(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗੁਜਰਾਂਵਾਲਾ ਦੀ ਸਿੱਖਿਆ ਕੇਂਦਰ ਵਜੋਂ ਉਸਾਰੀ 1889 ਵਿਚ ਸ਼ੁਰੂ ਹੋਈ ਜਦ ਏਥੇ ਖਾਲਸਾ ਹਾਈ ਸਕੂਲ ਦੀ ਸਥਾਪਨਾ ਹੋਈ। ਉਸ ਵੇਲੇ ਤੀਕ ਅਜੇ ਅੰਮ੍ਰਿਤਸਰ ਵਿਚ ਵੀ ਖਾਲਸਾ ਕਾਲਜੀਏਟ ਸਕੂਲ ਦੀ ਸਥਾਪਨਾ ਨਹੀਂ ਸੀ ਹੋਈ।
ਗੁਜਰਾਂਵਾਲਾ ਦੀਆਂ ਔਰਤਾਂ ਇਸ ਸਕੂਲ ਲਈ ਘਰੋ ਘਰੀ ਜਾ ਕੇ ਆਟੇ ਦੀ ਉਗਰਾਹੀ ਕਰਦੀਆਂ ਤੇ ਉਸਨੂੰ ਵੇਚ ਕੇ ਸਕੂਲ ਦਾ ਖ਼ਰਚਾ ਪੂਰਾ ਕਰਦੀਆਂ। ਹੌਲੀ-ਹੌਲੀ ਸਕੂਲ ਦੀ ਮਹਿਮਾ ਚਾਰ ਚੁਫ਼ੇਰੇ ਪਸਰ ਗਈ, ਜਿਸ ਨਾਲ ਇਹ ਸਵੈ-ਨਿਰਭਰ ਹੋ ਗਿਆ। ਸਥਾਨਕ ਸ੍ਰੀ ਗੁਰੂ ਸਿੰਘ ਸਭਾ ਵਾਲੇ ਏਥੇ ਰੋਜ਼ਾਨਾ ਦੀਵਾਨ ਲਾਉਣ ਲੱਗੇ, ਜਿਸ ਨਾਲ ਸੰਗਤ ਵਿਚ ਸਕੂਲ ਪ੍ਰਤੀ ਅਪਣੱਤ ਵਧੀ। ਜਲਦੀ ਹੀ ਸ਼ਹਿਰ ਵਿਚ ਗੁਰਦੁਆਰਾ ਸਾਹਿਬ ਉੱਸਰ ਗਿਆ।
ਵੀਹਵੀਂ ਸਦੀ ਦੇ ਆਰੰਭ ਵਿਚ ਬਾਬੂ ਗੁਲਾਬ ਸਿੰਘ ਸਕੂਲ ਦੇ ਹੈਡਮਾਸਟਰ ਬਣੇ। ਨਹਿਰੀ ਮਹਿਕਮੇ ਦੇ ਓਵਰਸੀਅਰ ਹੋਣ ਕਾਰਨ ਉਨ੍ਹਾਂ ਨਾਲ ਬਾਬੂ ਸ਼ਬਦ ਪੱਕੇ ਤੌਰ 'ਤੇ ਜੁੜ ਗਿਆ।
ਬਾਬੂ ਗੁਲਾਬ ਸਿੰਘ ਜੀ ਨੇ ਕੁਝ ਜ਼ਮੀਨ ਮੁੱਲ ਖ਼ਰੀਦ ਕੇ ਸਕੂਲ ਤੋਂ ਅੱਧਾ ਕੁ ਮੀਲ ਦੂਰ ਬਾਬੂ ਗੁਲਾਬ ਸਿੰਘ ਖਾਲਸਾ ਬੋਰਡਿੰਗ ਹਾਊਸ ਦੀ ਉਸਾਰੀ ਕੀਤੀ, ਜਿਸ ਵਿਚ 324 ਵਿਦਿਆਰਥੀ ਰਹਿ ਸਕਦੇ ਸਨ। 1912 ਵਿਚ ਪੰਜਾਬ ਦੇ ਗੋਰੇ ਗਵਰਨਰ ਸਰ ਲੁਈਸ ਵਿਲੀਅਮ ਡੇਨ ਨੇ ਹਾਲ ਦੇ ਬਿਲਕੁਲ ਸਾਹਮਣੇ ਖਾਲਸਾ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਦਿੱਲੀ ਦੇ ਵੱਡੇ ਠੇਕੇਦਾਰ ਧਰਮ ਸਿੰਘ ਨੇ 1930 ਵਿਚ ਸਕੂਲ ਦੇ ਹਾਲ ਦੀ ਛੱਤ ਪੁਆਈ। ਸਕੂਲ ਵਿਚ ਵਿਦਿਆਰਥੀ ਵੀ ਵਧ ਰਹੇ ਸਨ ਤੇ ਸਕੂਲ ਦਾ ਵਿੱਦਿਆ ਅਤੇ ਖੇਡਾਂ ਪੱਖੋਂ ਮਿਆਰ ਵੀ ਉਚੇਰਾ ਹੋ ਰਿਹਾ ਸੀ।
