ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਿਹਤਮੰਦ ਬੁਢਾਪੇ ਲਈ ਯੋਗ : ਸਮੇਂ ਦੀ ਲੋੜ

Ad Position 21
No active advertisement
ਅਜੀਤ ਡੈਸਕ 21-06-2026

ਯੋਗ ਭਾਰਤ ਦੀ ਪੁਰਾਤਨ ਵਿਰਾਸਤ ਹੈ, ਇਹ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਕਰਦਾ ਹੈ। ਹਰ ਸਾਲ 21 ਜੂਨ ਨੂੰ ਸੰਸਾਰ ਭਰ ਵਿਚ ਕੌਮਾਂਤਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਇਨਸਾਨ ਦੀ ਉਮਰ ਲੰਬੀ ਹੋ ਰਹੀ ਹੈ, ਉਥੇ ਸਭ ਤੋਂ ਵੱਡੀ ਚੁਣੌਤੀ ਇਸ ਵਧਦੀ ਉਮਰ ਨੂੰ ਸਿਹਤਮੰਦ ਰੱਖਣ, ਸਰਗਰਮ ਰੱਖਣ ਅਤੇ ਖੁਸ਼ਹਾਲ ਰੱਖਣ ਦੀ ਹੈ। ਬੁਢਾਪਾ ਬਿਮਾਰੀ ਨਹੀਂ, ਜ਼ਿੰਦਗੀ ਦਾ ਸੁਨਹਿਰੀ ਦੌਰ ਹੈ। ਇਸ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਸਭ ਤੋਂ ਉੱਤਮ ਅਤੇ ਕੁਦਰਤੀ ਹੱਲ ਹੈ ਯੋਗ। ਵਧਦੀ ਉਮਰ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਸਾਲ ਦਾ ਕੌਮਾਂਤਰੀ ਯੋਗ ਦਿਵਸ 'ਸਿਹਤਮੰਦ ਬੁਢਾਪੇ ਲਈ ਯੋਗ' ਵਿਸ਼ੇ ਹੇਠ ਮਨਾਇਆ ਜਾ ਰਿਹਾ ਹੈ।
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਲੋਕ ਤਣਾਅ, ਮਾਈਗ੍ਰੇਨ, ਬਲੱਡ ਪ੍ਰੈਸ਼ਰ, ਸ਼ੂਗਰ, ਜੋੜਾਂ ਦੇ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹਨ। ਵਧਦੀ ਉਮਰ ਦੇ ਨਾਲ-ਨਾਲ ਇਹ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਰੂਪ ਧਾਰ ਲੈਂਦੀ ਹੈ। ਯੋਗ ਨਾ ਸਿਰਫ਼ ਸਰੀਰ ਨੂੰ ਲਚਕੀਲਾ ਅਤੇ ਮਜ਼ਬੂਤ ਬਣਾਉਂਦਾ ਹੈ, ਸਗੋਂ ਮਨ ਨੂੰ ਸ਼ਾਂਤ ਅਤੇ ਇਕਾਗਰ ਵੀ ਰੱਖਦਾ ਹੈ। ਸਿਹਤਮੰਦ ਬੁਢਾਪਾ ਨਾ ਸਿਰਫ਼ ਲੰਬੀ ਉਮਰ ਦੀ ਨਿਸ਼ਾਨੀ ਹੈ, ਸਗੋਂ ਤੰਦਰੁਸਤ, ਸਰਗਰਮ ਅਤੇ ਖੁਸ਼ਹਾਲ ਜੀਵਨ ਜਿਊਣ ਦੀ ਇਕ ਕਲਾ ਵੀ ਹੈ। ਇਸ ਦਾ ਮਹੱਤਵ ਸਾਨੂੰ ਖੁਦ ਵੀ ਸਮਝਣਾ ਚਾਹੀਦਾ ਹੈ ਅਤੇ ਬਾਕੀਆਂ ਨੂੰ ਵੀ ਸਮਝਾਉਣਾ ਪਵੇਗਾ। ਵਧਦੀ ਉਮਰ ਦੇ ਨਾਲ-ਨਾਲ ਸਰੀਰ ਅਤੇ ਮਨ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਯੋਗ ਬਜ਼ੁਰਗਾਂ ਅਤੇ ਵਧਦੀ ਉਮਰ ਦੇ ਲੋਕਾਂ ਲਈ ਇਕ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ।
ਸਰੀਰਕ ਲਚਕਤਾ ਅਤੇ ਮਜ਼ਬੂਤੀ : ਬੁਢਾਪਾ ਵਧਣ ਨਾਲ ਜੋੜਾਂ ਦੇ ਦਰਦ ਅਤੇ ਜਕੜਨ ਆਮ ਗੱਲ ਹੈ। ਲਚਕਤਾ ਅਤੇ ਤਾਕਤ ਇਕ ਦੂਜੇ ਦੇ ਵਿਰੋਧੀ ਨਹੀਂ। ਜਿੰਨੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ, ਓਨੇ ਹੀ ਸੇਫ਼ ਤਰੀਕੇ ਨਾਲ ਸਟ੍ਰੈਚ ਹੋ ਸਕੇਗੀ। ਯੋਗਾ ਵਿਚ ਸਟ੍ਰੈਚ, ਬੈਲੇਂਸ ਅਤੇ ਮਾਸਪੇਸ਼ੀਆਂ ਨੂੰ ਹੋਲਡ ਕਰਨ ਨਾਲ ਸਰੀਰ ਹੌਲੀ-ਹੌਲੀ ਖੁੱਲ੍ਹਦਾ ਹੈ ਅਤੇ ਤਾਕਤਵਰ ਬਣਦਾ ਹੈ। ਯੋਗ ਆਸਣ ਮਾਸਪੇਸ਼ੀਆਂ ਅਤੇ ਟਿਸ਼ੂਆਂ ਨੂੰ ਹੌਲੀ-ਹੌਲੀ ਖਿੱਚਦੇ ਹਨ। ਰੋਜ਼ 20-30 ਸਕਿੰਟ ਇੱਕੋ ਪੋਜ਼ ਹੋਲਡ ਕਰਨ ਨਾਲ ਮਾਸਪੇਸ਼ੀ ਫਾਈਬਰ ਲੰਬੇ ਹੁੰਦੇ ਹਨ। ਹਿੱਪ, ਮੋਢੇ, ਰੀੜ੍ਹ ਦੇ ਜੋੜਾਂ ਵਿਚ ਸਾਇਨੋਵੀਅਲ ਫਲੂਇਡ ਵਧਦਾ ਹੈ, ਜਿਸ ਨਾਲ ਅਕੜਾਹਟ ਘਟਦੀ ਹੈ। ਡੂੰਘੇ ਲੰਮੇ ਸਾਹ ਲੈਣ ਨਾਲ ਸਰੀਰ ਰਿਲੈਕਸ ਹੁੰਦਾ ਹੈ ਤੇ ਮਾਸਪੇਸ਼ੀਆਂ ਹੋਰ ਖੁੱਲ੍ਹਦੀਆਂ ਹਨ। ਜ਼ੋਰ ਲਗਾਉਣ ਨਾਲ ਉਲਟਾ ਆਕੜ ਜਾਂਦੀਆਂ ਹਨ। ਲਚਕ ਵਧਾਉਣ ਲਈ ਭੁਜੰਗਾਸਨ, ਪਸ਼ਚਿਮੋਤਾਨਾਸਨ, ਕਪੋਤਾਸਨ, ਤ੍ਰਿਕੋਣਾਸਨ ਸਭ ਤੋਂ ਉੱਤਮ ਆਸਣ ਹਨ। ਇਸ ਲਈ ਪਹਿਲਵਾਨ ਵੀ ਯੋਗਾ ਕਰਦੇ ਹਨ। ਇਹ ਸਰੀਰਕ ਲਚਕ ਅਤੇ ਮਜ਼ਬੂਤੀ ਲਈ ਬਹੁਤ ਅਸਰਦਾਰ ਹੈ।
