ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਰਸਕਿਨ ਬਾਂਡ ਵਿਚ ਅਜਿਹਾ ਕੀ ਹੈ?

Ad Position 21
No active advertisement
ਅਜੀਤ ਡੈਸਕ 21-06-2026

ਉਹ ਅੱਠ ਸਾਲ ਦਾ ਸੀ ਜਦ ਉਸ ਦੇ ਮਾਂ-ਬਾਪ ਅਲੱਗ ਹੋ ਗਏ। ਮਾਂ ਨੇ ਦੂਸਰੀ ਸ਼ਾਦੀ ਕਰ ਲਈ। ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ। ਪਰ ਦੋ ਸਾਲ ਬਾਅਦ 10 ਸਾਲ ਦੀ ਉਮਰ ਵਿਚ ਪਿਤਾ ਦੀ ਮੌਤ ਹੋ ਗਈ।
ਨਾਂਅ ਤਾਂ ਬਹੁਤ ਸੁਣਿਆ ਸੀ, ਪਰ ਨੇੜੇ ਤੋਂ ਜਾਣ ਪਛਾਣ ਉਦੋਂ ਹੋਈ ਜਦੋਂ ਮਸੂਰੀ ਫੇਰੀ ਦੌਰਾਨ ਹੋਟਲ ਦੇ ਕਮਰੇ ਦੇ ਟੇਬਲ 'ਤੇ ਖੂਬਸੂਰਤ 'ਕੌਫੀ ਟੇਬਲ ਬੁੱਕ' ਪਈ ਦੇਖੀ 'ਦਾ ਮਸੂਰੀ ਯੀਅਰਸ' ਟਾਈਟਲ 'ਤੇ ਟਾਈਪ ਰਾਈਟਰ ਅੱਗੇ ਬੈਠੇ ਰਸਕਿਨ ਬਾਂਡ ਦੀ ਵੱਡੀ ਤਸਵੀਰ ਸੀ। ਟਾਈਪ ਰਾਈਟਰ ਦੇ ਆਸ-ਪਾਸ ਕਿਤਾਬਾਂ ਪਈਆਂ ਸਨ। ਅਸੀਂ ਜਿੰਨੇ ਦਿਨ ਮਸੂਰੀ ਰਹੇ ਮੈਂ ਉਸ ਕੌਫ਼ੀ ਟੇਬਲ ਬੁੱਕ ਨੂੰ ਖੋਲ੍ਹਦਾ-ਫਰੋਲਦਾ ਰਿਹਾ।
ਘਰ ਆ ਕੇ ਜਦੋਂ ਤੱਕ ਉਹ ਕਿਤਾਬ ਦਿੱਲੀ ਤੋਂ ਮੰਗਵਾ ਨਾ ਲਈ, ਉਦੋਂ ਤੱਕ ਚੈਨ ਨਾ ਆਇਆ।
ਰਸਕਿਨ ਬਾਂਡ ਮੈਨੂੰ ਬਹੁਤ ਪਿਆਰਾ ਹੈ। ਇਸ ਲਈ ਨਹੀਂ ਕਿ ਵਿਸ਼ਵ ਪ੍ਰਸਿੱਧ ਲੇਖਕ ਹੈ। ਇਸ ਲਈ ਵੀ ਨਹੀਂ ਕਿ ਅੰਗਰੇਜ਼ ਅਫ਼ਸਰ ਦਾ ਬੇਟਾ ਹੈ। ਸਗੋਂ ਇਸ ਲਈ ਕਿ ਬਚਪਨ ਵਿਚ ਅਨੇਕ ਝੱਖੜ ਝੁੱਲਣ ਦੇ ਬਾਵਜੂਦ ਉਸ ਨੇ ਆਪਣਾ ਵਜੂਦ ਬਚਾ ਕੇ ਰੱਖਿਆ। ਜ਼ਿੰਦਗੀ ਆਪਣੀਆਂ ਸ਼ਰਤਾਂ 'ਤੇ ਸਹਿਜ, ਸ਼ਾਂਤ ਬਸਰ ਕੀਤੀ। ਅਖੀਰ ਆਪਣੀ ਲੇਖਣੀ ਦਾ ਲੋਹਾ ਮਨਵਾਇਆ। ਮਈ 2026 ਵਿਚ ਉਸ ਨੇ ਜ਼ਿੰਦਗੀ ਦੇ ਮਾਣਮੱਤੇ 92 ਸਾਲ ਪੂਰੇ ਕਰ ਲਏ ਹਨ।
ਮਾਂ ਬਾਪ ਦਾ ਹੱਥ ਸਿਰ 'ਤੇ ਨਹੀਂ ਸੀ। ਗਾਰਡੀਅਨ ਦੇ ਸਖ਼ਤ ਵਿਵਹਾਰ ਨੇ ਉਸ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ। ਇਕ ਦਿਨ ਕੁੱਟ ਖਾਣ ਤੋਂ ਬਾਅਦ ਰਸਕਿਨ ਗੁੱਸੇ ਵਿਚ ਘਰ ਤੋਂ ਭੱਜ ਗਿਆ। ਜੀਵਨ ਦੀਆਂ ਇਨ੍ਹਾਂ ਦੁਖਦ ਸਥਿਤੀਆਂ ਨੇ 'ਰਸਟੀ' ਨਾਂਅ ਦੇ ਕਿਰਦਾਰ ਨੂੰ ਜਨਮ ਦਿੱਤਾ। ਰਸਟੀ ਕਿਰਦਾਰ ਦਾ ਇਸਤੇਮਾਲ ਉਸ ਨੇ ਆਪਣੇ ਬਚਪਨ ਅਤੇ ਜਵਾਨੀ ਦੀਆਂ ਪ੍ਰਸਥਿਤੀਆਂ ਨੂੰ ਦਰਸਾਉਣ ਲਈ ਕੀਤਾ।
ਅੰਗਰੇਜ਼ੀ ਮੂਲ ਦਾ ਹੋਣ ਦੇ ਬਾਵਜੂਦ ਉਸ ਦਾ ਦਿਲ ਭਾਰਤੀ ਹੈ। ਉਸ ਦਾ ਜਨਮ ਭਾਰਤ ਵਿਚ ਹੋਇਆ। ਮੁਢਲੀ ਪੜ੍ਹਾਈ ਇਥੇ ਹੋਈ, ਪਰ ਬਿਹਤਰ ਜੀਵਨ ਲਈ ਆਪਣੀ ਮਾਸੀ ਕੋਲ ਇੰਗਲੈਂਡ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਅਹਿਸਾਸ ਹੋਇਆ ਕੀ ਉਹ ਭਾਰਤ ਬਿਨਾਂ ਨਹੀਂ ਰਹਿ ਸਕਦਾ ਅਤੇ ਹਮੇਸ਼ਾ ਲਈ ਭਾਰਤ ਆ ਗਿਆ।
ਗੁੰਮਸੁੰਮ ਰਹਿਣ ਵਾਲਾ ਨੌਜਵਾਨ ਜਦ ਆਪਣੀ ਇਕੱਲਤਾ ਦੂਰ ਕਰਨ ਲਈ ਪਹਾੜਾਂ ਵੱਲ ਗਿਆ ਤਾਂ ਉਥੋਂ ਦਾ ਹੀ ਹੋ ਕੇ ਰਹਿ ਗਿਆ। ਪਿਛਲੇ 64 ਸਾਲਾਂ ਤੋਂ ਉਹ ਮਸੂਰੀ ਵਿਖੇ ਰਹਿ ਰਿਹਾ ਹੈ। ਉਸ ਨੂੰ ਪਹਾੜ ਖਿੱਚਦੇ ਹਨ। ਵਾਦੀਆਂ, ਝਰਨੇ, ਰੁੱਖ ਚੰਗੇ ਲੱਗਦੇ ਹਨ, ਕਿਉਂਕਿ ਉਸ ਦਾ ਬਚਪਨ ਪਹਾੜਾਂ ਵਿਚ ਬੀਤਿਆ ਸੀ।
ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਰਸਕਿਨ ਕੁਝ ਸਾਲ ਦਿੱਲੀ ਅਤੇ ਦੇਹਰਾਦੂਨ ਦੀਆਂ ਪ੍ਰਮੁੱਖ ਅਖ਼ਬਾਰਾਂ ਲਈ ਆਰਟੀਕਲ ਲਿਖਦਾ ਰਿਹਾ।
21 ਸਾਲ ਦੀ ਉਮਰ ਵਿਚ ਉਸ ਨੇ ਆਪਣਾ ਪਹਿਲਾ ਨਾਵਲ 'ਰੂਮ ਆਨ ਦਾ ਰੂਫ਼' ਪ੍ਰਕਾਸ਼ਿਤ ਕਰਵਾਇਆ। ਇਸ ਨਾਵਲ ਲਈ ਉਸ ਨੂੰ 'ਜਾਨ ਲੇਵੇਨਿਨ ਰਾਈਸ ਪੁਰਸਕਾਰ ਮਿਲਿਆ। ਇਸ ਪੁਰਸਕਾਰ ਨਾਲ ਮਿਲੀ ਰਕਮ ਨੂੰ ਉਸ ਨੇ ਭਾਰਤ ਆ ਕੇ ਦੇਹਰਾਦੂਨ ਵਿਖੇ ਵਸ ਜਾਣ ਲਈ ਵਰਤਿਆ।
1963 ਉਹ ਸਾਲ ਸੀ ਜਦੋਂ ਉਸ ਨੇ 'ਹੋਲ ਟਾਈਮਰ' ਲੇਖਕ ਬਣਨ ਦਾ ਫੈਸਲਾ ਕੀਤਾ ਅਤੇ ਮਸੂਰੀ ਰਹਿਣ ਲਈ ਚਲਾ ਗਿਆ। ਮਸੂਰੀ ਦੇ ਮਾਹੌਲ, ਸ਼ਾਂਤ ਵਾਤਾਵਰਨ ਅਤੇ ਵਾਦੀਆਂ ਤੋਂ ਉਸ ਨੂੰ ਪ੍ਰੇਰਨਾ ਮਿਲਦੀ ਹੈ।
ਰਸਕਿਨ ਜਿਵੇਂ-ਜਿਵੇਂ ਜੀਵਨ ਵਿਚ ਅੱਗੇ ਵਧਿਆ ਤਿਵੇਂ-ਤਿਵੇਂ ਉਸ ਦੇ ਅਨੁਭਵਾਂ ਨੇ ਉਸ ਦੀ ਕਹਾਣੀ ਕਹਿਣ ਦੀ ਕਲਾ, ਸ਼ੈਲੀ ਤੇ ਸਮਝ ਨੂੰ ਪ੍ਰਭਾਵਿਤ ਕੀਤਾ।
ਉਸ ਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਹੈ ਕਿ ਉਨ੍ਹਾਂ ਵਿਚ ਹਿਮਾਲਾ ਦੀ ਗੋਦ ਵਿਚ ਵਸਦੀ ਸਾਧਾਰਨ ਜ਼ਿੰਦਗੀ, ਪ੍ਰਕਿਰਤੀ ਅਤੇ ਬੱਚਿਆਂ ਦਾ ਬਚਪਨ ਧੜਕਦਾ ਹੈ।
ਉਸ ਦੀ ਸਵੈ-ਜੀਵਨੀ 'ਲੋਨ ਫਾਕਸ ਡਾਂਸਿੰਗ' ਉਸ ਦੇ ਬਚਪਨ, ਪੜ੍ਹਨ-ਲਿਖਣ ਦੇ ਪ੍ਰੇਮ ਤੇ ਪ੍ਰੇਰਨਾ ਦਾ ਵਰਨਣ ਕਰਦੀ ਹੈ।
