ਪੰਜਾਬ ਜੋ ਕਦੇ ਆਪਣੀ ਹਰਿਆਲੀ ਤੇ ਖੇਤਾਂ ਦੀ ਰੌਣਕ ਲਈ ਜਾਣਿਆ ਜਾਂਦਾ ਸੀ, ਅੱਜ ਵਧ ਰਹੀ ਰੁੱਖਾਂ ਦੀ ਕਟਾਈ ਕਾਰਨ ਗੰਭੀਰ ਵਾਤਾਵਰਨੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿਕਾਸ ਦੇ ਨਾਂਅ 'ਤੇ ਸੜਕਾਂ ਦੇ ਵਿਸਥਾਰ, ਨਵੀਆਂ ਰਿਹਾਇਸ਼ੀ ਕਾਲੋਨੀਆਂ, ਉਦਯੋਗਿਕ ਪ੍ਰੋਜੈਕਟਾਂ ਤੇ ਸ਼ਹਿਰੀਕਰਨ ਦੀ ਦੌੜ 'ਚ ਹਜ਼ਾਰਾਂ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਮਨੁੱਖੀ ਜੀਵਨ, ਸਿਹਤ ਅਤੇ ਆਰਥਿਕਤਾ 'ਤੇ ਪੈ ਰਿਹਾ ਹੈ। ਰੁੱਖ ਕੁਦਰਤ ਦਾ ਅਹਿਮ ਹਿੱਸਾ ਹਨ। ਇਹ ਨਾ ਸਿਰਫ਼ ਸਾਨੂੰ ਆਕਸੀਜਨ ਦਿੰਦੇ ਹਨ, ਸਗੋਂ ਹਵਾ 'ਚੋਂ ਕਾਰਬਨ-ਡਾਈਆਕਸਾਈਡ ਤੇ ਹੋਰ ਜ਼ਹਿਰੀਲੇ ਤੱਤਾਂ ਨੂੰ ਸੋਖ ਕੇ ਵਾਤਾਵਰਨ ਨੂੰ ਸਾਫ਼ ਰੱਖਦੇ ਹਨ।
ਜਦੋਂ ਰੁੱਖਾਂ ਦੀ ਗਿਣਤੀ ਘੱਟਦੀ ਹੈ ਤਾਂ ਹਵਾ ਦੀ ਗੁਣਵੱਤਾ ਵੀ ਖ਼ਰਾਬ ਹੁੰਦੀ ਹੈ। ਪੰਜਾਬ ਦੇ ਕਈ ਸ਼ਹਿਰ ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਜਦੋਂ ਹਰੇ-ਭਰੇ ਇਲਾਕੇ ਘੱਟ ਜਾਂਦੇ ਹਨ ਤਾਂ ਹਵਾ 'ਚ ਮੌਜੂਦ ਨੁਕਸਾਨਦਾਇਕ ਕਣ ਮਨੁੱਖੀ ਸਰੀਰ ਅੰਦਰ ਦਾਖਲ ਹੋ ਕੇ ਦਮਾ, ਬਰੋਂਕਾਈਟਿਸ, ਦਿਲ ਦੀਆਂ ਬਿਮਾਰੀਆਂ ਅਤੇ ਫੇਫੜਿਆਂ ਦੇ ਰੋਗਾਂ ਨੂੰ ਜਨਮ ਦਿੰਦੇ ਹਨ। ਬੱਚੇ ਤੇ ਬਜ਼ੁਰਗ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣ ਰਹੇ ਹਨ। ਰੁੱਖਾਂ ਦੀ ਕਟਾਈ ਨਾਲ ਤਾਪਮਾਨ 'ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਹਿਲਾਂ ਜਿੱਥੇ ਪਿੰਡਾਂ ਤੇ ਸ਼ਹਿਰਾਂ ਦੇ ਆਲੇ-ਦੁਆਲੇ ਵੱਡੇ ਦਰੱਖਤ ਛਾਂ ਪ੍ਰਦਾਨ ਕਰਦੇ ਸਨ, ਉੱਥੇ ਹੁਣ ਕੰਕਰੀਟ ਦੇ ਜੰਗਲ ਬਣ ਰਹੇ ਹਨ। ਇਸ ਕਾਰਨ 'ਹੀਟ ਆਈਲੈਂਡ ਪ੍ਰਭਾਵ' ਵੱਧ ਰਿਹਾ ਹੈ, ਜਿਸ ਨਾਲ ਗਰਮੀਆਂ ਦੌਰਾਨ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ। ਵਧਦਾ ਤਾਪਮਾਨ ਨਾ ਸਿਰਫ਼ ਮਨੁੱਖੀ ਸਿਹਤ ਲਈ ਖ਼ਤਰਨਾਕ ਹੈ, ਸਗੋਂ ਬਿਜਲੀ ਦੀ ਖ਼ਪਤ ਵਿਚ ਵੀ ਵਾਧਾ ਕਰਦਾ ਹੈ, ਕਿਉਂਕਿ ਲੋਕ ਠੰਢਕ ਲਈ ਏ.ਸੀ. ਅਤੇ ਕੂਲਰਾਂ 'ਤੇ ਨਿਰਭਰ ਹੋ ਜਾਂਦੇ ਹਨ। ਇਸ ਨਾਲ ਆਰਥਿਕ ਬੋਝ ਵੀ ਵਧਦਾ ਹੈ।
ਮੌਸਮੀ ਤਬਦੀਲੀਆਂ ਵੀ ਰੁੱਖਾਂ ਦੀ ਕਟਾਈ ਨਾਲ ਜੁੜੀਆਂ ਹੋਈਆਂ ਹਨ। ਜੰਗਲ ਤੇ ਰੁੱਖ ਮੀਂਹ ਦੇ ਚੱਕਰ ਨੂੰ ਸੰਤੁਲਿਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਵੱਡੇ ਪੱਧਰ 'ਤੇ ਕਟਾਈ ਹੁੰਦੀ ਹੈ ਤਾਂ ਬਾਰਿਸ਼ਾਂ ਦੇ ਚੱਕਰ ਵਿਚ ਅਸਮਾਨਤਾ ਆ ਜਾਂਦੀ ਹੈ। ਕਈ ਵਾਰ ਲੰਬੇ ਸਮੇਂ ਤੱਕ ਸੋਕਾ ਪੈ ਜਾਂਦਾ ਹੈ, ਜਦਕਿ ਕਈ ਵਾਰ ਅਚਾਨਕ ਤੇਜ਼ ਮੀਂਹ ਨਾਲ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਆਰਥਿਕਤਾ ਖੇਤੀ 'ਤੇ ਨਿਰਭਰ ਹੈ। ਮੌਸਮ ਦੇ ਅਨਿਸਚਿਤ ਹੋਣ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ। ਰੁੱਖਾਂ ਦੀ ਕਟਾਈ ਨਾਲ ਭੌਂ-ਖ਼ੋਰ ਵੀ ਵੱਧਦਾ ਹੈ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ ਤੇ ਬਰਸਾਤੀ ਮੌਸਮ ਵਿਚ ਭੂਮੀ ਨੂੰ ਰੁੜ੍ਹਨ ਤੋਂ ਰੋਕਦੀਆਂ ਹਨ। ਜਦੋਂ ਇਹ ਜੜ੍ਹਾਂ ਮੌਜੂਦ ਨਹੀਂ ਰਹਿੰਦੀਆਂ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਨਾਲ ਖੇਤੀਬਾੜੀ ਉਤਪਾਦਨ 'ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਜੈਵਿਕ ਵਿਭਿੰਨਤਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਦਾ ਹੈ। ਰੁੱਖ ਪੰਛੀਆਂ, ਜੰਗਲੀ ਜੀਵਾਂ ਅਤੇ ਕਈ ਕਿਸਮਾਂ ਦੇ ਕੀੜੇ-ਮਕੌੜਿਆਂ ਦਾ ਆਸ਼ਿਆਨਾ ਵੀ ਹੁੰਦੇ ਹਨ। ਜਦੋਂ ਇਹ ਆਵਾਸ ਖ਼ਤਮ ਹੋ ਜਾਂਦੇ ਹਨ ਤਾਂ ਕੁਦਰਤੀ ਖ਼ੁਰਾਕ ਚੱਕਰ ਪ੍ਰਭਾਵਿਤ ਹੁੰਦਾ ਹੈ। ਕਈ ਕਿਸਮਾਂ ਦੇ ਪੰਛੀ ਅਤੇ ਜੀਵ ਲੁਪਤ ਹੋਣ ਦੀ ਕਗ਼ਾਰ 'ਤੇ ਪਹੁੰਚ ਰਹੇ ਹਨ। ਇਹ ਸਿਰਫ਼ ਕੁਦਰਤ ਲਈ ਨਹੀਂ, ਸਗੋਂ ਮਨੁੱਖੀ ਜੀਵਨ ਲਈ ਵੀ ਚਿੰਤਾਜਨਕ ਹੈ, ਕਿਉਂਕਿ ਹਰ ਜੀਵ ਕੁਦਰਤ ਦੇ ਸੰਤੁਲਨ ਵਿਚ ਆਪਣਾ ਯੋਗਦਾਨ ਪਾਉਂਦਾ ਹੈ।
