ਅਪਨੀ ਮੰਜ਼ਿਲ ਪੇ ਪਹੁੰਚਨਾ ਭੀ ਖੜੇ ਰਹਿਨਾ ਭੀ,
ਕਿਤਨਾ ਮੁਸ਼ਕਿਲ ਹੈ ਬੜੇ ਹੋ ਕੇ ਬੜੇ ਰਹਿਨਾ ਭੀ।
(ਸ਼ਕੀਲ ਆਜ਼ਮੀ)
ਇਸ ਵੇਲੇ ਰਾਜਨੀਤੀਵਾਨ, ਸਿੱਖ ਵਕੀਲ ਚਿਹਰਾ ਐਚ.ਐਸ. ਫੂਲਕਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਵੱਡੀ ਬਹਿਸ ਚੱਲ ਰਹੀ ਹੈ। ਕੋਈ ਉਨ੍ਹਾਂ ਦੇ ਹੱਕ ਵਿਚ ਤੇ ਕੋਈ ਖਿਲਾਫ਼ ਬੋਲ ਰਿਹਾ ਹੈ। ਕੁਝ ਲੋਕ ਤਾਂ ਉਨ੍ਹਾਂ ਨੂੰ 2027 ਦੀਆਂ ਚੋਣਾਂ ਵਿਚ ਭਾਜਪਾ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦੀ ਗੱਲ ਵੀ ਕਰ ਰਹੇ ਹਨ ਇਸ ਸੰਦਰਭ ਵਿਚ ਐਡਵੋਕੇਟ ਫੂਲਕਾ ਦੀ ਭਾਜਪਾ ਵਿਚ ਸ਼ਮੂਲੀਅਤ ਦੇ ਅਰਥ ਸਮਝਣ ਲਈ ਭਾਜਪਾ ਵਲੋਂ 2027 ਲਈ ਪੰਜਾਬ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਅਤੇ ਪੰਜਾਬ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਸ਼ਮੂਲੀਅਤ ਨਾਲ ਕਿਸੇ ਹੱਦ ਤੱਕ ਇਹ ਸੰਕੇਤ ਜ਼ਰੂਰ ਮਿਲਦੇ ਹਨ ਕਿ ਭਾਜਪਾ ਅਕਾਲੀ ਦਲ (ਬਾਦਲ) ਤੋਂ ਬਿਨਾਂ ਹੀ ਚੋਣ ਲੜਨ ਲਈ ਪਰ ਤੋਲ ਰਹੀ ਹੈ, ਬੇਸ਼ੱਕ ਰਾਜਨੀਤੀ ਵਿਚ ਕਦੇ ਕੁਝ ਪੱਕਾ ਨਹੀਂ ਹੁੰਦਾ। ਕਹਿੰਦੇ ਹਨ ਕਿ ਹੱਥ ਵਿਚ ਫੜੇ ਚਾਹ ਦੇ ਕੱਪ ਵਿਚਲੀ ਚਾਹ ਦੇ ਸਵਾਦ ਦਾ ਤਦ ਤੱਕ ਪਤਾ ਨਹੀਂ ਚਲਦਾ, ਜਦ ਤੱਕ ਚਾਹ ਬੁੱਲ੍ਹਾਂ ਨੂੰ ਛੂਹ ਨਾ ਜਾਵੇ ਅਤੇ ਰਾਜਨੀਤੀ ਹੱਥ ਵਿਚ ਫੜੇ ਚਾਹ ਦੇ ਕੱਪ ਅਤੇ ਬੁੱਲ੍ਹਾਂ ਵਿਚਲਾ ਫਾਸਲਾ ਬਹੁਤ ਲੰਮਾ ਤੇ ਘਟਨਾਵਾਂ ਭਰਪੂਰ ਹੁੰਦਾ ਹੈ। ਇਸ ਲਈ ਅੱਜ ਦੇ ਹਾਲਾਤ ਨੂੰ ਵੇਖ ਕੇ ਜੋ ਮਰਜ਼ੀ ਅੰਦਾਜ਼ੇ ਲਾਈ ਜਾਈਏ, ਪਰ ਅਸਲ ਪਤਾ ਤਾਂ ਚੋਣਾਂ ਦੇ ਨੇੜੇ ਜਾ ਕੇ ਹੀ ਲੱਗੇਗਾ। ਇਸ ਤਰ੍ਹਾਂ ਜਾਪਦਾ ਹੈ ਕਿ ਭਾਜਪਾ ਸਿੱਖ ਸਪੇਸ (ਖਲਾਅ) ਵਿਚ ਆਪਣੀ ਥਾਂ ਖੁਦ ਹੀ ਬਣਾਉਣਾ ਚਾਹੁੰਦੀ ਹੈ। ਹੁਣ ਤੱਕ ਭਾਜਪਾ ਵਿਚ ਆਏ ਬਹੁਤੇ ਸਿੱਖ ਨੇਤਾ ਸਿੱਖ ਮਾਨਸਿਕਤਾ ਵਿਚ ਭਾਜਪਾ ਦਾ ਪ੍ਰਭਾਵ ਬਣਾਉਣ ਵਿਚ ਸਫਲ ਨਜ਼ਰ ਨਹੀਂ ਆਏ, ਦੇਖਣ ਵਾਲੀ ਗੱਲ ਹੈ ਕਿ ਐਡਵੋਕੇਟ ਐਚ.ਐਸ. ਫੂਲਕਾ ਇਸ ਵਿਚ ਕਿੰਨੇ ਕਾਮਯਾਬ ਹੁੰਦੇ ਹਨ, ਪਰ ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਵਿਚ ਸ਼ਾਮਿਲ ਹੋਏ ਬਹੁਤੇ ਸਿੱਖ ਨੇਤਾ ਕੋਈ ਜ਼ਿਆਦਾ ਖ਼ੁਸ਼ ਨਜ਼ਰ ਨਹੀਂ ਆ ਰਹੇ। ਉਹ ਭਾਜਪਾ ਵਿਚ ਮਿਲਦੀ ਘੱਟ ਤਵੱਜੋਂ ਅਤੇ ਭਾਜਪਾ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਨਿਰਾਸ਼ ਹੀ ਜਾਪਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਭਾਜਪਾ ਨੇ ਸਿੱਖਾਂ ਵਿਚ ਆਪਣਾ ਸਥਾਨ ਬਣਾਉਣ ਦੀ ਰਣਨੀਤੀ ਅਪਣਾ ਲਈ ਹੈ। ਹਾਲਾਂਕਿ ਬਹੁਤ ਜ਼ਿਆਦਾ ਸੰਭਾਵਨਾ ਇਸੇ ਗੱਲ ਦੀ ਹੈ ਕਿ ਭਾਜਪਾ 2027 ਦੀਆਂ ਚੋਣਾਂ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਨੂੰ ਆਪਣਾ ਪੂਰਾ ਪ੍ਰਧਾਨ ਬਣਾ ਲਵੇਗੀ ਪਰ ਕੁਝ ਹਲਕਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਸਿੱਖ ਹਮਾਇਤੀ ਪਾਰਟੀ ਸਾਬਤ ਕਰਨ ਲਈ ਕਿਸੇ ਸਿੱਖ ਨੂੰ ਵੀ ਪ੍ਰਧਾਨ ਬਣਾਉਣ ਬਾਰੇ ਸੋਚ ਸਕਦੀ ਹੈ। ਚਰਚਾ ਹੈ ਕਿ ਭਾਜਪਾ ਆਪਣੀ ਪੰਜਾਬ ਰਣਨੀਤੀ ਨੂੰ ਅੰਤਿਮ ਛੋਹਾਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਦੇਵੇਗੀ। ਜੇਕਰ ਭਾਜਪਾ ਪੱਛਮੀ ਬੰਗਾਲ ਵਿਚ ਜਿੱਤ ਗਈ ਤਾਂ ਉਹ ਪੰਜਾਬ ਵਿਚ ਵੀ ਇਕੱਲੀ ਸਰਕਾਰ ਬਣਾਉਣ ਦੀ ਲੜਾਈ ਲੜ ਸਕਦੀ ਹੈ, ਨਹੀਂ ਤਾਂ ਪਾਰਟੀ 30-35 ਸੀਟਾਂ ਜਿੱਤਣ 'ਤੇ ਜ਼ਿਆਦਾ ਜ਼ੋਰ ਲਾਵੇਗੀ, ਤਾਂ ਜੋ ਇਸ ਵਾਰ ਭਾਜਪਾ ਮੁੱਖ ਵਿਰੋਧੀ ਪਾਰਟੀ ਬਣ ਸਕੇ ਅਤੇ ਪਾਰਟੀ ਵਲੋਂ ਚੋਣਾਂ ਤੋਂ ਬਾਅਦ ਦੇ ਗੱਠਜੋੜ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਇਕ ਹੋਰ ਚਰਚਾ ਵੀ ਹੈ ਕਿ ਜੇਕਰ ਭਾਜਪਾ ਨੂੰ ਆਪਣੇ ਸਰਵੇਖਣਾਂ ਵਿਚ ਕਾਂਗਰਸ ਜਿੱਤਦੀ ਦਿਸੀ ਤਾਂ ਉਹ ਅਕਾਲੀ ਦਲ (ਬਾਦਲ) ਨਾਲ ਸਮਝੌਤਾ ਜ਼ਰੂਰ ਕਰੇਗੀ ਪਰ ਜੇਕਰ ਆਪ ਦੀ ਪੁਜ਼ੀਸ਼ਨ ਜ਼ਿਆਦਾ ਵਧੀਆ ਹੋਈ ਤਾਂ ਭਾਜਪਾ ਅਕਾਲੀ ਦਲ (ਬਾਦਲ) ਨਾਲ ਸਮਝੌਤਾ ਨਹੀਂ ਕਰੇਗੀ।
ਅਕਾਲੀ ਦਲ ਨਾਲ ਸਮਝੌਤੇ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੀ ਸਮਝੌਤੇ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਬਸ਼ਰਤੇ ਕਿ ਉਹ ਗਰਮ ਖਿਆਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਮਝੌਤਾ ਨਾ ਕਰ ਚੁੱਕਾ ਹੋਵੇ। ਉਂਜ ਇਹ ਸਾਰੇ ਹਾਲਾਤ ਮੁਤਾਬਿਕ ਲਾਏ ਅੰਦਾਜ਼ੇ ਤੇ ਵਿਸ਼ਲੇਸ਼ਣ ਹੀ ਹਨ, ਭਾਜਪਾ ਦੀ ਰਾਜਨੀਤੀ ਦਾ ਅਸਲ ਸੱਚ ਤਾਂ ਭਾਜਪਾ ਦੇ ਸਿਖਰਲੇ ਦੋ ਆਗੂ ਜਾਣਦੇ ਹਨ। ਖ਼ੈਰ-
ਸਚਾਈ ਤੋ ਖ਼ੁਦ ਚਿਹਰੇ ਪੇ ਹੋ ਜਾਤੀ ਹੈ ਤਹਿਰੀਰ,
ਦਾਅਵੇ ਜੋ ਕਰੇਂ ਲੋਗ ਤੋ ਆਈਨਾ ਦਿਖਾ ਦੋ।
(ਹਨੀਫ਼ ਅਖ਼ਗਰ)
ਅਕਾਲੀ ਦਲਾਂ ਦੀ ਏਕਤਾ?
ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ) ਵਿਚ ਸਮਝੌਤੇ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। ਪੁਨਰ ਸੁਰਜੀਤ ਦਲ ਵਲੋਂ ਇਸ ਗੱਲਬਾਤ ਵਿਚ ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਝੂੰਦਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਿਲ ਹਨ, ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਲੋਂ ਉਨ੍ਹਾਂ ਦੇ ਇਕ ਚਾਚਾ ਜੀ, ਬਾਬੂ ਸਿੰਘ ਬਰਾੜ ਅਤੇ ਪਰਮਜੀਤ ਸਿੰਘ ਜੌਹਲ ਗੱਲਬਾਤ ਕਰ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ 5 ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਰਹੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਨੇਤਾ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 2 ਅਕਾਲੀ ਦਲਾਂ ਵਿਚ ਸਮਝੌਤੇ ਤੋਂ ਬਾਅਦ ਹੋਰ ਬਹੁਤ ਸਾਰੇ ਪੰਥਕ ਦਲਾਂ ਨਾਲ ਵੀ ਸਮਝੌਤਾ ਹੋ ਸਕਦਾ ਹੈ। ਉਹ ਤਾਂ ਅਕਾਲੀ ਦਲ ਬਾਦਲ ਨਾਲ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਸਮਝੌਤਾ ਕਰਨ ਦੀ ਗੱਲ ਵੀ ਕਰਦੇ ਹਨ, ਜੋ ਸ਼ਾਇਦ ਸੰਭਵ ਨਹੀਂ ਹੈ। ਪਰ ਇਸ ਗੱਲਬਾਤ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਅਕਾਲੀ ਦਲ ਵਾਰਿਸ ਪੰਜਾਬ ਵਿਚ ਨਹੀਂ ਜਾ ਰਹੇ। ਪਰ ਜੇ ਸਮਝੌਤੇ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਕਰਨ ਲਈ ਜਾਂ ਕਿਤੇ ਵੀ ਕੋਈ ਡਿਊਟੀ ਲਾਈ ਗਈ ਉਸ ਲਈ ਉਹ ਤਨੋ, ਮਨੋਂ ਤਿਆਰ ਹਨ। ਪਰ ਜਾਣਕਾਰ ਹਲਕਿਆਂ ਅਨੁਸਾਰ ਦੋਵਾਂ ਦਲਾਂ ਦੇ ਇਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਜ਼ਿਆਦਾ ਕੋਸ਼ਿਸ਼ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਕਰਨ ਦੀ ਹੈ ਪਰ ਇਹ ਵੀ ਐਨੀ ਸੌਖੀ ਨਹੀਂ, ਕਿਉਂਕਿ ਦੋਵੇਂ ਧਿਰਾਂ ਹੀ ਪੰਥਕ ਸੀਟਾਂ ਵੱਧ ਲੈਣ ਦੀ ਕੋਸ਼ਿਸ਼ ਕਰਨਗੀਆਂ। ਜਦੋਂ ਕਿ ਇਹ ਵੀ ਚਰਚਾ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਹ ਕੋਸ਼ਿਸ਼ ਮਨਪ੍ਰੀਤ ਸਿੰਘ ਇਆਲੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੀ ਹੈ ਅਤੇ ਪੁਨਰ ਸੁਰਜੀਤ ਦਲ ਦੇ ਕਈ ਨੇਤਾ ਭਾਜਪਾ ਨਾਲ ਸਮਝੌਤੇ ਦੀ ਸੰਭਾਵਨਾ ਨੂੰ ਵੇਖਦਿਆਂ ਅਕਾਲੀ ਦਲ ਵਾਰਿਸ ਨਾਲ ਸਮਝੌਤੇ ਦੇ ਹੱਕ ਵਿਚ ਨਹੀਂ ਹਨ।
