15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪ੍ਰਵਾਜ਼ ਦੇ ਰਿਹਾ ਹੈ ਗੁਜਰਾਤ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਿਸ ਧਰਤੀ 'ਤੇ ਖ਼ੁਦ ਵਿਕਸਿਤ ਭਾਰਤ ਦਾ ਸੁਪਨਾ ਦੇਖਿਆ ਤੇ ਸਮੁੱਚੇ ਦੇਸ਼-ਵਾਸੀਆਂ ਨੂੰ ਦਿਖਾਇਆ, ਅੱਜ ਉਸੇ ਵਿਕਾਸ ਦਾ ਰੰਗ ਸਮੁੱਚੇ ਭਾਰਤ ਦੀ ਜ਼ਮੀਨ 'ਤੇ ਗੂੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਅਸੀਂ ਖ਼ੁਸ਼ਨਸੀਬ ਹਾਂ ਜੋ ਵਿਕਸਿਤ ਭਾਰਤ ਦੇ ਸੁਪਨੇ ਤੇਜ਼ੀ ਨਾਲ ਸਾਕਾਰ ਹੁੰਦੇ ਹੋਏ ਦੇਖ ਰਹੇ ਹਾਂ। ਵਿਕਸਿਤ ਭਾਰਤ ਦੀ ਇਹ ਖ਼ੂਬਸੂਰਤ ਮਿਸਾਲ 'ਗੁਜਰਾਤ' ਹੈ, ਜਿੱਥੇ ਉਦਯੋਗ, ਊਰਜਾ, ਤਕਨਾਲੋਜੀ, ਟਰਾਂਸਪੋਰਟ, ਸੈਰ-ਸਪਾਟੇ, ਡੇਅਰੀ ਆਦਿ ਖੇਤਰਾਂ 'ਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੀ ਤੇਜ਼ ਰਫ਼ਤਾਰ ਦਰਮਿਆਨ ਸੂਬੇ ਨੇ ਆਪਣੀ ਵਿਰਾਸਤ ਤੇ ਸਲੀਕੇ ਦਾ ਪੱਲਾ ਵੀ ਘੁੱਟ ਕੇ ਫੜੀ ਰੱਖਿਆ ਹੈ। ਗੁਜਰਾਤ ਵਾਸੀ ਮਰਦ ਦੇ ਨਾਂਅ ਪਿੱਛੇ 'ਭਾਈ' ਤੇ ਔਰਤ ਦੇ ਨਾਂਅ ਪਿੱਛੇ 'ਭੈਣ' ਲਗਾਉਂਦੇ ਹਨ, ਇੱਥੋਂ ਦੇ ਲੋਕ ਪ੍ਰਧਾਨ ਮੰਤਰੀ ਨੂੰ ਵੀ 'ਸ੍ਰੀ ਨਰੇਂਦਰ ਭਾਈ ਮੋਦੀ ਜੀ' ਆਖ ਕੇ ਸੰਬੋਧਨ ਕਰਦੇ ਹਨ।
ਗੁਜਰਾਤ ਇਸ ਗੱਲ ਦਾ ਗਵਾਹ ਹੈ ਕਿ ਨਿੱਜ ਤੋਂ ਉੱਪਰ ਉੱਠ ਕੇ ਲੋਕ-ਹਿਤ ਲਈ ਦੇਖੇ ਜਾਣ ਵਾਲੇ ਸੁਪਨੇ ਜ਼ਰੂਰ ਸਾਕਾਰ ਹੁੰਦੇ ਹਨ। ਗੁਜਰਾਤ ਦੇ ਏਕਤਾ ਨਗਰ 'ਚ 'ਸਟੈਚੂ ਆਫ ਯੂਨਿਟੀ' ਸਰਦਾਰ ਵੱਲਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ (182 ਮੀਟਰ) ਮੂਰਤੀ ਹੈ। ਮੂਰਤੀ 'ਚ ਸਰਦਾਰ ਪਟੇਲ ਦੀ ਜੈਕੇਟ ਦੇ ਦੂਜੇ ਤੇ ਤੀਜੇ ਬਟਨ ਵਿਚਕਾਰ ਬਣੀ ਜਗ੍ਹਾ 'ਤੇ ਖੜ੍ਹ ਕੇ ਜਦੋਂ ਕੋਈ ਸ਼ਖ਼ਸ ਬਾਹਰ ਵੱਲ ਦੇਖਦਾ ਹੈ ਤਾਂ ਪਹਿਲੀ ਨਜ਼ਰੇ ਉਸ ਨੂੰ ਸਰਦਾਰ ਪਟੇਲ ਦਾ ਸੁਪਨਾ ਸਾਕਾਰ ਹੋਇਆ ਨਜ਼ਰ ਆਉਂਦਾ ਹੈ। ਇੱਥੇ ਬਣੇ 'ਸਰਦਾਰ ਸਰੋਵਰ ਡੈਮ' ਦਾ ਪਾਣੀ ਗੁਜਰਾਤ ਤੇ ਰਾਜਸਥਾਨ ਦੀ ਲਗਭਗ 18 ਲੱਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਕਰਨ ਤੋਂ ਇਲਾਵਾ ਹਜ਼ਾਰਾਂ ਪਿੰਡਾਂ ਤੇ ਕਈ ਸ਼ਹਿਰਾਂ ਨੂੰ ਪੀਣ ਯੋਗ ਪਾਣੀ ਸਪਲਾਈ ਕਰਦਾ ਹੈ। ਇੱਥੋਂ ਪੈਦਾ ਹੁੰਦੀ 1,450 ਮੈਗਾਵਾਟ ਬਿਜਲੀ ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ 'ਚ ਵੰਡੀ ਜਾਂਦੀ ਹੈ। ਇਸ ਖੇਤਰ ਦਾ ਵਿਕਾਸ ਸਿਰਫ਼ ਸਰਦਾਰ ਸਰੋਵਰ ਡੈਮ ਤੱਕ ਹੀ ਨਹੀਂ ਰੁਕਿਆ, ਸਗੋਂ 'ਵਿਕਾਸ ਤੋਂ ਅਗਾਂਹ ਵਿਕਾਸ' ਦੀ ਸੋਚ ਸਦਕਾ ਇਲਾਕੇ ਦੇ ਆਲੇ-ਦੁਆਲੇ ਦੇ ਜੰਗਲ ਵਿਚ ਮੰਗਲ ਲਗਾ ਚੁੱਕਾ ਹੈ। ਸਰਦਾਰ ਸਰੋਵਰ ਡੈਮ ਦੇ ਨੇੜੇ ਸਟੈਚੂ ਆਫ਼ ਯੂਨਿਟੀ ਸਮੇਤ ਕਈ ਸੈਰ ਸਪਾਟਾ ਕੇਂਦਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਖੇਤਰ ਵਿਚ ਲਗਭਗ 375 ਏਕੜ 'ਚ ਫੈਲਿਆ ਸਰਦਾਰ ਪਟੇਲ ਜ਼ਿੂਓਲੋਜੀਕਲ ਪਾਰਕ, ਫੁੱਲਾਂ ਦੀ ਘਾਟੀ, ਅਰੋਗਿਆਵਨ, ਮੀਆਵਾਕੀ ਜੰਗਲ, ਕੈਕਟਸ ਗਾਰਡਨ ਤੇ ਏਕਤਾ ਕਰੂਜ਼ ਵਰਗੀਆਂ ਕਰੀਬ 27 ਤੋਂ ਵੱਧ ਦਿਲਕਸ਼ ਸੈਰ-ਸਪਾਟੇ ਵਾਲੀਆਂ ਥਾਵਾਂ ਸੈਲਾਨੀਆਂ ਨੂੰ ਇੱਥੇ 2-3 ਦਿਨ ਰਹਿਣ ਲਈ ਮਜਬੂਰ ਕਰ ਦਿੰਦੀਆਂ ਹਨ। ਗੁਜਰਾਤ ਦਾ ਇਹ ਇਲਾਕਾ ਮਹਿਲਾ ਸਸ਼ਕਤੀਕਰਨ ਤੇ ਰੁਜ਼ਗਾਰ ਸਿਰਜਣਾ ਦੀ ਵੱਡੀ ਮਿਸਾਲ ਬਣ ਗਿਆ ਹੈ, ਇਨ੍ਹਾਂ ਸੈਰ-ਸਪਾਟੇ ਵਾਲੇ ਸਥਾਨਾਂ ਨੇ ਇਲਾਕੇ ਦੀਆਂ ਔਰਤਾਂ ਨੂੰ ਵੱਡਾ ਰੁਜ਼ਗਾਰ ਮੁਹੱਈਆ ਕਰਾਇਆ ਹੈ, ਕਿਉਂਕਿ ਆਟੋ ਡਰਾਈਵਰ ਸਿਰਫ਼ ਔਰਤਾਂ ਹੀ ਹਨ।
