ਭਾਵੇਂ ਕਹਿਣ ਨੂੰ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ, ਪਰ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਸਮਝ ਵਿਚ ਨਹੀਂ ਆਉਂਦਾ ਕਿ ਜੇਕਰ ਈਰਾਨ ਪ੍ਰਮਾਣੂ ਬੰਬ ਨਾ ਬਣਾਉਣ ਦੀ ਗੱਲ ਮੰਨ ਲੈਂਦਾ ਤਾਂ ਉਸ ਖ਼ਿਲਾਫ਼ ਤਬਾਹੀ ਦੀ ਸ਼ੁਰੂਆਤ ਨਹੀਂ ਸੀ ਹੋਣੀ, ਟਰੰਪ ਦਾ ਇਹ ਵੀ ਕਹਿਣਾ ਹੈ ਕਿ ਈਰਾਨ ਨੇ ਗੱਲਬਾਤ ਕਰਨ 'ਚ ਦੇਰੀ ਕਰ ਦਿੱਤੀ ਸੀ। ਇਸ ਦੀ ਸਜ਼ਾ ਵੀ ਉਸ ਨੂੰ ਮਿਲਣੀ ਹੀ ਸੀ। ਸਪੱਸ਼ਟ ਹੈ ਕਿ ਸੱਤਾ ਤੇ ਤਾਕਤ ਦਾ ਨਸ਼ਾ ਜਦੋਂ ਕਿਸੇ ਦੇ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ।
ਸੱਤਾ ਦੀ ਅਜੀਬ ਖੇਡ
ਇਜ਼ਰਾਈਲ ਆਪਣੇ ਖੇਤਰਫਲ ਤੇ ਜਨਸੰਖਿਆ ਦੇ ਹਿਸਾਬ ਨਾਲ ਭਾਵੇਂ ਦੁਨੀਆ ਦੇ ਛੋਟੇ ਦੇਸ਼ਾਂ 'ਚੋਂ ਇਕ ਹੈ, ਪਰ ਆਪਣੇ ਬੌਸ ਦੀ ਸ਼ਹਿ 'ਤੇ ਆਪਣੀ ਸੈਨਿਕ ਸ਼ਕਤੀ ਤੇ ਹਥਿਆਰਾਂ ਦੇ ਬਲਬੂਤੇ ਉਹ ਕਿਸੇ ਵੀ ਵੱਡੇ ਦੇਸ਼ ਨੂੰ ਟੱਕਰ ਦੇ ਸਕਦਾ ਹੈ। ਉਸ ਦੇ ਖੁਫ਼ੀਆ ਤੰਤਰ ਨੂੰ 'ਕਿਲਿੰਗ ਮਸ਼ੀਨ' ਕਿਹਾ ਜਾਂਦਾ ਹੈ, ਮਤਲਬ ਜਿਸ ਤੋਂ ਇਜ਼ਰਾਈਲ ਨੂੰ ਖ਼ਤਰਾ ਹੋਵੇ ਉਹ ਬਚ ਨਹੀਂ ਸਕਦਾ। ਇਹ ਦੇਸ਼ ਨਿਡਰਤਾ ਲਈ ਵੀ ਜਾਣਿਆ ਜਾਂਦਾ ਹੈ, ਜਿਸ ਦੇ ਦੁਸ਼ਮਣ ਨੰਬਰ ਇਕ ਵਜੋਂ ਈਰਾਨ ਉੱਭਰਿਆ, ਜਿਸ ਦਾ ਅਕਸ ਇਕ ਕੱਟੜਪੰਥੀ ਵਾਲਾ ਰਿਹਾ ਹੈ। ਇਹ ਦੋਵੇਂ ਦੇਸ਼ ਆਪੋ-ਆਪਣੀ ਅਜਿਹੀ ਦਿੱਖ ਬਣਾ ਚੁੱਕੇ ਹਨ ਕਿ ਕੋਈ ਇਨ੍ਹਾਂ ਦੇ ਨਾਲ ਰਹੇ ਜਾਂ ਵਿਰੋਧ ਨਾ ਕਰਦਿਆਂ ਨਿਰਪੱਖ ਰਹਿਣਾ ਚਾਹੇ, ਤਾਂ ਵੀ ਇਨ੍ਹਾਂ ਨੂੰ ਅਣਡਿੱਠ ਨਹੀਂ ਕਰ ਸਕਦਾ। ਵਿਸ਼ਵ ਤਾਕਤਾਂ ਦੇ ਦਰਮਿਆਨ ਇਹ ਦੋਵੇਂ ਦੇਸ਼ ਕਿਸੇ ਦਾ ਵੀ ਪੱਲੜਾ ਝੁਕਾਉਣ ਦੇ ਸਮਰੱਥ ਹਨ। ਮੱਧ ਪੂਰਬ (ਮਿਡਲ ਈਸਟ) ਨੂੰ ਦੁਨੀਆ ਭਰ 'ਚ ਤੇਲ ਭੰਡਾਰਾਂ ਦੇ ਰੂਪ 'ਚ ਜਾਣਿਆ ਜਾਂਦਾ ਹੈ। ਕਦੇ ਵੀਰਾਨ ਤੇ ਰੇਗਿਸਤਾਨੀ ਖੇਤਰ ਵਾਲੇ ਅਰਬ ਦੇਸ਼ ਤੇਲ ਦੀ ਬਦੌਲਤ ਅੱਜ ਮਾਲਾ-ਮਾਲ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਨੇ ਆਪਣੇ ਫਾਇਦੇ ਤੇ ਨੁਕਸਾਨ ਨੂੰ ਧਿਆਨ 'ਚ ਰੱਖਦਿਆਂ ਅਮੀਰ ਦੇਸ਼ਾਂ ਨੂੰ ਇੱਥੇ ਆ ਕੇ ਉਨ੍ਹਾਂ ਦੇ ਇਲਾਕਿਆਂ ਨੂੰ ਵਿਕਸਿਤ ਤੇ ਆਧੁਨਿਕ ਬਣਾਉਣ ਦਾ ਸੱਦਾ ਦਿੱਤਾ ਤਾਂ ਅਮਰੀਕਾ ਨੇ ਇਨ੍ਹਾਂ ਦੇਸ਼ਾਂ 'ਚ ਆਪਣੇ ਡਾਲਰ ਦੀ ਤਾਕਤ ਨਾਲ ਦਬਦਬਾ ਕਾਇਮ ਕਰ ਲਿਆ। ਈਰਾਨ ਵੀ ਇਨ੍ਹਾਂ ਦਾ ਭਾਈਵਾਲ ਸੀ, ਪਰ ਜਦੋਂ ਇਜ਼ਰਾਈਲ ਨੇ ਅਮਰੀਕਾ ਨੂੰ ਆਪਣਾ ਮੋਢਾ ਵਰਤ ਕੇ ਈਰਾਨ ਨੂੰ ਖ਼ਤਮ ਕਰਨ ਲਈ ਉਕਸਾਇਆ ਤਾਂ ਈਰਾਨ ਅੜ ਗਿਆ । ਉਸ ਨੇ ਅਮਰੀਕਾ ਦੇ ਮੱਧ ਪੂਰਬ ਵਿਚ ਸਥਿਤ ਸੈਨਿਕ ਟਿਕਾਣਿਆਂ ਤੇ ਵੱਡੇ ਪ੍ਰਾਜੈਕਟਾਂ 'ਤੇ ਜਵਾਬੀ ਕਾਰਵਾਈ ਕਰਦਿਆਂ ਹਮਲੇ ਸ਼ੁਰੂ ਕਰ ਦਿੱਤੇ ਹਨ। ਜਿਸ ਤੋਂ ਬੁਖਲਾਇਆ ਅਮਰੀਕਾ ਵਧੇਰੇ ਹਿੰਸਕ ਹੋ ਗਿਆ ਹੈ, ਜਦਕਿ ਈਰਾਨ ਨੇ ਗੱਲਬਾਤ ਸ਼ੁਰੂ ਕਰਨ ਜਾਂ ਝੁਕਣ ਦੀ ਬਜਾਏ ਆਪਣੀਆਂ ਜੰਗੀ ਕਾਰਵਾਈਆਂ ਨੂੰ ਵਧਾਉਂਦਿਆ ਹੇਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ, ਜਿਸ ਦੇ ਬੰਦ ਹੋਣ ਨਾਲ ਸਾਰੇ ਦੇਸ਼ਾਂ ਦੇ ਸਾਹ ਅਟਕ ਜਾਂਦੇ ਹਨ। ਇਸ ਨਾਲ ਚੁਫੇਰੇ ਹਾਹਾਕਾਰ ਪੈਦਾ ਹੋਣਾ ਤੈਅ ਹੈ, ਕਿਉਂਕਿ ਇਸ ਰਸਤੇ ਤੋਂ ਲਗਭਗ ਬਹੁਤੇ ਦੇਸ਼ਾਂ ਨੂੰ ਤੇਲ ਪਹੁੰਚਦਾ ਹੈ। ਇਸ ਕਰਕੇ ਇਹ ਯੁੱਧ ਹੁਣ ਮਹਾਂਯੁੱਧ ਵੱਲ ਵਧਦਾ ਦਿਖਾਈ ਦੇ ਰਿਹਾ ਹੈ।
ਸੁੰਦਰਤਾ ਦਾ ਮਹਾਂਵਿਨਾਸ਼
ਦੁਨੀਆ ਭਰ 'ਚ ਖਿੱਚ ਤੇ ਆਰਥਿਕ ਵਿਕਾਸ ਅਤੇ ਸੈਰ-ਸਪਾਟੇ ਲਈ ਪਹਿਲੀ ਪਸੰਦ ਬਣੇ ਅਰਬ ਦੇਸ਼ਾਂ ਦੀ ਹਾਲਤ ਅੱਜ ਅਜਿਹੀ ਬਣ ਗਈ ਹੈ ਕਿ ਇੱਥੇ ਰਹਿਣ ਤੇ ਕਾਰੋਬਾਰ ਕਰਨ ਦੀ ਸੰਭਾਵਨਾ ਖ਼ਤਮ ਹੋਣ ਵੱਲ ਵਧ ਰਹੀ ਹੈ। ਦੁਬਈ, ਆਬੂ ਧਾਬੀ, ਰਿਆਦ ਤੇ ਅਜ਼ਰਬਾਇਜਾਨ ਜਿਹੇ ਅਦਭੁਤ ਸੁੰਦਰਤਾ ਨਾਲ ਭਰਪੂਰ ਖਿੱਤੇ ਹਨੇਰੇ ਤੇ ਧੂੰਏਂ 'ਚ ਸਮਾਅ ਗਏ ਹਨ। ਜੇਕਰ ਯੁੱਧ ਨਾ ਰੁਕਿਆ ਤਾਂ ਹਾਲਾਤ ਬਹੁਤ ਵਿਗੜ ਸਕਦੇ ਹਨ। ਲੱਗਦਾ ਹੈ ਕਿ ਇਜ਼ਰਾਈਲ ਤੇ ਈਰਾਨ ਨੇ ਤਾਂ ਆਪਣੀ ਬਰਬਾਦੀ ਤੈਅ ਕਰ ਲਈ ਹੈ, ਕਿਉਂਕਿ ਦੋਹਾਂ ਦੇਸ਼ਾਂ ਦਾ ਇੰਨਾ ਨੁਕਸਾਨ ਹੋ ਚੁੱਕਾ ਹੈ ਕਿ ਇਸ ਦੀ ਭਰਪਾਈ ਲਈ ਦਹਾਕਿਆਂ ਤੱਕ ਲੱਗ ਜਾਣਗੇ। ਭਾਵੇਂ ਅਮਰੀਕਾ ਦੀ ਆਪਣੀ ਧਰਤੀ ਦਾ ਇਸ ਯੁੱਧ ਕਾਰਨ ਕੁਝ ਨਹੀਂ ਵਿਗੜਿਆ ਪਰ ਟਰੰਪ ਦੇ ਹੰਕਾਰ ਨੇ ਪੂਰੇ ਖਿੱਤੇ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਸਾਡੇ ਲਈ ਮਾੜੀ ਸਥਿਤੀ ਸਾਹਮਣੇ ਆਉਣ ਵਾਲੀ ਹੈ, ਜਿੱਥੇ ਇਕ ਪਾਸੇ ਦੇਸ਼ ਦੀ ਸੁਰੱਖਿਆ, ਅਰਥਵਿਵਸਥਾ ਤੇ ਵਿਕਾਸ ਪ੍ਰਾਜੈਕਟਾਂ ਦੇ ਪੂਰੇ ਹੋਣ 'ਚ ਅੜਿੱਕਾ ਪੈਣਾ ਤੈਅ ਹੈ ਤਾਂ ਦੂਜੇ ਪਾਸੇ ਖੇਤੀਬਾੜੀ, ਟਰਾਂਸਪੋਰਟ ਤੇ ਊਰਜਾ ਦੇ ਸਾਧਨਾਂ ਦੀ ਕਮੀ ਤੇ ਉਨ੍ਹਾਂ ਦੀਆਂ ਕੀਮਤਾਂ ਵਧਣ ਨੂੰ ਲੈ ਕੇ ਸਰਕਾਰ ਤੇ ਲੋਕਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ। ਮੱਧ ਪੂਰਬ ਦੇ ਦੇਸ਼ਾਂ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ 'ਚ ਈਰਾਨ ਦੀ ਭੂਮਿਕਾ ਬਹੁਤ ਅਹਿਮ ਹੋਣ ਵਾਲੀ ਹੈ। ਹੁਣ ਭਾਰਤ ਦੀ ਕੂਟਨੀਤਕ ਸਮਰੱਥਾ ਦੀ ਵੀ ਪਰਖ ਹੋਵੇਗੀ, ਕਿ ਉਹ ਖਾੜੀ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਕਿਵੇਂ ਸੁਰੱਖਿਅਤ ਦੇਸ਼ 'ਚ ਲੈ ਕੇ ਆਵੇਗਾ।
ਭਾਰਤ 'ਤੇ ਪ੍ਰਭਾਵ ਤੇ ਸਾਡੀ ਭੂਮਿਕਾ
ਭਾਰਤ ਦੀ ਵਿਦੇਸ਼ ਨੀਤੀ ਨਿਰਪੱਖਤਾ ਤੇ ਅਹਿੰਸਾ 'ਤੇ ਆਧਾਰਿਤ ਹੈ, ਇਸ ਲਈ ਸਾਨੂੰ ਕਿਸੇ ਵੀ ਧਿਰ ਦੇ ਪੱਖ 'ਚ ਸਰਗਰਮ ਰੂਪ 'ਚ ਖੜ੍ਹੇ ਹੋਣ ਜਾਂ ਸਮਰਥਨ ਕਰਦੇ ਹੋਏ ਦਿੱਸਣ ਜਾਂ ਸਿੱਧੇ ਯੁੱਧ 'ਚ ਹਿੱਸਾ ਲੈਣ ਤੋਂ ਬਚਣਾ ਹੋਵੇਗਾ। ਇਸ ਸੰਘਰਸ਼ ਵਿਚ ਸਰਗਰਮੀ ਨਾਲ ਹਿੱਸਾ ਲੈਣ ਨਾਲ ਅੱਤਵਾਦੀ ਹਮਲੇ ਵਧ ਸਕਦੇ ਹਨ ਤੇ ਤੇਲ ਆਯਾਤ 'ਚ ਅੜਿੱਕਾ ਪਵੇਗਾ, ਜੋ ਭਾਰਤ ਦੀ 7 ਫ਼ੀਸਦੀ ਦੀ ਵਿਕਾਸ ਦਰ 'ਤੇ ਯਕੀਨਨ ਪ੍ਰਭਾਵ ਪਾਏਗਾ। ਦੇਸ਼ ਪਹਿਲਾਂ ਹੀ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਜੂਝ ਰਿਹਾ ਹੈ, ਜੇ ਖਾੜੀ ਦੇਸ਼ਾਂ ਵਿਚ ਕੰਮ ਕਰਨ ਲਈ ਗਏ ਲਗਭਗ ਇਕ ਕਰੋੜ ਲੋਕ ਵਾਪਸ ਭਾਰਤ ਆਉਣ ਲਈ ਮਜਬੂਰ ਹੋਏ ਤਾਂ ਉਨ੍ਹਾਂ ਨੂੰ ਵਸਾਉਣ ਤੇ ਰੁਜ਼ਗਾਰ ਦੇਣਾ ਬਹੁਤ ਮੁਸ਼ਕਿਲ ਹੋਵੇਗਾ। ਇਨ੍ਹਾਂ ਦੇਸ਼ਾਂ ਤੋਂ ਜੋ ਪੈਸਾ ਭਾਰਤ ਆਉਂਦਾ ਸੀ, ਉਸ ਦੇ ਬੰਦ ਹੋਣ ਨਾਲ ਵੀ ਦੇਸ਼ ਨੂੰ ਨੁਕਸਾਨ ਹੋਵੇਗਾ। ਇਸ ਯੁੱਧ ਦਾ ਸਭ ਤੋਂ ਬੁਰਾ ਅਸਰ ਸਾਡੇ ਛੋਟੇ ਘਰੇਲੂ ਉਦਯੋਗ (ਐਮ.ਐੱਸ.ਏ.