15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਿਹਾਰ ਦੀ ਰਾਜਨੀਤੀ ਵਿਚੋਂ ਨਿਤਿਸ਼ ਦੀ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026

ਬੀਤੇ ਦਿਨ 20 ਸਾਲਾਂ ਤੱਕ ਬਿਹਾਰ ਦੇ ਨਿਰੰਤਰ ਮੁੱਖ ਮੰਤਰੀ ਰਹੇ ਸ੍ਰੀ ਨਿਤਿਸ਼ ਕੁਮਾਰ ਵਲੋਂ ਰਾਜ ਸਭਾ ਦੀ ਚੋਣ ਲਈ ਕਾਗਜ਼ ਭਰਨ ਨਾਲ ਬਿਹਾਰ ਦੀ ਰਾਜਨੀਤੀ ਵਿਚ ਨਿਤਿਸ਼ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਸੰਸਦ ਦੇ ਉੱਪਰਲੇ ਸਦਨ, ਰਾਜ ਸਭਾ ਵਿਚ ਜਾਣ ਦੇ ਫ਼ੈਸਲੇ ਨਾਲ ਬਿਹਾਰ ਦੀ ਰਾਜਨੀਤੀ ਵਿਚ ਵੱਡੀ ਪੱਧਰ 'ਤੇ ਹਲਚਲ ਹੋਈ ਹੈ। ਨਿਤਿਸ਼ ਕੁਮਾਰ ਨੇ ਆਪਣੇ ਇਸ ਫ਼ੈਸਲੇ ਸੰਬੰਧੀ ਕਿਹਾ ਹੈ ਕਿ ਉਹ ਪਹਿਲਾਂ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਤੇ ਉਨ੍ਹਾਂ ਦੀ ਇੱਛਾ ਸੀ ਕਿ ਉਹ ਰਾਜ ਸਭਾ ਦੇ ਮੈਂਬਰ ਵੀ ਬਣਨ। ਇਸ ਕਰਕੇ ਉਨ੍ਹਾਂ ਨੇ ਰਾਜ ਸਭਾ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ। ਪਰ ਵਿਰੋਧੀ ਪਾਰਟੀਆਂ ਨੇ ਇਹ ਦੋਸ਼ ਲਾਇਆ ਹੈ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਅਤੇ ਕਈ ਹੋਰ ਪ੍ਰਦੇਸ਼ਾਂ ਵਿਚ ਭਾਜਪਾ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦੀ ਹੈ, ਜਾਂ ਉਨ੍ਹਾਂ ਦੀ ਭੰਨ-ਤੋੜ ਕਰਕੇ ਆਪਣੇ ਵਿਚ ਮਿਲਾ ਲੈਂਦੀ ਹੈ, ਉਹੀ ਮਾਡਲ ਭਾਜਪਾ ਵਲੋਂ ਬਿਹਾਰ ਵਿਚ ਵੀ ਲਾਗੂ ਕੀਤਾ ਗਿਆ ਹੈ।
ਉਸ ਨੇ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਦੇਸ਼ ਦੀ ਕੌਮੀ ਰਾਜਨੀਤੀ ਵਿਚ ਜਾਣ ਲਈ ਮਜਬੂਰ ਕਰ ਦਿੱਤਾ ਹੈ। ਇਥੇ ਵਰਣਨਯੋਗ ਹੈ ਕਿ ਬਿਹਾਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਨਿਤਿਸ਼ ਕੁਮਾਰ ਨੂੰ ਰਾਸ਼ਟਰੀ ਲੋਕਤੰਤਰਿਕ ਗੱਠਜੋੜ ਦਾ ਚਿਹਰਾ ਬਣਾ ਕੇ ਲੜੀਆਂ ਗਈਆਂ ਸਨ, ਉਸ ਸਮੇਂ ਗੱਠਜੋੜ ਵਲੋਂ ਨਾਅਰਾ ਦਿੱਤਾ ਗਿਆ ਸੀ। '25 ਸੇ 30 ਫਿਰ ਸੇ ਨਿਤਿਸ਼'। ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਇਸੇ ਕਰਕੇ ਦੋਸ਼ ਲਾ ਰਹੇ ਹਨ ਕਿ ਭਾਜਪਾ ਨੇ ਰਾਜ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਜਿਥੋਂ ਤੱਕ ਕਿ ਜਨਤਾ ਦਲ (ਯੂ) ਦਾ ਸੰਬੰਧ ਹੈ ਉਸ ਦੇ ਸਮਰਥਕਾਂ ਤੇ ਹੇਠਲੇ ਪੱਧਰ ਦੇ ਆਗੂਆਂ ਨੇ ਵੀ ਨਿਤਿਸ਼ ਕੁਮਾਰ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੇ ਫ਼ੈਸਲੇ ਦਾ ਤਿੱਖਾ ਵਿਰੋਧ ਕੀਤਾ ਹੈ। ਇਸ ਸੰਬੰਧੀ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਨੇ ਜਨਤਾ ਦਲ (ਯੂ) ਦੇ ਪਟਨਾ ਸਥਿਤ ਮੁੱਖ ਦਫ਼ਤਰ ਵਿਚ ਫਰਨੀਚਰ ਦੀ ਭੰਨਤੋੜ ਵੀ ਕੀਤੀ ਹੈ ਤੇ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਜਾ ਕੇ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ।
ਨਿਤਿਸ਼ ਕੁਮਾਰ ਨੇ ਬਿਹਾਰ ਦੀ ਰਾਜਨੀਤੀ ਛੱਡ ਕੇ ਕੌਮੀ ਰਾਜਨੀਤੀ ਵਿਚ ਜਾਣ ਦਾ ਫ਼ੈਸਲਾ ਭਾਵੇਂ ਆਪ ਕੀਤਾ ਹੋਵੇ ਜਾਂ ਉਨ੍ਹਾਂ ਨੂੰ ਭਾਜਪਾ ਵਲੋਂ ਮਜਬੂਰ ਕਰ ਦਿੱਤਾ ਗਿਆ ਹੋਵੇ, ਪਰ ਬਿਹਾਰ ਦੀ ਰਾਜਨੀਤੀ ਵਿਚ ਉਨ੍ਹਾਂ ਦਾ ਜੋ ਰੋਲ ਰਿਹਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਬਿਨਾਂ ਸ਼ੱਕ ਉਨ੍ਹਾਂ ਨੇ ਬਿਹਾਰ ਨੂੰ, ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਦੇ ਲੰਮੇ ਪ੍ਰਸ਼ਾਸਨ, ਜਿਸ ਨੂੰ ਜੰਗਲ ਰਾਜ ਵੀ ਕਿਹਾ ਜਾਂਦਾ ਸੀ, ਤੋਂ ਉਭਾਰ ਕੇ ਵਿਕਾਸ ਦੇ ਰਸਤੇ 'ਤੇ ਪਾਇਆ ਹੈ। ਖ਼ਾਸ ਕਰਕੇ ਉਨ੍ਹਾਂ ਵਲੋਂ ਦਲਿਤਾਂ, ਪਛੜੇ ਵਰਗਾਂ ਅਤੇ ਦਿਹਾਤੀ ਖੇਤਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਰਿਹਾ ਹੈ। ਉਹ ਐਲਾਨੀਆ ਤੌਰ 'ਤੇ ਸਮਾਜਿਕ ਨਿਆਂ ਦੀ ਰਾਜਨੀਤੀ ਕਰਦੇ ਰਹੇ ਹਨ। ਇਸੇ ਕਰ ਕੇ ਭਾਵੇਂ ਉਨ੍ਹਾਂ ਨੇ ਸਮੇਂ-ਸਮੇਂ ਕਈ ਪਾਰਟੀਆਂ ਬਦਲੀਆਂ ਪਰ ਫਿਰ ਵੀ ਲੋਕਾਂ ਦੇ ਇਕ ਵੱਡੇ ਵਰਗ ਦਾ ਉਨ੍ਹਾਂ ਨੂੰ ਹਮੇਸ਼ਾ ਵਿਸ਼ਵਾਸ ਪ੍ਰਾਪਤ ਰਿਹਾ। ਆਪਣੇ ਅਜਿਹੇ ਵੋਟ ਬੈਂਕ ਦੇ ਸਿਰ 'ਤੇ ਹੀ ਉਹ ਨਿਰੰਤਰ ਚੋਣਾਂ ਜਿੱਤਦੇ ਰਹੇ।