ਏਕਤਾ ਨਗਰ ਤੋਂ ਕਰੀਬ 200 ਕਿੱਲੋਮੀਟਰ ਦੂਰ ਅਹਿਮਦਾਬਾਦ ਵਿਖੇ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦਾ ਪ੍ਰਾਜੈਕਟ ਭਾਰਤ ਦੀ ਵਿਕਸਿਤ ਟਰਾਂਸਪੋਰਟ ਦੀ ਤਸਵੀਰ ਬਣੇਗਾ। ਇਸ 508 ਕਿੱਲੋਮੀਟਰ ਲੰਬੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ ਤਹਿਤ ਆਉਣ ਵਾਲੇ ਸਾਲਾਂ 'ਚ 320 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੁਲੇਟ ਟ੍ਰੇਨ ਦੌੜੇਗੀ। ਗੁਜਰਾਤ ਇਸ ਦੇ ਨਾਲ ਹੀ ਸੂਬੇ ਦੀ 4500 ਸਾਲ ਪੁਰਾਣੀ ਵਿਰਾਸਤ ਨੂੰ ਵੀ ਸੰਭਾਲ ਰਿਹਾ ਹੈ। ਅਹਿਮਦਾਬਾਦ ਤੋਂ 80 ਕਿੱਲੋਮੀਟਰ ਦੂਰ 'ਲੋਥਲ ਹੜੱਪਾ ਕਾਲੀਨ ਬੰਦਰਗਾਹ ਨਗਰ' ਹੈ, ਜਿੱਥੇ ਕਦੇ ਹੜੱਪਾ ਵਾਸੀ ਸਮੁੰਦਰੀ ਵਪਾਰ ਕਰਦੇ ਸਨ। ਇਸ ਸਥਾਨ ਤੋਂ ਕੁਝ ਦੂਰੀ 'ਤੇ ਰਾਸ਼ਟਰੀ ਸਮੁੰਦਰੀ ਵਿਰਾਸਤੀ ਕੰਪਲੈਕਸ ਦਾ ਪ੍ਰਾਜੈਕਟ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਦਾ ਵਿਕਾਸ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲਾ ਕਰਵਾ ਰਿਹਾ ਹੈ। ਇਸ ਕੰਪਲੈਕਸ 'ਚ ਆਈਕਾਨਿਕ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਤਿਆਰ ਹੋ ਰਿਹਾ ਹੈ, ਜਿਸ ਵਿਚ 14 ਥੀਮ ਆਧਾਰਿਤ ਬਣਾਈਆਂ ਜਾ ਰਹੀਆਂ ਗੈਲਰੀਆਂ ਰਾਹੀਂ ਭਾਰਤ ਦੀ ਸਮੁੰਦਰੀ ਇਤਿਹਾਸਕ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ।
ਗੁਜਰਾਤ ਦੇ ਗਾਂਧੀਨਗਰ ਵਿਖੇ 'ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ' ਵਿਸ਼ਵ ਦੀ ਪਹਿਲੀ ਤੇ ਇਕੋ-ਇਕ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਹੈ, ਜਿਸ ਦੀਆਂ ਸਥਾਪਿਤ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਦੇਸ਼ 'ਚ ਹੋਣ ਵਾਲੇ ਅਪਰਾਧ ਨੂੰ ਰੋਕਣ ਤੇ ਛਾਣ-ਬੀਣ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਰਹੀਆਂ ਹਨ। ਅਹਿਮਦਾਬਾਦ ਦੇ ਸਪੇਸ ਐਪਲੀਕੇਸ਼ਨਜ਼ ਸੈਂਟਰ (ਐਸ.