ਐਮ.) ਖੇਤਰ ਤੇ ਨਿਰਯਾਤਕਾਂ 'ਤੇ ਪੈਣਾ ਸ਼ੁਰੂ ਹੋ ਚੁੱਕਾ ਹੈ। ਭਾਵੇਂ ਘਰੇਲੂ ਖਪਤ ਵਧ ਰਹੀ ਹੈ, ਪਰ ਉਸ ਦੀ ਵੀ ਇਕ ਹੱਦ ਹੈ। ਹਾਲਾਂਕਿ ਇਹ ਯੁੱਧ ਭਾਰਤ ਦੇ ਲਈ ਇਕ ਚੁਣੌਤੀ ਤੇ ਮੌਕਾ ਦੋਵੇਂ ਹੈ। ਜੇਕਰ ਇਹ ਖੇਤਰੀ ਸੰਘਰਸ਼ ਕਿਸੇ ਵਿਸ਼ਵਵਿਆਪੀ ਸੰਕਟ 'ਚ ਬਦਲ ਗਿਆ ਤਾਂ ਹਰੇਕ ਭਾਰਤੀ ਨੂੰ ਇਸ ਬਾਰੇ ਹੁਣ ਤੋਂ ਸੁਚੇਤ ਹੋ ਕੇ ਇਕ ਵਿਲੱਖਣ ਸੰਕਟ ਦੇ ਲਈ ਤਿਆਰ ਰਹਿਣਾ ਹੋਵੇਗਾ। ਜੇਕਰ ਇਹ ਜੰਗ ਰੂਸ-ਯੂਕਰੇਨ ਯੁੱਧ ਵਾਂਗ ਅਨਿਸਚਿਤ ਸਮੇਂ ਲਈ ਲੰਬੀ ਹੋ ਜਾਂਦੀ ਹੈ ਤਾਂ ਭਾਰਤ ਦੇ ਲਈ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਤੇਲ ਕੀਮਤਾਂ ਦੇ ਵਧਣ ਤੇ ਆਯਾਤ ਦੇ ਭੁਗਤਾਨ ਦਾ ਦਬਾਅ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਪੈਦਾ ਕਰੇਗਾ। ਆਯਾਤ ਹੋਵੇ ਜਾਂ ਨਿਰਯਾਤ ਜਦੋਂ ਜਹਾਜ਼ਾਂ ਦੀ ਆਵਾਜਾਈ ਲੰਬੇ ਰਸਤੇ ਤੋਂ ਹੋਵੇਗੀ ਤਾਂ ਇਸ ਦਾ ਸਿੱਧਾ ਮਤਲਬ ਮਹਿੰਗਾਈ ਵਧਣਾ ਹੈ। ਸ਼ੇਅਰ ਬਾਜ਼ਾਰ 'ਤੇ ਇਸ ਯੁੱਧ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ। ਖਾਧ ਪਦਾਰਥਾਂ ਤੇ ਹੋਰ ਉਪਭੋਗਤਾ ਵਸਤੂਆਂ ਦੀ ਮੰਗ ਤੇ ਸਪਲਾਈ ਦਾ ਸੰਕਟ ਵਧਣ ਨਾਲ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀਆਂ ਅਨੈਤਿਕ ਵਪਾਰਿਕ ਕਾਰਵਾਈਆਂ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ ਨੂੰ ਹੁਣ ਤੋਂ ਹੀ ਨਿਗਰਾਨੀ ਤੇ ਹੋਰ ਕਰੜੇ ਕਦਮ ਉਠਾਉਣੇ ਚਾਹੀਦੇ ਹਨ। ਬਿਨਾਂ ਸ਼ੱਕ ਅੱਜ ਸਥਿਤੀ ਬਹੁਤ ਤਣਾਅਪੂਰਨ ਹੋਣ ਕਰਕੇ ਚੁਣੌਤੀਆਂ ਤੇ ਪ੍ਰੇਸ਼ਾਨੀਆਂ ਦਾ ਵਧਣਾ ਯਕੀਨੀ ਹੈ, ਅਜਿਹੇ ਹਾਲਾਤਾਂ 'ਚ ਹੀ ਸੰਜਮ, ਆਤਮ ਬਲ ਤੇ ਧੀਰਜ ਦੀ ਪ੍ਰੀਖਿਆ ਹੁੰਦੀ ਹੈ।
ਈ-ਮੇਲ : pooranchandsarin@gmail.com