14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਲੱਗ-ਥਲੱਗ ਹੁੰਦਾ ਜਾ ਰਿਹੈ ਟਰੰਪ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026

28 ਫਰਵਰੀ ਤੋਂ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਸ਼ੁਰੂ ਹੋਏ ਯੁੱਧ ਨੂੰ 34 ਦਿਨ ਬੀਤ ਚੁੱਕੇ ਹਨ। ਇਸ ਸਮੇਂ ਵਿਚ ਲਗਾਤਾਰ ਬੰਬਾਰੀ ਕਾਰਨ ਈਰਾਨ ਦੇ ਬਹੁਤੇ ਵੱਡੇ ਆਗੂ ਅਤੇ ਜਰਨੈਲ ਮਾਰੇ ਜਾ ਚੁੱਕੇ ਹਨ। ਇਸ ਦੇ ਤੇਲ ਪਲਾਂਟ ਅਤੇ ਵੱਡੀ ਪੱਧਰ 'ਤੇ ਮੁੱਢਲਾ ਢਾਂਚਾ ਤਬਾਹ ਹੋ ਗਿਆ ਹੈ। ਚਾਹੇ ਟਰੰਪ ਨੇ ਲਗਾਤਾਰ ਇਹ ਬਿਆਨ ਦਿੱਤੇ ਹਨ ਕਿ ਉਹ ਹਾਲੇ ਤੱਕ ਇਸ ਲਈ ਈਰਾਨ ਦੇ ਊਰਜਾ ਖੇਤਰ 'ਤੇ ਹਮਲਾ ਨਹੀਂ ਕਰ ਰਿਹਾ, ਕਿਉਂਕਿ ਇਸ ਨਾਲ ਦੁਨੀਆ ਭਰ ਵਿਚ ਤੇਲ ਦੀ ਸਪਲਾਈ 'ਚ ਵੱਡੀ ਕਮੀ ਆ ਜਾਏਗੀ, ਪਰ ਇਸ ਦੇ ਬਾਵਜੂਦ ਅਮਰੀਕੀ ਮਿਜ਼ਾਈਲਾਂ ਤਹਿਰਾਨ ਦੇ ਨਾਲ-ਨਾਲ ਹੋਰ ਵੱਡੇ ਈਰਾਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਈ ਜਾ ਰਹੀਆਂ ਹਨ। ਇਸ ਦੇ ਪ੍ਰਤੀਕਰਮ ਵਜੋਂ ਈਰਾਨ ਨੇ ਵੀ ਲਗਾਤਾਰ ਇਜ਼ਰਾਈਲ ਅਤੇ ਖਾੜੀ ਦੇਸ਼ਾਂ 'ਤੇ ਆਪਣੀਆਂ ਮਿਜ਼ਾਈਲਾਂ ਨਾਲ ਹਮਲੇ ਜਾਰੀ ਰੱਖੇ ਹੋਏ ਹਨ। ਸਾਊਦੀ ਅਰਬ, ਯੂ.ਏ.ਈ., ਬਹਿਰੀਨ ਅਤੇ ਕੁਵੈਤ ਦੇ ਤੇਲ ਪਲਾਂਟਾਂ ਦੇ ਨਾਲ-ਨਾਲ ਖਾੜੀ ਦੇਸ਼ਾਂ ਵਿਚ ਸਥਿਤ ਅਮਰੀਕੀ ਅੱਡਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ।
ਚਾਹੇ ਟਰੰਪ ਦੇ ਆਪਣੇ ਦੇਸ਼ ਅਮਰੀਕਾ ਵਿਚ ਵੀ ਉਸ ਦੇ ਖ਼ਿਲਾਫ਼ ਬਹੁਤ ਵੱਡੀ ਪੱਧਰ 'ਤੇ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਹਨ ਪਰ ਇਸ ਦੇ ਬਾਵਜੂਦ ਰਾਸ਼ਟਰਪਤੀ ਲਗਾਤਾਰ ਆਪਣੇ ਹਮਲੇ ਜਾਰੀ ਰੱਖ ਰਿਹਾ ਹੈ। ਦੋ ਅਪ੍ਰੈਲ ਨੂੰ ਉਸ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕੁਝ ਅਜਿਹੀਆਂ ਗੱਲਾਂ ਕਹੀਆਂ ਹਨ, ਜਿਨ੍ਹਾਂ ਤੋਂ ਛੇਤੀ ਕੀਤਿਆਂ ਜੰਗ ਦੇ ਖ਼ਤਮ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ। ਚਾਹੇ ਉਸ ਨੇ ਕਿਹਾ ਕਿ ਅਮਰੀਕਾ ਆਪਣੇ ਨਿਸ਼ਾਨੇ ਨੂੰ ਪੂਰਾ ਕਰਨ ਦੇ ਨੇੜੇ ਹੈ ਪਰ ਨਾਲ ਹੀ ਕਿਹਾ ਕਿ ਅਗਲੇ 2-3 ਹਫ਼ਤੇ ਤੱਕ ਉਹ ਈਰਾਨ 'ਤੇ ਹੋਰ ਜ਼ੋਰਦਾਰ ਹਮਲੇ ਕਰੇਗਾ। ਲੜਾਈ ਸ਼ੁਰੂ ਹੋਣ ਸਮੇਂ ਉਸ ਨੇ ਯੁੱਧ ਦਾ ਸਮਾਂ 4-5 ਹਫ਼ਤੇ ਤੱਕ ਦਾ ਮਿਥਿਆ ਸੀ, ਜਿਸ ਨੂੰ ਹੁਣ ਉਸ ਨੇ ਦੋ-ਤਿੰਨ ਹਫ਼ਤੇ ਹੋਰ ਵਧਾ ਦਿੱਤਾ ਹੈ। ਇਸ ਸੰਬੋਧਨ ਵਿਚ ਉਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੋਰਮੁਜ਼ ਜਲਡਮਰੂ ਨੂੰ ਈਰਾਨ ਤੋਂ ਆਜ਼ਾਦ ਨਹੀਂ ਕਰਵਾਏਗਾ ਅਤੇ ਇਹ ਵੀ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਲੈਣਾ ਹੈ, ਉਹ ਖ਼ੁਦ ਉੱਥੇ ਜਾਣ। ਇਸ ਨਾਲ ਇਕ ਤਰ੍ਹਾਂ ਨਾਲ ਉਸ ਨੇ ਇਸ ਗੱਲ ਤੋਂ ਪੱਲਾ ਝਾੜ ਦਿੱਤਾ ਹੈ। ਇਹ ਸਮੁੰਦਰੀ ਰਸਤਾ ਅਜਿਹਾ ਹੈ, ਜਿਸ ਤੋਂ ਦੁਨੀਆ ਦੇ 20 ਫ਼ੀਸਦੀ ਕੱਚੇ ਤੇਲ ਦੀ ਸਪਲਾਈ ਹੁੰਦੀ ਹੈ। ਬਹੁਤੇ ਖਾੜੀ ਦੇਸ਼ ਵੀ ਇਸ ਰਸਤੇ ਰਾਹੀਂ ਹੀ ਤੇਲ ਦੀ ਬਰਾਮਦ ਕਰਦੇ ਹਨ। ਟਰੰਪ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਕਦੀ ਵੀ ਈਰਾਨ ਵਿਚ ਸੱਤਾ ਤਬਦੀਲੀ ਦੀ ਗੱਲ ਨਹੀਂ ਕੀਤੀ ਪਰ ਨਵੇਂ ਆਗੂ ਆਉਣ ਨਾਲ ਸੱਤਾ ਤਬਦੀਲ ਹੋ ਗਈ ਹੈ। ਇਹ ਵੀ ਕਿ ਈਰਾਨੀ ਸਰਕਾਰ ਡਿਗਣ ਵਿਚ ਅਜੇ ਸਮਾਂ ਲੱਗੇਗਾ ਅਤੇ ਜੇਕਰ ਗੱਲਬਾਤ ਸਿਰੇ ਨਹੀਂ ਲਗਦੀ ਤਾਂ ਉਹ ਈਰਾਨ ਦੇ ਪਾਵਰ ਗ੍ਰਿਡ 'ਤੇ ਵੀ ਹਮਲੇ ਕਰੇਗਾ।