ਏ.ਸੀ.) ਇਸਰੋ ਦੇ ਕੇਂਦਰ ਦੀ ਪੁਲਾੜ ਖੇਤਰ 'ਚ ਅਹਿਮ ਭੂਮਿਕਾ ਹੈ। ਗੁਜਰਾਤ ਦੇ ਊਰਜਾ ਖੇਤਰ 'ਚ ਹੋ ਰਹੇ ਵਿਕਾਸ ਦੀ ਗੱਲ ਕਰੀਏ ਤਾਂ ਸੂਬੇ ਦੇ ਵਡੋਦਰਾ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਰਿਫ਼ਾਇਨਰੀ ਸਿਰਫ਼ ਗੁਜਰਾਤ ਦੇ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦੀ ਊਰਜਾ ਨੂੰ ਹੁਲਾਰਾ ਦੇ ਰਹੀ ਹੈ। ਵਡੋਦਰਾ ਦੇ ਨੇੜੇ ਦੁਮਾਦ 'ਚ ਸਥਾਪਿਤ ਐਕ੍ਰੀਲਿਕ ਆਕਸੋ ਅਲਕੋਹਲ ਪਲਾਂਟ- ਕਿਬਿਊਟਾਇਲ ਐਕਰੀਲੇਟ ਤੇ ਐਨ-ਬਿਊਟਾਨੋਲ ਵਰਗੇ ਉਤਪਾਦ ਪੈਦਾ ਕਰਦਾ ਹੈ। ਇਹ ਪਲਾਂਟ ਉੱਚ-ਮੁੱਲ ਵਾਲੇ ਪੈਟਰੋ ਕੈਮੀਕਲ ਬਣਾਉਣ ਲਈ ਰਿਫਾਇਨਰੀ ਉਪ-ਉਤਪਾਦ ਪ੍ਰੋਪੀਲੀਨ ਦੀ ਵਰਤੋਂ ਕਰਦਾ ਹੈ, ਜਿਸ ਨਾਲ ਪੇਂਟ, ਕੋਟਿੰਗ, ਗੂੰਦ ਤੇ ਕੱਪੜੇ ਦੀ ਵਰਤੋਂ ਲਈ ਦੇਸ਼ ਦੀ ਆਯਾਤ 'ਤੇ ਨਿਰਭਰਤਾ ਘਟਦੀ ਹੈ।
ਊਰਜਾ ਤੋਂ ਬਾਅਦ ਡੇਅਰੀ ਖੇਤਰ 'ਚ ਗੁਜਰਾਤ ਦੇ ਆਨੰਦ ਦੀ 'ਅਮੂਲ ਡੇਅਰੀ' ਦਾ ਨਾਂਅ ਭਾਰਤ ਵਿਚ ਹੀ ਨਹੀਂ, ਦੁਨੀਆ ਭਰ ਵਿਚ ਮਸ਼ਹੂਰ ਹੈ। ਅਮੂਲ ਦੀ ਸਥਾਪਨਾ 1946 ਵਿਚ ਹੋਈ, ਜਿਸ ਨੇ ਸਥਾਨਕ ਕਿਸਾਨਾਂ ਨੂੰ ਦੁੱਧ ਦੀਆਂ ਬਿਹਤਰ ਕੀਮਤਾਂ ਦੇਣ ਲਈ ਇਕ ਸਹਿਕਾਰੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ਸੀ। ਇਸੇ ਮਾਡਲ ਨੇ ਭਾਰਤ 'ਚ ਚਿੱਟੀ ਕ੍ਰਾਂਤੀ ਲਿਆਂਦੀ। ਅੱਜ ਇਹ 36 ਲੱਖ ਕਿਸਾਨਾਂ ਤੋਂ ਸਾਲਾਨਾ 11 ਅਰਬ ਲੀਟਰ ਦੁੱਧ ਖਰੀਦ ਦੀ ਹੈ, ਆਨੰਦ ਡੇਅਰੀ ਦੀ ਪ੍ਰੋਸੈਸਿੰਗ ਸਮਰੱਥਾ ਹੀ ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਡੇਅਰੀਆਂ 'ਚੋਂ ਇਕ ਬਣਾਉਂਦੀ ਹੈ। ਇਸ ਦੀ ਕੁੱਲ ਹੈਂਡਲਿੰਗ ਸਮਰੱਥਾ 5 ਕਰੋੜ ਲੀਟਰ ਪ੍ਰਤੀ ਦਿਨ ਹੈ, ਆਨੰਦ ਯੂਨੀਅਨ ਨਾਲ 1,278 ਗ੍ਰਾਮ ਸਹਿਕਾਰੀ ਸਭਾਵਾਂ ਰਾਹੀਂ 8 ਲੱਖ ਕਿਸਾਨ ਜੁੜੇ ਹੋਏ ਹਨ। ਗੁਜਰਾਤ ਸਰਕਾਰ ਨੇ ਸੂਬੇ 'ਚ ਹਰ ਸਾਲ 10 ਲੱਖ ਤੋਂ ਵੱਧ ਰੁੱਖ ਲਗਾਉਣ ਦੇ ਟੀਚੇ ਦੇ ਨਾਲ ਹੀ ਵਿਕਾਸ ਦੀ ਉਂਗਲ ਵੀ ਫੜੀ ਹੋਈ ਹੈ। ਗੁਜਰਾਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 65 ਫ਼ੀਸਦੀ ਯੋਗਦਾਨ ਪਾਉਂਦਾ ਹੈ।
ਅਸਲ 'ਚ ਗੁਜਰਾਤ, ਭਾਰਤ ਦਾ ਉਹ ਸੂਬਾ ਹੈ, ਜੋ ਵਿਕਸਿਤ ਭਾਰਤ ਦੇ ਖ਼ੁਆਬ 'ਚ ਹਕੀਕਤ ਦੇ ਰੰਗ ਭਰ ਰਿਹਾ ਹੈ। ਗੁਜਰਾਤ ਦੀ ਇਹ ਤਰੱਕੀ ਰਾਤੋ-ਰਾਤ ਨਹੀਂ ਹੋਈ, ਇਸ 'ਚ ਸਰਕਾਰ ਦੇ ਨਾਲ-ਨਾਲ ਇੱਥੋਂ ਦੇ ਲੋਕਾਂ ਦੀ ਸਖ਼ਤ ਮਿਹਨਤ ਤੇ ਦੇਸ਼ ਪ੍ਰਤੀ ਉਨ੍ਹਾਂ ਦਾ ਸਮਰਪਣ ਵੀ ਸ਼ਾਮਿਲ ਹੈ। ਗੁਜਰਾਤ ਦੇਸ਼ ਨੂੰ ਇਹ ਗੱਲ ਵੀ ਦੱਸਦਾ ਹੈ ਕਿ ਸਰਕਾਰ ਦੇ ਨਾਲ-ਨਾਲ ਦੇਸ਼ ਦੇ ਨਾਗਰਿਕਾਂ ਨੂੰ ਵੀ ਆਪਣਾ ਬਣਦਾ ਸਹਿਯੋਗ ਦੇਣਾ ਪਵੇਗਾ, ਤਾਂ ਜੋ ਵਿਕਸਿਤ ਭਾਰਤ ਬਣਨ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਸਕੇ।

-(ਲੇਖਕ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ 'ਚ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਹੈ।)
ਸੰਪਰਕ: 98884-13836

Ad Position 22
No active advertisement
ਪਿਛਲੀ ਖ਼ਬਰ 06-03-26 ਅਗਲੀ ਖ਼ਬਰ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਵਾਤਾਵਰਨ ਤੇ ਮਾਨਵੀ ਦੁਖਾਂਤ
Ad Position 24