ਸਮਾਜਿਕ ਤੇ ਮਨੋਵਿਗਿਆਨਕ ਪੱਖ ਤੋਂ ਵੀ ਰੁੱਖਾਂ ਦੀ ਮਹੱਤਤਾ ਹੈ। ਹਰੇ-ਭਰੇ ਇਲਾਕੇ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ। ਅਧਿਐਨਾਂ ਅਨੁਸਾਰ ਜਿਨ੍ਹਾਂ ਇਲਾਕਿਆਂ 'ਚ ਹਰਿਆਵਲੀ ਵੱਧ ਹੁੰਦੀ ਹੈ, ਉੱਥੇ ਤਣਾਅ (ਡਿਪ੍ਰੈਸ਼ਨ) ਦਰ ਘੱਟ ਹੁੰਦੀ ਹੈ। ਜਦੋਂ ਸ਼ਹਿਰਾਂ 'ਚੋਂ ਪਾਰਕਾਂ ਤੇ ਰੁੱਖ ਘੱਟਦੇ ਹਨ ਤਾਂ ਜੀਵਨ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਅੱਜ ਲੋੜ ਹੈ ਕਿ ਸਰਕਾਰ ਤੇ ਸਮਾਜ ਮਿਲ ਕੇ ਕਦਮ ਚੁੱਕਣ ਅਤੇ ਵਿਕਾਸ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਯਕੀਨੀ ਬਣਾਉਣ। ਹਰ-ਭਰੇ ਰੁੱਖ ਕੱਟਣ ਦੇ ਬਦਲ ਵਜੋਂ ਘੱਟੋ-ਘੱਟ ਪੰਜ ਨਵੇਂ ਰੁੱਖ ਲਗਾਉਣ ਦੀ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ 'ਤੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਣ। ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਰਾਂ ਦੇ ਆਲੇ-ਦੁਆਲੇ ਤੇ ਖਾਲੀ ਥਾਵਾਂ 'ਚ ਰੁੱਖ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜੇ ਅਸੀਂ ਅੱਜ ਸਚੇਤ ਨਾ ਹੋਏ ਤਾਂ ਭਵਿੱਖ ਵਿਚ ਸਾਡੇ ਬੱਚਿਆਂ ਨੂੰ ਸਾਫ਼ ਹਵਾ ਤੇ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਰੁੱਖਾਂ ਦੀ ਰੱਖਿਆ ਸਿਰਫ਼ ਵਾਤਾਵਰਨ ਸੰਬੰਧੀ ਮਸਲਾ ਨਹੀਂ, ਸਗੋਂ ਮਨੁੱਖੀ ਹੋਂਦ ਨਾਲ ਜੁੜਿਆ ਸਵਾਲ ਹੈ। ਅੱਜ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਭਾਰਤ ਭਰ ਨੂੰ ਰੁੱਖਾਂ ਨਾਲ ਭਰਪੂਰ ਰੱਖਣ ਦੀ ਲੋੜ ਹੈ, ਤਾਂ ਜੋ ਕੁਦਰਤ ਤੇ ਮਨੁੱਖ ਵਿਚਕਾਰ ਸੰਤੁਲਨ ਬਣਿਆ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਸੁਨਿਸਚਿਤ ਹੋ ਸਕੇ।
-ਪੱਤਰਕਾਰ 'ਅਜੀਤ' ਚਵਿੰਡਾ ਦੇਵੀ, (ਜ਼ਿਲ੍ਹਾ ਅੰਮ੍ਰਿਤਸਰ)।
ਮੋਬਾਈਲ : 98555-75151