ਮਾਨਸਿਕ ਸ਼ਾਂਤੀ ਅਤੇ ਤਣਾਅ ਮੁਕਤੀ : ਬੁਢਾਪੇ ਵਿਚ ਇਕੱਲਾਪਣ, ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਅਕਸਰ ਘੇਰ ਲੈਂਦੀਆਂ ਹਨ। ਪ੍ਰਾਣਾਯਾਮ (ਸਾਹ ਲੈਣ ਦੀਆਂ ਕਿਰਿਆਵਾਂ) ਅਤੇ ਧਿਆਨ (ਮੈਡੀਟੇਸ਼ਨ) ਮਨ ਨੂੰ ਸ਼ਾਂਤ ਰੱਖਦੇ ਹਨ ਅਤੇ ਮਨੁੱਖ ਦੀ ਮਾਨਸਿਕ ਸਿਹਤ ਨੂੰ ਸੁਧਾਰਦੇ ਹਨ। ਯੋਗ ਸਰੀਰ ਦਾ ਤਣਾਅ ਦੂਰ ਕਰਦਾ ਹੈ, ਪ੍ਰਾਣਾਯਾਮ ਮਨ ਦਾ। ਦੋਵੇਂ ਮਿਲ ਕੇ ਨਰਵਜ਼ ਸਿਸਟਮ ਨੂੰ 'ਫਾਈਟ ਔਰ ਫਲਾਈਟ' ਤੋਂ 'ਰੈਸਟ ਐਂਡ ਡਾਇਜੈਸਟ' ਮੋਡ 'ਚ ਲੈ ਕੇ ਆਉਂਦੇ ਹਨ। ਮਾਨਸਿਕ ਸ਼ਾਂਤੀ ਅਤੇ ਤਣਾਅ ਨੂੰ ਦੂਰ ਕਰਨ ਲਈ ਅਨੁਲੋਮ-ਵਿਲੋਮ, ਭ੍ਰਾਮਰੀ, ਬਾਲ ਆਸਣ, ਸ਼ਵ ਆਸਣ ਸਭ ਤੋਂ ਵਧੀਆਂ ਅਤੇ ਕਾਰਗਰ ਅਭਿਆਸ ਹਨ।
ਬਿਮਾਰੀਆਂ ਤੋਂ ਬਚਾਅ ਲਈ ਯੋਗ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਣ, ਤਣਾਅ ਘਟਾਉਣ ਤੇ ਅੰਗਾਂ ਨੂੰ ਸਹੀ ਕੰਮ ਕਰਨ ਵਿਚ ਮਦਦ ਕਰਦਾ ਹੈ। ਰੋਜ਼ਾਨਾ ਯੋਗਾ ਕਰਨ ਨਾਲ ਬਲੱਡ ਪ੍ਰੈੱਸ਼ਰ ਕਾਬੂ ਵਿਚ ਰਹਿੰਦਾ ਹੈ, ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘਟਦਾ ਹੈ ਅਤੇ ਸ਼ੂਗਰ ਵਰਗੀਆਂ ਪੁਰਾਣੀਆਂ ਬਿਮਾਰੀ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ। ਪਾਚਨਤੰਤਰ ਮਜ਼ਬੂਤ ਕਰਨ ਵਾਸਤੇ ਭੁਜੰਗ ਆਸਣ (ਇਹ ਫੇਫੜੇ ਖੋਲ੍ਹਦਾ, ਸਾਹ ਨਲੀ ਸਾਫ਼ ਕਰਦਾ, ਛਾਤੀ ਦੀ ਇਨਫੈਕਸ਼ਨ ਤੋਂ ਬਚਾਉਂਦਾ ਹੈ), ਮਤਸਯਾ ਆਸਣ (ਇਹ ਥਾਈਰਾਇਫ਼ ਤੇ ਪੈਰਾਥਾਇਰਾਈਡ ਗਲੈਂਡ ਐਕਟਿਵ, ਗਲੇ ਦੀ ਇਨਫੈਕਸ਼ਨ ਘੱਟ ਕਰਦਾ ਹੈ।), ਸੇਤੂ ਬੰਧਾ ਆਸਣ (ਖੂਨ ਦਾ ਦੌਰਾ ਸੁਧਾਰਦਾ, ਦਿਲ ਤੇ ਫੇਫੜੇ ਮਜ਼ਬੂਤ ਕਰਦਾ ਹੈ), ਤ੍ਰਿਕੋਣਆਸਣ (ਇਹ ਪਾਚਨ ਠੀਕ ਕਰਦਾ ਹੈ ਅਤੇ ਕਬਜ਼ ਤੇ ਐਸੀਡਿਟੀ ਤੋਂ ਬਚਾਉਂਦਾ ਹੈ)। ਸਾਹ ਦੀਆਂ ਕਸਰਤਾਂ ਵਿਚ ਤੁਸੀਂ ਰੋਜ਼ਾਨਾ ਅਨੁਲੋਮ-ਵਿਲੋਮ (ਇਹ ਨੱਕ ਦੀ ਨਲੀ ਸਾਫ਼ ਕਰਦਾ ਹੈ, ਆਕਸੀਜਨ ਵਧਾਉਂਦਾ ਹੈ, ਫੇਫੜਿਆਂ ਦੀ ਕਾਰਜ ਸਮਰੱਥਾ ਵਧਾਉਂਦਾ ਹੈ ਅਤੇ ਜ਼ੁਕਾਮ-ਖਾਂਸੀ ਨੂੰ ਰੋਕਦਾ ਹੈ), ਕਪਾਲਭਾਤੀ (ਇਹ ਪੇਟ ਦੇ ਅੰਦਰੂਨੀ ਅੰਗ ਡੀਟੋਕਸ, ਲੀਵਰ-ਕਿਡਨੀ ਸਾਫ਼ ਕਰਦਾ ਹੈ ਅਤੇ ਮੋਟਾਪੇ ਤੋਂ ਬਚਾਉਂਦਾ ਹੈ), ਭਸਤ੍ਰਿਕਾ (ਸਰੀਰ ਗਰਮ, ਖੂਨ ਸਾਫ਼, ਥਕਾਵਟ ਦੂਰ, ਸਰਦੀ ਵਿਚ ਖਾਸ ਫਾਇਦੇਮੰਦ ਹੈ) ਦਾ ਅਭਿਆਸ ਕਰਨਾ ਚਾਹੀਦਾ ਹੈ।
ਬੁਢਾਪਾ ਕੱਟਣਾ ਨਹੀਂ, ਜਿਊਣਾ ਹੈ। ਹਰ ਰੋਜ਼ ਦੀ ਸੈਰ ਤੁਹਾਨੂੰ ਦਵਾਈਆਂ ਤੋਂ ਦੂਰ ਅਤੇ ਪੋਤੇ-ਪੋਤੀਆਂ ਨਾਲ ਖੇਡਣ ਦੇ ਕਾਬਿਲ ਬਣਾਈ ਰੱਖੇਗੀ। ਪੈਰ ਚੱਲਣਗੇ ਤਾਂ ਜ਼ਿੰਦਗੀ ਚੱਲੇਗੀ। ਬੁਢਾਪੇ ਵਿਚ ਤੰਦਰੁਸਤ ਰਹਿਣ ਲਈ ਤੁਹਾਨੂੰ ਜਿੰਮ ਜਾਂ ਮਹਿੰਗੇ ਸਾਧਨਾਂ ਦੀ ਲੋੜ ਨਹੀਂ। ਕੇਵਲ ਇਕ ਦਰੀ ਜਾਂ ਮੈਟ ਦੀ ਜ਼ਰੂਰਤ ਹੈ ਜਿਸ 'ਤੇ ਬੈਠ ਕੇ ਤੁਸੀ ਯੋਗਾ ਕਰਨਾ ਹੈ। ਸਾਡੇ ਬਜ਼ੁਰਗ ਅਕਸਰ ਇਹ ਕਿਹਾ ਕਰਦੇ ਸਨ 'ਚਲਦਾ ਪਾਣੀ ਨਿਰਮਲ, ਵਹਿੰਦਾ ਪਾਣੀ ਗੰਦਾ'। 50 ਸਾਲ ਤੋਂ ਉੱਪਰ ਉਮਰ ਵਾਲਿਆਂ ਵਾਸਤੇ ਰੋਜ਼ਾਨਾ ਦੀ ਸੈਰ ਦਿਲ, ਹੱਡੀਆਂ ਅਤੇ ਦਿਮਾਗ ਤਿੰਨਾਂ ਨੂੰ ਜਵਾਨ ਰੱਖਦੀ ਹੈ।