17 ਸਾਲ ਦੀ ਉਮਰ ਵਿਚ ਲਿਖਣਾ ਆਰੰਭ ਕੀਤਾ ਅਤੇ ਜਦ ਤੱਕ ਸਰੀਰ ਸਾਥ ਦਿੰਦਾ ਰਹੇਗਾ ਤਦ ਤੱਕ ਉਸ ਦਾ ਲਿਖਦੇ ਰਹਿਣ ਦਾ ਇਰਾਦਾ ਹੈ।
ਹੁਣ ਤੱਕ ਰਸਕਿਨ 150 ਤੋਂ ਵਧੇਰੇ ਕਿਤਾਬਾਂ ਲਿਖ ਚੁੱਕਾ ਹੈ। ਲਿਖਣਾ ਉਸ ਦਾ ਸ਼ੌਕ ਜਾਂ ਰੁਝੇਵਾਂ ਹੀ ਨਹੀਂ ਬਲਕਿ ਜਨੂੰਨ ਅਤੇ ਸਭ ਤੋਂ ਪਸੰਦੀਦਾ ਕੰਮ ਹੈ।
'ਏਕ ਥਾ ਰਸਟੀ' ਉਪਰ ਟੈਲੀਵਿਜ਼ਨ ਸ਼ੋਅ ਬਣ ਚੁੱਕਾ ਹੈ। 'ਫਲਾਈਟ ਆਫ਼ ਪਿਜੰਸ' ਨਾਵਲ 'ਤੇ ਆਧਾਰਿਤ 'ਜਨੂੰਨ' ਫ਼ਿਲਮ ਬਣੀ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਨਾਵਲ 'ਸੁਸਾਨਾ ਕੇ ਸੈਵਨ ਹਸਬੈਂਡ' 'ਤੇ ਹਿੰਦੀ ਫ਼ਿਲਮ 'ਸਾਤ ਖੂਨ ਮਾਫ਼' ਬਣ ਚੁੱਕੀ ਹੈ।
ਰਸਕਿਨ ਬਾਂਡ ਦੀਆਂ ਲਿਖਤਾਂ ਕੋਮਲ, ਭਾਵਪੂਰਤ ਅਤੇ ਸ਼ਾਂਤ ਹਨ। ਮਨ ਨੂੰ ਸਕੂਨ ਦੇਣ ਵਾਲੀਆਂ। ਜਿਹੜੀਆਂ ਸਹਿਜ ਢੰਗ ਨਾਲ ਜੀਵਨ ਦੇ ਸਬਕ ਸਿਖਾ ਜਾਂਦੀਆਂ ਹਨ। ਇਸੇ ਲਈ ਉਸ ਦੇ ਪਾਠਕਾਂ ਵਿਚ ਹਰ ਉਮਰ ਦੇ ਲੋਕ ਸ਼ਾਮਿਲ ਹਨ। ਪ੍ਰਕਿਰਤੀ ਅਤੇ ਪਾਠਕਾਂ ਅਤੇ ਪਹਾੜਾਂ ਦੇ ਸੁੰਦਰ ਵਰਨਣ ਕਾਰਨ ਉਸ ਨੂੰ 'ਪਹਾੜਾਂ ਦਾ ਲੇਖਕ' ਵੀ ਕਿਹਾ ਜਾਂਦਾ ਹੈ।
ਉਸ ਦੀਆਂ ਲਿਖਤਾਂ ਦੇ ਬਹੁਤ ਸਾਰੇ ਅਸਲੀ ਪਾਤਰ ਮਸੂਰੀ ਦੀਆਂ ਸੜਕਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਤੁਰਦੇ ਫਿਰਦੇ ਵੇਖੇ ਜਾ ਸਕਦੇ ਹਨ।
ਮੂਸਰੀ ਵਿਚ ਆਰੰਭਲੇ ਦਿਨਾਂ ਵਿਚ ਲੋਕ ਉਸ ਨੂੰ ਪਹਿਚਾਣ ਲੈਂਦੇ ਅਤੇ ਲੰਚ ਜਾਂ ਡਿਨਰ ਲਈ ਘਰ ਆਉਣ ਲਈ ਕਹਿੰਦੇ।