ਸਰਦਾਰ ਨਾਰਾਇਣ ਸਿੰਘ ਵਕੀਲ ਜੋ 1915 ਵਿਚ ਖਾਲਸਾ ਹਾਈ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਣੇ ਸਨ , ਉਨ੍ਹਾਂ ਦੀ ਦੂਰ ਦ੍ਰਿਸ਼ਟੀ ਸਦਕਾ 1917 ਵਿਚ ਗੁਜਰਾਂਵਾਲਾ ਸ਼ਹਿਰ ਵਿਚ ਕਾਲਜ ਦੀ ਲੋੜ ਮਹਿਸੂਸ ਕੀਤੀ ਗਈ।
ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ ਇਹ ਕਾਲਜ ਉਚੇਰੀ ਸਿੱਖਿਆ ਲਈ ਸਿੱਖ ਕੌਮ ਦੀ ਦੂਜੀ ਮਹਾਨ ਵਿਦਿਅਕ ਸੰਸਥਾ ਬਣੀ। ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਮਹਾਂ ਪੁਰਖਾਂ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ।
ਮਹੱਤਵਪੂਰਨ ਗੱਲ ਇਹ ਰਹੀ ਕਿ ਕਾਲਜ ਦਾ ਨੀਂਹ ਪੱਥਰ 11ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ਮੌਕੇ ਰੱਖਿਆ ਗਿਆ। ਪਹਿਲੇ ਸਾਲ ਸਿਰਫ਼ 28 ਵਿਦਿਆਰਥੀ ਦਾਖਲ ਹੋਣ ਆਏ। ਹੌਲੀ-ਹੌਲੀ ਇਹ ਕਾਲਜ ਉਚੇਰੀ ਸਿੱਖਿਆ ਦਾ ਕੇਂਦਰ ਬਣ ਗਿਆ। ਸਿਆਲਕੋਟ, ਜੇਹਲਮ, ਗੁਜਰਾਤ ਤੇ ਸ਼ਾਹਪੁਰ ਇਲਾਕਿਆਂ ਦੇ ਨੌਜਵਾਨ ਏਥੇ ਪੜ੍ਹਨ ਲੱਗੇ। ਕਾਲਜ ਦਾ ਪਹਿਲਾ ਪ੍ਰਿੰਸੀਪਲ ਭਾਵੇਂ ਗੋਰਾ ਅੰਗਰੇਜ਼ ਮਿਸਟਰ ਮੂਰ ਸੀ ਪਰ ਮਗਰੋਂ ਸਿੱਖ ਸੋਝੀ ਦੇ ਸਿਖਰਲੇ ਨਾਮ ਸੰਤ ਤੇਜਾ ਸਿੰਘ, ਭਾਈ ਸਾਹਿਬ ਭਾਈ ਜੋਧ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ ਏਥੇ ਪ੍ਰਿੰਸੀਪਲ ਰਹੇ। ਗੁਰਬਾਣੀ ਦੇ ਪ੍ਰਕਾਂਡ ਵਿਦਵਾਨ ਪ੍ਰੋ. ਸਾਹਿਬ ਸਿੰਘ ਤੇ ਪ੍ਰੋ. ਨਾਰਾਇਣ ਸਿੰਘ ਵੀ ਏਥੇ ਅਧਿਆਪਕ ਸਨ। ਇਨ੍ਹਾਂ ਅਧਿਆਪਕਾਂ ਸਦਕਾ ਗੁਜਰਾਂਵਾਲਾ ਸਿੱਖਿਆ ਦਾ ਵੱਡਾ ਕੇਂਦਰ ਬਣ ਗਿਆ।
ਅੰਗਰੇਜ਼ ਵਿਰੋਧੀ ਬਾਗੀ ਸਰਗਰਮੀਆਂ ਦਾ ਵੀ ਇਹ ਵੱਡਾ ਕੇਂਦਰ ਬਣ ਕੇ ਉੱਭਰਿਆ। ਰੋਲਟ ਐਕਟ ਦੇ ਵਿਰੋਧ ਮਗਰੋਂ ਜੱਲਿਆਂਵਾਲਾ ਬਾਗ਼ ਦਾ ਕਤਲੇਆਮ ਹੋਣ ਮਗਰੋਂ ਨਗਰ ਨਿਵਾਸੀਆਂ ਨੇ ਰੇਲਵੇ ਸਟੇਸ਼ਨ, ਡਾਕਖਾਨਾ, ਕਚਹਿਰੀਆਂ ਤੇ ਗਿਰਜਾਘਰ ਨੂੰ ਸਾੜ ਸੁੱਟਿਆ। ਕਈ ਮਹੀਨੇ ਸ਼ਹਿਰ ਵਿਚ ਮਾਰਸ਼ਲ ਲਾਅ ਲੱਗਾ ਰਿਹਾ।
ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੇ ਵੀ ਇੱਥੇ ਪੜ੍ਹਦੇ ਨੌਜਵਾਨਾਂ ਨੂੰ ਹਲੂਣਿਆ। ਇਸ ਤੋਂ ਮਗਰੋਂ ਹੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਜਿਸ ਵਿਚ ਇਸ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਕੁੱਦੇ। ਲੰਮੇ ਵਿਸਥਾਰ ਵਿਚ ਨਾ ਪਵਾਂ ਤਾਂ ਚੰਗਾ ਹੈ। ਦੇਸ਼ ਵੰਡ ਵੇਲੇ 1947 ਵਿਚ ਸਭ ਸਿੱਖਾਂ ਨੂੰ ਇਥੋਂ ਉੱਜੜਨਾ ਪਿਆ। ਕਾਲਿਜ ਵੀ ਛੱਡਣਾ ਪੈਣਾ ਸੀ।
ਕਾਲਜ ਪ੍ਰਬੰਧਕਾਂ ਦੇ ਖਾਤੇ ਵਿਚ ਉਸ ਵੇਲੇ ਇਕ ਲੱਖ ਰੁਪਿਆ ਨਕਦ ਸੀ। ਦੇਸ਼ ਵੰਡ ਵੇਲੇ ਸ. ਜੀਤ ਸਿੰਘ ਚਾਵਲਾ ਕਾਲਜ ਦੇ ਆਨਰੇਰੀ ਸਕੱਤਰ ਬਣੇ। ਸ. ਜੀਤ ਸਿੰਘ ਚਾਵਲਾ ਤੇ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਗੁਜਰਾਂਵਾਲਾ ਵਿਚ ਰਹਿ ਗਈ ਜਾਇਦਾਦ , ਜ਼ਮੀਨ ਇਮਾਰਤ, ਫਰਨੀਚਰ , ਲਾਇਬਰੇਰੀ ਤੇ ਪ੍ਰਯੋਗਸ਼ਾਲਾਵਾਂ ਦਾ ਕਲੇਮ ਲਗਪਗ 31ਲੱਖ 91 ਹਜ਼ਾਰ ਰੁਪਏ ਮਿਲਿਆ। ਭਾਰਤ ਸਰਕਾਰ ਨੇ ਵੀ ਸੰਸਥਾਵਾਂ ਦੇ ਮੁੜ ਵਸੇਬੇ ਲਈ 2 ਲੱਖ ਰੁਪਿਆ ਪ੍ਰਤੀ ਸੰਸਥਾ ਦੇਣ ਦਾ ਫ਼ੈਸਲਾ ਕੀਤਾ। ਇਸ ਯੋਜਨਾ ਅਧੀਨ ਕਾਲਜ ਨੂੰ 2 ਲੱਖ 44 ਹਜ਼ਾਰ ਰੁਪਏ ਹਾਸਲ ਹੋਏ। ਸ. ਜੀਤ ਸਿੰਘ ਚਾਵਲਾ, ਗਿਆਨੀ ਲਾਲ ਸਿੰਘ, ਗਿਆਨੀ ਰਘਬੀਰ ਸਿੰਘ ਜਲੰਧਰ, ਬਾਵਾ ਹਰਕਿਸ਼ਨ ਸਿੰਘ, ਗਿਆਨੀ ਹਰਜੀਤ ਸਿੰਘ ਤੇ ਸ. ਸੰਤ ਸਿੰਘ ਅਰੂਪ ਵਾਲਿਆਂ ਦੀ ਅਗਵਾਈ ਹੇਠ ਲੁਧਿਆਣਾ ਵਿਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਨੀਂਹ ਰੱਖੀ ਗਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਇਸ ਕਾਲਜ ਦਾ ਰੁਤਬਾ ਬੁਲੰਦ ਹੈ। ਮੈਨੂੰ ਵੀ ਮਾਣ ਪ੍ਰਾਪਤ ਹੈ ਕਿ ਇਸ ਮਹਾਨ ਸੰਸਥਾ ਦਾ 1971 ਤੋਂ 1974 ਤੀਕ ਵਿਦਿਆਰਥੀ ਰਿਹਾ ਹਾਂ। ਵਰਤਮਾਨ ਸਮੇਂ ਇਸ ਕਾਲਜ ਦੇ ਪ੍ਰਧਾਨ ਡਾ. ਐੱਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹਨ, ਜਦ ਕਿ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਜੀ ਹਨ।
ਇਸ ਸੰਸਥਾ ਨੇ ਆਪਣੇ ਆਪ ਨੂੰ ਬਹੁਤ ਵਿਸਥਾਰਿਆ ਹੈ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਅਧੀਨ ਇਸ ਵੇਲੇ ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ, ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਵੋਕੇਸ਼ਨਲ ਸਟਡੀਜ਼, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਆਫ ਫਾਰਮੇਸੀ ਕੰਮ ਕਰ ਰਹੇ ਹਨ।