ਇਸ ਸਾਲ-2026 ਦੇ ਕੌਮਾਂਤਰੀ ਯੋਗ ਦਿਵਸ ਦਾ ਮੁੱਖ ਰਾਸ਼ਟਰੀ ਸਮਾਗਮ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਵਿਖੇ ਅੱਜ ਭਾਵ 21 ਜੂਨ, 2026 ਨੂੰ ਹੋ ਰਿਹਾ ਹੈ। ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਵਿਸ਼ਾਲ ਸਮਾਗਮ ਦੀ ਅਗਵਾਈ ਕਰਨਗੇ, ਉਥੇ ਦੇਸ਼ ਅਤੇ ਵਿਦੇਸ਼ ਤੋਂ ਹਜ਼ਾਰਾਂ ਯੋਗ ਪ੍ਰੇਮੀ ਇਸ ਸਮਾਗਮ ਵਿਚ ਸ਼ਮੂਲੀਅਤ ਕਰਨਗੇ।
ਯੋਗ ਕਿਸੇ ਇਕ ਉਮਰ ਵਰਗ ਲਈ ਨਹੀਂ, ਸਗੋਂ ਹਰ ਵਿਅਕਤੀ ਲਈ ਹੈ। ਉਮਰ ਭਾਵੇਂ ਕੋਈ ਵੀ ਹੋਵੇ, ਯੋਗ ਨੂੰ ਅਪਣਾ ਕੇ ਅਸੀਂ ਸਾਰੇ ਤੰਦਰੁਸਤ, ਖੁਸ਼ਹਾਲ ਅਤੇ ਊਰਜਾਵਾਨ ਜੀਵਨ ਬਤੀਤ ਕਰ ਸਕਦੇ ਹਾਂ। ਜੇਕਰ ਨੌਜਵਾਨ ਅੱਜ ਤੋਂ ਹੀ ਯੋਗਾ ਅਪਣਾਉਣ, ਤਾਂ ਉਹ ਭਵਿੱਖ ਵਿਚ ਕਈ ਬਿਮਾਰੀਆਂ ਤੋਂ ਬਚ ਸਕਦੇ ਹਨ। ਇਸੇ ਤਰ੍ਹਾਂ ਬਜ਼ੁਰਗ ਰੋਜ਼ਾਨਾ ਯੋਗ ਕਰਕੇ ਆਪਣੀ ਸਰੀਰਕ ਸਮਰੱਥਾ ਅਤੇ ਆਤਮ-ਵਿਸ਼ਵਾਸ ਨੂੰ ਬਰਕਰਾਰ ਰੱਖ ਸਕਦੇ ਹਨ। ਆਓ, ਇਸ ਯੋਗ ਦਿਵਸ 'ਤੇ ਅਸੀਂ ਸਾਰੇ ਪ੍ਰਣ ਕਰੀਏ ਕਿ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਈਏ ਤਾਂ ਜੋ ਸਾਡਾ ਅੱਜ ਅਤੇ ਆਉਣ ਵਾਲਾ ਕੱਲ੍ਹ (ਬੁਢਾਪਾ) ਦੋਵੇਂ ਤੰਦਰੁਸਤ ਅਤੇ ਖੁਸ਼ਹਾਲ ਰਹਿ ਸਕਣ ਅਤੇ ਸਾਡਾ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਉਦੇਸ਼ ਸਫ਼ਲ ਹੋ ਸਕੇ।

-ਐਫ. ਐਮ. 70, ਮਾਡਲ ਹਾਊਸ, ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਰਸਕਿਨ ਬਾਂਡ ਵਿਚ ਅਜਿਹਾ ਕੀ ਹੈ? ਅਗਲੀ ਖ਼ਬਰ 'ਮੈਂ ਹਾਂ ਨਾ ਤੇਰੇ ਨਾਲ'
Ad Position 24
No active advertisement