ਇਨ੍ਹੀਂ ਦਿਨੀਂ ਵਿਆਹ ਸਮਾਗਮਾਂ ਦੀ ਚਰਚਾ ਚਾਰੇ ਪਾਸੇ ਹੈ। ਇਸ ਤਰ੍ਹਾਂ ਦੇ ਮੌਕਿਆਂ 'ਚ ਹੇਠ ਲਿਖੀਆਂ ਸਾਵਧਾਨੀਆਂ ਰੱਖ ਕੇ ਤੁਸੀਂ ਤੇ ਤੁਹਾਡਾ ਪਰਿਵਾਰ ਟਾਈਫਾਈਡ, ਪੀਲੀਆ, ਦਸਤ, ਉਲਟੀ ਤੇ ਬੁਖਾਰ ਆਦਿ ਤੋਂ ਬਚ ਸਕਦੇ ਹੋ। ਆਓ ਜਾਣੀਏ :
ਪਾਣੀ, ਸ਼ਰਬਤ, ਜੂਸ ਅਤੇ ਹੋਰ ਪਦਾਰਥ : ਇਨ੍ਹਾਂ ਪਦਾਰਥਾਂ ਦੇ ਨਿਰਮਾਣ ਵਿਚ ਪਾਣੀ ਅਤੇ ਬਰਫ਼ ਦੀ ਵਰਤੋਂ ਕੀਤਾ ਜਾਂਦੀ ਹੈ। ਪਾਣੀ ਅਤੇ ਬਰਫ਼ ਦੀ ਸ਼ੁੱਧਤਾ ਪਾਸੇ ਜ਼ਰਾ ਵੀ ਧਿਆਨ ਇਨ੍ਹਾਂ ਸਮਾਗਮਾਂ ਵਿਚ ਨਹੀਂ ਦਿੱਤਾ ਜਾਂਦਾ। ਪਾਣੀ ਜੇਕਰ ਡਰੰਮ, ਬਾਲਟੀ 'ਚੋਂ ਭਰ ਕੇ ਦਿੱਤਾ ਜਾ ਰਿਹਾ ਹੋਵੇ ਅਤੇ ਜੇਕਰ ਉਸ ਵਿਚ ਬਰਫ਼ ਵੀ ਪਾਈ ਗਈ ਹੋਵੇ ਤਾਂ ਇਸ ਤਰ੍ਹਾਂ ਦੇ ਪਾਣੀ ਤੋਂ ਦੂਰੀ ਬਣਾਈ ਰੱਖਣੀ ਚੰਗੀ ਹੈ।
ਸਲਾਦ : ਸਮਾਗਮ ਵਿਚ ਸਲਾਦ ਦੇ ਰੂਪ ਵਿਚ ਮੂਲੀ, ਗਾਜਰ, ਖੀਰਾ, ਪਿਆਜ਼, ਟਮਾਟਰ ਆਦਿ ਦੀ ਵਰਤੋਂ ਹੁੰਦੀ ਹੈ, ਜੋ ਸਾਫ਼ ਪਾਣੀ ਵਿਚ ਕਈ ਵਾਰ ਚੰਗੀ ਤਰ੍ਹਾਂ ਧੋਤੇ ਨਾ ਜਾਣ ਕਾਰਨ ਦੂਸ਼ਿਤ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਵੀ ਬਿਮਾਰੀ ਨੂੰ ਸੱਦਾ ਦਿੰਦੀ ਹੈ।
ਚਾਟ : ਚਾਟ ਵਿਚ ਪਾਪੜੀ, ਦਹੀਂ ਭੱਲੇ, ਗੋਲ ਗੱਪੇ, ਟਿੱਕੀ, ਵੇਸਣ ਦਾ ਚੀਲ/ਭੇਲ, ਆਦਿ ਆਈਟਮਾਂ ਵਿਚ ਧਨੀਏ ਦੀਆਂ ਪੱਤੀਆਂ ਕੱਚੀਆਂ ਜਾਂ ਚਟਨੀ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ, ਜਿਸ ਨੂੰ ਜਲਦਬਾਜ਼ੀ ਵਿਚ ਚੰਗੀ ਤਰ੍ਹਾਂ ਕਈ ਵਾਰ ਨਹੀਂ ਧੋਤਾ ਜਾਂਦਾ, ਇਸ ਕਾਰਨ ਇਸ ਨਾਲ ਵੀ ਬਿਮਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਖਾਣ ਵਾਲੇ ਦੂਸ਼ਿਤ ਪਦਾਰਥ : ਉਪਰੋਕਤ ਸਮਾਗਮਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਇਥੋਂ ਤੱਕ ਕਿ ਤੁਹਾਡੇ ਘਰ ਵਿਚ ਵੀ ਸਾਵਧਾਨੀਆਂ ਦੀ ਘਾਟ ਹੋਣ ਕਾਰਨ ਬਿਮਾਰ ਹੋ ਸਕਦੇ ਹੋ। ਦਸਤ, ਉਲਟੀ ਦੇ ਲੱਛਣ ਦੂਸ਼ਿਤ ਪਦਾਰਥਾਂ ਦੀ ਵਰਤੋਂ ਤੋਂ ਬਾਅਦ 1-2 ਦਿਨ ਦੇ ਅੰਦਰ ਆ ਜਾਂਦੇ ਹਨ ਪਰ ਪੀਲੀਆ, ਟਾਈਫਾਈਡ ਦੇ ਲੱਛਣ ਨਜ਼ਰ ਆਉਣ ਵਿਚ 10-15 ਦਿਨ ਤੱਕ ਦਾ ਸਮਾਂ ਲਗ ਸਕਦਾ ਹੈ।
ਵਰਤਮਾਨ ਸਮੇਂ ਵਿਚ ਆਯੋਜਕਾਂ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਸਮਾਰੋਹ ਦਾ ਆਯੋਜਨ ਕਰਦੇ ਸਮੇਂ ਉਪਰੋਕਤ ਗੱਲਾਂ ਦਾ ਧਿਆਨ ਰੱਖਦੇ ਹੋਏ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ, ਤਾਂ ਕਿ ਉਨ੍ਹਾਂ ਦੇ ਇਥੇ ਆਉਣ ਵਾਲੇ ਮਹਿਮਾਨ ਦੂਸ਼ਿਤ ਭੋਜਨ, ਪਾਣੀ, ਚਾਟ ਖਾ ਕੇ ਬਿਮਾਰ ਨਾ ਪੈਣ।
-੦-
ਵਿਆਹ ਸਮਾਗਮਾਂ ਵਿਚ ਬਿਮਾਰੀ ਤੋਂ ਬਚਣ ਲਈ ਸੁਝਾਅ
ਅਜੀਤ ਡੈਸਕ
03-04-2026