ਇਹ ਕਿਤਾਬ ਗੁਜਰਾਂਵਾਲਾ ਦੇ ਵਿਰਸੇ ਤੋਂ ਵਰਤਮਾਨ ਤੀਕ ਸਫ਼ਰ ਕਰਦੀ ਹੈ। ਇਸ ਪੁਸਤਕ ਦੀ ਸੰਪੂਰਨਤਾ ਲਈ ਡਾ. ਮਨਦੀਪ ਕੌਰ ਰੰਧਾਵਾ ਨੇ ਲੰਮੀ ਘਾਲਣਾ ਨਾਲ ਪਾਕਿਸਤਾਨੀ ਸੋਮਿਆਂ ਤੋਂ ਤਸਵੀਰਾਂ ਤੇ ਜਾਣਕਾਰੀ ਇਕੱਠੀ ਕਰਕੇ ਇਸ ਨੂੰ ਪ੍ਰਮਾਣੀਕ ਦਸਤਾਵੇਜ਼ ਵਜੋਂ ਪੇਸ਼ ਕੀਤਾ ਹੈ। ਡਾ. ਐੱਸ. ਪੀ. ਸਿੰਘ ਤੇ ਪੂਰੀ ਕਾਲਜ ਪ੍ਰਬੰਧਕ ਕਮੇਟੀ ਦੀ ਸੰਪੂਰਨ ਪੁਣ-ਛਾਣ ਮਗਰੋਂ ਇਸ ਨੂੰ ਸਰੂਪ ਮਿਲਿਆ ਹੈ। ਫਿਰ ਵੀ ਕੁਝ ਮਹੱਤਵਪੂਰਨ ਵਿਅਕਤੀਆਂ ਬਾਰੇ ਜਾਣਕਾਰੀ ਇਸ ਪੁਸਤਕ ਵਿਚ ਪਾਉਣ ਦੀ ਲੋੜ ਹੈ।
ਉਮੀਦ ਹੈ ਅਗਲੇ ਸੰਸਕਰਨ ਦੇ ਪ੍ਰਕਾਸ਼ਨ ਤੀਕ ਵੱਖ-ਵੱਖ ਸੋਮਿਆਂ ਤੋਂ ਹੋਰ ਜਾਣਕਾਰੀ ਮਿਲ ਜਾਵੇਗੀ, ਜਿਸ ਨੂੰ ਇਸ ਪੁਸਤਕ ਦਾ ਭਾਗ ਬਣਾਇਆ ਜਾ ਸਕੇਗਾ। ਪੜ੍ਹਨ ਯੋਗ ਇਸ ਪੁਸਤਕ ਨੂੰ ਪੜ੍ਹ ਕੇ ਗੁਜਰਾਂਵਾਲਾ ਤੇ ਇਸ ਦੀ ਮਰਦਮਖ਼ੇਜ਼ ਮਿੱਟੀ ਨੂੰ ਸਲਾਮ ਕੀਤੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ।
ਇਸ ਕਿਤਾਬ ਵਿਚ ਪ੍ਰੋ. ਸਰਬਜੋਤ ਸਿੰਘ ਬਹਿਲ ਦੀ ਲਿਖੀ ਤੇ ਸੁਣਾਈ ਉਹ ਨਜ਼ਮ ਵੀ ਸਕੈਨਰ ਰਾਹੀਂ ਸੁਣੀ ਜਾ ਸਕਦੀ ਹੈ। ਇਸ ਕਵਿਤਾ ਵਿਚ ਦੇਸ਼ ਵੰਡ ਤੋਂ ਪਹਿਲੇ ਗੁਜਰਾਂਵਾਲਾ ਦੇ ਵਸੇਬੇ ਤੇ ਰਹਿਤਲ ਦਾ ਬੜਾ ਮਾਰਮਿਕ ਜ਼ਿਕਰ ਹੈ।
ਇਹ ਪੁਸਤਕ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਨਾਲ ਸੰਪਰਕ ਕਰਕੇ ਹਾਸਲ ਕੀਤੀ ਜਾ ਸਕਦੀ ਹੈ। ਐਮਾਜ਼ੋਨ 'ਤੇ ਵੀ ਇਹ ਪੁਸਤਕ 500/- ਰੁਪਏ ਵਿਚ ਮਿਲ ਸਕਦੀ ਹੈ। (ਸਮਾਪਤ)
-ਮੋਬਾਈਲ : 98726-31199