ਇੰਝ ਹੌਲੀ-ਹੌਲੀ ਰਸਕਿਨ ਬਾਂਡ ਮਸੂਰੀ ਦਾ ਚਰਚਿਤ ਚਿਹਰਾ ਬਣ ਗਿਆ। ਸਮੇਂ ਨਾਲ ਉਸ ਦੀਆਂ ਰਚਨਾਵਾਂ ਨੇ ਉਸ ਨੂੰ ਪੂਰੇ ਭਾਰਤ, ਪੂਰੀ ਦੁਨੀਆ ਵਿਚ ਪ੍ਰਸਿੱਧ ਕਰ ਦਿੱਤਾ।
ਮਸੂਰੀ ਵਿਚ ਰਸਕਿਨ ਬਾਂਡ ਨੇ ਸ਼ਾਨਦਾਰ ਜੀਵਨ ਬਤੀਤ ਕੀਤਾ। ਉਹ ਮਸੂਰੀ ਨੇੜੇ ਲੈਂਡੋਰ ਵਿਚ ਰਹਿੰਦਾ ਹੈ। ਮਸੂਰੀ ਸ਼ਹਿਰ ਉਸ ਨੂੰ ਬਹੁਤ ਪਿਆਰਾ ਹੈ। ਉਸ ਨੂੰ ਵੱਡੇ ਸ਼ਹਿਰਾਂ ਦਾ ਭੱਜ ਦੌੜ ਵਾਲਾ ਜੀਵਨ ਪਸੰਦ ਨਹੀਂ। ਪਹਾੜਾਂ, ਪੰਛੀਆਂ, ਰੁੱਖਾਂ ਅਤੇ ਪ੍ਰਕਿਰਤੀ ਤੋਂ ਉਸ ਨੂੰ ਲਿਖਣ ਲਈ ਪ੍ਰੇਰਨਾ ਮਿਲਦੀ ਹੈ। ਉਸ ਦੀ ਸਿਆਸਤ ਵਿਚ ਭੋਰਾ ਦਿਲਚਸਪੀ ਨਹੀਂ। ਰਵਿੰਦਰਨਾਥ ਟੈਗੋਰ ਅਤੇ ਚਾਰਲਸ ਡਿੱਕਨਸ ਉਸ ਦੇ ਪਸੰਦੀਦਾ ਲੇਖਕ ਹਨ। ਉਹ ਸਵੇਰੇ ਸ਼ਾਮ ਟਹਿਲਦਾ ਹੈ। ਸਾਦਾ ਭੋਜਨ ਖਾਂਦਾ ਹੈ। ਰਾਤ ਨੂੰ ਜਲਦੀ ਸੌ ਜਾਂਦਾ ਹੈ।
ਉਹ ਦਿਨ ਵਿਚ ਦੋ ਵਾਰ ਆਪਣੀ ਮਰਜ਼ੀ, ਆਪਣੀ ਇੱਛਾ ਅਨੁਸਾਰ ਲਿਖਣ ਲਈ ਬੈਠਦਾ ਹੈ। ਉਸ ਦੀ ਲਿਖੀ ਹੋਈ ਸਮੱਗਰੀ ਭਾਵੇਂ ਪ੍ਰਕਾਸ਼ਿਤ ਨਾ ਹੋ ਰਹੀ ਹੋਵੇ, ਤਦ ਵੀ ਉਹ ਲਗਾਤਾਰ ਲਿਖਦਾ ਹੈ। ਉਹ ਆਪਣੇ ਜਨਮ ਦਿਨ 'ਤੇ ਸਵੇਰੇ ਆਪਣੇ ਘਰ ਅਤੇ ਸ਼ਾਮ ਨੂੰ ਕੁਲੜੀ ਵਿਖੇ ਕੈਂਬਰਿਜ ਬੁੱਕ ਡੀਪੂ ਵਿਚ ਆਪਣੇ ਪ੍ਰਸੰਸਕਾਂ ਨਾਲ ਕੇਕ ਕੱਟਦੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਦਾ ਅਤੀਤ ਤੋਂ ਵਰਤਮਾਨ ਤੱਕ ਦਾ ਸਫ਼ਰ ਅਗਲੀ ਖ਼ਬਰ ਸਿਹਤਮੰਦ ਬੁਢਾਪੇ ਲਈ ਯੋਗ : ਸਮੇਂ ਦੀ ਲੋੜ
Ad Position 24
No active advertisement