ਇਸ ਜੰਗ ਵਿਚ ਈਰਾਨ ਅਤੇ ਖਾੜੀ ਦੇਸ਼ਾਂ ਦੇ ਸਮੁੰਦਰੀ ਪਾਣੀ ਨੂੰ ਮਿੱਠੇ ਪਾਣੀ ਵਿਚ ਤਬਦੀਲ ਕਰਨ ਵਾਲੇ ਪਲਾਂਟ ਜੇਕਰ ਤਬਾਹ ਹੋ ਜਾਂਦੇ ਹਨ ਤਾਂ ਪੱਛਮੀ ਏਸ਼ੀਆ ਵਿਚ ਵੱਡੀ ਗਿਣਤੀ 'ਚ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੋਵੇਗਾ। ਦੂਸਰੇ ਪਾਸੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਕਿਹਾ ਹੈ ਕਿ ਈਰਾਨ ਆਪਣਾ ਸੰਘਰਸ਼ ਜਾਰੀ ਰੱਖੇਗਾ ਅਤੇ ਇਹ ਵੀ ਕਿ ਢਾਈ ਸੌ ਸਾਲ ਤੋਂ ਬਣਿਆ ਅਮਰੀਕਾ ਈਰਾਨ ਦੀ 7000 ਸਾਲ ਦੀ ਪੁਰਾਣੀ ਸੱਭਿਅਤਾ ਨੂੰ ਤਬਾਹ ਨਹੀਂ ਕਰ ਸਕਦਾ। ਇਸ ਤੋਂ ਸਾਫ਼ ਹੈ ਕਿ ਈਰਾਨ ਦ੍ਰਿੜ੍ਹਤਾ ਨਾਲ ਹਰ ਕੀਮਤ 'ਤੇ ਅਮਰੀਕੀ ਹਮਲਿਆਂ ਦਾ ਮੁਕਾਬਲਾ ਕਰੇਗਾ। ਦੁਨੀਆ ਭਰ ਦੇ ਦੇਸ਼ਾਂ ਲਈ ਇਸ ਯੁੱਧ ਨੇ ਅਨੇਕਾਂ ਅਨੇਕ ਦੁਸ਼ਵਾਰੀਆਂ ਪੈਦਾ ਕਰ ਦਿੱਤੀਆਂ ਹਨ। ਜੇਕਰ ਇਹ ਲੜਾਈ ਲੰਮੀ ਚਲਦੀ ਹੈ ਤਾਂ ਸਭ ਪਾਸੇ ਆਰਥਿਕ ਸੰਕਟ ਖੜ੍ਹਾ ਹੋ ਜਾਏਗਾ। ਟਰੰਪ ਨੇ ਯੂਰਪ ਦੇ ਨਾਟੋ ਦੇਸ਼ਾਂ ਨੂੰ ਵੀ ਇਹ ਕਿਹਾ ਸੀ ਕਿ ਉਹ ਈਰਾਨ ਤੋਂ ਹੋਰਮੁਜ਼ ਜਲਡਮਰੂ ਦਾ ਕਬਜ਼ਾ ਖ਼ਤਮ ਕਰਾਉਣ ਲਈ ਉਸ ਦੀ ਮਦਦ ਕਰਨ। ਪਰ ਇਨ੍ਹਾਂ ਸਾਰੇ ਹੀ ਦੇਸ਼ਾਂ ਨੇ ਅਮਰੀਕਾ ਨਾਲ ਇਸ ਲੜਾਈ ਵਿਚ ਕੁੱਦਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਲਈ ਟਰੰਪ ਨੇ ਆਪਣੇ ਸੰਬੋਧਨ ਵਿਚ ਨਾਟੋ ਸਹਿਯੋਗੀਆਂ ਦੇ ਇਨਕਾਰ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ ਅਤੇ ਆਪਣੇ ਆਪ ਨੂੰ ਨਾਟੋ ਤੋਂ ਵੱਖ ਕਰ ਲੈਣ ਦੀ ਧਮਕੀ ਵੀ ਦਿੱਤੀ ਹੈ। ਪਰ ਇਸ ਦੇ ਨਾਲ ਹੀ ਉਸ ਨੇ ਅਮਰੀਕੀ ਵਿਸ਼ੇਸ਼ ਆਪ੍ਰੇਸ਼ਨ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਵੱਡੀ ਗਿਣਤੀ ਵਿਚ ਜਲ ਸੈਨਿਕ ਤੇ ਪੈਰਾਸ਼ੂਟਰ ਮੱਧ ਪੂਰਬ ਵਿਚ ਭੇਜ ਦਿੱਤੇ ਹਨ। ਟਰੰਪ ਨੇ ਈਰਾਨ ਦੇ ਖਾਰਗ ਟਾਪੂ ਨੂੰ ਤਬਾਹ ਕਰਨ ਦੀ ਵੀ ਧਮਕੀ ਦਿੱਤੀ ਹੈ, ਜਿਸ ਰਾਹੀਂ ਈਰਾਨ 90 ਫ਼ੀਸਦੀ ਤੇਲ ਬਰਾਮਦ ਕਰਦਾ ਹੈ।
ਅਮਰੀਕੀ ਰਾਸ਼ਟਰਪਤੀ ਦੀਆਂ ਇਨ੍ਹਾਂ ਆਪਹੁਦਰੀਆਂ ਕਾਰਵਾਈਆਂ ਤੋਂ ਨਿਰਾਸ਼ ਦੁਨੀਆ ਦੇ ਵੱਡੇ ਦੇਸ਼ ਇਸ ਨਾਜ਼ੁਕ ਸਥਿਤੀ 'ਚੋਂ ਨਿਕਲਣ ਲਈ ਇਕੱਠੇ ਹੋ ਰਹੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 35 ਦੇਸ਼ਾਂ ਨੂੰ ਵਿਚਾਰ-ਵਟਾਂਦਰੇ ਲਈ ਬੁਲਾਇਆ ਹੈ, ਜਿਸ ਲਈ ਭਾਰਤ ਨੂੰ ਵੀ ਸੱਦਿਆ ਗਿਆ ਹੈ। ਫ਼ਰਾਂਸ ਦੇ ਨਾਲ-ਨਾਲ ਚੀਨ ਨੇ ਵੀ ਇਸ ਬੈਠਕ ਵਿਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇੱਥੋਂ ਤੱਕ ਕਿ ਖਾੜੀ ਦੇਸ਼ ਯੂ.ਏ.ਈ., ਓਮਾਨ ਤੇ ਬਹਿਰੀਨ ਨੇ ਵੀ ਇਸ ਗੱਲਬਾਤ ਲਈ ਹਾਮੀ ਭਰੀ ਹੈ। ਇਸ ਤਰ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਅਲੱਗ-ਥਲੱਗ ਹੁੰਦਾ ਨਜ਼ਰ ਆ ਰਿਹਾ ਹੈ, ਪਰ ਅਜਿਹਾ ਹੋਣ 'ਤੇ ਵੀ ਕੀ ਇਸ ਤਬਾਹਕੁੰਨ ਲੜਾਈ ਨੂੰ ਸਮੇਟਿਆ ਜਾ ਸਕੇਗਾ? ਇਸ ਸੰਬੰਧੀ ਵੱਡੀ ਅਨਿਸਚਿਤਤਾ ਬਣੀ ਹੋਈ ਹੈ। ਭਾਰਤ ਲਈ ਵੀ ਇਹ ਲੰਮੀ ਹੁੰਦੀ ਲੜਾਈ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਉਸ ਨੂੰ ਹਰ ਪੱਖੋਂ ਸੁਚੇਤ ਅਤੇ ਤਿਆਰ ਰਹਿਣ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਸਿੱਖ ਸਮਾਜ ਵਿਚ ਖੁਦ ਆਪਣਾ ਸਿਆਸੀ ਆਧਾਰ ਬਣਾਉਣਾ ਚਾਹੁੰਦੀ ਹੈ ਭਾਜਪਾ! ਅਗਲੀ ਖ਼ਬਰ ਪਿਛਲੀਆਂ ਗ਼ਲਤੀਆਂ 'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ।...
Ad Position 24