੱਜਕਲ੍ਹ ਦੇ ਪਿਤਾ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਨਹੀਂ ਡਰਦੇ, ਬੱਚਿਆਂ ਦੀ ਪਹਿਲੀ ਤੋਰ, ਪਹਿਲੀ ਵਾਰ ਮੂੰਹੋਂ 'ਪਾਪਾ' ਬੋਲਣਾ, ਸਕੂਲਾਂ ਵਿਚ ਪ੍ਰਦਰਸ਼ਨ ਤੋਂ ਲੈ ਕੇ ਧੀਆਂ ਦੀ ਡੋਲੀ ਤੱਕ, ਹਰ ਵੇਲੇ ਭਾਵੁਕ ਹੋ ਜਾਂਦੇ ਨੇ, ਬੱਚੇ ਦਾ ਪਹਿਲੀ ਵਾਰ ਪਾਪਾ ਕਹਿਣਾ ਉਨ੍ਹਾਂ ਲਈ ਕਿਸੇ ਵੀ ਪੁਰਸਕਾਰ ਤੋਂ ਵੱਡਾ ਇਨਾਮ ਹੈ। ਉਹ ਬੱਚਿਆਂ ਨੂੰ ਸਿਖਾਉਂਦੇ ਨੇ ਕਿ ਮਜ਼ਬੂਤ ਹੋਣਾ ਤੇ ਨਰਮ ਦਿਲ ਹੋਣਾ ਇਕ ਹੀ ਗੱਲ ਹੈ।
ਅੱਜ ਦੇ ਜ਼ਿਆਦਾਤਰ ਪਿਤਾ ਧੀਆਂ ਪ੍ਰਤੀ ਪੁੱਤਰਾਂ ਦੇ ਬਰਾਬਰ ਹੀ ਸੋਚ ਰੱਖਦੇ ਨੇ, ਧੀ ਨੂੰ ਕੋਈ ਕਿੱਤਾ ਚੁਣਨ ਲਈ ਉਤਸ਼ਾਹਿਤ ਕਰਦੇ ਨੇ, ਉਸ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰਦੇ ਹਨ, ਸਮਾਜ ਦੀਆਂ ਕੌੜੀਆਂ ਤੇ ਨਾਕਾਰਾਤਮਿਕ ਨਜ਼ਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਨੇ।
ਆਪਣੀ ਪਤਨੀ ਨੂੰ ਸਾਥੀ ਮੰਨਦੇ ਨੇ, ਆਪਣੇ-ਆਪ ਨੂੰ ਮਾਲਕ ਨਹੀਂ ਮੰਨਦੇ। ਬੱਚਿਆਂ ਦੀ ਪੜ੍ਹਾਈ ਤੋਂ, ਜ਼ਿੰਦਗੀ ਤੱਕ ਦੇ ਫ਼ੈਸਲੇ ਆਪਣੀ, ਪਤਨੀ ਨਾਲ ਮਿਲ ਕੇ ਲੈਂਦੇ ਨੇ।
ਇਕ ਧੀ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੀ ਕਿ ਲੜਕੀਆਂ ਦੇ ਇਕ ਉਮਰ ਦੇ ਪੜਾਅ ਤੋਂ ਬਾਅਦ, ਉਹ ਆਪਣੇ ਪਿਤਾ ਦੇ ਜ਼ਿਆਦਾ ਨਜ਼ਦੀਕ ਹੋ ਜਾਂਦੀਆਂ ਨੇ, ਪਿਤਾ ਨਾਲ ਹਰ ਗੱਲ ਸਾਂਝੀ ਕਰਦੀਆਂ ਨੇ, ਪਿਤਾ ਅੱਗੇ ਫਰਮਾਇਸ਼ ਰੱਖਦੀਆਂ ਨੇ ਕਿਉਂਕਿ ਉਹ ਜਾਣਦੀਆਂ ਹਨ ਕਿ ਜੇਕਰ ਕੋਈ ਉਨ੍ਹਾਂ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਸਮਝ ਸਕਦਾ ਹੈ ਤਾਂ ਉਹ ਪਿਤਾ ਤੇ ਸਿਰਫ਼ ਪਿਤਾ ਹੀ ਹੈ। ਇਕ ਧੀ ਸਭ ਕੁਝ ਬਰਦਾਸ਼ਤ ਕਰ ਲਵੇਗੀ ਪਰ ਆਪਣੇ ਪਿਤਾ 'ਤੇ ਆਈ ਆਂਚ ਉਹ ਜਰ ਨਹੀਂ ਸਕਦੀ। ਪਿਤਾ ਦੇ ਗੁੱਸੇ ਤੇ ਨਾਰਾਜ਼ਗੀ ਵਿਚ ਵੀ ਬੱਚਿਆਂ ਲਈ ਪਿਆਰ, ਉਸ ਦਾ ਖਿਆਲ ਰੱਖਣ ਦੀ ਭਾਵਨਾ ਹੁੰਦੀ ਹੈ, ਜੋ ਬੱਚੇ ਕਈ ਵਾਰ ਨਹੀਂ ਸਮਝ ਪਾਉਂਦੇ।
ਸੋ, ਬਦਲਦਾ ਸਮਾਂ ਤੇ ਬਦਲਦਾ ਪਿਤਾ ਸਿਰਫ਼ ਏ.ਟੀ.ਐਮ. ਨਹੀਂ, ਉਹ ਦੌਲਤ ਵੀ ਹੈ, ਅਧਿਆਪਕ ਵੀ ਹੈ ਤੇ ਮਾਂ ਦਾ ਸਾਥੀ ਵੀ ਹੈ। ਉਹ ਬੱਚਿਆਂ ਲਈ ਉਹ 'ਸੁਪਰਮੈਨ' ਹੈ, ਜੋ ਉਨ੍ਹਾਂ ਲਈ ਵੱਡੇ ਹੋਣ ਤੱਕ, ਹਰ ਵੇਲੇ ਹਾਜ਼ਰ ਰਹਿੰਦਾ ਹੈ। ਪਿਤਾ ਦਾ ਮੋਢਾ ਬੱਚਿਆਂ ਲਈ ਚਾਹੇ ਉਹ ਜਿੰਨੀ ਮਰਜ਼ੀ ਦੂਰ ਹੋਣ ਹਰ ਵੇਲੇ ਹਾਜ਼ਰ ਤੇ ਮਜ਼ਬੂਤ ਰਹਿੰਦਾ ਹੈ।
ਅੱਜ ਦਾ ਬੱਚਾ ਸਿਰਫ਼ ਪੈਸਾ ਨਹੀਂ, ਸਮਾਂ ਵੀ, ਸਮਝ ਵੀ ਮੰਗਦਾ ਹੈ ਤੇ ਇਕ ਅਜਿਹਾ ਪਿਤਾ ਮੰਗਦਾ ਹੈ ਜੋ ਕਹੇ 'ਮੈਂ ਹਾਂ ਨਾ ਤੇਰੇ ਨਾਲ।'
ਅੱਜ ਪਿਤਾ ਦਿਵਸ ਮੌਕੇ ਆਪਣੇ ਪਿਤਾ ਦਾ ਸ਼ੁਕਰੀਆ ਕਰਨਾ ਨਾ ਭੁੱਲਿਓ। ਆਓ, ਪ੍ਰਣ ਕਰੀਏ ਕਿ ਆਪਣੇ ਪਿਤਾ ਨੂੰ ਹਮੇਸ਼ਾ ਆਪਣੇ ਤੋਂ ਮਾਣ ਮਹਿਸੂਸ ਕਰਵਾਈਏ ਤੇ ਉਸ ਦਾ ਸਿਰ ਫ਼ਖ਼ਰ ਨਾਲ ਉੱਚਾ ਰੱਖੀਏ।
'ਪਿਤਾ ਦਿਵਸ ਦੀਆਂ ਮੁਬਾਰਕਾਂ।'

Ad Position 22
No active advertisement
ਪਿਛਲੀ ਖ਼ਬਰ ਸਿਹਤਮੰਦ ਬੁਢਾਪੇ ਲਈ ਯੋਗ : ਸਮੇਂ ਦੀ ਲੋੜ ਅਗਲੀ ਖ਼ਬਰ ਸਮੁੱਚੇ ਬ੍ਰਹਿਮੰਡ ਦੀ ਆਤਮਾ ਹੈ 'ਸੰਗੀਤ'
Ad Position 24
No active advertisement