ਮਸਅਲਾ ਇਤਨਾ ਭੀ ਆਸਾਨ ਨਹੀਂ ਹੈ ਕਿ ਜ਼ਫ਼ਰ
ਅਪਨੇ ਨਜ਼ਦੀਕ ਜੋ ਸੀਧਾ ਹੈ ਵੋ ਉਲਟਾ ਹੀ ਨਾ ਹੋ।
(ਜ਼ਫ਼ਰ ਇਕਬਾਲ)
ਅਕਾਲੀ ਦਲ ਬਾਦਲ ਦੁਚਿੱਤੀ 'ਚ
ਅਕਾਲੀ ਦਲ (ਬਾਦਲ) ਭਾਵੇਂ ਇਸ ਵੇਲੇ ਲਗਾਤਾਰ ਕਾਨਫਰੰਸਾਂ ਕਰਕੇ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਹ ਇਕੱਲਾ ਹੀ ਚੋਣ ਜਿੱਤ ਕੇ ਸਰਕਾਰ ਬਣਾਉਣ ਦੀ ਲੜਾਈ ਲੜ ਰਿਹਾ ਹੈ, ਪਰ ਅੱਜ ਵੀ ਉਸ ਦੇ ਬਹੁਤੇ ਨੇਤਾ ਭਾਜਪਾ ਨਾਲ ਚੋਣ ਗੱਠਜੋੜ ਨੂੰ ਲੈ ਕੇ ਦੋਚਿੱਤੀ ਵਿਚ ਹਨ। ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ ਨੂੰ ਲੈ ਕੇ ਵੀ ਦੋਚਿੱਤੀ ਵਿਚ ਫਸਿਆ ਦਿਖਾਈ ਦਿੰਦਾ ਹੈ। ਭਾਵੇਂ ਇਸ ਬਾਰੇ ਅੰਤਿਮ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲੈਣਾ ਹੈ ਪਰ ਅਕਾਲੀ ਨੇਤਾ ਵੀ ਇਸ ਸਥਿਤੀ ਬਾਰੇ ਗੰਭੀਰ ਵਿਚਾਰ ਵਟਾਂਦਰੇ ਵਿਚ ਰੁੱਝੇ ਨਜ਼ਰ ਆ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਬਹੁਤੇ ਨੇਤਾ ਭਾਈ ਰਾਜੋਆਣਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਅਪੀਲ ਵਾਪਸ ਲੈਣ ਦੇ ਹੱਕ ਵਿਚ ਨਹੀਂ ਹਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਬਾਰੇ ਬਾਕੀ ਸਿੰਘ ਸਾਹਿਬਾਨ ਨਾਲ ਗੰਭੀਰਤਾ ਨਾਲ ਵਿਚਾਰ ਕਰਨ ਦੀ ਗੱਲ ਕਹੀ ਹੈ। ਪਰ ਜ਼ਿਆਦਾ ਸੰਭਾਵਨਾ ਇਹ ਜਾਪਦੀ ਹੈ ਕਿ ਭਾਈ ਰਾਜੋਆਣਾ ਸੰਬੰਧੀ ਅਪੀਲ ਵਾਪਸ ਲੈਣ ਦੀ ਥਾਂ ਇਸ 'ਤੇ ਅਮਲ ਕਰਵਾਉਣ ਦਾ ਕੋਈ ਰਾਹ ਲੱਭਣ ਵੱਲ ਧਿਆਨ ਦਿੱਤਾ ਜਾਵੇਗਾ। ਉਂਜ ਚਰਚਾ ਹੈ ਕਿ ਜਿਸ ਤਰ੍ਹਾਂ ਭਾਜਪਾ ਹਰ ਰੋਜ਼ ਸਿੱਖ ਨੇਤਾਵਾਂ ਨੂੰ ਸ਼ਾਮਿਲ ਕਰ ਰਹੀ ਹੈ, ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲ ਕੇ ਕ੍ਰੈਡਿਟ ਲੈਣ ਦਾ ਯਤਨ ਵੀ ਕਰ ਸਕਦੀ ਹੈ। ਉਂਝ ਵੀ 2019 ਵਿਚ ਮੋਦੀ ਸਰਕਾਰ ਨੇ 8 ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਅਰਧ ਜਨਮ ਸ਼ਤਾਬਦੀ ਵੇਲੇ ਲੈ ਹੀ ਲਿਆ ਸੀ, ਜੋ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਪਰ ਇਹ ਚਰਚਾ ਹੈ ਕਿ ਭਾਜਪਾ ਹੁਣ ਭਾਈ ਰਾਜੋਆਣਾ ਬਾਰੇ ਫੈਸਲਾ ਤਾਂ ਲਾਗੂ ਕਰੇਗੀ, ਪਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਜੇ ਵੀ ਉਹ ਦੋਚਿੱਤੀ ਵਿਚ ਹੀ ਹੈ।