ਜੇਕਰ ਨਿਤਿਸ਼ ਕੁਮਾਰ ਦੇ ਪਿਛੋਕੜ ਅਤੇ ਸ਼ਖ਼ਸੀਅਤ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 1 ਮਾਰਚ, 1951 ਨੂੰ ਬਖ਼ਤਿਆਰਪੁਰ (ਬਿਹਾਰ) ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਇਲੈੱਕਟ੍ਰੀਕਲ ਇੰਜੀਨਿਅਰਿੰਗ ਵਿਚ ਗ੍ਰੈਜੂਏਸ਼ਨ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਸੀ। 1974 ਵਿਚ ਉਹ ਬਿਹਾਰ ਤੋਂ ਸ੍ਰੀ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ਸ਼ੁਰੂ ਹੋਏ 'ਸੰਪੂਰਨ ਕ੍ਰਾਂਤੀ' ਦੇ ਅੰਦੋਲਨ ਵਿਚ ਸ਼ਾਮਿਲ ਹੋਏ ਸਨ। ਇਹ ਉਨ੍ਹਾਂ ਦੀ ਰਾਜਨੀਤੀ ਵਿਚ ਸ਼ੁਰੂਆਤ ਸੀ। ਇਸ ਅੰਦੋਲਨ ਨੇ ਨਿਤਿਸ਼ ਕੁਮਾਰ ਤੋਂ ਇਲਾਵਾ ਜਾਰਜ ਫਰਨਾਂਡਿਜ਼, ਰਾਮ ਬਿਲਾਸ ਪਾਸਵਾਨ, ਸ਼ਰਦ ਯਾਦਵ ਤੇ ਲਾਲੂ ਪ੍ਰਸਾਦ ਯਾਦਵ ਵਰਗੇ ਅਨੇਕਾਂ ਹੋਰ ਲੀਡਰਾਂ ਨੂੰ ਵੀ ਅੱਗੇ ਲਿਆਂਦਾ ਸੀ। ਸਮਾਜਿਕ ਨਿਆਂ ਦੀ ਰਾਜਨੀਤੀ ਕਰਨ ਵਾਲੇ ਇਨ੍ਹਾਂ ਨੇਤਾਵਾਂ ਨੇ ਨਾ ਕੇਵਲ ਬਿਹਾਰ, ਸਗੋਂ ਕੌਮੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕੀਤਾ ਸੀ। ਛੇਤੀ ਹੀ ਜੈ ਪ੍ਰਕਾਸ਼ ਨਾਰਾਇਣ ਦਾ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਬਿਹਾਰ ਤੋਂ ਨਿਕਲ ਕੇ ਕੌਮੀ ਸਰੂਪ ਅਖ਼ਤਿਆਰ ਕਰ ਗਿਆ ਸੀ ਅਤੇ ਇਸੇ ਕਾਰਨ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਐਮਰਜੈਂਸੀ ਵੀ ਲਗਾਉਣੀ ਪਈ ਸੀ। ਇਸ ਤੋਂ ਬਾਅਦ ਦੇਸ਼ ਅਤੇ ਬਿਹਾਰ ਦੀ ਰਾਜਨੀਤੀ ਵਿਚ ਕੀ-ਕੀ ਹੋਇਆ, ਉਹ ਹੁਣ ਇਤਿਹਾਸ ਦਾ ਹਿੱਸਾ ਹੈ। ਜਿਥੋਂ ਤੱਕ ਨਿਤਿਸ਼ ਕੁਮਾਰ ਦਾ ਸੰਬੰਧ ਹੈ, ਉਹ ਸਿਰਫ਼ ਬਿਹਾਰ ਦੀ ਰਾਜਨੀਤੀ ਵਿਚ 2005 ਤੋਂ 2026 ਤੱਕ ਲਗਭਗ 20 ਸਾਲਾਂ ਤੱਕ ਮੁੱਖ ਮੰਤਰੀ ਹੀ ਨਹੀਂ ਰਹੇ, ਸਗੋਂ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਵਲੋਂ ਕਈ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਕੌਮੀ ਰਾਜਨੀਤੀ ਵਿਚ ਵੀ ਆਪਣਾ ਵੱਡਾ ਯੋਗਦਾਨ ਪਾਇਆ। ਅਟਲ ਬਿਹਾਰ ਵਾਜਪਾਈ ਦੀ ਸਰਕਾਰ ਵਿਚ ਉਹ ਰੇਲਵੇ, ਖੇਤੀਬਾੜੀ ਅਤੇ ਟਰਾਂਸਪੋਰਟ ਮੰਤਰੀ ਰਹੇ ਸਨ। ਇਕ ਲੰਮੇ ਸਮੇਂ ਤੱਕ ਨਿਤਿਸ਼ ਕੁਮਾਰ ਭਾਜਪਾ ਤੋਂ ਦੂਰੀ ਬਣਾ ਕੇ ਰੱਖਦੇ ਰਹੇ ਸਨ, ਕਿਉਂਕਿ ਉਹ ਭਾਜਪਾ ਨੂੰ ਇਕ ਫਿਰਕੂ ਪਾਰਟੀ ਮੰਨਦੇ ਸਨ। ਸਮਾਜਿਕ ਨਿਆਂ, ਦਲਿਤਾਂ ਅਤੇ ਪੱਛੜੇ ਵਰਗਾਂ ਦੀ ਰਾਜਨੀਤੀ ਅਤੇ ਧਰਮ ਨਿਰਪੱਖਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਇਮ ਰੱਖਣ ਲਈ ਉਹ ਵਿਚਾਰਧਾਰਕ ਤੌਰ 'ਤੇ ਅਕਸਰ ਦੁਬਿਧਾ ਵਿਚ ਰਹਿੰਦੇ ਸਨ। ਇਸੇ ਕਾਰਨ ਉਹ ਵਾਰ-ਵਾਰ ਭਾਜਪਾ ਵੱਲ ਵੀ ਜਾਂਦੇ ਰਹੇ ਅਤੇ ਭਾਜਪਾ ਤੋਂ ਤੋੜ-ਵਿਛੋੜਾ ਵੀ ਕਰਦੇ ਰਹੇ। ਅਸਲ ਵਿਚ ਉਹ ਕੌਮੀ ਪੱਧਰ 'ਤੇ ਭਾਜਪਾ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਅਗਵਾਈ ਵਿਚ ਇਕੱਠਾ ਕਰਨਾ ਚਾਹੁੰਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਅਜਿਹੇ ਗੱਠਜੋੜ ਵਲੋਂ ਉਹ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੀ ਦੇਖਦੇ ਸਨ। ਪਰ ਜਿੰਨੀ ਵਾਰ ਵੀ ਉਹ ਭਾਜਪਾ ਵਿਰੋਧੀ ਪਾਰਟੀਆਂ ਵਾਲੇ ਪਾਸੇ ਆਏ, ਉਨ੍ਹਾਂ ਨੂੰ ਵਿਰੋਧੀ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਵਲੋਂ ਕੋਈ ਢੁਕਵਾਂ ਹੁੰਗਾਰਾ ਨਹੀਂ ਮਿਲਿਆ। ਇਸ ਕਾਰਨ ਉਹ ਵਿਵਹਾਰਕ ਰਾਜਨੀਤੀ ਕਰਦੇ ਹੋਏ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰ ਗੱਠਜੋੜ ਵੱਲ ਵਾਪਸ ਪਰਤ ਜਾਂਦੇ ਰਹੇ।
ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਬਣਾਉਣ ਵਿਚ ਵੀ ਸ਼ੁਰੂ 'ਚ ਉਨ੍ਹਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ, ਪਰ ਬਾਅਦ ਵਿਚ ਵਿਰੋਧੀ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਦੇ ਠੰਢੇ ਰਵੱਈਏ ਕਾਰਨ ਉਹ ਮੁੜ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗੱਠਜੋੜ ਵੱਲ ਪਰਤ ਗਏ। ਦੇਸ਼ ਦੇ ਬਹੁਤ ਸਾਰੇ ਰਾਜਨੀਤਕ ਮਾਹਰ ਇਹ ਮੰਨਦੇ ਹਨ ਕਿ ਜੇਕਰ ਭਾਜਪਾ ਵਿਰੋਧੀ ਪਾਰਟੀਆਂ ਨੇ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ ਚੋਣਾਂ ਲੜੀਆਂ ਹੁੰਦੀਆਂ ਤਾਂ ਦੇਸ਼ ਦੀ ਕੌਮੀ ਰਾਜਨੀਤੀ ਦੀ ਇਕ ਵੱਖਰੀ ਤਸਵੀਰ ਵੀ ਹੋ ਸਕਦੀ ਸੀ। ਪਰ ਇਹ ਸਮਾਂ ਤਾਂ ਹੁਣ ਗੁਜ਼ਰ ਚੁੱਕਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਜ ਸਭਾ ਵਿਚ ਜਾ ਕੇ ਸ੍ਰੀ ਨਿਤਿਸ਼ ਕੁਮਾਰ ਕੀ ਰੋਲ ਅਦਾ ਕਰਦੇ ਹਨ? ਇਹ ਦੇਖਣਾ ਵੀ ਰੌਚਕ ਹੋਵੇਗਾ ਕਿ ਬਿਹਾਰ ਦੀ ਰਾਜਨੀਤੀ ਵਿਚ ਨਿਤਿਸ਼ ਕੁਮਾਰ ਦੀ ਗੈਰਹਾਜ਼ਰੀ ਤੋਂ ਬਾਅਦ ਜਨਤਾ ਦਲ (ਯੂ) ਦਾ ਭਵਿੱਖ ਕੀ ਹੋਵੇਗਾ? ਖ਼ਬਰਾਂ ਇਹ ਆ ਰਹੀਆਂ ਹਨ ਕਿ ਨਿਤਿਸ਼ ਕੁਮਾਰ ਦੇ ਸਪੁੱਤਰ ਨਿਸ਼ਾਂਤ ਕੁਮਾਰ ਰਾਜਨੀਤੀ ਵਿਚ ਆ ਕੇ ਜਨਤਾ ਦਲ (ਯੂ) ਦੀ ਅਗਵਾਈ ਸੰਭਾਲਣਗੇ ਅਤੇ ਨਿਤਿਸ਼ ਕੁਮਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਹੈ। ਨਿਸ਼ਾਂਤ ਕੁਮਾਰ, ਜੋ ਕਿ ਪੇਸ਼ੇ ਵਜੋਂ ਇਕ ਇੰਜੀਨੀਅਰ ਹਨ, ਨੇ ਅਜੇ ਤੱਕ ਆਪਣੇ-ਆਪ ਨੂੰ ਸਿਆਸਤ ਤੋਂ ਦੂਰ ਰੱਖਿਆ ਹੈ। ਇਸੇ ਕਰਕੇ ਇਹ ਸੁਆਲ ਵਧੇਰੇ ਮਹੱਤਵਪੂਰਨ ਹੋ ਗਿਆ ਹੈ ਕਿ ਉਹ ਜਨਤਾ ਦਲ (ਯੂ) ਨੂੰ ਸੰਭਾਲ ਸਕਣਗੇ ਜਾਂ ਨਹੀਂ? ਕੁਝ ਸਿਆਸੀ ਮਾਹਿਰ ਇਹ ਵੀ ਅੰਦਾਜ਼ੇ ਲਗਾ ਰਹੇ ਹਨ ਕਿ ਨਿਤਿਸ਼ ਕੁਮਾਰ ਦੀ ਗ਼ੈਰ ਹਾਜ਼ਰੀ ਵਿਚ ਦੇਰ-ਸਵੇਰ ਜਨਤਾ ਦਲ (ਯੂ) ਦਾ ਭਾਜਪਾ ਵਿਚ ਰਲੇਵਾਂ ਹੋ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਨਤਾ ਦਲ (ਯੂ) ਦੇ ਆਗੂਆਂ ਤੇ ਸਮਰਥਕਾਂ ਦਾ ਇਕ ਹਿੱਸਾ ਰਾਸ਼ਟਰੀ ਜਨਤਾ ਦਲ ਵਿਚ ਵੀ ਜਾ ਸਕਦਾ ਹੈ। ਪਰ ਇਨ੍ਹਾਂ ਸਾਰੇ ਸੁਆਲਾਂ ਦੇ ਜਵਾਬ ਤਾਂ ਭਵਿੱਖ ਦੀ ਬੁੱਕਲ ਵਿਚ ਹਨ। ਅੱਜ ਦੀ ਹਕੀਕਤ ਇਹ ਹੈ ਕਿ ਬਿਹਾਰ ਦੀ ਰਾਜਨੀਤੀ ਵਿਚੋਂ ਸ੍ਰੀ ਨਿਤਿਸ਼ ਕੁਮਾਰ ਵਰਗੇ ਕੱਦਾਵਰ ਆਗੂ ਦੀ ਵਿਦਾਇਗੀ ਹੋ ਗਈ ਹੈ। ਰਾਜਨੀਤੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਨਵੀਆਂ ਸਥਿਤੀਆਂ ਵਿਚ ਭਾਜਪਾ ਲਈ ਅਨੇਕਾਂ ਸੰਭਾਵਨਾਵਾਂ ਵੀ ਪੈਦਾ ਹੋ ਗਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ-ਅਨੇਕਾਂ ਪਹਿਲੂਆਂ ਤੋਂ ਪ੍ਰਭਾਵਿਤ ਹੋਵੇਗਾ ਭਾਰਤ ਅਗਲੀ ਖ਼ਬਰ ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
Ad Position 24