ਮਸਅਲਾ ਜਬ ਭੀ ਚਰਾਗੋਂ ਕਾ ਉਠਾ,
ਫੈਸਲਾ ਸਿਰਫ਼ ਹਵਾ ਕਰਤੀ ਹੈ।
(ਪ੍ਰਵੀਨ ਸ਼ਾਕਿਰ)
ਕਾਂਗਰਸ ਤੇ 'ਆਪ'
ਪੰਜਾਬ ਵਿਚ ਕਾਂਗਰਸ ਦੀ ਹਾਲਤ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ। ਹਾਲਾਂਕਿ ਕਾਂਗਰਸ ਕੋਲ ਨਾ ਤਾਂ ਕੋਈ ਸਰਬ ਪ੍ਰਵਾਨਿਤ ਨੇਤਾ ਹੈ ਤੇ ਨਾ ਹੀ ਕਾਂਗਰਸ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀ ਹੈ। ਫਿਰ ਵੀ ਜੇਕਰ ਅਕਾਲੀ-ਭਾਜਪਾ ਸਮਝੌਤਾ ਨਹੀਂ ਹੁੰਦਾ ਤਾਂ ਚੋਕੋਨੇ ਮੁਕਾਬਲੇ ਵਿਚ ਕਾਂਗਰਸ ਕਾਫੀ ਮਜ਼ਬੂਤ ਰਹੇਗੀ। ਹੈਰਾਨੀ ਦੀ ਗੱਲ ਹੈ ਕਿ ਰਾਹੁਲ ਗਾਂਧੀ ਦੀ ਘੁਰਕੀ ਤੋਂ ਬਾਅਦ ਕਾਂਗਰਸੀ ਨੇਤਾਵਾਂ ਨੇ ਜਿਥੇ ਆਪਸੀ ਇਲਜ਼ਾਮ ਤਰਾਸ਼ੀ ਬੰਦ ਕੀਤੀ ਹੈ ਉਥੇ ਆਪਣੀਆਂ ਸਰਗਰਮੀਆਂ ਵੀ ਬਹੁਤ ਘਟਾ ਦਿੱਤੀਆਂ ਹਨ। ਜੇਕਰ ਕਾਂਗਰਸ ਨੇ 2027 ਦੀਆਂ ਚੋਣਾਂ ਵਿਚ ਕੋਈ ਮਾਅਰਕਾ ਮਾਰਨਾ ਹੈ ਤਾਂ ਉਸ ਨੂੰ ਏਕਤਾ ਦੇ ਨਾਲ-ਨਾਲ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰਨੀਆਂ ਪੈਣਗੀਆਂ।
ਦੂਜੇ ਪਾਸੇ ਆਮ ਆਦਮੀ ਪਾਰਟੀ ਇਸ ਵੇਲੇ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਤੇ 1500 ਰੁਪਏ ਦੀ ਸਕੀਮ 'ਤੇ ਹੀ ਜ਼ਿਆਦਾ ਟੇਕ ਰੱਖ ਰਹੀ ਦਿਖਾਈ ਦੇ ਰਹੀ ਹੈ। ਹਾਂ ਚੋਣ ਸਾਲ ਵਿਚ ਸੜਕਾਂ ਤੇ ਹੋਰ ਵਿਕਾਸ ਕੰਮਾਂ ਵਿਚ ਵੀ ਕਾਫੀ ਤੇਜ਼ੀ ਆਈ ਹੈ, ਪਰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਵਧਦਾ ਵਿਰੋਧ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਰਿਹਾ ਹੈ। ਇਸ ਦਰਮਿਆਨ ਪਾਰਟੀ ਵਿਚ ਫੁੱਟ ਵੀ ਸਾਹਮਣੇ ਆਈ ਹੈ। ਰਾਘਵ ਚੱਢਾ ਨੂੰ ਰਾਜ ਸਭਾ ਵਿਚ ਉਪ ਨੇਤਾ ਦੇ ਪਦ ਤੋਂ ਹਟਾਇਆ ਹੀ ਨਹੀਂ ਗਿਆ, ਸਗੋਂ ਉਨ੍ਹਾਂ ਨੂੰ ਪਾਰਟੀ ਵਲੋਂ ਬੋਲਣ ਦਾ ਸਮਾਂ ਨਾ ਦੇਣ ਲਈ ਵੀ ਰਾਜ ਸਭਾ ਦੇ ਚੇਅਰਮੈਨ ਤੋਂ ਮੰਗ ਕੀਤੀ ਗਈ ਹੈ।
ਕੌਨ ਡੂਬੇਗਾ ਕਿਸੇ ਪਾਰ ਉਤਰਨਾ ਹੈ ਜ਼ਫ਼ਰ
ਫੈਸਲਾ ਵਕਤ ਕੇ ਦਰਿਆ ਮੇਂ ਉਤਰ ਕਰ ਹੋਗਾ।
(ਅਹਿਮਦ ਜ਼ਫ਼ਰ)
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com